Source :- BBC PUNJABI
ਤਸਵੀਰ ਸਰੋਤ, Brugmans/Zeemansleven
ਇੰਟਰਨੈਸ਼ਨਲ ਲੈਸਬੀਅਨ, ਗੇਅ, ਬਾਇਸੈਕਸ਼ੂਅਲ, ਟ੍ਰਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ (ਆਈਐੱਲਜੀਏ) ਦੇ ਮੁਤਾਬਕ, ਇਸ ਵੇਲੇ ਦੁਨੀਆ ਦੇ 64 ਦੇਸ਼ ਅਜੇ ਵੀ ਸਮਲਿੰਗੀ ਸੰਬੰਧਾਂ ਨੂੰ ਅਪਰਾਧ ਮੰਨਦੇ ਹਨ।
ਅਤੀਤ ਵੀ ਇਸੇ ਤਰ੍ਹਾਂ ਦੇ ਕਠੋਰ ਜ਼ੁਲਮਾਂ ਨਾਲ ਭਰਿਆ ਹੋਇਆ ਹੈ। ਇਸ ਦੇ ਇੱਕ ਦਰਦਨਾਕ ਉਦਾਹਰਨ 18ਵੀਂ ਸਦੀ ਦੇ ਡੱਚ ਮਲਾਹ ਲਿੰਡਰਟ ਹਾਸਨਬੋਸ਼ ਹਨ, ਜਿਨ੍ਹਾਂ ਨੂੰ ਜਿਨਸੀ ਰੁਝਾਨ ਕਾਰਨ ਇੱਕ ਦੂਰ-ਦਰਾਢੇ ਦੇ ਸੁੰਨੇ ਟਾਪੂ ‘ਤੇ ਮਰਨ ਲਈ ਛੱਡ ਦਿੱਤਾ ਗਿਆ ਸੀ।
ਇਹ ਇੱਕ ਅਟਲਾਂਟਿਕ ਮਹਾਸਾਗਰ ਵਿੱਚ ਇੱਕ ਦੂਰ-ਦਰਾਢੇ ਜਵਾਲਾਮੁਖੀ ਵਾਲਾ ਟਾਪੂ ਸੀ, ਜੋ ਅਫਰੀਕਾ ਦੇ ਤਟ ਤੋਂ ਲਗਭਗ 1,540 ਕਿਲੋਮੀਟਰ ਅਤੇ ਦੱਖਣੀ ਅਮਰੀਕਾ ਤੋਂ ਕਰੀਬ 2,300 ਕਿਲੋਮੀਟਰ ਦੂਰ ਸਥਿਤ ਹੈ।
5 ਮਈ, 1725 ਨੂੰ, ਲਿੰਡਰਟ ਹਾਸਨਬੋਸ਼ ਨੇ ਅਟਲਾਂਟਿਕ ਮਹਾਸਾਗਰ ਵਿੱਚ ਸਥਿਤ ਇੱਕ ਸੁੰਨੇ ਜਵਾਲਾਮੁਖੀ ਟਾਪੂ, ਐਸੈਂਸ਼ਨ ਟਾਪੂ ‘ਤੇ ਆਪਣੀ ਡਾਇਰੀ ਵਿੱਚ ਲਿਖਿਆ:
“ਡੱਚ ਬੇੜੇ ਦੇ ਕਮਾਂਡਰ ਅਤੇ ਕਪਤਾਨ ਦੇ ਹੁਕਮ ‘ਤੇ, ਮੈਂ, ਲਿੰਡਰਟ ਹਾਸਨਬੋਸ਼, ਬਹੁਤ ਦੁੱਖ ਦੇ ਨਾਲ ਇਸ ਸੁੰਨੇ ਟਾਪੂ ‘ਤੇ ਉਤਰਿਆ ਹਾਂ।”
ਇਸ ਵਾਕ ਦੇ ਲਿਖੇ ਜਾਣ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਅਧਿਆਇ ਸ਼ੁਰੂ ਹੁੰਦਾ ਹੈ, ਇੱਕ ਅਜਿਹਾ ਅਧਿਆਇ ਜੋ ਲਗਭਗ ਸਦੀਆਂ ਤੱਕ ਇਤਿਹਾਸ ਵਿੱਚ ਦਰਜ ਰਿਹਾ।
ਕੁਝ ਹੀ ਸਾਲ ਪਹਿਲਾਂ, ਡੈਨੀਅਲ ਡਿਫੋ ਦੇ ਨਾਵਲ “ਰੋਬਿਨਸਨ ਕ੍ਰੂਸੋ” ਨੇ, ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਸੀ, ਪਾਠਕਾਂ ਦੀ ਕਲਪਨਾ ਨੂੰ ਮੋਹ ਲਿਆ ਸੀ।
ਪਰ ਹਾਸਨਬੋਸ਼ ਦਾ ਭਾਗ ਵੱਖਰਾ ਸੀ। ਇਤਿਹਾਸਕਾਰ ਐਲਵਿਨ ਹੌਫਮੈਨ ਕਹਿੰਦੇ ਹਨ ਕਿ ਐਸੈਂਸ਼ਨ ਟਾਪੂ ‘ਤੇ ਹਾਸਨਬੋਸ਼ ਦਾ ਪਹੁੰਚਣਾ ਕੋਈ ਸੰਯੋਗ ਨਹੀਂ ਸੀ, ਬਲਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਉੱਥੇ ਛੱਡਿਆ ਗਿਆ ਸੀ। ਉਨ੍ਹਾਂ ਨੂੰ ਸਮਲਿੰਗਤਾ ਦੇ ਦੋਸ਼ ਵਿੱਚ ਮੁਲਜ਼ਮ ਠਹਿਰਾਇਆ ਗਿਆ ਸੀ।
ਤਸਵੀਰ ਸਰੋਤ, Getty Images
ਛੱਡਿਆ ਗਿਆ ਮਲਾਹ
ਹਾਸਨਬੋਸ਼ ਦੀ ਕਹਾਣੀ ਪਹਿਲੀ ਵਾਰ ਜਨਵਰੀ 1726 ਵਿੱਚ ਸਾਹਮਣੇ ਆਈ, ਜਦੋਂ ਬ੍ਰਿਟਿਸ਼ ਮਲਾਹਾਂ ਦਾ ਇੱਕ ਸਮੂਹ ਐਸੈਂਸ਼ਨ ਟਾਪੂ ‘ਤੇ ਉਤਰਿਆ ਅਤੇ ਉਨ੍ਹਾਂ ਨੂੰ ਇੱਕ ਅਸਥਾਈ ਟੈਂਟ ਮਿਲਿਆ। ਇਸ ਦੇ ਅੰਦਰ ਇੱਕ ਡਾਇਰੀ ਸੀ, ਪਰ ਇਸ ਵਿੱਚ ਲੇਖਕ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਇਹ ਡਾਇਰੀ ਉਹ ਸਮੂਹ ਇੰਗਲੈਂਡ ਵਾਪਸ ਲੈ ਗਿਆ, ਜਿੱਥੇ ਇਸ ਦਾ ਅਨੁਵਾਦ ਕੀਤਾ ਗਿਆ ਅਤੇ ਕਈ ਵਰਜਨਾਂ ਵਿੱਚ ਸਨਸਨੀਖੇਜ਼ ਢੰਗ ਨਾਲ ਪ੍ਰਕਾਸ਼ਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦਾ ਸਿਰਲੇਖ “ਸੋਡੋਮੀ ਪਨਿਸ਼ਡ” ਸੀ।
ਹਾਲਾਂਕਿ ਇਨ੍ਹਾਂ ਪ੍ਰਕਾਸ਼ਨਾਂ ਨੇ ਹਾਸਨਬੋਸ਼ ਦੀ ਕਹਾਣੀ ਦੇ ਕੁਝ ਹਿੱਸੇ ਸੰਭਾਲੇ, ਪਰ ਉਸਦਾ ਨਾਮ ਮਿਟਾ ਦਿੱਤਾ ਗਿਆ, ਜਿਸ ਨਾਲ ਉਹ ਇੱਕ ਅਜਿਹਾ ਗੁਮਨਾਮ ਉਦਾਹਰਨ ਬਣ ਗਿਆ ਜਿਸਨੂੰ ਨੈਤਿਕ ਚੇਤਾਵਨੀ ਵਜੋਂ ਵਰਤਿਆ ਗਿਆ।
ਲੀਨਡਰਟ ਹਾਸਨਬੋਸ਼ ਦਾ ਜਨਮ 1695 ਵਿੱਚ ਦਿ ਹੈਗ ਵਿੱਚ ਹੋਇਆ ਸੀ ਅਤੇ ਉਹ ਜੋਹਾਨੇਸ ਹਾਸਨਬੋਸ਼ ਅਤੇ ਮਾਰੀਆ ਵਾਨ ਬੇਰਗੇਂਦੇ ਦਾ ਇਕਲੌਤਾ ਬੱਚਾ ਸੀ।
ਆਪਣੀ ਮਾਂ ਦੀ ਮੌਤ ਤੋਂ ਬਾਅਦ, ਉਸ ਦੇ ਪਿਤਾ ਬਟਾਵੀਆ (ਹੁਣ ਜਕਾਰਤਾ) ਚਲੇ ਗਏ, ਜਦਕਿ ਲੀਨਡਰਟ ਉੱਥੇ ਹੀ ਰਹਿ ਹਏ।
18 ਸਾਲ ਦੀ ਉਮਰ ਵਿੱਚ, ਉਹ ਡੱਚ ਈਸਟ ਇੰਡੀਆ ਕੰਪਨੀ (ਵੀਓਸੀ) ਵਿੱਚ ਸ਼ਾਮਲ ਹੋਏ, ਜਿੱਥੇ ਉਹ ਪਹਿਲਾਂ ਸਿਪਾਹੀ ਵਜੋਂ ਕੰਮ ਕਰਦੇ ਸੀ ਅਤੇ ਬਾਅਦ ਵਿੱਚ ਭਰੋਸੇਯੋਗ ਲੇਖਾਕਾਰ ਦੇ ਦਰਜੇ ਤੱਕ ਪਹੁੰਚ ਗਏ।
ਵੀਓਸੀ, ਜਿਸਨੂੰ ਦੁਨੀਆ ਦੀ ਪਹਿਲੀ ਬਹੁ-ਰਾਸ਼ਟਰੀ ਕੰਪਨੀ ਮੰਨਿਆ ਜਾਂਦਾ ਹੈ, ਏਸ਼ੀਆ ਵਿੱਚ ਬਹੁਤ ਵੱਡੀ ਵਪਾਰਕ ਤਾਕਤ ਰੱਖਦੀ ਸੀ, ਪਰ ਇਸਦੇ ਕਰਮਚਾਰੀਆਂ ਨੂੰ ਬਹੁਤ ਕਠਿਨ ਹਾਲਾਤਾਂ ਵਿੱਚ ਕੰਮ ਕਰਨਾ ਪੈਂਦਾ ਸੀ।
ਲਗਭਗ ਇੱਕ ਦਹਾਕੇ ਤੱਕ ਲੀਨਡਰਟ ਨੇ ਬਟਾਵੀਆ ਅਤੇ ਕੋਚrਨ (ਹੁਣ ਕੋਚੀ, ਭਾਰਤ) ਵਿੱਚ ਵੀਓਸੀ ਦੇ ਅਹੁਦਿਆਂ ‘ਤੇ ਸੇਵਾ ਕੀਤੀ। ਫਿਰ ਅਕਤੂਬਰ 1724 ਵਿੱਚ ਅਣਜਾਣ ਕਾਰਨਾਂ ਕਰਕੇ, ਉਹ ਹਾਲੈਂਡ ਲਈ ਰਵਾਨਾ ਹੋਏ, ਇੱਕ ਅਜਿਹਾ ਵਾਪਸੀ ਦਾ ਸਫ਼ਰ ਜੋ ਉਹ ਕਦੇ ਪੂਰਾ ਨਾ ਕਰ ਸਕਿਆ।
ਤਸਵੀਰ ਸਰੋਤ, Getty Images
ਕੱਛੂਕੁੰਮੇ ਦਾ ਮਾਸ, ਖੂਨ ਅਤੇ ਪਿਸ਼ਾਬ
ਸਫ਼ਰ ਦੌਰਾਨ ਹਾਸਨਬੋਸ਼ ‘ਤੇ ਸਮਲਿੰਗਤਾ ਦਾ ਦੋਸ਼ ਲਗਾਇਆ ਗਿਆ, ਜਿਸਨੂੰ ਉਸ ਸਮੇਂ ਦੇ ਸਭ ਤੋਂ ਗੰਭੀਰ ਪਾਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
ਡੱਚ ਈਸਟ ਇੰਡੀਆ ਕੰਪਨੀ ਅਜਿਹੇ ਦੋਸ਼ਾਂ ਲਈ ਅਕਸਰ ਫਾਂਸੀ ਦੀ ਸਜ਼ਾ ਦਿੰਦੀ ਸੀ, ਪਰ ਉਸਦੇ ਮਾਮਲੇ ਵਿੱਚ ਸਜ਼ਾ ਟਾਪੂ ‘ਤੇ ਛੱਡ ਦੇਣ ਦੀ ਸੀ।
5 ਮਈ, 1725 ਨੂੰ ਹਾਸਨਬੋਸ਼ ਨੂੰ ਐਸੈਂਸ਼ਨ ਟਾਪੂ ‘ਤੇ ਇੱਕ ਟੈਂਟ, ਇੱਕ ਬਾਈਬਲ, ਕੁਝ ਬੀਜ ਅਤੇ ਲਗਭਗ ਖਾਲ੍ਹੀ ਪਾਣੀ ਦੇ ਡਰੱਮ ਨਾਲ ਛੱਡ ਦਿੱਤਾ ਗਿਆ।
ਪਹਿਲੇ ਮਹੀਨੇ ਦੌਰਾਨ ਉਸਨੇ ਪੀਣ ਵਾਲੇ ਪਾਣੀ ਦੀ ਖੋਜ ਵਿੱਚ ਸੁੰਨੇ ਟਾਪੂ ਦੀ ਜਾਂਚ ਕੀਤੀ ਅਤੇ ਬਚਾਅ ਲਈ ਪ੍ਰਾਰਥਨਾ ਕੀਤੀ। ਜਲਦੀ ਹੀ ਉਸਦੀ ਇਕੱਲਤਾ ਅਸਹਿਣਯੋਗ ਹੋ ਗਈ। ਉਸਨੇ ਸਾਥ ਲਈ ਇੱਕ ਪੰਛੀ ਨੂੰ ਪਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਮਰ ਗਿਆ।
ਉਸਨੇ ਪਿਆਜ਼, ਮਟਰ ਅਤੇ ਫਲੀਆਂ ਵੀ ਬੀਜੀਆਂ, ਪਰ ਮਿੱਟੀ ਵਿੱਚੋਂ ਲਗਭਗ ਕੁਝ ਵੀ ਨਹੀਂ ਉੱਗਿਆ।
ਜੂਨ ਵਿੱਚ ਹਾਸਨਬੋਸ਼ ਨੂੰ ਭਰਮ ਅਤੇ ਦਰਸ਼ਨ ਆਉਣ ਵਰਗੀਆਂ ਚੀਜ਼ਾਂ ਹੋਣ ਲੱਗੀਆਂ। ਉਸਦੇ ਮੁਤਾਬਕ, ਇੱਕ ਆਤਮਾ “ਇੱਕ ਆਦਮੀ ਸੀ ਜਿਸਨੂੰ ਮੈਂ ਪਹਿਲਾਂ ਜਾਣਦਾ ਸੀ ਅਤੇ ਜੋ ਕੁਝ ਸਮੇਂ ਲਈ ਮੇਰੇ ਨਾਲ ਰਿਹਾ।”
ਤਸਵੀਰ ਸਰੋਤ, DEA / BIBLIOTECA AMBROSIANA
ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਇਹ ਸ਼ਬਦ ਉਸਨੇ ਖ਼ੁਦ ਲਿਖੇ ਸਨ ਜਾਂ ਕਹਾਣੀ ਨੂੰ ਹੋਰ ਨਾਟਕੀ ਬਣਾਉਣ ਲਈ ਬ੍ਰਿਟਿਸ਼ ਸੰਸਕਰਣਾਂ ਵੱਲੋਂ ਜੋੜੇ ਗਏ ਸਨ।
ਜਦੋਂ ਟਾਪੂ ਦਾ ਇਕੱਲਾ ਕੁਦਰਤੀ ਪਾਣੀ ਦਾ ਸਰੋਤ, ਜਿਸਨੂੰ ਡੈਂਪੀਅਰਜ਼ ਡ੍ਰਿਪ ਕਿਹਾ ਜਾਂਦਾ ਹੈ, ਸੁੱਕ ਗਿਆ, ਹਾਸਨਬੋਸ਼ ਕਮਜ਼ੋਰ ਹੋ ਗਿਆ। ਬਿਨਾਂ ਬੱਕਰੀਆਂ ਦਾ ਸ਼ਿਕਾਰ ਕਰਨ ਦੀ ਤਾਕਤ ਦੇ ਅਤੇ ਚੂਹਿਆਂ ਵੱਲੋਂ ਉਸ ਵੱਲੋਂ ਉਗਾਈ ਗਈ ਥੋੜ੍ਹੀ ਜਿਹੀ ਫ਼ਸਲ ਨੂੰ ਖਾਣ ਕਾਰਨ, ਉਹ ਮਜਬੂਰੀ ਵਿੱਚ ਕਠਿਨ ਕਦਮ ਚੁੱਕਣ ਲੱਗਾ।
22 ਅਗਸਤ:
“ਮੈਂ ਇੱਕ ਵੱਡਾ ਕੱਛੂਕੁੰਮਾ ਫੜਿਆ ਅਤੇ ਉਸਦਾ ਲਗਭਗ ਚੌਥਾ ਹਿੱਸਾ ਖੂਨ ਪੀ ਲਿਆ… ਮੈਂ ਆਪਣਾ ਪਿਸ਼ਾਬ ਵੀ ਪੀਤਾ।”
ਅਕਤੂਬਰ ਵਿੱਚ ਉਹ ਮੁਸ਼ਕਲ ਨਾਲ ਜ਼ਿੰਦਾ ਸੀ, ਕੱਛੂਕੁੰਮੇ ਦੇ ਮਾਸ, ਖੂਨ ਅਤੇ ਪਿਸ਼ਾਬ ‘ਤੇ ਜੀਊਂਦਾ ਸੀ। ਉਸਦੀ ਡਾਇਰੀ ਦੀਆਂ ਆਖ਼ਰੀ ਐਂਟਰੀਆਂ, ਜੋ 14 ਅਕਤੂਬਰ, 1725 ਦੀਆਂ ਹਨ, ਬੇਚੈਨ ਕਰਨ ਵਾਲੀਆਂ ਹਨ:
“ਮੈਂ ਇੱਥੇ ਪਹਿਲਾਂ ਵਾਂਗ ਹੀ ਜੀਵਨ ਬਤੀਤ ਕੀਤਾ।”
ਕਹਾਣੀ ਦੀ ਖੋਜ
ਦੋ ਸਦੀਆਂ ਤੋਂ ਵੱਧ ਸਮੇਂ ਤੱਕ, ਹਾਸਨਬੋਸ਼ ਦੀ ਕਹਾਣੀ ਅੰਸ਼ਕ ਤੌਰ ‘ਤੇ ਭੁੱਲਾਈ ਜਾ ਰਹੀ ਹੈ। ਬ੍ਰਿਟਿਸ਼ ਪ੍ਰਕਾਸ਼ਨਾਂ ਜਿਵੇਂ “ਸੋਡੋਮੀ ਪਨਿਸ਼ਡ” (1726) ਜਾਂ “ਐਨ ਆਥੈਂਟਿਕ ਅਕਾਊਂਟ” (1728) ਨੇ ਉਸਦੀ ਪੀੜਾ ਦੇ ਕੁਝ ਹਿੱਸੇ ਸੰਭਾਲੇ, ਪਰ ਉਸਦੀ ਪਛਾਣ ਨੂੰ ਲੁਕਾਇਆ।
1990 ਵਿੱਚ, ਡੱਚ ਇਤਿਹਾਸਕਾਰ ਮਿਚੀਅਲ ਕੂਲਬਰਗਨ ਨੂੰ ਐਮਸਟਰਡਮ ਮੇਰੀਟਾਈਮ ਮਿਊਜ਼ੀਅਮ ਵਿੱਚ “ਐਨ ਆਥੈਂਟਿਕ ਅਕਾਊਂਟ” ਦੀ ਇੱਕ ਵਿਰਲੀ ਅੰਗਰੇਜ਼ੀ ਕਾਪੀ ਮਿਲੀ। ਇਸ ਕਿਤਾਬ ਵਿੱਚ ਇੱਕ “ਡੱਚ ਰੋਬਿਨਸਨ ਕ੍ਰੂਸੋ” ਦੀ ਸੱਚੀ ਕਹਾਣੀ ਦਰਸਾਈ ਗਈ ਸੀ, ਜਿਸਨੂੰ ਸਮਲਿੰਗਤਾ ਦੇ ਜੁਰਮ ਵਿੱਚ ਇੱਕ ਟਾਪੂ ‘ਤੇ ਛੱਡ ਦਿੱਤਾ ਗਿਆ ਸੀ।
ਦਿਲਚਸਪੀ ਵਧਣ ‘ਤੇ ਉਸਨੇ ਵੀਓਸੀ ਦੇ ਅਰਕਾਈਵ ਵਿੱਚ ਖੋਜ ਕੀਤੀ ਅਤੇ ਉੱਥੇ ਉਸਨੂੰ ਹਾਸਨਬੋਸ਼ ਦਾ ਨਾਮ ਮਿਲਿਆ।
ਵੀਓਸੀ ਦੇ ਤਨਖ਼ਾਹ ਰਿਕਾਰਡ ਵਿੱਚ ਇੱਕ ਡਰਾਉਣਾ ਐਂਟਰੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ, “17 ਅਪ੍ਰੈਲ, 1725 ਨੂੰ, ਪ੍ਰਾਟਨਬਰਗ ਜਹਾਜ਼ ‘ਤੇ ਉਸਨੂੰ ਇੱਕ ਬੁਰੇ ਵਿਅਕਤੀ ਵਜੋਂ ਐਸੈਂਸ਼ਨ ਟਾਪੂ ਜਾਂ ਕਿਸੇ ਹੋਰ ਥਾਂ ‘ਤੇ ਛੱਡਣ ਦੀ ਸਜ਼ਾ ਦਿੱਤੀ ਗਈ ਅਤੇ ਉਸਦੀ ਤਨਖ਼ਾਹ ਜ਼ਬਤ ਕਰ ਲਈ ਗਈ।”
ਕੂਲਬਰਗਨ ਨੇ 2002 ਵਿੱਚ ਆਪਣੀਆਂ ਖੋਜਾਂ ਨੂੰ “ਇਕ ਡੱਚ ਰੋਬਿਨਸਨ ਕ੍ਰੂਸੋ” ਨਾਮ ਦੀ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ, ਪਰ ਇਹ ਕੰਮ ਜਾਰੀ ਹੋਣ ਤੋਂ ਥੋੜ੍ਹੇ ਸਮੇਂ ਪਹਿਲਾਂ ਹੀ ਉਹ ਕੈਂਸਰ ਨਾਲ ਮਰ ਗਿਆ।
ਤਿੰਨ ਸਾਲ ਬਾਅਦ, ਇਤਿਹਾਸਕਾਰ ਅਤੇ ਲੇਖਕ ਐਲੈਕਸ ਰਿਟਸੇਮਾ ਨੂੰ ਡਿਵੈਂਟਰ ਦੇ ਇੱਕ ਬੁੱਕਸਟੋਰ ਵਿੱਚ ਕੂਲਬਰਗਨ ਦਾ ਕੰਮ ਮਿਲਿਆ।
ਟਾਪੂਆਂ ਦੀਆਂ ਕਹਾਣੀਆਂ ਇਕੱਠੀਆਂ ਕਰਨ ਵਾਲੇ ਰਿਟਸੇਮਾ ਇਸ ਨਾਲ ਬਹੁਤ ਪ੍ਰਭਾਵਿਤ ਹੋਏ ਅਤੇ 2011 ਵਿੱਚ “ਏ ਡੱਚ ਕਾਸਟਅਵੇ ਆਨ ਐਸੈਂਸ਼ਨ ਆਇਲੈਂਡ” ਪ੍ਰਕਾਸ਼ਿਤ ਕੀਤੀ, ਜਿਸ ਨਾਲ ਹਾਸਨਬੋਸ਼ ਦੀ ਲੰਬੇ ਸਮੇਂ ਤੋਂ ਦੱਬੀ ਹੋਈ ਕਹਾਣੀ ਅੰਗਰੇਜ਼ੀ ਪਾਠਕਾਂ ਤੱਕ ਪਹੁੰਚੀ।
ਉਸ ਨੇ ਆਪਣੀ ਕਿਤਾਬ “ਦੋ ਡੱਚ ਮਰਦਾਂ ਨੂੰ ਸਮਰਪਿਤ ਕੀਤੀ ਜੋ ਬਹੁਤ ਜਲਦੀ ਮਰ ਗਏ, ਲੀਨਡਰਟ ਅਤੇ ਮਿਚੀਅਲ।” ਐਲੈਕਸ ਰਿਟਸੇਮਾ ਦੀ ਵੀ 2022 ਵਿੱਚ ਕੈਂਸਰ ਕਾਰਨ ਮੌਤ ਹੋ ਗਈ।
ਅੱਜ, ਹਾਸਨਬੋਸ਼, ਕੂਲਬਰਗਨ ਅਤੇ ਰਿਟਸੇਮਾ ਸਦੀਆਂ ਪਾਰ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ, ਤਿੰਨ ਡੱਚ ਮਰਦ ਜੋ ਇਸ ਕੋਸ਼ਿਸ਼ ਵਿੱਚ ਇਕੱਠੇ ਹੋਏ ਕਿ ਲੀਨਡਰਟ ਦੀ ਕਹਾਣੀ ਗੁੰਮ ਨਾ ਹੋਵੇ।

‘ਅਸੀਂ ਹੁਣ ਅਦ੍ਰਿਸ਼ ਨਹੀਂ ਰਹੇ’
ਲੀਨਡਰਟ ਹਾਸਨਬੋਸ਼ ਦੀ ਪੀੜਾ ਦੂਰ ਦੀ ਲੱਗ ਸਕਦੀ ਹੈ, ਪਰ ਉਸਦੇ ਪਿੱਛੇ ਦੀਆਂ ਤਾਕਤਾਂ ਅੱਜ ਵੀ ਜਾਣੀਆਂ-ਪਛਾਣੀਆਂ ਹਨ।
ਇਤਿਹਾਸਕਾਰ ਐਲਵਿਨ ਹੌਫਮੈਨ ਦੇ ਮੁਤਾਬਕ, 18ਵੀਂ ਸਦੀ ਦੇ ਹਾਲੈਂਡ ਵਿੱਚ ਸਮਲਿੰਗਤਾ ਨੂੰ ਆਮ ਤੌਰ ‘ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਚੁੱਪਚਾਪ ਸਹਾ ਜਾਂਦਾ ਸੀ, ਜਦੋਂ ਤੱਕ ਕਿ ਫੌਜੀ ਹਾਰਾਂ ਤੋਂ ਬਾਅਦ “ਮਰਦਾਨਗੀ ਦੇ ਸੰਕਟ” ਦੀ ਭਾਵਨਾ ਨੇ ਪੀੜਨਾ ਦੀ ਲਹਿਰ ਨਹੀਂ ਚਲਾਈ। ਸਮਲਿੰਗੀ ਲੋਕਾਂ ਨੂੰ ਸਮਾਜ ਦੇ ਪਤਨ ਲਈ ਬਲੀ ਦਾ ਬੱਕਰਾ ਬਣਾਇਆ ਗਿਆ।
ਉਹ ਸਮਝਾਉਂਦੇ ਹਨ, “ਇੱਕ ਹੀਣ ਭਾਵਨਾ ਸੀ ਅਤੇ ਇਸ ਦਾ ਹੱਲ ਸਮਲਿੰਗੀਆਂ ਦੀ ਹੋਰ ਕਠੋਰ ਪੀੜਨਾ ਵਿੱਚ ਲੱਭਿਆ ਗਿਆ।”
“ਇਹ ਅੱਜ ਸਾਡੇ ਲਈ ਇੱਕ ਚੇਤਾਵਨੀ ਹੈ। ਸੰਕਟ ਦੇ ਸਮੇਂ ਵਿੱਚ, ਇਹ ਖ਼ਤਰਾ ਹੁੰਦਾ ਹੈ ਕਿ ਅਸੀਂ ਮਰਦਾਨਗੀ ਨੂੰ ਮੁੜ ਸਥਾਪਿਤ ਕਰਨ ਲਈ ਐੱਲਜੀਬੀਟੀਕਿਊਆਈਏ+ ਭਾਈਚਾਰੇ ਨੂੰ ਹੋਰ ਸਖ਼ਤ ਸਜ਼ਾਵਾਂ ਦੇਵਾਂਗੇ।”
ਹਾਸਨਬੋਸ਼ ਦੀ ਮੌਤ ਤੋਂ ਸਿਰਫ਼ ਪੰਜ ਸਾਲ ਬਾਅਦ, ਉਟਰੇਖਟ ਵਿੱਚ ਸਮਲਿੰਗਤਾ ਦੇ ਮੁਕੱਦਮਿਆਂ ਵਿੱਚ ਲਗਭਗ 300 ਲੋਕਾਂ ‘ਤੇ ਇਲਜ਼ਾਮ ਲਗਾਏ ਗਏ। ਉਨ੍ਹਾਂ ਵਿੱਚੋਂ ਕਈਆਂ ਨੂੰ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਦਿੱਤੀ ਗਈ, ਜਿਸ ਵਿੱਚ ਅੱਗ ਨਾਲ ਸਾੜਨ ਤੋਂ ਲੈ ਕੇ ਗਲਾ ਘੁੱਟਣ ਤੱਕ ਦੀਆਂ ਸਜ਼ਾਵਾਂ ਸ਼ਾਮਲ ਸਨ। ਅਜਿਹਾ ਉਦੋਂ ਤੱਕ ਰਿਹਾ ਜਦੋਂ ਤੱਕ ਕਿ ਆਖ਼ਿਰਕਾਰ 1803 ਵਿੱਚ ਇਹ ਕਾਨੂੰਨ ਰੱਦ ਨਹੀਂ ਕੀਤਾ ਗਿਆ।
ਤਸਵੀਰ ਸਰੋਤ, Brugmans/Zeemansleven/The Just Vengeance of Heaven Exemplify’d
ਅੱਜ ਵੀ, ਇਸ ਤਰ੍ਹਾਂ ਦੇ ਦੋਸ਼ ਲਗਾਉਣ ਦੀ ਰਣਨੀਤੀ ਦੇ ਅਸਰ ਰੂਸ, ਯੂਗਾਂਡਾ ਅਤੇ ਪੋਲੈਂਡ ਵਰਗੇ ਦੇਸ਼ਾਂ ਵਿੱਚ ਐਲਜੀਬੀਟੀਕਿਊਆਈਏ+ ਵਿਰੋਧੀ ਕਾਨੂੰਨਾਂ ਦੇ ਵਾਧੇ ਵਿੱਚ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਅਕਸਰ “ਕਦਰਾਂ ਕੀਮਤਾਂ” ਦੀ ਰੱਖਿਆ ਦੇ ਨਾਂ ‘ਤੇ ਪੇਸ਼ ਕੀਤਾ ਜਾਂਦਾ ਹੈ।
ਇਨ੍ਹਾਂ ਵਿੱਚ ਉਹ ਦਿਸ਼ਾ-ਨਿਰਦੇਸ਼ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਰੱਦ ਕੀਤਾ ਗਿਆ, ਜੋ ਲਿੰਗ ਪਛਾਣ ਜਾਂ ਜਿਨਸੀ ਰੁਝਾਨ ਦੇ ਆਧਾਰ ‘ਤੇ ਵਿਤਕਰੇ ਨੂੰ ਰੋਕਣ ਲਈ ਬਣਾਏ ਗਏ ਸਨ।
ਟਰੰਪ ਨੇ ਇੱਕ ਹੁਕਮ ‘ਤੇ ਵੀ ਦਸਤਖ਼ਤ ਕੀਤੇ ਜਿਸ ਵਿੱਚ ਸਿਰਫ਼ ਦੋ ਲਿੰਗ, ਔਰਤ ਅਤੇ ਮਰਦ ਨੂੰ ਮਾਨਤਾ ਦਿੱਤੀ ਗਈ ਅਤੇ ਕਿਹਾ ਕਿ ਇਸਨੂੰ ਬਦਲਿਆ ਨਹੀਂ ਜਾ ਸਕਦਾ।
ਜੂਲੀਆ ਐਰਟ, ਜੋ ਲੈਸਬੀਅਨ, ਗੇਅ, ਬਾਇਸੈਕਸ਼ੂਅਲ, ਟ੍ਰਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ ਦੀ ਐਗਜ਼ਿਕਿਊਟਿਵ ਡਾਇਰੈਕਟਰ ਹਨ, ਕਹਿੰਦੀ ਹਨ ਕਿ ਇਸ ਤਰ੍ਹਾਂ ਦੇ ਕਾਨੂੰਨ ਐਲਜੀਬੀਟੀਕਿਊਆਈਏ+ ਲੋਕਾਂ ਦੀ ਹੋਂਦ ਨੂੰ ਇਤਿਹਾਸ ਤੋਂ ਮਿਟਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਿਰਫ਼ ਚੇਤਾਵਨੀ ਦੀਆਂ ਕਹਾਣੀਆਂ ਵਿੱਚ ਬਦਲ ਦਿੰਦੇ ਹਨ।
ਪਰ ਉਹ ਇਹ ਵੀ ਕਹਿੰਦੀ ਹਨ, “ਅਸੀਂ ਹਮੇਸ਼ਾ ਇੱਥੇ ਰਹੇ ਹਾਂ। ਐੱਲਜੀਬੀਟੀ ਲੋਕਾਂ ਨੂੰ ‘ਇੱਜ਼ਤਦਾਰ’ ਸਮਾਜ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਸ਼ਾਇਦ ਅਜੇ ਵੀ ਮਜ਼ਬੂਤ ਹੋ ਸਕਦੀ ਹੈ, ਪਰ ਅਸੀਂ ਹੁਣ ਅਦ੍ਰਿਸ਼ ਨਹੀਂ ਰਹੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


