Source :- BBC PUNJABI
ਤਸਵੀਰ ਸਰੋਤ, AFP via Getty Images
36 ਮਿੰਟ ਪਹਿਲਾਂ
ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਵਿੱਚ ਮੌਤ ਹੋ ਗਈ ਹੈ। ਈਰਾਨ ਦੇ ਸਰਕਾਰੀ ਟੀਵੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਖਾਮਨੇਈ ਦੀ ਮੌਤ ਦਾ ਐਲਾਨ ਕਰਦੇ ਹੋਏ ਸਰਕਾਰੀ ਟੀਵੀ ਪ੍ਰੀਜ਼ੈਂਟਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੇਸ਼ ਵਿੱਚ 40 ਦਿਨਾਂ ਦਾ ਸੋਗ ਰਹੇਗਾ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਹੋ ਚੁੱਕੀ ਹੈ।
ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ “ਇਸਲਾਮਿਕ ਰਿਪਬਲਿਕ ਆਫ਼ ਈਰਾਨ ਦੀ ਆਰਮਡ ਫੋਰਸ ਦੇ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਹਮਲਾ ਕੁਝ ਹੀ ਪਲਾਂ ਵਿੱਚ ਕਬਜ਼ੇ ਵਾਲੇ ਇਲਾਕਿਆਂ ਅਤੇ ਅਮਰੀਕੀ ਅੱਤਵਾਦੀ ਅੱਡਿਆਂ ਵੱਲ ਸ਼ੁਰੂ ਹੋਵੇਗਾ।”
ਲੰਘੇ ਸ਼ਨੀਵਾਰ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਕਈ ਸ਼ਹਿਰਾਂ ਵਿੱਚ ਹਮਲੇ ਕੀਤੇ ਸਨ। ਇਨ੍ਹਾਂ ਹਮਲਿਆਂ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਕਿਹਾ ਹੈ ਕਿ ਈਰਾਨ ਵਿੱਚ ਉਸ ਦੇ ਹਮਲਿਆਂ ਵਿੱਚ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਸੀਨੀਅਰ ਲੀਡਰ ਅਤੇ ਸੁਰੱਖਿਆ ਅਧਿਕਾਰੀ ਇਕੱਠੇ ਹੋਏ ਸਨ।
ਤਸਵੀਰ ਸਰੋਤ, Reuters
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨਈ ਕੌਣ ਸਨ ਅਤੇ ਸੁਪਰੀਮ ਲੀਡਰ ਕੋਲ ਕਿਹੜੀ ਸ਼ਕਤੀ ਹੁੰਦੀ ਹੈ ਈਰਾਨ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਪਰਿਵਾਰ ਕੀ ਭੂਮਿਕਾ ਨਿਭਾਉਂਦਾ ਹੈ? ਜਾਣਦੇ ਹਾਂ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਇਸ ਰਿਪੋਰਟ ਵਿੱਚ।
ਅਯਾਤੁੱਲਾ ਅਲੀ ਖਾਮੇਨਈ
ਤਸਵੀਰ ਸਰੋਤ, AFP
1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਅਯਾਤੁੱਲਾ ਖਾਮੇਨਈ ਦੇਸ਼ ਦੇ ਦੂਜੇ ਸਰਵਉੱਚ ਨੇਤਾ ਬਣੇ। ਨਾਲ ਹੀ ਉਹ ਸਾਲ 1989 ਤੋਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ‘ਤੇ ਕਾਬਜ਼ ਰਹੇ।
ਨੌਜਵਾਨ ਈਰਾਨੀਆਂ ਨੇ ਖਾਮੇਨਈ ਤੋਂ ਬਿਨਾਂ ਕਦੇ ਵੀ ਕਿਸੇ ਹੋਰ ਨੂੰ ਸੱਤਾ ਵਿੱਚ ਨਹੀਂ ਦੇਖਿਆ ਹੈ।
ਖਾਮੇਨਈ ਈਰਾਨ ਦੀ ਗੁੰਝਲਦਾਰ ਸਿਅਸਤ ਦਾ ਕੇਂਦਰ ਸਨ। ਉਨ੍ਹਾਂ ਨੂੰ ਜਨਤਕ ਨੀਤੀ ਦੇ ਕਿਸੇ ਵੀ ਮਾਮਲੇ ਨੂੰ ਵੀਟੋ ਕਰਨ ਦੀ ਜਾਂ ਫਿਰ ਜਨਤਕ ਅਹੁਦੇ ਲਈ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਚੁਣਨ ਦੀ ਸ਼ਕਤੀ ਹਾਸਲ ਸੀ।
ਈਰਾਨ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਸਮੇਤ ਦੇਸ਼ ਦੇ ਮੁਖੀ ਅਤੇ ਫੌਜ ਦੇ ਕਮਾਂਡਰ-ਇਨ-ਚੀਫ਼ ਹੋਣਾ ਉਨ੍ਹਾਂ ਦੀ ਸਥਿਤੀ ਨੂੰ ਸਭ ਤੋਂ ਸ਼ਕਤੀਸ਼ਾਲੀ ਬਣਾ ਦਿੰਦਾ ਹੈ।
ਉਨ੍ਹਾਂ ਦਾ ਜਨਮ 1939 ਵਿੱਚ ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਾਦ ਵਿੱਚ ਹੋਇਆ ਸੀ।
ਉਨ੍ਹਾਂ ਦਾ ਜਨਮ ਇੱਕ ਧਾਰਮਿਕ ਪਰਿਵਾਰ ਵਿੱਚ ਹੋਇਆ ਸੀ। ਉਹ ਅੱਠ ਭੈਣ ਭਰਾ ਸਨ ਅਤੇ ਖਾਮੇਨਈ ਆਪਣੇ ਮਾਪਿਆਂ ਦੀ ਦੂਜੀ ਸੰਤਾਨ ਸਨ।
ਖਾਮੇਨਈ ਦੇ ਪਿਤਾ ਇੱਕ ਮੱਧ-ਦਰਜੇ ਦੇ ਮੌਲਵੀ ਸਨ। ਉਨ੍ਹਾਂ ਦਾ ਪਰਿਵਾਰ ਇਸਲਾਮ ਦੀ ਸ਼ੀਆ ਸ਼ਾਖਾ ਨਾਲ ਸੰਬੰਧਤ ਹੈ ਜੋ ਕਿ ਈਰਾਨ ਵਿੱਚ ਪ੍ਰਮੁੱਖ ਸੰਪਰਦਾ ਹੈ।
ਤਸਵੀਰ ਸਰੋਤ, Getty Images
ਖਾਮੇਨਈ ਦੀ ਸਿੱਖਿਆ ਕੁਰਾਨ ਦੇ ਅਧਿਐਨ ਦੁਆਲੇ ਹੀ ਹੋਈ ਅਤੇ ਉਹ 11 ਸਾਲ ਦੀ ਉਮਰ ਤੱਕ ਇੱਕ ਮੌਲਵੀ ਹੋਣ ਦੀ ਯੋਗਤਾ ਹਾਸਲ ਕਰ ਚੁੱਕੇ ਸਨ।
ਉਸ ਸਮੇਂ ਦੇ ਬਹੁਤ ਸਾਰੇ ਧਾਰਮਿਕ ਨੇਤਾਵਾਂ ਦੀ ਹੀ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਜਿੰਨਾ ਅਧਿਆਤਮਿਕ ਸੀ, ਓਨਾ ਹੀ ਰਾਜਨੀਤਿਕ ਵੀ ਸੀ।ਅਲੀ ਖਾਮੇਨਈ ਇੱਕ ਪ੍ਰਭਾਵਸ਼ਾਲੀ ਬੁਲਾਰੇ ਸਨ। ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋ ਗਏ ਜੋ ਈਰਾਨ ਦੇ ਸ਼ਾਹ ਦਾ ਵਿਰੋਧ ਕਰਦੇ ਸਨ।
ਬਾਅਦ ਵਿੱਚ 1979 ਦੀ ਇਸਲਾਮੀ ਕ੍ਰਾਂਤੀ ਵੇਲੇ ਸ਼ਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ।
ਸਾਲਾਂ ਤੱਕ, ਖਾਮਨੇਈ ਲੁੱਕ ਕੇ ਰਹੇ ਜਾਂ ਜੇਲ੍ਹ ਵਿੱਚ ਰਹੇ। ਸ਼ਾਹ ਦੀ ਗੁਪਤ ਪੁਲਿਸ ਵੱਲੋਂ ਉਨ੍ਹਾਂ ਨੂੰ ਛੇ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਪੁਲਿਸ ਵੱਲੋਂ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਅੰਦਰੂਨੀ ਜਲਾਵਤਨੀ ਵਿੱਚ ਵੀ ਭੇਜਿਆ ਗਿਆ।
1980 ਵਿੱਚ, ਇਸਲਾਮਿਕ ਇਨਕਲਾਬ ਤੋਂ ਇੱਕ ਸਾਲ ਬਾਅਦ, ਅਯਾਤੁੱਲਾ ਰੂਹੁੱਲਾ ਖੋਮੇਨੀ ਨੂੰ ਤੇਹਰਾਨ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦਾ ਆਗੂ ਨਿਯੁਕਤ ਕਰ ਦਿੱਤਾ।
ਖੋਮੇਨੀ 1981 ਵਿੱਚ ਰਾਸ਼ਟਰਪਤੀ ਬਣੇ।
1989 ਵਿੱਚ, 86 ਸਾਲ ਦੀ ਉਮਰ ਵਿੱਚ ਖੋਮੇਨੀ ਦੀ ਮੌਤ ਤੋਂ ਬਾਅਦ, ਧਾਰਮਿਕ ਆਗੂਆਂ ਨੇ ਖਾਮੇਨਈ ਨੂੰ ਉੱਤਰਾਧਿਕਾਰੀ ਚੁਣਿਆ।
ਖਾਮੇਨਈ ਦੇ ਪੁੱਤਰ ਮੋਜਤਬਾ ਕਿੰਨੇ ਸ਼ਕਤੀਸ਼ਾਲੀ ਹਨ?
ਤਸਵੀਰ ਸਰੋਤ, Getty Images
ਅਯਾਤੁੱਲਾ ਖਾਮੇਨਈ ਬਹੁਤ ਘੱਟ ਹੀ ਵਿਦੇਸ਼ ਯਾਤਰਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਹ ਆਪਣੀ ਪਤਨੀ ਨਾਲ ਕੇਂਦਰੀ ਤਹਿਰਾਨ ਵਿੱਚ ਇੱਕ ਸਾਦਾ ਜੀਵਨ ਬਤੀਤ ਕਰ ਰਹੇ ਸਨ।
ਉਨ੍ਹਾਂ ਨੂੰ ਬਾਗ਼ਬਾਨੀ ਅਤੇ ਕਵਿਤਾ ਦਾ ਸ਼ੌਂਕ ਸੀ।
ਜਦੋਂ ਉਹ ਛੋਟੀ ਉਮਰ ਦੇ ਸੀ ਤਾਂ ਉਹ ਸਿਗਰਟ ਪੀਂਦੇ ਸਨ ਜੋ ਕਿ ਈਰਾਨ ਵਿੱਚ ਇੱਕ ਧਾਰਮਿਕ ਆਗੂ ਲਈ ਇੱਕ ਅਸਾਧਾਰਨ ਗੱਲ ਹੈ।
1980 ਦੇ ਦਹਾਕੇ ਵਿੱਚ ਇੱਕ ਜਾਨਲੇਵਾ ਹਮਲੇ ਵਿੱਚ ਉਨ੍ਹਾਂ ਦੀ ਸੱਜੀ ਬਾਂਹ ਦੇ ਡੂੰਘੀ ਸੱਟ ਆਈ ਜਿਸ ਦੇ ਬਾਅਦ ਉਨ੍ਹਾਂ ਨੇ ਆਪਣੀ ਬਾਂਹ ਦੀ ਵਰਤੋਂ ਸਮਰੱਥਾ ਗੁਆ ਦਿੱਤੀ ਸੀ।
ਅਯਾਤੁੱਲਾ ਖਾਮੇਨਈ ਅਤੇ ਉਨ੍ਹਾਂ ਦੀ ਪਤਨੀ ਮਨਸੂਰਹ ਖੋਜਸਤੇਹ ਬਾਕਰਜ਼ਾਦੇਹ ਦੇ ਛੇ ਬੱਚੇ ਹਨ। ਉਨ੍ਹਾਂ ਦੇ ਚਾਰ ਪੁੱਤਰ ਅਤੇ ਦੋ ਧੀਆਂ ਹਨ।
ਖਾਮੇਨਈ ਪਰਿਵਾਰ ਜ਼ਿਆਦਾਤਰ ਲੋਕਾਂ ਦੀ ਨਜ਼ਰ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਦੇ ਬੱਚਿਆਂ ਦੇ ਨਿੱਜੀ ਜੀਵਨ ਬਾਰੇ ਬਹੁਤ ਘੱਟ ਪ੍ਰਮਾਣਿਤ ਜਾਣਕਾਰੀ ਹੈ।
ਮੋਜਤਬਾ ਖਾਮੇਨਈ ਉਨ੍ਹਾਂ ਦਾ ਦੂਜਾ ਪੁੱਤਰ ਹੈ। ਉਹ ਖਾਮੇਨਈ ਦੇ ਬਾਕੀ ਬੱਚਿਆਂ ਦੇ ਮੁਕਾਬਲੇ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
ਉਨ੍ਹਾਂ ਦਾ ਸਿਆਸਤ ‘ਤੇ ਮਜ਼ਬੂਤ ਪ੍ਰਭਾਵ ਹੈ ਅਤੇ ਉਹ ਆਪਣੇ ਪਿਤਾ ਦੇ ਅੰਦਰੂਨੀ ਦਾਇਰੇ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਤਸਵੀਰ ਸਰੋਤ, Getty Images
ਮੋਜਤਬਾ ਨੇ ਤਹਿਰਾਨ ਦੇ ਅਲਾਵੀ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਇਹ ਸਕੂਲ ਉੱਚ ਅਧਿਕਾਰੀਆਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਜਾਣਿਆ ਜਾਂਦਾ ਹੈ।
ਉਹ ਇੱਕ ਰੂੜੀਵਾਦੀ ਨੇਤਾ, ਗ਼ੁਲਾਮ-ਅਲੀ ਹਦਾਦ-ਅਦੇਲ ਦੀ ਧੀ ਨਾਲ ਵਿਆਹੇ ਹੋਏ ਹਨ। ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਉਸ ਸਮੇਂ ਮੋਜਤਬਾ ਅਜੇ ਇੱਕ ਮੌਲਵੀ ਨਹੀਂ ਸਨ।
ਪਰ ਫਿਰ ਉਨ੍ਹਾਂ ਨੇ ਕੌਮ ਵਿੱਚ ਧਾਰਮਿਕ ਪੜ੍ਹਾਈ ਸ਼ੁਰੂ ਕਰਨ ਦੀ ਯੋਜਨਾ ਬਣਾਈ। 30 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਕੌਮ ਸੈਮੀਨਰੀ ਵਿੱਚ ਰਸਮੀ ਪੜ੍ਹਾਈ ਸ਼ੁਰੂ ਕੀਤੀ।
ਕੌਮ ਈਰਾਨ ਵਿੱਚ ਸਭ ਤੋਂ ਸਤਿਕਾਰਤ ਸ਼ੀਆ ਮਦਰੱਸਾ ਹੈ।
2000 ਦੇ ਦਹਾਕੇ ਦੇ ਮੱਧ ਤੱਕ, ਮੋਜਤਬਾ ਦੀ ਰਾਜਨੀਤਿਕ ਸ਼ਕਤੀ ਵਧੇਰੇ ਦਿਖਾਈ ਦੇਣ ਲੱਗ ਪਈ। ਹਾਲਾਂਕਿ, ਮੀਡੀਆ ਨੇ ਇਸਦਾ ਜ਼ਿਕਰ ਘੱਟ ਹੀ ਕੀਤਾ।
2004 ਵਿੱਚ, ਇੱਕ ਵਿਵਾਦਤ ਰਾਸ਼ਟਰਪਤੀ ਚੋਣ ਦੌਰਾਨ, ਉਮੀਦਵਾਰ ਮੇਹਦੀ ਕਰੋਬੀ ਨੇ ਮੋਜਤਬਾ ‘ਤੇ ਦਖਲਅੰਦਾਜ਼ੀ ਕਰਨ ਦਾ ਇਲਜ਼ਾਮ ਲਗਾਇਆ।
ਕਰੋਬੀ ਨੇ ਕਿਹਾ ਕਿ ਮੋਜਤਬਾ ਨੇ ਮਹਿਮੂਦ ਅਹਿਮਦੀਨੇਜਾਦ ਨੂੰ ਜਿੱਤਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਖਾਮੇਨਈ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ।
2010 ਦੇ ਦਹਾਕੇ ਤੋਂ, ਬਹੁਤ ਸਾਰੇ ਲੋਕਾਂ ਨੇ ਮੋਜਤਬਾ ਨੂੰ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀਆਂ ਵਿੱਚੋਂ ਇੱਕ ਵਜੋਂ ਦੇਖਦੇ ਹਨ।
ਕੁਝ ਰਿਪੋਰਟਾਂ ਕਹਿੰਦੀਆਂ ਹਨ ਕਿ ਖਾਮੇਨਈ ਚਾਹੁੰਦੇ ਸਨ ਕਿ ਮੋਜਤਬਾ ਉਨ੍ਹਾਂ ਦੀ ਜਗ੍ਹਾ ਲੈਣ। ਪਰ ਕੁਝ ਅਧਿਕਾਰੀ ਇਸ ਤੋਂ ਇਨਕਾਰ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਖਾਮੇਨਈ ਰਾਜਾ ਨਹੀਂ ਸਨ ਅਤੇ ਇਸ ਲਈ ਉਹ ਆਪਣੇ ਪੁੱਤਰ ਨੂੰ ਸੱਤਾ ਨਹੀਂ ਸੌਂਪ ਸਕਦੇ।
ਫਿਰ ਵੀ ਮੋਜਤਬਾ ਦਾ ਕੱਟੜਪੰਥੀ ਰਾਜਨੀਤਿਕ ਸਮੂਹਾਂ ਵਿੱਚ ਮਜ਼ਬੂਤ ਪ੍ਰਭਾਵ ਹੈ।
ਸੁਪਰੀਮ ਲੀਡਰ ਦੇ ਦਫ਼ਤਰ ਵਿੱਚ ਉਨ੍ਹਾਂ ਦੀ ਜੋ ਸ਼ਕਤੀ ਹੈ, ਉਹ ਹੋਰ ਕਿਸੇ ਵੀ ਸਰਕਾਰੀ ਸੰਸਥਾ ਨਾਲੋਂ ਕੀਤੇ ਵੱਧ ਹੈ।
ਖਾਮਨੇਈ ਦੇ ਹੋਰ ਪੁੱਤਰਾਂ ਦਾ ਸਿਆਸਤ ਉੱਤੇ ਕੀ ਪ੍ਰਭਾਵ ਹੈ
ਤਸਵੀਰ ਸਰੋਤ, Getty Images
ਮੁਸਤਫ਼ਾ ਖਾਮੇਨਈ ਦੇ ਸਭ ਤੋਂ ਵੱਡੇ ਪੁੱਤਰ ਹਨ।
ਉਹ ਅਜ਼ੀਜ਼ੁੱਲਾ ਖੋਸ਼ਵਘਤ ਦੀ ਧੀ ਨਾਲ ਵਿਆਹੇ ਹੋਏ ਹਨ ਜੋ ਕਿ ਇੱਕ ਕੱਟੜ ਅਤੇ ਰਵਾਇਤੀ ਧਾਰਮਿਕ ਆਗੂ ਸਨ।
ਮੁਸਤਫ਼ਾ ਅਤੇ ਮੁਜਤਬਾ ਦੋਵੇਂ 1980 ਦੇ ਦਹਾਕੇ ਵਿੱਚ ਇਰਾਨ-ਇਰਾਕ ਦੇ ਯੁੱਧ ਵਿੱਚ ਲੜੇ ਸਨ। ਮਸੂਦ ਖਾਮੇਨਈ ਦਾ ਤੀਜਾ ਪੁੱਤਰ ਹੈ। ਉਸ ਦਾ ਜਨਮ 1972 ਵਿੱਚ ਹੋਇਆ ਸੀ।
ਉਨ੍ਹਾਂ ਨੇ ਸੁਜ਼ਨ ਖਰਾਜ਼ੀ ਨਾਲ ਵਿਆਹ ਕਰਵਾਇਆ ਹੈ। ਸੁਜ਼ਨ ਦੇ ਪਿਤਾ ਮੋਹਸੇਨ ਵੀ ਇੱਕ ਰੂੜੀਵਾਦੀ ਧਾਰਮਿਕ ਆਗੂ ਸਨ।
ਸੁਜ਼ਨ ਦੇ ਭਰਾ ਮੁਹੰਮਦ ਸਾਦੇਗ ਖਰਾਜ਼ੀ ਇੱਕ ਸੁਧਾਰਵਾਦੀ ਸਾਬਕਾ ਡਿਪਲੋਮੈਟ ਸਨ। ਮਸੂਦ ਰਾਜਨੀਤੀ ਤੋਂ ਦੂਰ ਰਹਿੰਦਾ ਹੈ। ਉਨ੍ਹਾਂ ਬਾਰੇ ਵੀ ਲੋਕਾਂ ਨੂੰ ਬਹੁਤ ਘੱਟ ਹੀ ਪਤਾ ਹੈ।
ਮਸੂਦ ਉਸ ਦਫ਼ਤਰ ਦੀ ਅਗਵਾਈ ਕਰਦਾ ਸੀ ਜੋ ਉਸ ਦੇ ਪਿਤਾ ਦੇ ਕੰਮਾਂ ਦਾ ਪ੍ਰਬੰਧਨ ਕਰਦਾ ਸੀ। ਇਹ ਦਫ਼ਤਰ ਖਾਮੇਨਈ ਦੀ ਜੀਵਨੀ ਅਤੇ ਯਾਦਾਂ ਸੰਜੋ ਕੇ ਰੱਖਣ ਦਾ ਕੰਮ ਕਰਦਾ ਹੈ। ਮਸੂਦ ਨੇ ਆਪਣੇ ਪਿਤਾ ਦੀ ਜੀਵਨੀ ਅਤੇ ਯਾਦਾਂ ਲਿਖਣ ਵਿੱਚ ਵੀ ਮਦਦ ਕੀਤੀ ਹੈ।
ਮਈਸਮ ਖਾਮੇਨਈ ਦੇ ਸਭ ਤੋਂ ਛੋਟਾ ਪੁੱਤਰ ਹਨ। ਉਨ੍ਹਾਂ ਦਾ ਜਨਮ 1977 ਵਿੱਚ ਹੋਇਆ ਸੀ। ਉਨ੍ਹਾਂ ਦੇ ਭਰਾਵਾਂ ਵਾਂਗ ਹੀ, ਉਹ ਵੀ ਇੱਕ ਧਾਰਮਿਕ ਆਗੂ ਹਨ।
ਉਨ੍ਹਾਂ ਦੀ ਪਤਨੀ ਦਾ ਨਾਮ ਜਨਤਕ ਨਹੀਂ ਹੈ। ਉਹ ਇੱਕ ਅਮੀਰ ਕਾਰੋਬਾਰੀ ਮਹਿਮੂਦ ਲੋਲਾਚੀਅਨ ਦੀ ਧੀ ਹੈ।
ਲੋਲਾਚੀਅਨ 1979 ਤੋਂ ਪਹਿਲਾਂ ਇਨਕਲਾਬੀ ਮੌਲਵੀਆਂ ਦਾ ਸਮਰਥਨ ਕਰਦੇ ਸਨ ।
ਮਈਸਮ ਭਰਾ ਮਸੂਦ ਨਾਲ ਉਸ ਦਫ਼ਤਰ ਵਿੱਚ ਕੰਮ ਕਰਦੇ ਸੀ ਜੋ ਉਨ੍ਹਾਂ ਦੇ ਪਿਤਾ ਦੀਆਂ ਲਿਖਤਾਂ ਨੂੰ ਸੰਭਾਲਦਾ ਹੈ।
ਅਯਾਤੁੱਲਾ ਦੀਆਂ ਦੋ ਧੀਆਂ ਹਨ
ਤਸਵੀਰ ਸਰੋਤ, EPA
ਖਾਮੇਨਈ ਦੀਆਂ ਧੀਆਂ ਬਾਰੇ ਬਹੁਤਾ ਪਤਾ ਨਹੀਂ ਹੈ। ਉਨ੍ਹਾਂ ਦੇ ਨਾਮ ਬੁਸ਼ਰਾ ਅਤੇ ਹੋਦਾ ਹਨ।
ਉਹ ਪਰਿਵਾਰ ਵਿੱਚ ਸਭ ਤੋਂ ਛੋਟੀਆਂ ਹਨ। ਦੋਵੇਂ 1979 ਦੀ ਕ੍ਰਾਂਤੀ ਤੋਂ ਬਾਅਦ ਪੈਦਾ ਹੋਈਆਂ ਸਨ।
ਬੁਸ਼ਰਾ ਦਾ ਜਨਮ 1980 ਵਿੱਚ ਹੋਇਆ ਸੀ। ਉਨ੍ਹਾਂ ਨੇ ਮੁਹੰਮਦ-ਜਵਾਦ ਮੁਹੰਮਦੀ ਗੋਲਪਾਏਗਾਨੀ ਨਾਲ ਵਿਆਹ ਕੀਤਾ।
ਉਹ ਗੁਲਾਮਹੁਸੈਨ (ਮੁਹੰਮਦ) ਮੁਹੰਮਦੀ ਗੋਲਪਾਏਗਾਨੀ ਦੇ ਪੁੱਤਰ ਹਨ। ਗੁਲਾਮਹੁਸੈਨ ਦੇ ਪਿਤਾ ਖਾਮੇਨਈ ਦੇ ਦਫ਼ਤਰ ਵਿੱਚ ਸਟਾਫ਼ ਦੇ ਮੁਖੀ ਹਨ।
ਹੋਦਾ ਦਾ ਜਨਮ 1981 ਵਿੱਚ ਹੋਇਆ ਸੀ। ਉਹ ਖਾਮੇਨਈ ਦੀ ਸਭ ਤੋਂ ਛੋਟੀ ਸੰਤਾਨ ਹੈ।
ਉਹ ਮੇਸਬਾਹ ਅਲ-ਹੋਦਾ ਬਘੇਰੀ ਕਾਨੀ ਨਾਲ ਵਿਆਹੇ ਹਨ ਜਿਨ੍ਹਾਂ ਨੇ ਮਾਰਕੀਟਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇਮਾਮ ਸਾਦਿਕ ਯੂਨੀਵਰਸਿਟੀ ਵਿੱਚ ਪੜ੍ਹਾਇਆ ਵੀ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



