Source :- BBC PUNJABI
ਤਸਵੀਰ ਸਰੋਤ, EPA/Shutterstock
2 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 4 ਮਿੰਟ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਮੰਗਲਵਾਰ ਰਾਤ “ਇੱਕ ਪੂਰਾ ਸੱਭਿਅਤਾ ਖ਼ਤਮ ਹੋਣ ਵਾਲੀ ਹੈ।”
ਟਰੰਪ ਨੇ ਈਰਾਨ ਨੂੰ ਸਮਝੌਤਾ ਕਰਨ ਲਈ ਵਾਸ਼ਿੰਗਟਨ ਸਮੇਂ ਅਨੁਸਾਰ ਮੰਗਲਵਾਰ ਰਾਤ 8 ਵਜੇ ਤੱਕ ਦਾ ਸਮਾਂ ਦਿੱਤਾ ਹੈ।
ਈਰਾਨ ਵੱਲੋਂ ਹੁਣ ਤੱਕ ਕਿਸੇ ਸਮਝੌਤੇ ‘ਤੇ ਸਹਿਮਤੀ ਨਹੀਂ ਦਿੱਤੀ ਗਈ ਹੈ। ਨਾਲ ਹੀ ਟਰੰਪ ਦੇ ਤਾਜ਼ਾ ਬਿਆਨ ‘ਤੇ ਈਰਾਨ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਵੀ ਨਹੀਂ ਆਈ।
ਹਾਲਾਂਕਿ, ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸਨੇ ਹੁਣ ਤੱਕ ਸਬਰ ਦਿਖਾਇਆ ਹੈ।
ਟਰੰਪ ਨੇ ਟ੍ਰੁਥ ਸੋਸ਼ਲ ‘ਤੇ ਕੀ ਲਿਖਿਆ?
ਅਮਰੀਕੀ ਰਾਸ਼ਟਰਪਤੀ ਨੇ ਆਪਣੇ ਟ੍ਰੁਥ ਸੋਸ਼ਲ ਅਕਾਊਂਟ ‘ਤੇ ਇੱਕ ਪੋਸਟ ਕਰਕੇ ਮੰਗਲਵਾਰ ਰਾਤ ਪੂਰੀ ਸੱਭਿਅਤਾ ਦੇ ਖ਼ਤਮ ਹੋਣ ਦੀ ਗੱਲ ਕੀਤੀ ਹੈ।
ਟਰੰਪ ਨੇ ਲਿਖਿਆ, “ਇੱਕ ਪੂਰੀ ਸੱਭਿਅਤਾ ਦੀ ਅੱਜ ਰਾਤ ਮੌਤ ਹੋ ਜਾਵੇਗੀ ਅਤੇ ਕਦੇ ਵੀ ਮੁੜ ਵਾਪਸ ਨਹੀਂ ਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਇਹ ਹੋ ਹੀ ਜਾਵੇ।”
“ਹਾਲਾਂਕਿ, ਹੁਣ ਜਦੋਂ ਪੂਰਾ ਅਤੇ ਸੰਪੂਰਨ ਖੇਤਰ ਬਦਲ ਗਿਆ ਹੈ, ਜਿੱਥੇ ਵੱਖਰੇ, ਵਧੇਰੇ ਸਮਝਦਾਰ ਅਤੇ ਘੱਟ ਕੱਟੜ ਸੋਚ ਵਾਲੇ ਲੋਕ ਹਾਵੀ ਹਨ, ਸ਼ਾਇਦ ਕੁਝ ਕ੍ਰਾਂਤੀਕਾਰੀ ਤੌਰ ‘ਤੇ ਬੇਹੱਦ ਵਧੀਆ ਹੋ ਸਕਦਾ ਹੈ, ਕੌਣ ਜਾਣਦਾ ਹੈ?”
“ਅਸੀਂ ਅੱਜ ਰਾਤ ਪਤਾ ਲਗਾ ਲਵਾਂਗੇ, ਇਹ ਦੁਨੀਆ ਦੇ ਲੰਬੇ ਅਤੇ ਗੁੰਝਲਦਾਰ ਇਤਿਹਾਸ ਦੇ ਸਭ ਤੋਂ ਅਹਿਮ ਪਲ਼ਾਂ ਵਿੱਚੋਂ ਇੱਕ ਹੈ।”
“47 ਸਾਲਾਂ ਦੀ ਜਬਰਨ ਵਸੂਲੀ, ਭ੍ਰਿਸ਼ਟਾਚਾਰ ਅਤੇ ਮੌਤ ਦਾ ਦੌਰ ਆਖ਼ਿਰਕਾਰ ਖ਼ਤਮ ਹੋਵੇਗਾ। ਰੱਬ ਈਰਾਨ ਦੇ ਮਹਾਨ ਲੋਕਾਂ ਦੀ ਰੱਖਿਆ ਕਰੇ!”
ਤਸਵੀਰ ਸਰੋਤ, EPA/Shutterstock
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ “ਹੁਣ ਗੇਂਦ ਈਰਾਨ ਦੇ ਪੱਲੇ ਵਿੱਚ ਹੈ।”
ਉਨ੍ਹਾਂ ਨੇ ਕਿਹਾ ਕਿ ਈਰਾਨ ਸਭ ਤੋਂ ਤੇਜ਼ ਗੱਲਬਾਤ ਕਰਨ ਵਾਲਿਆਂ ਵਿੱਚੋਂ ਨਹੀਂ ਹੈ, ਪਰ ਕਈ ਵਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸੁਨੇਹਾ ਪਹੁੰਚਣ ਵਿੱਚ ਕੁਝ ਦੇਰੀ ਹੋ ਜਾਂਦੀ ਹੈ। ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਜਵਾਬ ਮਿਲੇਗਾ, ਭਾਵੇਂ ਉਹ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ।
ਜੇਡੀ ਵੈਂਸ ਨੇ ਕਿਹਾ ਕਿ ਅੱਜ ਰਾਤ 8 ਵਜੇ ਤੱਕ ਈਰਾਨ ਤੋਂ ਜਵਾਬ ਮਿਲ ਜਾਵੇਗਾ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸਹੀ ਜਵਾਬ ਦੇਣਗੇ, ਕਿਉਂਕਿ ਉਹ ਅਸਲ ਵਿੱਚ ਇੱਕ ਅਜਿਹੀ ਦੁਨੀਆ ਚਾਹੁੰਦੇ ਹਨ ਜਿੱਥੇ ਤੇਲ ਅਤੇ ਗੈਸ ਆਸਾਨੀ ਨਾਲ ਆ-ਜਾ ਸਕਣ।
ਆਈਆਰਜੀਸੀ ਨੇ ਕੀ ਕਿਹਾ?
ਈਰਾਨ ਵੱਲੋਂ ਸਿੱਧੇ ਟਰੰਪ ਦੇ ਬਿਆਨ ‘ਤੇ ਕੋਈ ਜਵਾਬ ਨਹੀਂ ਆਇਆ, ਪਰ ਆਈਆਰਜੀਸੀ ਨੇ ਇੱਕ ਨਵੇਂ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਹੁਣ ਤੱਕ “ਕਾਫ਼ੀ ਸਬਰ” ਦਿਖਾਇਆ ਹੈ ਅਤੇ ਅਮਰੀਕਾ ਅਤੇ ਉਸਦੇ ਖੇਤਰੀ ਸਾਥੀਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਸਮੇਂ “ਨਿਸ਼ਾਨਿਆਂ ਦੀ ਚੋਣ ਬਹੁਤ ਸਾਵਧਾਨੀ ਨਾਲ ਕੀਤੀ” ਹੈ।
ਬਿਆਨ ਵਿੱਚ ਕਿਹਾ ਗਿਆ ਹੈ, “ਹੁਣ ਤੋਂ ਅਜਿਹੀਆਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਦਿੱਤਾ ਜਾਵੇਗਾ।”
ਆਈਆਰਜੀਸੀ ਨੇ ਇਹ ਵੀ ਕਿਹਾ ਕਿ ਜੇ ਅਮਰੀਕੀ ਫੌਜ “ਹੱਦ ਪਾਰ ਕਰਦੀ ਹੈ”, ਤਾਂ ਉਸਦਾ ਜਵਾਬ ਖੇਤਰ ਤੋਂ ਬਾਹਰ ਤੱਕ ਵੀ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਉਹ ਅਮਰੀਕਾ ਅਤੇ ਉਸਦੇ ਸਾਥੀਆਂ ਦੇ ਢਾਂਚੇ (ਇੰਫ੍ਰਾਸਟਰਕਚਰ) ਨੂੰ ਨਿਸ਼ਾਨਾ ਬਣਾਏਗਾ ਅਤੇ ਖੇਤਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਨੂੰ ਕਈ ਸਾਲਾਂ ਲਈ ਪ੍ਰਭਾਵਿਤ ਕਰ ਸਕਦਾ ਹੈ।
ਤਸਵੀਰ ਸਰੋਤ, EPA/Shutterstock
ਟਰੰਪ ਨੇ ਸੋਮਵਾਰ ਨੂੰ ਕੀ ਕਿਹਾ ਸੀ?
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ “ਈਰਾਨ ਨੂੰ ਇੱਕ ਹੀ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ।”
ਟਰੰਪ ਨੇ ਕਿਹਾ ਸੀ ਕਿ ਜੇ ਈਰਾਨ ਉਸਦੀ ਦਿੱਤੀ ਡੈੱਡਲਾਈਨ ਤੋਂ ਪਹਿਲਾਂ ਅਮਰੀਕਾ ਨਾਲ ਸਮਝੌਤਾ ਕਰਨ ਵਿੱਚ ਨਾਕਾਮ ਰਹਿੰਦਾ ਹੈ, ਤਾਂ ਇਹ ਕਾਰਵਾਈ ਕੱਲ੍ਹ (ਮੰਗਲਵਾਰ) ਰਾਤ ਵੀ ਹੋ ਸਕਦੀ ਹੈ।
ਟਰੰਪ ਦੀ ਡੀਲ ਦੇ ਮੁਤਾਬਕ ਈਰਾਨ ਨੂੰ ਹੋਰਮੁਜ਼ ਸਟ੍ਰੇਟ ਖੋਲ੍ਹਣਾ ਹੋਵੇਗਾ, ਜਿੱਥੋਂ ਦੁਨੀਆ ਭਰ ਦੀ ਤੇਲ ਸਪਲਾਈ ਦਾ ਲਗਭਗ 20 ਫੀਸਦੀ ਹਿੱਸਾ ਲੰਘਦਾ ਹੈ। ਟਰੰਪ ਵੱਲੋਂ ਦਿੱਤੀ ਗਈ ਇਹ ਡੈੱਡਲਾਈਨ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਸਮੇਂ ਅਨੁਸਾਰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 5:30 ਵਜੇ) ਖ਼ਤਮ ਹੋ ਰਹੀ ਹੈ।
ਅਮਰੀਕੀ ਜੌਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਡੈਨ ਕੇਨ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਵੀ ਟਰੰਪ ਦੇ ਨਾਲ ਇਸ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ।
ਪਿਛਲੇ ਹਫ਼ਤੇ ਹੀ ਅਮਰੀਕੀ ਸੁਰੱਖਿਆ ਬਲਾਂ ਨੇ ਦੱਖਣੀ ਈਰਾਨ ਵਿੱਚ ਮਾਰੇ ਗਏ ਇੱਕ ਐੱਫ-15 ਲੜਾਕੂ ਜਹਾਜ਼ ਦੇ ਦੋ ਕ੍ਰੂ ਮੈਂਬਰਾਂ ਨੂੰ ਕਾਮਯਾਬੀ ਨਾਲ ਬਚਾ ਲਿਆ ਸੀ।
source : BBC PUNJABI


