Source :- BBC PUNJABI
ਤਸਵੀਰ ਸਰੋਤ, Gelsenkirchen police
ਇਸ ਨੂੰ ਜਰਮਨੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ‘ਵਿਲੱਖਣ’ ਬੈਂਕ ਡਕੈਤੀਆਂ ਚੋਂ ਇੱਕ ਮੰਨਿਆ ਗਿਆ ਹੈ।
ਕ੍ਰਿਸਮਿਸ ਦੇ ਤੁਰੰਤ ਬਾਅਦ ਸ਼ਾਂਤ ਜਿਹੇ ਵੀਕੈਂਡ ਮੌਕੇ, ਡਕੈਤਾਂ ਦਾ ਇੱਕ ਗਿਰੋਹ, ਗੇਲਸੇਨਕਿਰਚੇਨ ਦੇ ਪੱਛਮੀ ਇਲਾਕੇ ‘ਚ ਸਥਿਤ ਹਾਈ ਸਟ੍ਰੀਟ ਬੈਂਕ ਦੀ ਦੀਵਾਰ ‘ਚ ਇੰਡਸਟ੍ਰੀਅਲ ਡਰਿੱਲ ਦੀ ਮਦਦ ਨਾਲ ਸੁਰਾਖ਼ ਕਰ ਦਾਖਲ ਹੋਇਆ।
ਉਨ੍ਹਾਂ ਨੇ 3,000 ਤੋਂ ਵੱਧ ਸੇਫ਼ ਡਿਪਾਜ਼ਿਟ ਬਾਕਸ ਲੁੱਟੇ ਅਤੇ ਲੱਖਾਂ ਯੂਰੋ ਲੈ ਕੇ ਫਰਾਰ ਹੋ ਗਏ।
ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਬੈਂਕ ਦੇ ਗਾਹਕਾਂ ਲਈ, ਜਿਨ੍ਹਾਂ ਵਿੱਚੋਂ ਕੁਝ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਬਚਤ ਅਤੇ ਕੀਮਤੀ ਪਰਿਵਾਰਕ ਗਹਿਣੇ ਤੇ ਸਾਮਾਨ ਲੁੱਟ ਗਏ, ਇਹ ਗੁੱਸੇ, ਉਲਝਣ ਅਤੇ ਸਦਮੇ ਦਾ ਸਮਾਂ ਹੈ।
ਇਹ ਉਨ੍ਹਾਂ ਮਾਮਲਿਆਂ ’ਚੋਂ ਇੱਕ ਹੈ, ਜਿਨ੍ਹਾਂ ਕਰਕੇ ਲੋਕਾਂ ਦਾ ਸੰਸਥਾਵਾਂ ਤੋਂ ਵਿਸ਼ਵਾਸ ਉੱਠਿਆ।
ਇਸ ਮਾਮਲੇ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਕੁਝ ਨੌਰਥ ਰ੍ਹੀਨੇ-ਵੈਸਟਫੈਲੀਆ ਦੇ ਪੱਛਮੀ ਸਟੇਟ ਦੇ ਗ੍ਰਹਿ ਮੰਤਰੀ ਹਰਬਰਟ ਰਿਊਲ ਨੇ ਚੁੱਕੇ ਹਨ।
‘ਕਿਸੇ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਕੀ ਹੋ ਰਿਹਾ ਸੀ? ਕੀ ਇਹ ਅੰਦਰੂਨੀ ਸਾਜ਼ਿਸ਼ ਸੀ?’
‘ਕਿਸੇ ਨੇ ਡਰਿੱਲ ਦੀ ਆਵਾਜ਼ ਕਿਉਂ ਨਹੀਂ ਸੁਣੀ ਅਤੇ ਚੋਰਾਂ ਨੂੰ ਤਿਜ਼ੋਰੀ ਦੇ ਟਿਕਾਣੇ ਦਾ ਸਹੀ ਅੰਦਾਜ਼ਾ ਕਿਵੇਂ ਲੱਗਾ ?’
‘ਕੀ ਬੈਂਕ ਦੀ ਸੁਰੱਖਿਆ ਪ੍ਰਣਾਲੀ ਇੰਨੀ ਕਮਜ਼ੋਰ ਸੀ ?’
ਗੇਲਸੇਨਕਿਰਚੇਨ ਦੀ ਪੁਲਿਸ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।
ਬੈਂਕ ’ਚ ਕਿਵੇਂ ਦਾਖਲ ਹੋਏ?
ਤਸਵੀਰ ਸਰੋਤ, Reuters
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੋਰਾਂ ਨੇ ਨੀਏਨਹੋਫਸਟ੍ਰਾਸੇ ਵਿੱਚ ਸਥਿਤ ਸਪਾਰਕੈਸੇ ਸੇਵਿੰਗਜ਼ ਬੈਂਕ ‘ਚ ਨਾਲ ਲੱਗਦੇ ਬਹੁ-ਮੰਜ਼ਿਲਾ ਕਾਰ ਪਾਰਕਿੰਗ ਜ਼ਰੀਏ ਐਂਟਰੀ ਕੀਤੀ ਜੋ ਕਿ ਬਿਊਰ ਇਲਾਕੇ ਵਿੱਚ ਸਥਿਤ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਚੋਰਾਂ ਨੇ ਕਾਰ ਪਾਰਕ ਅਤੇ ਬੈਂਕ ਦਰਮਿਆਨ ਮੌਜੂਦ ਐਮਰਜੈਂਸੀ ਦਰਵਾਜ਼ੇ ਨਾਲ ਛੇੜਛਾੜ ਕੀਤੀ ਹੋ ਸਕਦੀ ਹੈ।
ਆਮ ਹਾਲਾਤਾਂ ਵਿੱਚ ਇਹ ਦਰਵਾਜ਼ਾ ਬਾਹਰੋਂ ਨਹੀਂ ਖੁੱਲ੍ਹ ਸਕਦਾ, ਪਰ ਗੈਂਗ ਨੇ ਇਹ ਯਕੀਨੀ ਬਣਾਇਆ ਕਿ ਇਹ ਸਹੀ ਢੰਗ ਨਾਲ ਬੰਦ ਨਾ ਹੋਵੇ ਤਾਂ ਜੋ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਕਾਰ ਪਾਰਕ ਤੋਂ ਸਪਾਰਕੈਸੇ ਦੀ ਇਮਾਰਤ ‘ਚ ਐਂਟਰੀ ਮਿਲ ਸਕੇ।
ਪੁਲਿਸ ਮੁਤਾਬਕ, ਇਸ ਤਰੀਕੇ ਨਾਲ ਚੋਰ ਸਖਤ ਸੁਰੱਖਿਆ ਪ੍ਰਣਾਲੀ ਤੋਂ ਬਚ ਕੇ, ਬੈਂਕ ਦੇ ਬੇਸਮੈਂਟ ਵਿੱਚ ਤਿਜ਼ੋਰੀ ਦੇ ਨਾਲ ਲੱਗਦੇ ਆਰਕਾਈਵ ਰੂਮ ‘ਚ ਪਹੁੰਚੇ।
ਇੱਥੇ ਉਨ੍ਹਾਂ ਨੇ ਡ੍ਰਿਲ ਲਗਾਈ ਅਤੇ ਕੰਧ ‘ਚ ਕਰੀਬ 40 ਸੈਂਟੀਮੀਟਰ ਚੌੜਾ ਸੁਰਾਖ਼ ਕਰਕੇ ਸਟ੍ਰਾਂਗਰੂਮ ‘ਚ ਦਾਖਲ ਹੋਏ ਜਿੱਥੇ ਸੇਫ਼ ਡਿਪਾਜ਼ਿਟ ਬਾਕਸ ਰੱਖੇ ਜਾਂਦੇ ਸਨ।
ਤਸਵੀਰ ਸਰੋਤ, Gelsenkirchen Police
ਅਧਿਕਾਰੀਆਂ ਮੁਤਾਬਕ ਇਹ ਡਾਕਾ 27 ਦਸੰਬਰ ਸ਼ਨੀਵਾਰ ਤੋਂ 29 ਦਸੰਬਰ ਸੋਮਵਾਰ ਵਿਚਾਲੇ ਕਿਸੇ ਸਮੇਂ ਪਾਇਆ ਗਿਆ। ਇਨ੍ਹਾਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੇਫ਼ ਰੂਮ ‘ਚ ਪਹੁੰਚਣ ਤੋਂ ਪਹਿਲਾਂ ਇਹ ਚੋਰ ਫੜੇ ਜਾ ਸਕਦੇ ਸਨ।
27 ਦਸੰਬਰ, ਕਰੀਬ 6 ਵਜੇ ਤੋਂ ਬਾਅਦ ਗੇਲਸੇਨਕਿਰਚੇਨ ਦੇ ਦਮਕਲ ਵਿਭਾਗ ਅਤੇ ਇੱਕ ਨਿੱਜੀ ਸੁਰੱਖਿਆ ਸੰਸਥਾ ਨੂੰ ਬੈਂਕ ਤੋਂ ਫਾਇਰ ਅਲਾਰਮ ਦੀ ਚਿਤਾਵਨੀ ਆਈ ਜੋ ਸ਼ਾਇਦ ਚੋਰਾਂ ਦੀਆਂ ਗਤੀਵਿਧੀਆਂ ਕਰਕੇ ਸਰਗਰਮ ਹੋਈ ਸੀ।
ਪੁਲਿਸ ਵੱਲੋਂ ਦਿੱਤੇ ਬਿਆਨ ਮੁਤਾਬਕ ਕਰੀਬ ਸਵਾ ਛੇ ਵਜੇ ਪੁਲਿਸ ਅਤੇ 20 ਅੱਗ ਬੁਝਾਊ ਕਰਮਚਾਰੀ ਬੈਂਕ ਪਹੁੰਚੇ ਪਰ ਉਨ੍ਹਾਂ ਨੂੰ ਅੱਗ ਕਰਕੇ ਹੋਏ ਕਿਸੇ ਨੁਕਸਾਨ ਦੇ ਨਿਸ਼ਾਨ ਨਹੀਂ ਮਿਲੇ।
ਕੀ ਕੁਝ ਚੋਰੀ ਕੀਤਾ
ਤਸਵੀਰ ਸਰੋਤ, Gelsenkirchen Police
ਹਰਬਰਟ ਰਿਊਲ ਨੇ ਦੱਸਿਆ ਕਿ ਫਾਇਰ ਅਲਾਰਮ ਤਿਜ਼ੋਰੀ ਵਾਲੇ ਕਮਰੇ ‘ਚੋਂ ਵੱਜਿਆ ਸੀ ਪਰ ਅੱਗ ਬੁਝਾਊ ਕਰਮਚਾਰੀ ਅੰਦਰ ਦਾਖਲ ਨਹੀਂ ਹੋ ਸਕੇ ਕਿਉਂਕਿ ਇਹ ਰੋਲ ਸ਼ਟਰ ਜ਼ਰੀਏ ਬੰਦ ਸੀ। ਰਿਊਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਕੋਈ ਧੂੰਆਂ, ਨਾ ਅੱਗ ਦੀ ਗੰਧ ਅਤੇ ਨੁਕਸਾਨ ਦੇ ਕੋਈ ਨਿਸ਼ਾਨ ਨਹੀਂ ਮਿਲੇ, ਜਿਸ ਕਰਕੇ ਇਸਨੂੰ ਫੇਕ ਅਲਾਰਮ ਮੰਨ ਲਿਆ ਗਿਆ, ਜੋ ਉਨ੍ਹਾਂ ਮੁਤਾਬਕ ਬਹੁਤ ਅਸਧਾਰਨ ਸੀ।
ਉਨ੍ਹਾਂ ਨੇ ਇੱਕ ਰਾਜ ਸੰਸਦੀ ਕਮੇਟੀ ਨੂੰ ਦੱਸਿਆ ਕਿ ਪੁਲਿਸ ਨੂੰ ਉਸ ਸਮੇਂ ਬੈਂਕ ਦੀ ਤਲਾਸ਼ੀ ਲੈਣ ਦਾ ਅਧਿਕਾਰ ਨਹੀਂ ਸੀ, ਕਿਉਂਕਿ ਇਹ ਫਾਇਰ ਬ੍ਰਿਗੇਡ ਦਾ ਮਾਮਲਾ ਸੀ। ਤਲਾਸ਼ੀ ਲੈਣ ਲਈ ਪੁਲਿਸ ਨੂੰ ਪਹਿਲਾਂ ਵਾਰੰਟ ਦੀ ਲੋੜ ਹੁੰਦੀ ਹੈ।
ਤਿਜ਼ੋਰੀ ਵਿੱਚ ਦਾਖ਼ਲ ਹੋਣ ਤੋਂ ਬਾਅਦ, ਚੋਰਾਂ ਨੇ ਸਾਰੇ 3,250 ਸੇਫ਼ ਡਿਪੋਜ਼ਿਟ ਬਕਸੇ ਖੋਲ੍ਹੇ ਅਤੇ ਨਕਦ, ਸੋਨਾ ਤੇ ਗਹਿਣੇ ਲੈ ਫਰਾਰ ਹੋ ਗਏ।
ਰਿਊਲ ਮੁਤਾਬਿਕ ਕੰਪਿਊਟਰ ਰਿਕਾਰਡ ਦਿਖਾਉਂਦੇ ਹਨ ਕਿ ਪਹਿਲਾ ਬਾਕਸ 27 ਦਸੰਬਰ ਨੂੰ 10:45 ‘ਤੇ ਤੋੜਿਆ ਗਿਆ ਅਤੇ ਆਖ਼ਰੀ 14:44 ‘ਤੇ। ਇਹ ਸਪੱਸ਼ਟ ਨਹੀਂ ਕਿ ਉਨ੍ਹਾਂ ਨੇ ਚਾਰ ਘੰਟਿਆਂ ਦੇ ਅੰਦਰ ਹੀ ਜ਼ਿਆਦਾਤਰ ਬਕਸੇ ਖੋਲ੍ਹੇ ਜਾਂ ਤਕਨੀਕੀ ਪੱਖੋਂ ਡਾਟਾ ਰਿਕਾਰਡ ਹੋਣਾ ਬੰਦ ਹੋ ਗਿਆ ਸੀ।
ਬਾਅਦ ਵਿੱਚ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ 28 ਦਸੰਬਰ ਦੀ ਰਾਤ ਕਾਰ ਪਾਰਕ ਦੀਆਂ ਪੌੜੀਆਂ ‘ਤੇ ਕੁਝ ਲੋਕਾਂ ਨੂੰ ਵੱਡੇ-ਵੱਡੇ ਬੈਗ ਲੈ ਜਾਂਦੇ ਦੇਖਿਆ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ ‘ਚ ਕਿੰਨੇ ਦੀ ਡਕੈਤੀ ਹੋਈ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਪਰ ਜਰਮਨ ਮੀਡੀਆ ਮੁਤਾਬਕ ਡਕੈਤ ਘੱਟੋ-ਘੱਟ 100 ਮਿਲੀਅਨ ਯੂਰੋ (ਕਰੀਬ 87 ਮਿਲੀਅਨ ਪੌਂਡ) ਲੈ ਫਰਾਰ ਹੋਏ ਹਨ।
ਤਸਵੀਰ ਸਰੋਤ, Gelsenkirchen police
ਪੁਲਿਸ ਵੱਲੋਂ ਕਾਰ ਪਾਰਕ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਜਿਸ ਵਿੱਚ ਚਿਹਰੇ ਢੱਕੇ ਹੋਏ ਆਦਮੀ ਅਤੇ ਦੋ ਕਾਰਾਂ, ਕਾਲੇ ਰੰਗ ਦੀ ਔਡੀ ਆਰਐਸ ਸਿਕਸ ਅਤੇ ਸਫੈਦ ਰੰਗ ਦੀ ਮਰਸਡੀਜ਼ ਸਾਈਟਨ, ਜਿਨ੍ਹਾਂ ਦੀਆਂ ਫਰਜ਼ੀ ਨੰਬਰ ਪਲੇਟਾਂ ਸਨ, ਨਜ਼ਰ ਆਈਆਂ।
ਬੈਂਕ ‘ਚ ਹੋਈ ਡਕੈਤੀ ਬਾਰੇ 29 ਦਸੰਬਰ ਤੱਕ ਭਿਣਕ ਨਾ ਲੱਗੀ, ਜਦੋਂ ਸੋਮਵਾਰ ਨੂੰ ਕਰੀਬ 3:58 ‘ਤੇ ਦੁਬਾਰਾ ਅਲਾਰਮ ਵੱਜਿਆ ਅਤੇ ਮੁੜ ਫਾਇਰ ਬ੍ਰਿਗੇਡ ਬੈਂਕ ਪਹੁੰਚਿਆ।
ਗਾਹਕਾਂ ਨੇ ਕੀ ਕਿਹਾ
ਹਰਬਰਟ ਰਿਊਲ ਮੁਤਾਬਿਕ ਬੈਂਕ ਦੇ ਅੰਦਰ ਦਾ ਦ੍ਰਿਸ਼ ਕਿਸੇ ‘ਕੂੜੇ ਦੇ ਢੇਰ’ ਵਾਂਗ ਜਾਪ ਰਿਹਾ ਸੀ, ਜਿੱਥੇ 5 ਲੱਖ ਤੋਂ ਵੱਧ ਚੀਜ਼ਾਂ ਜ਼ਮੀਨ ‘ਤੇ ਖਿੰਡੀਆਂ ਹੋਈਆਂ ਸਨ, ਜਿਨ੍ਹਾਂ ‘ਚ ਸੇਫ਼ ਡਿਪੋਜ਼ਿਟ ਬਕਸਿਆਂ ਦੇ ਪੁਰਜ਼ੇ ਵੀ ਸਨ, ਜਿਨ੍ਹਾਂ ਨੂੰ ਡਕੈਤ ਆਪਣੇ ਪਿੱਛੇ ਛੱਡ ਗਏ ਸਨ।
ਪੁਲਿਸ ਮੁਤਾਬਿਕ ਬਹੁਤ ਸਾਰੀਆਂ ਚੀਜ਼ਾਂ ਡਕੈਤਾਂ ਵੱਲੋਂ ਪਾਣੀ ਅਤੇ ਹੋਰ ਰਸਾਇਣ ਸੁੱਟਣ ਕਰਕੇ ਖਰਾਬ ਹੋਈਆਂ ਸਨ।
ਉਦੋਂ ਤੋਂ ਉਹ ਮਲਬੇ ‘ਚੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ‘ਚ ਜੁਟੇ ਹਨ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੀ ਚੀਜ਼ ਕਿਸ ਨਾਲ ਸਬੰਧਤ ਹੈ।
ਜਿਵੇਂ ਹੀ ਡਕੈਤੀ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ, ਲਗਭਗ 200 ਗਾਹਕ ਸਪਾਰਕੈਸੇ ਬੈਂਕ ਦੇ ਬਾਹਰ ਇਕੱਠੇ ਹੋ ਗਏ ਅਤੇ ਅੰਦਰ ਜਾਣ ਦੀ ਮੰਗ ਕਰਨ ਲੱਗੇ। ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚਿਆ ਅਤੇ ਬੈਂਕ ਦੇ ਐਂਟਰੀ ਗੇਟ ਨੂੰ ਸੁਰੱਖਿਅਤ ਕੀਤਾ।
63 ਸਾਲਾ ਜੋਆਕਿਮ ਅਲਫ਼ਰੇਡ ਵੈਗਨਰ ਨੇ ਕਿਹਾ ਕਿ ਉਸ ਨੇ ਕਈ ਹਜ਼ਾਰ ਯੂਰੋ ਦਾ ਸੋਨਾ ਨਹੀਂ, ਬਲਕਿ ਅਜਿਹੇ ਗਹਿਣੇ ਗਵਾਏ ਹਨ ਜੋ ਉਸਦੇ ਪਿਤਾ ਅਤੇ ਦਾਦਾ-ਦਾਦੀ ਨਾਲ ਸੰਬੰਧਿਤ ਸਨ।
ਉਸ ਨੇ ਆਪਣੇ ਘਰ ‘ਚ ਕਈ ਵਾਰ ਚੋਰੀਆਂ ਹੋਣ ਤੋਂ ਬਾਅਦ ਇਹ ਸੋਚ ਕੇ ਬੈਂਕ ਦੇ ਸੇਫ਼ ਡਿਪੋਜ਼ਿਟ ‘ਚ ਗਹਿਣੇ ਜਮ੍ਹਾਂ ਕਰਵਾਏ ਸਨ ਕਿ ਇਹ ਗਹਿਣੇ ਇੱਥੇ ਸੁਰੱਖਿਅਤ ਰਹਿਣਗੇ। ਉਹ ਕਹਿੰਦੇ ਹਨ, “ਮੈਂ ਗੁੱਸੇ ‘ਚ ਰੋ ਪਿਆ।”
ਬੈਂਕ ਨੇ ਕੀ ਦੱਸਿਆ
ਤਸਵੀਰ ਸਰੋਤ, Gelsenkirchen police
ਬੈਂਕ ਮੁਤਾਬਕ ਹਰ ਬਕਸੇ ਲਈ ਆਮ ਤੌਰ ‘ਤੇ 10,300 ਯੂਰੋ ਤੱਕ ਦਾ ਬੀਮਾ ਕੀਤਾ ਜਾਂਦਾ ਹੈ।
ਵੈਗਨਰ ਉਨ੍ਹਾਂ ਪਹਿਲੇ ਕੁਝ ਲੋਕਾਂ ‘ਚ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਵਕੀਲ ਡੇਨੀਅਰ ਕੁਹਲਮੈਨ ਜ਼ਰੀਏ ਬੈਂਕ ਖਿਲਾਫ ਮੁਕੱਦਮਾ ਕੀਤਾ ਹੈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇੱਕ ਹੋਰ ਸ਼ਖਸ ਨੇ ਆਪਣਾ ਫਲੈਟ ਵੇਚ ਕੇ 4 ਲੱਖ ਯੂਰੋ ਬੈਂਕ ‘ਚ ਜਮ੍ਹਾਂ ਕਰਵਾਏ ਸਨ ਜੋ ਉਸ ਨੇ ਆਪਣੀ ਰਿਟਾਇਰਮੈਂਟ ਲਈ ਰੱਖੇ ਸਨ।
ਬੈਂਕ ਨੇ ਕਿਹਾ ਕਿ ਉਹ ਖੁਦ ਵੀ ਇਸ ਜੁਰਮ ਦਾ ਸ਼ਿਕਾਰ ਹੈ ਕਿਉਂਕਿ ਉਸ ਦੀ ਇਮਾਰਤ “ਆਧੁਨਿਕ ਮਿਆਰਾਂ ਅਨੁਸਾਰ ਸੁਰੱਖਿਅਤ” ਸੀ।
ਕੁਝ ਲੋਕਾਂ ਕੋਲ ਤਾਂ ਆਪਣੇ ਸੇਫ਼ ਡਿਪਾਜ਼ਿਟ ‘ਚ ਰੱਖੀਆਂ ਚੀਜ਼ਾਂ ਦੀ ਰਸੀਦ ਹੈ ਪਰ ਕਈਆਂ ਕੋਲ ਅਜਿਹੀਆਂ ਰਸੀਦਾਂ ਨਹੀਂ ਹਨ।
ਹਰਬਰਟ ਰਿਊਲ ਮੁਤਾਬਕ “ਇੱਥੋਂ ਤੱਕ ਕਿ ਸਪਾਰਕੈਸੇ ਨੂੰ ਵੀ ਨਹੀਂ ਪਤਾ ਕਿ ਬਕਸਿਆਂ ਵਿੱਚ ਕੀ ਹੈ ਕਿਉਂਕਿ ਹਰ ਵਿਅਕਤੀ ਉਨ੍ਹਾਂ ਵਿੱਚ ਜੋ ਚਾਹੇ, ਰੱਖ ਸਕਦਾ ਹੈ।”
ਹਰਬਰਟ ਰਿਊਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਮਾਨਸਿਕ ਤੌਰ ‘ਤੇ ਕੀ ਨੁਕਸਾਨ ਪਹੁੰਚਿਆ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ।
ਉਨ੍ਹਾਂ ਕਿਹਾ, ‘ਸਾਨੂੰ ਪੀੜਤਾਂ ਦੀ ਮਦਦ ਕਰਨ ਦੀ ਲੋੜ ਹੈ। ਬਹੁਤਿਆਂ ਲਈ ਇਹ ਸਿਰਫ਼ ਸੰਪਤੀ ਦਾ ਨੁਕਸਾਨ ਨਹੀਂ ਸਗੋਂ ਸੁਰੱਖਿਆ ਨੂੰ ਲੈਕੇ ਭਰੋਸੇਯੋਗਤਾ ‘ਤੇ ਵੀ ਗੰਭੀਰ ਅਸਰ ਪਿਆ, ਸਾਡੀ ਕਾਨੂੰਨ ਵਿਵਸਥਾ ਤੋਂ ਲੋਕਾਂ ਦਾ ਭਰੋਸਾ ਉੱਠਿਆ।’
ਪੁਲਿਸ ਮੁਖੀ ਟਿਮ ਫ੍ਰੋਮਮੇਅਰ ਨੇ ਕਿਹਾ ਕਿ ਉਹ ਨੌਰਥ ਰ੍ਹੀਨੇ-ਵੈਸਫੈਲੀਆ ਦੇ ਇਤਿਹਾਸ ਦੇ ਸਭ ਤੋਂ ਵੱਡੇ ਅਪਰਾਧਿਕ ਮਾਮਲਿਆਂ ਵਿੱਚੋਂ ਇੱਕ ਦੀ ਛਾਣਬੀਣ ‘ਚ ਜੁਟੇ ਹਨ।
“ਮੇਰਾ ਮਹਿਕਮਾ ਅਤੇ ਸਾਰੇ ਅਧਿਕਾਰੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਕਿ ਇਹ ਮਾਮਲਾ ਕਿੰਨਾ ਵੱਡਾ ਹੈ। ਵਿੱਤੀ ਨੁਕਸਾਨ, ਅਨਿਸ਼ਚਿਤਤਾ ਅਤੇ ਨਿਰਾਸ਼ਾ ਬਹੁਤ ਡੂੰਘੀ ਹੈ!”
ਡਕੈਤੀ ਦੀ ਸੂਹ ਲੱਗਦਿਆਂ ਹੀ, ਜਰਮਨੀ ਦੀ ਸੱਜੇ-ਪੱਖੀ ਅਲਟਰਨੇਟਿਵ ਫਾਰ ਜਰਮਨੀ (ਏ.ਐਫ.ਡੀ.) ਪਾਰਟੀ ਨੇ ਬੈਂਕ ਦੇ ਬਾਹਰ ਇੱਕ ਰੈਲੀ ਕੀਤੀ ਅਤੇ ਕੁਝ ਲੋਕਾਂ ਨੇ ਇਸ ‘ਤੇ ਮੁਸੀਬਤ ਨੂੰ ਹੋਰ ਵਧਾਉਣ ਦੇ ਦੋਸ਼ ਲਾਏ।
ਜਰਮਨ ਮੈਗਜ਼ੀਨ ਡੇਰ ਸਪੇਗਲ ਨੇ ਲਿਖਿਆ ਕਿ ਇਹ ਡਕੈਤੀ ਸਿਰਫ਼ ਅਪਰਾਧ ਨਹੀਂ ਰਹੀ ਸਗੋਂ ਇੱਕ ਸਿਆਸੀ ਮੁੱਦਾ ਬਣ ਚੁੱਕੀ ਹੈ ਅਤੇ ਅਪਰਾਧ ਤੋਂ ਵੀ ਵੱਧ ਇਸ ਗੱਲ ਦਾ ਪ੍ਰਤੀਕ ਬਣ ਚੁੱਕੀ ਹੈ ਕਿ ਸੁਰੱਖਿਆ ਦੇ ਵਾਅਦੇ ਖੋਖਲੇ ਹਨ, ਸੰਸਥਾਵਾਂ ਨਾਕਾਮ ਹੋ ਰਹੀਆਂ ਹਨ ਅਤੇ ਆਖ਼ਿਰਕਾਰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਰਿਹਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



