Home ਰਾਸ਼ਟਰੀ ਖ਼ਬਰਾਂ ਈਰਾਨ ਇਜ਼ਰਾਇਲ ਸੰਘਰਸ਼: ਗਾਇਕ ਤੇ ਅਦਾਕਾਰ ਐਮੀ ਵਿਰਕ ਧੀ ‘ਤੇ ਪਤਨੀ ਦੇ...

ਈਰਾਨ ਇਜ਼ਰਾਇਲ ਸੰਘਰਸ਼: ਗਾਇਕ ਤੇ ਅਦਾਕਾਰ ਐਮੀ ਵਿਰਕ ਧੀ ‘ਤੇ ਪਤਨੀ ਦੇ ਯੂਏਈ ‘ਚ ਹੋਣ ਕਾਰਨ ਹੋਏ ਭਾਵੁਕ, ਪੋਸਟ ਪਾ ਕੇ ਕੀ ਲਿਖਿਆ

11
0

Source :- BBC PUNJABI

ਐਮੀ ਵਿਰਕ

ਤਸਵੀਰ ਸਰੋਤ, Getty Images

2 ਮਾਰਚ 2026, 16:15 IST

ਅਪਡੇਟ 3 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 9 ਮਿੰਟ

ਇਜ਼ਰਾਈਲ ਅਤੇ ਅਮਰੀਕਾ ਨੇ ਸ਼ਨੀਵਾਰ ਨੂੰ ਈਰਾਨ ਹਮਲਿਆਂ ਤੋਂ ਬਾਅਦ ਜਵਾਬ ‘ਚ ਈਰਾਨ ਨੇ ਸ਼ਨੀਵਾਰ ਨੂੰ ਇਜ਼ਰਾਈਲ, ਬਹਿਰੀਨ, ਕੁਵੈਤ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਜਾਰਡਨ ਇਨ੍ਹਾਂ ਹਮਲਿਆਂ ਦਾ ਨਿਸ਼ਾਨਾ ਬਣੇ ਹਨ।

ਇਸ ਵਿਚਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਸੋਸ਼ਲ ‘ਤੇ ਲਿਖਿਆ ਕਿ ਉਨ੍ਹਾਂ ਦੀ ਪਤਨੀ ਅਤੇ ਧੀ ਇਸ ਵੇਲੇ ਯੂਏਈ ਵਿੱਚ ਹਨ।

ਉਨ੍ਹਾਂ ਨੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਪਾ ਕੇ ਸਾਂਝੀ ਕੀਤੀ ਜਿਸ ਵਿੱਚ ਲਿਖਿਆ, “ਯੂਏਈ ਦੀ ਸਥਿਤੀ ਮੇਰੇ ਦਿਲ ‘ਤੇ ਭਾਰ ਬਣੀ ਹੋਈ ਹੈ। ਮੇਰੀ ਪਤਨੀ ਅਤੇ ਮੇਰੀ ਛੇ ਸਾਲ ਦੀ ਧੀ ਉੱਥੇ ਹਨ ਅਤੇ ਇੱਕ ਪਤੀ ਤੇ ਪਿਤਾ ਹੋਣ ਦੇ ਨਾਤੇ ਅਜਿਹੇ ਸਮੇਂ ਵਿੱਚ ਭਾਵੁਕ ਅਤੇ ਤਣਾਅ ਵਿੱਚ ਨਾ ਆਉਣਾ ਅਸੰਭਵ ਹੈ।”

ਜਦੋਂ ਮੇਰੀ ਧੀ ਕਹਿੰਦੀ ਹੈ, ‘ਪਾਪਾ, ਜੇ ਕੁਝ ਹੋਇਆ ਤਾਂ ਮੈਂ ਆਪਣੇ ਬਿਸਤਰੇ ਹੇਠਾਂ ਲੁਕ ਜਾਵਾਂਗੀ। ਮੈਂ ਮਜ਼ਬੂਤ ਕੁੜੀ ਹਾਂ ਪਾਪਾ, ਤੁਸੀਂ ਚਿੰਤਾ ਨਾ ਕਰੋ,’ ਤਾਂ ਇਹ ਉਹ ਗੱਲ ਨਹੀਂ ਜੋ ਕੋਈ ਪਿਤਾ ਸੁਣਨਾ ਚਾਹੁੰਦਾ ਹੈ।”

“ਹਰ ਖ਼ਬਰ ਦੀ ਅਪਡੇਟ ਹੁਣ ਨਿੱਜੀ ਲੱਗਦੀ ਹੈ। ਅਸੀਂ ਜਨਤਕ ਜੀਵਨ ਵਿੱਚ ਭਾਵੇਂ ਕਿੰਨੇ ਵੀ ਮਜ਼ਬੂਤ ਦਿਖਾਈ ਦਈਏ, ਦਿਨ ਦੇ ਅਖੀਰ ‘ਤੇ ਅਸੀਂ ਪਰਿਵਾਰ ਨਾਲ ਜੁੜੇ ਲੋਕ ਹੀ ਹੁੰਦੇ ਹਾਂ।”

ਉਧਰ ਖਾੜੀ ਦੇਸ਼ਾਂ ‘ਚ ਫੈਲੇ ਇਸ ਟਕਰਾਅ ਨੇ ਉੱਥੇ ਰਹਿ ਰਹੇ ਭਾਰਤੀਆਂ ਸਮੇਤ ਹੋਰ ਕਈ ਲੋਕਾਂ ‘ਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ।

ਬੀਬੀਸੀ ਦੇ ਪੱਤਰਕਾਰਾਂ ਨੇ ਇਨ੍ਹਾਂ ਦੇਸ਼ਾਂ ‘ਚ ਵਸੇ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਹੁਣ ਤੱਕ ਕੀ ਵੇਖਿਆ ਹੈ।

ਕਤਰ ਵਿੱਚ ਹਮਲਿਆਂ ਵਿਚਾਲੇ ਫਸੇ ਹਰਿਆਣਾ ਦੇ ਲੋਕ

28 ਸਾਲਾ ਅਮਿਤ ਮਲਿਕ

ਤਸਵੀਰ ਸਰੋਤ, Amit malik/BBC

ਹਰਿਆਣਾ ਤੋਂ ਬੀਬੀਸੀ ਲਈ ਮਨੋਜ ਢਾਕਾ ਦੀ ਰਿਪੋਰਟ ਮੁਤਾਬਕ, ਕਤਰ ਵਿੱਚ ਮਿਜ਼ਾਈਲੀ ਹਮਲਿਆਂ ਦੇ ਦਰਮਿਆਨ ਹਰਿਆਣਾ ਦੇ ਮਜ਼ਦੂਰ ਫਸੇ ਹੋਏ ਹਨ। ਈਰਾਨ ਵੱਲੋਂ ਅਮਰੀਕੀ ਏਅਰਬੇਸ ‘ਤੇ ਕੀਤੇ ਹਮਲਿਆਂ ਤੋਂ ਬਾਅਦ ਕਤਰ ਦੀ ਰਾਜਧਾਨੀ ਦੋਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ।

ਖਾੜੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਰਿਆਣਾ ਸਣੇ ਭਾਰਤ ਦੇ ਕਈ ਮਜ਼ਦੂਰ ਡਰ ਅਤੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਜੀ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਹੋਣ ਦੀ ਜਾਣਕਾਰੀ ਦੇ ਦਿੱਤੀ ਹੈ, ਜਿਸ ਨਾਲ ਘਰ ਵਾਲਿਆਂ ਨੂੰ ਕੁਝ ਰਾਹਤ ਮਿਲੀ ਹੈ।

ਰੋਹਤਕ ਦੇ ਪਿੰਡ ਮਾਇਨਾ ਦੇ 38 ਸਾਲਾ ਸੁਰਿੰਦਰ ਕੁਮਾਰ ਉਰਫ਼ ਕਾਲਾ ਪਿਛਲੇ 16 ਸਾਲਾਂ ਤੋਂ ਖਾੜੀ ਦੇਸ਼ਾਂ ਵਿੱਚ ਕੰਮ ਕਰ ਰਹੇ ਹਨ। ਉਹ ਕਤਰ ਵਿੱਚ ਸਮੁੰਦਰ ਦੇ ਵਿਚਕਾਰ ਸਥਿਤ ਡ੍ਰਿਲਿੰਗ ਰਿਗ ‘ਤੇ ਪੈਟਰੋ-ਕੈਮੀਕਲ ਕਾਰੀਗਰ ਵਜੋਂ ਤੈਨਾਤ ਹਨ।

ਉਨ੍ਹਾਂ ਦੱਸਿਆ, “ਹਾਲ ਹੀ ਵਿੱਚ ਕਤਰ ਪਹੁੰਚਣ ਤੋਂ ਬਾਅਦ ਜਿਵੇਂ ਹੀ ਸਮੁੰਦਰੀ ਸਾਈਟ ‘ਤੇ ਜਾਣ ਦੀ ਤਿਆਰੀ ਕਰ ਰਹੇ ਸੀ, ਅਚਾਨਕ ਅਲਰਟ ਜਾਰੀ ਹੋ ਗਿਆ। ਕੰਪਨੀ ਨੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਹੈਲੀਬੇਸ ‘ਤੇ ਪਹੁੰਚਾ ਦਿੱਤਾ। ਇਸ ਵੇਲੇ ਸਾਨੂੰ ਹੋਟਲ ਵਿੱਚ ਰੱਖਿਆ ਗਿਆ ਹੈ।”

ਸੁਰਿੰਦਰ ਮੁਤਾਬਕ ਏਅਰਬੇਸ ਤੋਂ ਕੁਝ ਦੂਰੀ ‘ਤੇ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਅਤੇ ਐਮਰਜੈਂਸੀ ਸਾਇਰਨ ਵੱਜ ਰਹੇ ਹਨ।

ਉਨ੍ਹਾਂ ਕਿਹਾ, “ਇੰਟਰਨੈੱਟ ਸੇਵਾਵਾਂ ਵੀ ਰੋਕੀਆਂ ਗਈਆਂ ਹਨ ਅਤੇ ਹਰ ਕੁਝ ਸਮੇਂ ਬਾਅਦ ਮਿਜ਼ਾਈਲ ਹਮਲੇ ਦੀ ਸੂਚਨਾ ਮਿਲ ਰਹੀ ਹੈ। ਮਾਹੌਲ ਕਾਫ਼ੀ ਅਫ਼ਰਾ-ਤਫ਼ਰੀ ਵਾਲਾ ਹੈ।”

ਉਨ੍ਹਾਂ ਦੇ ਨਾਲ ਹਰਿਆਣਾ ਦੇ ਪੰਜ-ਛੇ ਹੋਰ ਨੌਜਵਾਨ ਵੀ ਹੋਟਲ ਵਿੱਚ ਰੁਕੇ ਹੋਏ ਹਨ, ਜਿਨ੍ਹਾਂ ਵਿੱਚ ਪਾਨੀਪਤ ਦੇ ਸਮਾਲਖਾ ਦੇ ਰਹਿਣ ਵਾਲੇ ਰਵੀ ਅਤੇ ਅੰਬਾਲਾ ਦੇ ਪਾਰਸ ਸ਼ਾਮਲ ਹਨ। ਸੁਰਿੰਦਰ ਨੇ ਦੱਸਿਆ ਕਿ 28 ਮਾਰਚ ਨੂੰ ਭਾਰਤ ਵਾਪਸੀ ਦੀ ਯੋਜਨਾ ਸੀ, ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਭ ਚਿੰਤਿਤ ਹਨ।

ਦੇਹਰਾਦੂਨ ਦੇ ਦਲੀਪ ਨੇਗੀ,

ਤਸਵੀਰ ਸਰੋਤ, Dilip Singh Negi/BBC

ਪਿਛਲੇ 10 ਸਾਲਾਂ ਤੋਂ ਕਤਰ ਵਿੱਚ ਕੰਮ ਕਰ ਰਹੇ ਹਨ ਸੋਨੀਪਤ ਦੇ ਬਿਧਲ ਪਿੰਡ ਦੇ ਰਹਿਣ ਵਾਲੇ 28 ਸਾਲਾ ਅਮਿਤ ਮਲਿਕ ਨੇ ਦੱਸਿਆ, “ਸ਼ਨੀਵਾਰ ਨੂੰ ਸਮੁੰਦਰੀ ਸਾਈਟ ‘ਤੇ ਜਾਣ ਤੋਂ ਠੀਕ ਪਹਿਲਾਂ ਅਚਾਨਕ ਅਲਾਰਮ ਵੱਜਿਆ ਅਤੇ ਨੇੜਲੇ ਇਲਾਕੇ ਵਿੱਚ ਮਿਜ਼ਾਈਲ ਡਿੱਗਣ ਦੀ ਖ਼ਬਰ ਮਿਲੀ। ਅਜਿਹਾ ਮਾਹੌਲ ਪਹਿਲਾਂ ਕਦੇ ਨਹੀਂ ਵੇਖਿਆ।”

ਉਨ੍ਹਾਂ ਨੂੰ ਪੋਰਟ ਤੋਂ ਹਟਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਫਿਕਰ ਨਾ ਕਰਨ ਲਈ ਕਿਹਾ ਹੈ।

ਦੇਹਰਾਦੂਨ ਦੇ ਦਲੀਪ ਨੇਗੀ, ਜੋ ਚਾਰ ਸਾਲਾਂ ਤੋਂ ਕਤਰ ਵਿੱਚ ਕੰਮ ਕਰ ਰਹੇ ਹਨ, ਨੇ ਕਿਹਾ, “ਸ਼ੁੱਕਰਵਾਰ ਤੱਕ ਹਾਲਾਤ ਸਧਾਰਨ ਸਨ, ਪਰ ਅਚਾਨਕ ਬੰਬਾਰੀ ਸ਼ੁਰੂ ਹੋ ਗਈ। ਹੁਣ ਹਰ ਘੰਟੇ ਸੁਰੱਖਿਆ ਹਦਾਇਤਾਂ ਜਾਰੀ ਹੋ ਰਹੀਆਂ ਹਨ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਲਈ ਕਿਹਾ ਜਾ ਰਿਹਾ ਹੈ।”

ਕਤਰ ਸਰਕਾਰ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਭਾਰਤੀ ਕੰਪਨੀਆਂ ਰਾਹੀਂ ਗਏ ਮਜ਼ਦੂਰਾਂ ਨੂੰ ਅਸਥਾਈ ਤੌਰ ‘ਤੇ ਸੁਰੱਖਿਅਤ ਥਾਵਾਂ ‘ਤੇ ਰੱਖਿਆ ਗਿਆ ਹੈ।

ਫਿਲਹਾਲ ਸਾਰੇ ਭਾਰਤੀ ਮਜ਼ਦੂਰ ਸੁਰੱਖਿਅਤ ਦੱਸੇ ਜਾ ਰਹੇ ਹਨ, ਪਰ ਇਲਾਕੇ ਵਿੱਚ ਬਣੇ ਤਣਾਅ ਕਾਰਨ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵੱਧ ਗਈ ਹੈ।

ਦੁਬਈ ਦੇ ਅਸਮਾਨ ‘ਚ ਮਾਰ ਸੁੱਟੀਆਂ ਮਿਜ਼ਾਈਲਾਂ

ਸੌਮਿਆਜੀਤ, ਕਸ਼ਮੀਰਾ ਦੱਤਾਨੀ ਅਤੇ ਜ਼ਰਨਾ

ਦੁਬਈ ‘ਚ ਪਿਛਲੇ 16 ਸਾਲਾਂ ਤੋਂ ਰਹਿ ਰਹੇ ਇੱਕ ਉੱਦਮੀ ਥਾਮਸ ਜਾਰਜ ਨੇ ਬੀਬੀਸੀ ਪੱਤਰਕਾਰ ਇਸ਼ਾਦ੍ਰਿਤਾ ਲਾਹਿੜੀ ਨਾਲ ਗੱਲਬਾਤ ਕਰਦਿਆਂ ਦੱਸਿਆ, ” 28 ਫਰਵਰੀ ਨੂੰ ਦੁਪਹਿਰ ਦੇ ਲਗਭਗ 2 ਵਜੇ ਅਸੀਂ ਪਹਿਲੀ ਵਾਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਅਸੀਂ ਆਸਮਾਨ ‘ਚ ਦੋ ਇੰਟਰਸੈਪਸ਼ਨ (ਮਿਜ਼ਾਇਲ ਨੂੰ ਹਵਾ ‘ਚ ਹੀ ਤਬਾਹ ਕਰਨਾ) ਹੁੰਦੇ ਹੋਏ ਵੇਖਿਆ।”

“ਫਿਰ ਤਕਰੀਬਨ 4 ਵਜੇ ਦੂਜੀ ਵਾਰ ਵਧੇਰੇ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਸ਼ਾਮ ਨੂੰ 07:30 ਵਜੇ ਅਤੇ ਫਿਰ ਰਾਤ ਦੇ 8 ਵਜੇ ਮੁੜ ਧਾਮਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਸ ਤੋਂ ਬਾਅਦ ਲਗਭਗ 5-6 ਘੰਟੇ ਤੱਕ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ। ਫਿਰ ਅੱਧੀ ਰਾਤ 3:40 ਵਜੇ ਇੱਕ ਹੋਰ ਧਮਾਕਾ ਹੋਇਆ। 1 ਮਾਰਚ ਨੂੰ ਹਾਲਾਤ ਜ਼ਿਆਦਾ ਨਾਜ਼ੁਕ ਲੱਗ ਰਹੇ ਸਨ।”

ਥਾਮਸ ਜਾਰਜ ਨੇ ਅੱਗੇ ਦੱਸਿਆ, “ਜਦੋਂ ਧਮਾਕਾ ਹੋਇਆ ਤਾਂ ਅਸੀਂ ਸੁੱਤੇ ਹੋਏ ਸੀ ਅਤੇ ਧਮਾਕੇ ਦੀ ਆਵਾਜ਼ ਨਾਲ ਸਾਡਾ ਘਰ ਹਿੱਲਿਆ ਜਿਸ ਕਰਕੇ ਮੇਰੀ ਅਤੇ ਮੇਰੇ ਦੋਸਤਾਂ ਦੀ ਨੀਂਦ ਖੁੱਲ੍ਹ ਗਈ। ਜਦੋਂ ਅਸੀਂ ਬਾਹਰ ਜਾ ਕੇ ਵੇਖਿਆ ਤਾਂ ਅਸਮਾਨ ‘ਚ ਕਈ ਇੰਟਰਸੈਪਸ਼ਨ ਹੋ ਰਹੇ ਸਨ। ਜਦੋਂ ਹਵਾਈ ਖੇਤਰ ਬੰਦ ਹੋਇਆ ਤਾਂ ਸ਼ੁਰੂਆਤ ‘ਚ ਕੁਝ ਘਬਰਾਹਟ ਤਾਂ ਹੋਈ , ਪਰ ਪਹਿਲੇ ਅਤੇ ਦੂਜੇ ਇੰਟਰਸੈਪਸ਼ਨ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਅਸੀਂ ਸੁਰੱਖਿਅਤ ਹੱਥਾਂ ‘ਚ ਹਾਂ।”

“ਫਿਰ ਖ਼ਬਰਾਂ ਆਉਣ ਲੱਗੀਆਂ ਕਿ ਕੁਝ ਥਾਵਾਂ ‘ਤੇ ਮਲਬਾ ਡਿੱਗਿਆ ਹੈ। ਕੁਝ ਸਮੇਂ ਲਈ ਮੁੜ ਡਰ ਦਾ ਮਾਹੌਲ ਬਣਿਆ, ਪਰ ਬਾਅਦ ‘ਚ ਸਥਿਤੀ ਆਮ ਲੱਗਣ ਲੱਗੀ। ਇੱਥੇ ਫਿਲਹਾਲ ਜ਼ਿੰਦਗੀ ਆਮ ਦਿਨਾਂ ਵਾਂਗ ਚੱਲ ਰਹੀ ਹੈ।”

ਉਨ੍ਹਾਂ ਨੇ ਕਿਹਾ ਕਿ ਉਡਾਣਾਂ ਅਤੇ ਕੰਮਕਾਜ ਦੇ ਮੁੜ ਬਹਾਲ ਹੋਣ ਸਬੰਧੀ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ।

ਮਸ ਜਾਰਜ

ਥਾਮਸ ਜਾਰਜ ਨੇ ਦੱਸਿਆ ਕਿ ਕੇਰਲ ‘ਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਚਿੰਤਾ ‘ਚ ਹਨ।

“ਉਨ੍ਹਾਂ ਨੂੰ ਜ਼ਮੀਨੀ ਸਥਿਤੀ ਬਾਰੇ ਕੁਝ ਨਹੀਂ ਪਤਾ ਸੀ। ਮੈਂ ਉਨ੍ਹਾਂ ਨੂੰ ਦੱਸਿਆ ਹੈ ਕਿ ਅਸੀਂ ਸੁਰੱਖਿਅਤ ਹਾਂ, ਖਾਣ-ਪੀਣ ਦੀਆ ਚੀਜ਼ਾਂ ਅਤੇ ਕਰਿਆਨੇ ਦਾ ਹੋਰ ਸਮਾਨ ਵੀ ਮੰਗਵਾ ਸਕਦੇ ਹਾਂ। ਇਹ ਸੁਣ ਕੇ ਉਨ੍ਹਾਂ ਨੂੰ ਕੁਝ ਤਸੱਲੀ ਜ਼ਰੂਰ ਹੋਈ ਹੈ।”

ਮਾਧਵ ਸ਼੍ਰੀਮੋਹਨ ਸਾਊਦੀ ਅਰਬ ‘ਚ ਇੰਜੀਨੀਅਰ ਹਨ ਅਤੇ ਅੱਜ ਕੱਲ੍ਹ ਆਪਣੇ ਦੋ ਦੋਸਤਾਂ ਨਾਲ ਬਹਿਰੀਨ ਘੁੰਮਣ ਆਏ ਹੋਏ ਹਨ।

ਉਹ ਸਵੇਰੇ ਪੌਣੇ ਬਾਰਾਂ ਵਜੇ ਦੇ ਕਰੀਬ ਸੜਕ ‘ਤੇ ਹੀ ਸਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਦਿਆਂ ਵੇਖਿਆ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਨਮਾਜ਼ ਅਦਾ ਕਰਨ ਦਾ ਸਮਾਂ ਹੈ, ਪਰ ਬਾਅਦ ‘ਚ ਉਨ੍ਹਾਂ ਨੂੰ ਹਮਲੇ ਦੀ ਖ਼ਬਰ ਮਿਲੀ।

ਉਨ੍ਹਾਂ ਨੇ ਦੱਸਿਆ, “ਸਾਡੇ ਹੋਟਲ ਤੋਂ 5-6 ਕਿਲੋਮੀਟਰ ਦੂਰ ਭਾਰੀ ਟ੍ਰੈਫਿਕ ਜਾਮ ਸੀ ਅਤੇ ਲਗਾਤਾਰ ਸਾਇਰਨ ਵੱਜ ਰਹੇ ਸਨ। ਸਾਡਾ ਹੋਟਲ ਇੱਕ ਅਮਰੀਕੀ ਫੌਜੀ ਅੱਡੇ ਦੇ ਬਹੁਤ ਹੀ ਨੇੜੇ ਸੀ। ਹਮਲੇ ਦੇ ਕਾਰਨ ਸਾਰੀ ਆਵਾਜਾਈ ਠੱਪ ਹੋ ਗਈ ਸੀ।”

ਸ਼੍ਰੀਮੋਹਨ ਨੇ ਅੱਗੇ ਦੱਸਿਆ, “ਸਾਨੂੰ ਬਹਿਰੀਨ ਦੇ ਗ੍ਰਹਿ ਮੰਤਰਾਲੇ ਵੱਲੋਂ ਸੁਨੇਹਾ ਮਿਲਿਆ ਕਿ ਐਮਰਜੈਂਸੀ ਵਾਹਨਾਂ ਲਈ ਸੜਕ ਨੂੰ ਖਾਲ੍ਹੀ ਕੀਤਾ ਜਾਵੇ। ਜਿੱਥੇ ਮਿਜ਼ਾਈਲ ਡਿੱਗੀ ਸੀ, ਸਾਡਾ ਹੋਟਲ ਉਸ ਤੋਂ ਮਹਿਜ਼ 150 ਮੀਟਰ ਦੀ ਦੂਰੀ ‘ਤੇ ਸਥਿਤ ਸੀ। ਲੋਕ ਘਬਰਾ ਕੇ ਆਪਣੇ ਸਮਾਨ ਸਮੇਤ ਸੜਕਾਂ ‘ਤੇ ਨਿਕਲ ਆਏ ਸਨ। ਸਾਰੇ ਪਰਿਵਾਰ ਹੋਟਲ ਤੋਂ ਬਾਹਰ ਆ ਰਹੇ ਸਨ।”

“ਅਸੀਂ ਵੀ ਡਰ ਗਏ। ਮੇਰੇ ਦੋਸਤ ਬਹੁਤ ਘਬਰਾਏ ਹੋਏ ਸਨ। ਉਹ ਹੋਟਲ ਜਾ ਕੇ ਆਪਣਾ ਸਮਾਨ ਲੈ ਕੇ ਉੱਥੋਂ ਤੁਰੰਤ ਨਿਕਲਣਾ ਚਾਹੁੰਦੇ ਸਨ। ਅਸੀਂ ਆਪਣੇ ਹੋਟਲ ਦੇ ਪਿਛਲੇ ਪਾਸੇ ਤੋਂ ਕਾਲਾ, ਸੰਘਣਾ ਧੂੰਆਂ ਉੱਠਦਾ ਵੇਖਿਆ, ਜਿਸ ਕਰਕੇ ਸੂਰਜ ਬਿਲਕੁੱਲ ਵੀ ਵਿਖਾਈ ਨਹੀਂ ਦੇ ਰਿਹਾ ਸੀ। ਧੂੰਏਂ ਦੇ ਗੁਬਾਰ ਨੇ ਪੂਰੇ ਇਲਾਕੇ ਨੂੰ ਢੱਕ ਲਿਆ ਸੀ।”

ਮਾਧਵ ਸ਼੍ਰੀਮੋਹਨ

ਹਾਲਾਂਕਿ ਉਨ੍ਹਾਂ ਨੇ ਕਿਹਾ, “ਇੱਥੇ ਕੋਈ ਦਹਿਸ਼ਤ ਨਹੀਂ ਹੈ, ਪਰ ਜੋ ਲੋਕ ਭਾਰਤ ਵਾਪਸ ਪਰਤਨਾ ਚਾਹੁੰਦੇ ਹਨ, ਉਹ ਉਡਾਣਾਂ ਬਾਰੇ ਚਿੰਤਤ ਹਨ।”

ਦੁਬਈ ‘ਚ ਕੰਮ ਕਰ ਰਹੇ ਇੱਕ ਤਕਨੀਕੀ ਪੇਸ਼ੇਵਰ ਸੌਮਿਆਜੀਤ ਚੌਧਰੀ ਨੇ ਕਿਹਾ, “ਥੋੜ੍ਹੀ ਬੈਚੇਨੀ ਤਾਂ ਹੈ, ਪਰ ਸਥਿਤੀ ਜ਼ਿਆਦਾ ਡਰਾਵਨੀ ਨਹੀਂ ਹੈ ਕਿਉਂਕਿ ਬਾਹਰ ਸਭ ਕੁਝ ਆਮ ਜਿਹਾ ਵਿਖਾਈ ਦੇ ਰਿਹਾ ਹੈ। ਅਸੀਂ ਮਿਜ਼ਾਈਲਾਂ ਦੀ ਹਵਾ ‘ਚ ਹੀ ਤਬਾਹ ਹੋਣ ਦੀ ਆਵਾਜ਼ ਸੁਣਦੇ ਹਾਂ। ਕਈ ਵਾਰ ਤਾਂ ਝਟਕੇ ਵੀ ਮਹਿਸੂਸ ਹੁੰਦੇ ਹਨ, ਖ਼ਾਸ ਕਰਕੇ ਜਿਨ੍ਹਾਂ ਘਰਾਂ ‘ਚ ਜ਼ਿਆਦਾ ਖਿੜਕੀਆਂ ਜਾਂ ਸ਼ੀਸ਼ੇ ਦੀਆਂ ਬਾਲਕੋਨੀਆਂ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਅੱਧੀ ਰਾਤ ਤਕਰੀਬਨ 2:30 ਵਜੇ ਐਮਰਜੈਂਸੀ ਅਲਰਟ ਮਿਲਿਆ। ਸਰਕਾਰ ਨੇ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ। ਭਾਰਤ ‘ਚ ਸਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜੋ ਖ਼ਬਰਾਂ ਮਿਲ ਰਹੀਆਂ ਹਨ, ਉਹ ਸਥਿਤੀ ਨਾਲੋਂ ਕਿਤੇ ਭਿਆਨਕ ਹਨ। ਇੱਥੇ ਸਭ ਕੁਝ ਕਾਬੂ ‘ਚ ਹੈ। ਪਰ ਰੋਜ਼ਾਨਾਂ ਬਾਲਕੋਨੀ ‘ਚੋਂ ਮਿਜ਼ਾਈਲ ਇੰਟਰਸੈਪਸ਼ਨ ਵੇਖਣਾ ਵੀ ਕੋਈ ਆਮ ਗੱਲ ਨਹੀਂ ਹੈ।”

ਇਜ਼ਰਾਈਲ ‘ਚ ਸਥਿਤੀ ਕਿਹੋ ਜਿਹੀ ਹੈ?

ਇਜ਼ਰਾਈਲ ਦੇ ਲੋਕ ਸਾਇਰਨ ਵੱਜਦੇ ਹੀ ਸੁਰੱਖਿਅਤ ਥਾਂ ਵੱਲ ਭੱਜ ਜਾਂਦੇ ਹਨ

ਤਸਵੀਰ ਸਰੋਤ, Ilia YEFIMOVICH / AFP via Getty Images

ਤਲ ਅਵੀਵ ਦੇ ਵਸਨੀਕ ਸੋਮ ਰਵੀ ਨੇ ਬੀਬੀਸੀ ਪੱਤਰਕਾਰ ਰੂਪਸਾ ਸੇਨਗੁਪਤਾ ਨੂੰ ਦੱਸਿਆ ਕਿ ਉਹ 20 ਸਾਲ ਪਹਿਲਾਂ ਇਜ਼ਰਾਈਲ ਆਏ ਸਨ।

ਉਨ੍ਹਾਂ ਨੇ ਦੱਸਿਆ, “ਐਤਵਾਰ ਨੂੰ 7-8 ਵਾਰ ਸਾਇਰਨ ਵੱਜਿਆ ਸੀ। ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਅਸੀਂ ਤੁਰੰਤ ਬੰਕਰ ‘ਚ ਚਲੇ ਜਾਂਦੇ ਸੀ। ਇੱਥੇ ਸਕੂਲ, ਪਾਰਕ, ਘਰ ਅਤੇ ਬੱਸ ਸਟਾਪ ਤੱਕ ਬੰਕਰ ਹਨ। ਤਲ ਅਵੀਵ ‘ਚ ਬਾਕੀ ਸਭ ਸੁਰੱਖਿਅਤ ਹੈ।”

ਨਿਸਿਨ ਮੋਸੇਰੀ 1963 ‘ਚ ਇਜ਼ਰਾਈਲ ਆਏ ਸਨ ਅਤੇ ਹੁਣ ਉਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ।

ਉਨ੍ਹਾਂ ਨੇ ਦੱਸਿਆ, “ਪਿਛਲੇ ਇੱਕ ਦੋ ਘੰਟਿਆਂ ਤੋਂ ਸ਼ਾਂਤੀ ਹੈ। ਬੀਤੀ ਰਾਤ ਹਰ ਕੁਝ ਘੰਟਿਆਂ ਬਾਅਦ ਸਾਇਰਨ ਵੱਜ ਰਹੇ ਸਨ ਅਤੇ ਸਾਨੂੰ ਵਾਰ-ਵਾਰ ਬੰਕਰ ਵੱਲ ਭੱਜਣਾ ਪੈ ਰਿਹਾ ਸੀ। ਸਾਡੇ ਘਰ ‘ਚ ਹੀ ਬੰਕਰ ਹੈ ਪਰ ਮੇਰੀ ਉਮਰ ਅਤੇ ਬਿਮਾਰੀ ਦੇ ਕਾਰਨ ਮੇਰੇ ਲਈ ਉੱਥੇ ਪਹੁੰਚਣਾ ਵੀ ਭਾਰੀ ਪੈ ਰਿਹਾ ਹੈ। ਮੈਂ ਆਪਣੇ ਕੇਅਰਗਿਵਰ ‘ਤੇ ਨਿਰਭਰ ਹਾਂ।”

ਕਾਰੋਬਾਰੀ ਬੇਨੀ ਨਾਇਡੂ 1990 ਦੇ ਦਹਾਕੇ ਦੌਰਾਨ ਇਜ਼ਰਾਈਲ ਗਏ ਸਨ ਅਤੇ ਤਲ ਅਵੀਵ ‘ਚ ਇੱਕ ਦੁਕਾਨ ਚਲਾਉਂਦੇ ਹਨ।

ਉਨ੍ਹਾਂ ਨੇ ਕਿਹਾ, “ਸਵੇਰ ਤੋਂ ਹਾਲਾਤ ਕੁਝ ਬਿਹਤਰ ਹਨ। ਮੈਂ ਅਤੇ ਮੇਰਾ ਪਰਿਵਾਰ ਸੁਰੱਖਿਅਤ ਥਾਂ ‘ਤੇ ਹਾਂ। ਭਾਰਤੀ ਭਾਈਚਾਰੇ ਦੇ ਲੋਕ ਮੇਰੀ ਦੁਕਾਨ ‘ਤੇ ਆਉਂਦੇ ਹਨ।”

ਨਿਸਿਨ ਮੋਸੇਰੀ

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਸਾਇਰਨ ਦੀ ਆਵਾਜ਼ ਆਉਂਦੀ ਹੈ, ਸਾਰੇ ਲੋਕ ਆਪੋ ਆਪਣੇ ਬੰਕਰ ਵੱਲ ਭੱਜਦੇ ਹਨ। ਕੁਝ ਘਰਾਂ ‘ਚ ਤਾਂ ਨਿੱਜੀ ਬੰਕਰ ਵੀ ਹਨ। ਹੁਣ ਅਸੀਂ ਇਸ ਸਭ ਦੇ ਆਦੀ ਹੋ ਗਏ ਹਾਂ।

ਨਾਇਡੂ ਆਪਣੇ ਵਿਆਹ ਤੋਂ ਬਾਅਦ ਹੀ ਇਜ਼ਰਾਈਲ ‘ਚ ਵੱਸ ਗਏ ਸਨ ਅਤੇ ਹੁਣ ਉਹ ਇੱਥੇ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਨੇ ਇੱਥੋਂ ਦੀ ਨਾਗਰਿਕਤਾ ਲੈ ਲਈ ਹੈ।

ਉਨ੍ਹਾਂ ਦੇ ਤਿੰਨ ਪੁੱਤਰ ਹਨ, ਜਿਨ੍ਹਾਂ ‘ਚੋਂ 2 ਇਜ਼ਰਾਈਲੀ ਫੌਜ ‘ਚ ਸੇਵਾਵਾਂ ਨਿਭਾ ਚੁੱਕੇ ਹਨ। ਨਾਇਡੂ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਵੀ ਫੌਜ ‘ਚ ਭਰਤੀ ਹੋਵੇ।

ਇਸ ਦੇ ਨਾਲ ਹੀ ਦੁਬਈ ਦੇ ਜੁਮੇਰਾਹ ਲੇਕ ਟਾਵਰਜ਼ ‘ਚ ਰਹਿਣ ਵਾਲੇ 33 ਸਾਲਾ ਵਰਕਿੰਗ ਪ੍ਰਫੈਸ਼ਨਲ ਪੁਸ਼ਕਿਨ ਨੇ ਦੱਸਿਆ, “ਸ਼ਨੀਵਾਰ ਸਵੇਰੇ ਤੇਜ਼ ਆਵਾਜ਼ ਸੁਣੀ ਤਾਂ ਇੰਝ ਲੱਗਿਆ ਜਿਵੇਂ ਬੱਦਲ ਗਰਜ ਰਹੇ ਹੋਣ। ਪਰ ਮੌਸਮ ਸਾਫ਼ ਸੀ।”

“ਬਾਅਦ ‘ਚ ਖ਼ਬਰਾਂ ਜ਼ਰੀਏ ਪਤਾ ਲੱਗਿਆ ਕਿ ਮਿਜ਼ਾਈਲ ਇੰਟਰਸੈਪਸ਼ਨ ਦੇ ਕਾਰਨ ਧਮਾਕਾ ਹੋਇਆ ਸੀ। ਦਿਨ ਭਰ ਅਜਿਹੇ ਧਮਾਕਿਆਂ ਦੀ ਆਵਾਜ਼ ਅਤੇ ਕੰਪਣ ਮਹਿਸੂਸ ਹੁੰਦਾ ਰਿਹਾ। ਅਸੀਂ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਇਜ਼ਰੀ ਦੀ ਪਾਲਣਾ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ।”

ਦੁਬਈ ਦੇ ਅਸਮਾਨ ਵਿੱਚ ਰਾਕੇਟ ਨੂੰ ਨਿਸ਼ਾਨਾ ਬਣਾਇਆ ਗਿਆ

ਤਸਵੀਰ ਸਰੋਤ, AFP via Getty Images

ਦੁਬਈ ‘ਚ ਰੌਨਕ ਕੋਟੇਚਾ ਨੇ ਬੀਬਸਿੀ ਹਿੰਦੀ ਲਈ ਉੱਥੇ ਰਹਿ ਰਹੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ।

ਜੁਮੇਰਾਹ ਵਿਲੇਜ ਸਰਕਲ ‘ਚ ਰਹਿਣ ਵਾਲੀ ਕਸ਼ਮੀਰਾ ਦੱਤਾਨੀ ਨੇ ਉਨ੍ਹਾਂ ਨੂੰ ਦੱਸਿਆ, “ਪਿਛਲੇ 24 ਘੰਟਿਆਂ ਤੋਂ ਹਮਲਿਆਂ ਦੀਆਂ ਆਵਾਜ਼ਾਂ ਸੁਣ ਰਹੇ ਹਾਂ। ਪਰ ਲੋਕਾਂ ‘ਚ ਜ਼ਿਆਦਾ ਡਰ ਦਾ ਮਾਹੌਲ ਨਹੀਂ ਹੈ। ਰੈਸਟੋਰੈਂਟ ਖੁੱਲ੍ਹੇ ਹਨ। ਇੱਥੇ ਸਥਿਤੀ ਕਾਬੂ ‘ਚ ਹੈ। ਸਾਨੂੰ ਯਕੀਨ ਹੈ ਕਿ ਦੁਬਈ ਸਰਕਾਰ ਸਥਿਤੀ ਨੂੰ ਵਧੀਆ ਢੰਗ ਨਾਲ ਸੰਭਾਲ ਲਵੇਗੀ।”

ਤਿੰਨ ਦਹਾਕਿਆਂ ਤੋਂ ਦੁਬਈ ‘ਚ ਰਹਿ ਰਹੀ ਜ਼ਰਨਾ ਨੇ ਕਿਹਾ, “ਪਿਛਲੇ 24 ਘੰਟਿਆਂ ਤੋਂ ਪ੍ਰਸ਼ਾਸਨ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਪਰਮਾਤਮਾ ਦੀ ਮਹਿਰ ਨਾਲ ਇੱਥੇ ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਨੂੰ ਯੂਏਈ ਸਰਕਾਰ ਅਤੇ ਸੁਰੱਖਿਆ ਬਲਾਂ ‘ਤੇ ਪੂਰਾ ਭਰੋਸਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI