Source :- BBC PUNJABI

ਤਸਵੀਰ ਸਰੋਤ, Getty Images
ਇੱਕ ਮਹੀਨਾ ਪਹਿਲਾਂ, 7 ਮਈ ਦੀ ਸਵੇਰ ਨੂੰ, ਭਾਰਤ ਨੇ ਐਲਾਨ ਕੀਤਾ ਕਿ ਉਸ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੇ ਕਤਲ ਦੇ ਜਵਾਬ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਨੌਂ ‘ਅੱਤਵਾਦੀ ਟਿਕਾਣਿਆਂ’ ‘ਤੇ ਹਮਲੇ ਕੀਤੇ ਹਨ।
ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ‘ਤੇ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨ ਅਤੇ 2019 ਦੇ ਪੁਲਵਾਮਾ ਅਤੇ 2008 ਦੇ ਮੁੰਬਈ ਹਮਲਿਆਂ ਵਰਗੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ।
ਭਾਰਤ ਨੇ 22 ਅਪ੍ਰੈਲ ਦੀ ਪਹਿਲਗਾਮ ਅੱਤਵਾਦੀ ਹਮਲੇ ਦੀ ਘਟਨਾ ਸਬੰਧੀ ਵੀ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ ਅਤੇ ਹਮਲਾਵਰਾਂ ਨੂੰ ਪਾਕਿਸਤਾਨੀ ਸਮਰਥਨ ਹਾਸਲ ਹੋਣ ਦਾ ਦਾਅਵਾ ਕੀਤਾ ਸੀ।
ਪਾਕਿਸਤਾਨ ਨੇ ਹਮੇਸ਼ਾਂ ਇਨ੍ਹਾਂ ਹਮਲਿਆਂ ਵਿੱਚ ਕਿਸੇ ਵੀ ਕਿਸਮ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਇਸ ਨੇ ਭਾਰਤ ਦੇ ਤਾਜ਼ਾ ਇਲਜ਼ਾਮਾਂ ਨੂੰ ਵੀ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਨੇ ਪਹਿਲਗਾਮ ਹਮਲੇ ਲਈ ਪਾਕਿਸਤਾਨ ‘ਤੇ ਇਲਜ਼ਾਮ ਲਗਾਇਆ ਹੈ, ਪਰ ਇਸ ਦੇ ਸਮਰਥਨ ਵਿੱਚ ਕੋਈ ਭਰੋਸੇਯੋਗ ਸਬੂਤ ਨਹੀਂ ਦਿੱਤੇ ਹਨ।
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਮਈ ਵਿੱਚ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਵਿੱਚ ‘ਜ਼ਿਆਦਾਤਰ ਮਸਜਿਦਾਂ ਜਾਂ ਧਾਰਮਿਕ ਸਥਾਨ ਸ਼ਾਮਲ ਸਨ, ਜਿੱਥੇ ਆਮ ਨਾਗਰਿਕ ਮਾਰੇ ਗਏ ਸਨ।’
ਪਾਕਿਸਤਾਨ ਇਹ ਵੀ ਦਾਅਵਾ ਕਰਦਾ ਹੈ ਕਿ ਉਸਨੇ ਟਕਰਾਅ ਦੌਰਾਨ ਛੇ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਸੀ, ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਭਾਰਤ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਨ੍ਹਾਂ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਫੌਜੀ ਟਕਰਾਅ ਮਈ ਦੇ ਚਾਰ ਦਿਨ, 7 ਮਈ ਤੋਂ 10 ਮਈ ਤੱਕ ਇੰਨੇ ਵੱਡੇ ਪੱਧਰ ‘ਤੇ ਰਿਹਾ ਕਿ ਮਾਹਰਾਂ ਨੇ ਕਿਹਾ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਅਜਿਹਾ ਕਦੇ ਨਹੀਂ ਹੋਇਆ।
ਪਹਿਲੀ ਵਾਰ ਡਰੋਨ ਦੀ ਵਰਤੋਂ

ਤਸਵੀਰ ਸਰੋਤ, Getty Images
ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਡਰੋਨਜ਼ ਦੀ ਵਰਤੋਂ ਕੀਤੀ।
ਇਸ ਦੇ ਨਾਲ ਹੀ ਲੜਾਕੂ ਜਹਾਜ਼ਾਂ, ਮਿਜ਼ਾਈਲਾਂ ਅਤੇ ਸੋਸ਼ਲ ਮੀਡੀਆ ‘ਤੇ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਨੇ ਇਸ ਤਣਾਅ ਨੂੰ ਹੋਰ ਵਧਾ ਦਿੱਤਾ।
ਫ਼ਿਰ 10 ਮਈ ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਹ ਸਭ ਰੁਕ ਗਿਆ।
ਇਹ ਚਾਰ ਦਿਨਾਂ ਦਾ ਟਕਰਾਅ ਇੱਕ ਅਜਿਹਾ ਸੀ ਜਿਸ ਵਿੱਚ ਦੋਵੇਂ ਧਿਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜੇਤੂ ਹਨ ਅਤੇ ਦੂਜਾ ਪੱਖ ਹਾਰ ਗਿਆ ਹੈ।
ਹਾਲਾਂਕਿ, ਇਸ ਦੌਰਾਨ, ਕੰਟਰੋਲ ਰੇਖਾ ਦੇ ਨੇੜੇ ਰਹਿਣ ਵਾਲੇ ਬਹੁਤ ਸਾਰੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਪੂਰੀ ਤਰ੍ਹਾਂ ਬਦਲ ਗਈਆਂ। ਕਈਆਂ ਨੇ ਕਰਾਸ ਫਾਇਰਿੰਗ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਅਤੇ ਬਹੁਤ ਸਾਰੇ ਘਰ ਗੋਲਾਬਾਰੀ ਵਿੱਚ ਤਬਾਹ ਹੋ ਗਏ।
ਦੋਵਾਂ ਦੇਸ਼ਾਂ ਨੇ ਵੱਖੋ-ਵੱਖਰੇ ਦਾਅਵੇ ਕੀਤੇ

ਤਸਵੀਰ ਸਰੋਤ, Getty Images
ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਵਿੱਚ ‘ਬਦਲਾ’ ਲੈਣ ਦੀ ਮੰਗ ਉੱਠੀ ਸੀ ਅਤੇ ਮੀਡੀਆ ਵਿੱਚ ਇਸ ਘਟਨਾ ਦਾ ਤੁਰੰਤ ਜਵਾਬ ਦੇਣ ਦੀ ਵਕਾਲਤ ਕਰਨ ਵਾਲੀਆਂ ਖ਼ਬਰਾਂ ਆਉਣ ਲੱਗੀਆਂ ਸਨ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਇਸਲਾਮਾਬਾਦ ਸਥਿਤ ਇੰਸਟੀਚਿਊਟ ਆਫ਼ ਰੀਜਨਲ ਸਟੱਡੀਜ਼ ਦੇ ਪ੍ਰਧਾਨ ਜੌਹਰ ਸਲੀਮ ਕਹਿੰਦੇ ਹਨ ਕਿ ਭਾਰਤ ਦੇ ‘ਸ਼ੁਰੂ ਤੋਂ ਹੀ ਭੜਕਾਊ ਰਵੱਈਏ’ ਨੇ ਇਸ ਨੂੰ ਪਾਕਿਸਤਾਨ ਲਈ ਇੱਕ ਔਖੀ ਸਥਿਤੀ ਬਣਾ ਦਿੱਤਾ।
ਉਨ੍ਹਾਂ ਕਿਹਾ, “ਪਾਕਿਸਤਾਨ ਦੇ ਕੂਟਨੀਤਕ ਦ੍ਰਿਸ਼ਟੀਕੋਣ ਵਿੱਚ ਇੱਕ ਤਬਦੀਲੀ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਹੀ ਸੀ। ਇਹ ਸਪੱਸ਼ਟ ਤੌਰ ‘ਤੇ ਪ੍ਰਤੀਕਿਰਿਆਸ਼ੀਲ ਹੋਣ ਦੀ ਬਜਾਇ ਸਰਗਰਮ ਕੂਟਨੀਤੀ ਰਵੱਈਆ ਅਖ਼ਤਿਆਰ ਕਰ ਰਿਹਾ ਸੀ।”
ਪਰ ਇਸ ਨਾਲ ਭਾਰਤ ਹਮਲਾ ਕਰਨ ਤੋਂ ਨਹੀਂ ਰੁਕਿਆ। ਭਾਰਤ ਨੇ ਆਪਣੇ ਹਮਲੇ ਵਿੱਚ ‘100 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਅਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ, ਪਾਕਿਸਤਾਨ ਦੇ ਮੁੱਖ ਹਵਾਈ ਅੱਡਿਆਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨੁਕਸਾਨ ਪਹੁੰਚਾਉਣ’ ਦਾ ਦਾਅਵਾ ਕੀਤਾ ਸੀ।
ਜਲਦੀ ਹੀ, ਪਾਕਿਸਤਾਨ ਨੇ ਵੀ ਹਮਲਿਆਂ ਦਾ ਐਲਾਨ ਕੀਤਾ ਅਤੇ ਕੁਝ ਘੰਟਿਆਂ ਦੇ ਅੰਦਰ-ਅੰਦਰ ਇਸਨੇ ਛੇ ਭਾਰਤੀ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਤਿੰਨ ਰਾਫੇਲ ਲੜਾਕੂ ਜਹਾਜ਼ ਵੀ ਸ਼ਾਮਲ ਸਨ।
ਭਾਰਤ ਨੇ ਅਧਿਕਾਰਤ ਤੌਰ ‘ਤੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਅਨਿਲ ਚੌਹਾਨ ਦੇ ਇੱਕ ਤਾਜ਼ਾ ਬਿਆਨ ਨੂੰ ਬਹੁਤ ਸਾਰੇ ਸਿਆਸੀ ਮਾਹਰਾਂ ਨੇ ਭਾਰਤ ਦੇ ਲੜਾਕੂ ਜਹਾਜ਼ਾਂ ਦੇ ਨੁਕਸਾਨ ਦੇ ਅਸਿੱਧੇ ਤੌਰ ‘ਤੇ ਸਵੀਕਾਰ ਵਜੋਂ ਲਿਆ ਹੈ।
ਉਨ੍ਹਾਂ ਨੇ ਬਲੂਮਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਕਿਹਾ, “ਇਹ ਮਹੱਤਵਪੂਰਨ ਨਹੀਂ ਹੈ ਕਿ ਜੈੱਟ ਨੂੰ ਸੁੱਟਿਆ ਗਿਆ ਸੀ, ਅਹਿਮ ਇਹ ਹੈ ਕਿ ਅਜਿਹਾ ਕਿਉਂ ਹੋਇਆ।”
ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸਨੇ ਭਾਰਤ ਦੇ ਹਮਲਿਆਂ ਦਾ ਸਖ਼ਤ ਜਵਾਬ ਦਿੱਤਾ ਹੈ। ਇਸਨੇ ਬਹਾਵਲਪੁਰ ਵਰਗੇ ਇਲਾਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ।

ਤਸਵੀਰ ਸਰੋਤ, Getty Images
ਰੱਖਿਆ ਮਾਹਰ ਅਤੇ ਸਾਬਕਾ ਭਾਰਤੀ ਸਮੁੰਦਰੀ ਸੈਨਾ ਅਧਿਕਾਰੀ ਕਮੋਡੋਰ ਅਨਿਲ ਜੈ ਸਿੰਘ ਕਹਿੰਦੇ ਹਨ, “ਭਾਰਤ ਸਰਹੱਦ ਪਾਰ ਕੀਤੇ ਬਿਨ੍ਹਾਂ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਸਟੀਕ ਹਮਲੇ ਕਰਕੇ ਪਾਕਿਸਤਾਨ ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੇ ਯੋਗ ਸੀ।”
ਭਾਰਤ ਨੇ ਕਿਹਾ ਕਿ ਉਸਨੇ ‘ਨੌਂ ਅੱਤਵਾਦੀ ਕੈਂਪਾਂ’ ਨੂੰ ਤਬਾਹ ਕਰ ਦਿੱਤਾ ਹੈ, ‘ਅੱਤਵਾਦੀ ਸੰਗਠਨਾਂ ਦੇ ਕਮਾਂਡਰਾਂ’ ਨੂੰ ਮਾਰ ਦਿੱਤਾ ਹੈ ਅਤੇ ਪਾਕਿਸਤਾਨ ਦੀਆਂ ‘ਹਵਾਈ ਰੱਖਿਆ ਕਮਜ਼ੋਰੀਆਂ’ ਦਾ ਪਰਦਾਫਾਸ਼ ਕੀਤਾ ਹੈ।
ਜਦੋਂ ਕਿ ਪਾਕਿਸਤਾਨ ਨੇ ਭਾਰਤ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ।
ਇਸਲਾਮਾਬਾਦ ਸਥਿਤ ਰੱਖਿਆ ਮਾਹਰ ਆਮਿਰ ਰਾਣਾ ਦਾ ਮੰਨਣਾ ਹੈ ਕਿ ਇਹ ਕਹਿਣਾ ਸਮੇਂ ਤੋਂ ਪਹਿਲਾਂ ਹੋਵੇਗਾ ਕਿ ‘ਸ਼ਕਤੀ ਦਾ ਤਰਾਜ਼ੂ ਕਿਸੇ ਇੱਕ ਦੇਸ਼ ਦੇ ਹੱਕ ਵਿੱਚ ਝੁਕਿਆ ਹੋਇਆ ਹੈ।’
ਆਮਿਰ ਰਾਣਾ ਨੇ ਕਿਹਾ, “ਪਾਕਿਸਤਾਨੀ ਫੌਜ ਨੂੰ ਹੁਣ ਭਰੋਸਾ ਹੈ ਕਿ ਉਹ ਇੱਕ ਤੋਂ ਵੱਧ ਮੋਰਚਿਆਂ ‘ਤੇ ਆਪਣੇ ਤੋਂ ਕਈ ਗੁਣਾ ਵੱਡੇ ਦੁਸ਼ਮਣ ਦਾ ਸਾਹਮਣਾ ਕਰ ਸਕਦੀ ਹੈ ਅਤੇ ਇਸ ਨੇ ਭਾਰਤ ਨੂੰ ਹੈਰਾਨ ਕਰ ਦਿੱਤਾ।”
ਇਸ ਟਕਰਾਅ ਤੋਂ ਬਾਅਦ, ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨੇ ਜਾਂਦੇ ਪਾਕਿਸਤਾਨੀ ਫ਼ੌਜ ਮੁਖੀ ਅਸੀਮ ਮੁਨੀਰ ਦੀ ਪ੍ਰਸਿੱਧੀ ਵਧ ਗਈ, ਜੋ ਘਰੇਲੂ ਸਿਆਸਤ ਵਿੱਚ ਦਖਲਅੰਦਾਜ਼ੀ ਅਤੇ ਇਮਰਾਨ ਖਾਨ ਦੇ ਸਮਰਥਕਾਂ ਵਿਰੁੱਧ ਕਾਰਵਾਈ ਕਾਰਨ ਘੱਟ ਗਈ ਸੀ।
ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ।
ਸਾਬਕਾ ਫੌਜੀ ਅਧਿਕਾਰੀ ਕਮੋਡੋਰ ਅਨਿਲ ਜੈ ਸਿੰਘ ਦਾ ਕਹਿਣਾ ਹੈ ਕਿ ਭਾਰਤ ਦੇ ਹਮਲੇ ਭਵਿੱਖ ਵਿੱਚ ਹੋਣ ਵਾਲੇ ਅੱਤਵਾਦੀ ਹਮਲਿਆਂ ਨੂੰ ਰੋਕ ਸਕਦੇ ਹਨ ਅਤੇ ‘ਜੇਕਰ ਇਹ ਦੁਬਾਰਾ ਹੁੰਦੇ ਹਨ, ਤਾਂ ਇਹ ਪਾਕਿਸਤਾਨ ਲਈ ਨੁਕਸਾਨਦੇਹ ਹੋਵੇਗਾ।’
ਲੇਖਕ ਅਤੇ ਅੱਤਵਾਦ ਵਿਰੋਧੀ ਨੀਤੀ ਮਾਹਰ ਅਜੈ ਸਾਹਨੀ ਕਹਿੰਦੇ ਹਨ ਕਿ ਇਹ ਸੰਭਾਵਨਾ ਘੱਟ ਹੈ ਕਿ ਪਾਕਿਸਤਾਨ ਡਰ ਦੇ ਮਾਰੇ ਪਿੱਛੇ ਹਟੇਗਾ। ਉਹ ਪਾਕਿਸਤਾਨ ਦੀ ਆਪਣੇ ਆਪ ਨੂੰ ‘ਜੇਤੂ’ ਦਰਸਾਉਣ ਦੀ ਰਣਨੀਤੀ ਵੱਲ ਵੀ ਇਸ਼ਾਰਾ ਕਰਦੇ ਹਨ।
ਜਿੱਥੇ ਪਾਕਿਸਤਾਨ ਨੇ ਆਪਣੇ ਫੌਜੀ ਹਵਾਈ ਅੱਡਿਆਂ ‘ਤੇ ਹਮਲੇ ਨੂੰ ਸਵੀਕਾਰ ਕੀਤਾ, ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ‘ਭਾਰਤ ਵਿਰੁੱਧ ਬਦਲਾ ਲਿਆ’ ਹੈ।
ਅਜੇ ਸਾਹਨੀ ਕਹਿੰਦੇ ਹਨ, “ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਪਾਕਿਸਤਾਨ ਇਸ ਕਾਰਵਾਈ ਤੋਂ ਪਿੱਛੇ ਹਟੇਗਾ। ਜੇਕਰ ਕੁਝ ਹੁੰਦਾ ਹੈ, ਤਾਂ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ਨੂੰ ਨਵੀਆਂ ਸਥਿਤੀਆਂ ਵਿੱਚੋਂ ਲੰਘਣਾ ਪਵੇਗਾ।”

ਅਮੀਰ ਰਾਣਾ ਕਹਿੰਦੇ ਹਨ, “ਇਹ ਜੰਗਬੰਦੀ ਇਸ ਗੱਲ ਦੀ ਗਰੰਟੀ ਨਹੀਂ ਦਿੰਦੀ ਕਿ ਫੌਜੀ ਟਕਰਾਅ ਖ਼ਤਮ ਹੋ ਗਿਆ ਹੈ,”
ਇਸ ਦੀ ਬਜਾਇ, ਉਹ ਕਹਿੰਦੇ ਹਨ, ਚਾਰ ਦਿਨਾਂ ਦੇ ਟਕਰਾਅ ਨੇ ਅਸਲ ਵਿੱਚ ‘ਇੱਕ ਨਵੀਂ ਹਥਿਆਰਾਂ ਦੀ ਦੌੜ ਦੇ ਜੋਖਮ ਨੂੰ ਵਧਾ ਦਿੱਤਾ ਹੈ’।
ਆਮਿਰ ਰਾਣਾ ਨੇ ਕਿਹਾ ਕਿ ਟਕਰਾਅ ਦੌਰਾਨ, ਪਾਕਿਸਤਾਨ ਦਾ ਧਿਆਨ ਚੀਨੀ ਹਥਿਆਰਾਂ ਅਤੇ ਉਨ੍ਹਾਂ ਦੀ ਤਕਨਾਲੋਜੀ ਦੀ ਵਰਤੋਂ ‘ਤੇ ਸੀ।
ਉਹ ਕਹਿੰਦੇ ਹਨ, “ਜ਼ਿਆਦਾ ਅਹਿਮ ਇਹ ਸੀ ਕਿ ਪਾਕਿਸਤਾਨ ਨੇ ਚੀਨੀ ਤਕਨਾਲੋਜੀ ਦੀ ਵਰਤੋਂ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।”
ਇਸ ਦੌਰਾਨ, ਭਾਰਤੀ ਵਿਸ਼ਲੇਸ਼ਕ ਅਜੈ ਸਾਹਨੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਨੇ “ਇੱਕ ਫੌਜੀ ਤਕਨੀਕੀ ਸ਼ਕਤੀ ਵਜੋਂ ਚੀਨ ਦੀ ਕੌਮਾਂਤਰੀ ਸਥਿਤੀ ਨੂੰ ਪ੍ਰਦਰਸ਼ਿਤ ਅਤੇ ਮਜ਼ਬੂਤ ਕੀਤਾ ਹੈ।”
ਉਹ ਕਹਿੰਦੇ ਹਨ, “ਇਸ ਨਾਲ ਚੀਨ ਅਤੇ ਭਾਰਤ ਵਿਚਕਾਰ ਦਰਾਰ ਹੋਰ ਡੂੰਘੀ ਹੋ ਸਕਦੀ ਹੈ ਅਤੇ ਨਾਲ ਹੀ ਪਾਕਿਸਤਾਨ ਨਾਲ ਇਸ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ।”
ਵਫ਼ਦ ਅਤੇ ਕੂਟਨੀਤੀ

ਤਸਵੀਰ ਸਰੋਤ, @CMShehbaz/X
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੇ ਉਸ ਸਮੇਂ ਅਚਾਨਕ ਮੋੜ ਲੈ ਲਿਆ ਜਦੋਂ 10 ਮਈ ਨੂੰ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਰਾਤ ਭਰ ਚੱਲੀ ਲੰਬੀ ਗੱਲਬਾਤ ਤੋਂ ਬਾਅਦ “ਤੁਰੰਤ ਅਤੇ ਸੰਪੂਰਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ”।
ਪਾਕਿਸਤਾਨ ਨੇ ਇਸ ਐਲਾਨ ਦਾ ਸਵਾਗਤ ਕੀਤਾ, ਜਦੋਂ ਕਿ ਭਾਰਤ ਨੇ ਟਰੰਪ ਦੇ ਜੰਗਬੰਦੀ ਦੇ ਦਾਅਵੇ ਬਾਰੇ ਕੁਝ ਨਹੀਂ ਕਿਹਾ।
ਭਾਰਤ ਨੇ ਸਿਰਫ਼ ਜੰਗਬੰਦੀ ‘ਤੇ ਸਮਝੌਤੇ ਬਾਰੇ ਗੱਲ ਕੀਤੀ। ਹਾਲਾਂਕਿ, ਬਾਅਦ ਵਿੱਚ ਭਾਰਤ ਨੇ ਇਹ ਵੀ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਖ਼ਤਮ ਨਹੀਂ ਹੋਇਆ ਹੈ।
ਭਾਰਤ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹੈ ਕਿ ਪਾਕਿਸਤਾਨ ਨਾਲ ਕੋਈ ਵੀ ਮੁੱਦਾ ਦੁਵੱਲੇ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਾਜ਼ਾ ਟਕਰਾਅ ਭਾਰਤ ਵੱਲੋਂ ਪਾਕਿਸਤਾਨ ਤੋਂ ਦੂਰੀ ਬਣਾਉਣ ਲਈ ਸਾਲਾਂ ਤੋਂ ਚੱਲ ਰਹੇ ਕੂਟਨੀਤਕ ਯਤਨਾਂ ਨੂੰ ਰੱਦ ਕਰ ਸਕਦਾ ਹੈ, ਖ਼ਾਸ ਕਰਕੇ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ।
ਸਾਬਕਾ ਡਿਪਲੋਮੈਟ ਨਿਰੂਪਮਾ ਰਾਓ ਕਹਿੰਦੇ ਹਨ, “ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਦੁਬਾਰਾ ਨੇੜੇ ਲਿਆਉਣ ਦੀ ਗੱਲ, ਖ਼ਾਸ ਕਰਕੇ ਅਮਰੀਕਾ ਦੇ ਬਿਆਨ ਦੇ ਸੰਦਰਭ ਵਿੱਚ ਜੋ ਜੰਗਬੰਦੀ ਵਿੱਚ ਆਪਣੀ ਭੂਮਿਕਾ ਦੀ ਵਿਆਖਿਆ ਕਰ ਰਿਹਾ ਹੈ, ਭਾਰਤ ਲਈ ਇੱਕ ਤਰ੍ਹਾਂ ਦੀ ਕੂਟਨੀਤਕ ਪਿੱਛੇ ਹਟਣਾ ਹੈ।”
ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਕੌਮਾਂਤਰੀ ਸਬੰਧਾਂ ਦੇ ਪ੍ਰੋਫੈਸਰ ਹਰਸ਼ ਪੰਤ ਦਾ ਕਹਿਣਾ ਹੈ ਕਿ ਭਾਰਤ ਦਾ ਵੱਖ-ਵੱਖ ਦੇਸ਼ਾਂ ਵਿੱਚ ਸਰਬ-ਪਾਰਟੀ ਵਫ਼ਦ ਭੇਜਣ ਦਾ ਫੈਸਲਾ ਆਪਣੀ ਗੱਲ ਦੁਨੀਆ ਸਾਹਮਣੇ ਰੱਖਣ ਦੀ ਕੋਸ਼ਿਸ਼ ਹੈ।
ਇਸ ਦੌਰਾਨ, ਪਾਕਿਸਤਾਨ ਨੇ ਵੀ ਪੰਜ ਦੇਸ਼ਾਂ ਵਿੱਚ ਆਪਣੇ ਵਫ਼ਦ ਭੇਜੇ ਹਨ। ਇਹ ਵੀ ਮਹੱਤਵਪੂਰਨ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਵਫ਼ਦ ਦਾ ਮਕਸਦ “ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਪੱਖ ਸਪੱਸ਼ਟ ਤੌਰ ‘ਤੇ ਰੱਖਣਾ” ਹੈ।
ਇਸ ਤੋਂ ਇਲਾਵਾ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਜ਼ਰਬਾਈਜਾਨ ਅਤੇ ਤੁਰਕੀ ਨਾਲ ਇੱਕ ਤਿਕੋਣੀ ਮੀਟਿੰਗ ਵਿੱਚ ਨਿੱਜੀ ਤੌਰ ‘ਤੇ ਹਿੱਸਾ ਲਿਆ।
ਹਾਲ ਹੀ ਵਿੱਚ ਹੋਏ ਟਕਰਾਅ ਤੋਂ ਬਾਅਦ ਇਹ ਦੋਵੇਂ ਦੇਸ਼ ਪਾਕਿਸਤਾਨ ਦਾ ਸਮਰਥਨ ਕਰਦੇ ਦਿਖਾਈ ਦਿੱਤੇ।

ਤਸਵੀਰ ਸਰੋਤ, ANI
ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਜੌਹਰ ਸਲੀਮ ਕਹਿੰਦੇ ਹਨ, “ਪਾਕਿਸਤਾਨ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਦੁਨੀਆ ਨੂੰ ਦੱਸੇਗਾ ਕਿ ਭਾਰਤ ਇਸ ਖੇਤਰ ਨੂੰ ਜੰਗ ਵੱਲ ਧੱਕ ਰਿਹਾ ਹੈ।”
ਇਸ ਟਕਰਾਅ ਨੇ ਭਾਰਤ ਨੂੰ ਆਪਣੀ ਕੂਟਨੀਤਕ ਲਾਈਨ ਨੂੰ ‘ਮੁੜ ਪਰਿਭਾਸ਼ਿਤ’ ਕਰਨ ਲਈ ਵੀ ਪ੍ਰੇਰਿਤ ਕੀਤਾ ਕਿ ਭਾਰਤੀ ਧਰਤੀ ‘ਤੇ ਕਿਸੇ ਵੀ ‘ਅੱਤਵਾਦੀ ਹਮਲੇ’ ਨੂੰ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਇੱਕ ਫ਼ੋਟੋ ਦਿਖਾ ਕੇ ਕੂਟਨੀਤਕ ਹਮਲੇ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।
ਫ਼ੋਟੋ ਵਿੱਚ ਦਿਖਾਈ ਦੇਣ ਵਾਲੇ ਇੱਕ ਵਿਅਕਤੀ ਦੀ ਪਛਾਣ ਭਾਰਤੀ ਮੀਡੀਆ ਵਿੱਚ ‘ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਅੱਤਵਾਦੀ’ ਹਾਫਿਜ਼ ਅਬਦੁਲ ਰਉਫ਼ ਵਜੋਂ ਹੋਈ ਹੈ। ਤਸਵੀਰ ਵਿੱਚ ਉਨ੍ਹਾਂ ਭਾਰਤੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਲਈ ਪ੍ਰਾਰਥਨਾ ਕਰਦੇ ਦੇਖਿਆ ਗਿਆ ਸੀ।
ਵਿਦੇਸ਼ ਗਏ ਭਾਰਤੀ ਵਫ਼ਦ ਨੇ ਆਪਣੀਆਂ ਵੱਖ-ਵੱਖ ਮੀਟਿੰਗਾਂ ਵਿੱਚ ਇਹ ਤਸਵੀਰ ਦੂਜੇ ਦੇਸ਼ਾਂ ਨਾਲ ਸਾਂਝੀ ਕੀਤੀ।
ਪ੍ਰੋਫ਼ੈਸਰ ਹਰਸ਼ ਪੰਤ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਭਾਰਤੀ ਵਫ਼ਦ ਦੇ ਮੈਂਬਰ “ਦੁਨੀਆ ਨੂੰ ਪਾਕਿਸਤਾਨ-ਪ੍ਰਯੋਜਿਤ ਅੱਤਵਾਦ ਪ੍ਰਤੀ ਭਾਰਤ ਦੇ ਬਦਲਦੇ ਰਵੱਈਏ ਬਾਰੇ ਦੱਸਣ ਦੇ ਮਕਸਦ ਨਾਲ ਕੰਮ ਕਰ ਰਹੇ ਹਨ।”
ਪਾਕਿਸਤਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਫ਼ੋਟੋ ਵਿੱਚਲਾ ਆਦਮੀ ਅੱਤਵਾਦੀ ਸੀ ਅਤੇ ਦਾਅਵਾ ਕੀਤਾ ਕਿ ਉਹ ਇੱਕ ‘ਆਮ ਵਿਅਕਤੀ’ ਸੀ।
ਪਾਕਿਸਤਾਨ ਨੇ ਅੱਤਵਾਦ ਦਾ ਸਮਰਥਨ ਕਰਨ ਅਤੇ ਆਪਣੀ ਧਰਤੀ ‘ਤੇ ‘ਅੱਤਵਾਦੀ ਬੁਨਿਆਦੀ ਢਾਂਚੇ’ ਦੀ ਮੌਜੂਦਗੀ ਤੋਂ ਵੀ ਇਨਕਾਰ ਕੀਤਾ।
ਇਸ ਦੇ ਉਲਟ, ਪਾਕਿਸਤਾਨ ਦੇ ਜੌਹਰ ਸਲੀਮ ਕਹਿੰਦੇ ਹਨ, ਵਿਸ਼ਵ ਪੱਧਰ ‘ਤੇ ਪਾਕਿਸਤਾਨੀ ਵਫ਼ਦ ਦਾ ਇੱਕ ਮਕਸਦ ‘ਸਬੂਤ’ ਦਿਖਾਉਣਾ ਹੈ ਕਿ ‘ਭਾਰਤ ਪਾਕਿਸਤਾਨ ਦੇ ਅੰਦਰ ਅੱਤਵਾਦ ਨੂੰ ਸਪਾਂਸਰ ਕਰ ਰਿਹਾ ਹੈ।’
ਜੌਹਰ ਸਲੀਮ ਕਹਿੰਦੇ ਹਨ ਕਿ ਇਸ ਤੋਂ ਇਲਾਵਾ, ਹੋਰ ਮੁੱਦਿਆਂ ਵਿੱਚ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਲਿਆਉਣਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਿੰਧੂ ਜਲ ਸਮਝੌਤੇ (ਜਿਸ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਮੁਅੱਤਲ ਕਰ ਦਿੱਤਾ ਹੈ) ਵੱਲ ਦੁਨੀਆ ਦਾ ਧਿਆਨ ਖਿੱਚਣਾ ਸ਼ਾਮਲ ਹੈ।
‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਰੱਖਣ ਦੀ ਮੰਗ ਕੀਤੀ ਅਤੇ ਕਿਹਾ ਕਿ ‘ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ’।
ਮੁੱਦੇ ‘ਤੇ ਰਾਜਨੀਤੀ

ਤਸਵੀਰ ਸਰੋਤ, Getty Images
ਇੱਕ ਪਾਸੇ, ਭਾਰਤ ਇਸ ਟਕਰਾਅ ‘ਤੇ ਆਪਣਾ ਦ੍ਰਿਸ਼ਟੀਕੋਣ ਦੁਨੀਆ ਭਰ ਦੇ ਦੂਜੇ ਦੇਸ਼ਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਦੂਜੇ ਪਾਸੇ, ਪ੍ਰਧਾਨ ਮੰਤਰੀ ਮੋਦੀ ਘਰੇਲੂ ਸਿਆਸਤ ਵਿੱਚ ਇਸ ਮੁੱਦੇ ਨੂੰ ਲਗਾਤਾਰ ਚਰਚਾ ਦੇ ਕੇਂਦਰ ਵਿੱਚ ਰੱਖ ਰਹੇ ਹਨ।
ਜਦੋਂ ਤੋਂ ‘ਆਪ੍ਰੇਸ਼ਨ ਸਿੰਦੂਰ’ ਕੀਤਾ ਗਿਆ ਹੈ, ਇਸ ਦਾ ਜ਼ਿਕਰ ਨਿਯਮਿਤ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ਵਿੱਚ ਸ਼ਾਮਲ ਹੁੰਦਾ ਰਿਹਾ ਹੈ।
ਆਪਣੇ ਇੱਕ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ” ਉਨ੍ਹਾਂ ਦੀਆਂ ਨਾੜੀਆਂ ਵਿੱਚ ਸਿੰਦੂਰ ਵਗਦਾ ਹੈ। ਉਨ੍ਹਾਂ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, ਮੋਦੀ ਦੀ ਗੋਲੀ ਅੱਤਵਾਦ ਦੇ ਠਿਕਾਣਿਆਂ ਵਿਰੁੱਧ ਤਿਆਰ ਹੈ।”
ਇਸ ਦੇ ਨਾਲ ਹੀ, ਵਿਰੋਧੀ ਧਿਰ ਕਾਂਗਰਸ ਨੇ ਇਸ ਟਕਰਾਅ ਸੰਬੰਧੀ ਕਈ ਸਵਾਲ ਖੜ੍ਹੇ ਕੀਤੇ ਹਨ ਅਤੇ ਭਾਜਪਾ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸੰਸਦ ਦਾ ਸਾਂਝਾ ਸੈਸ਼ਨ ਬੁਲਾਉਣ ਲਈ ਕਿਹਾ ਹੈ।
ਸਿਆਸੀ ਟਿੱਪਣੀਕਾਰ ਅਦਿਤੀ ਫੜਨਿਸ ਦਾ ਕਹਿਣਾ ਹੈ, “ਪ੍ਰਧਾਨ ਮੰਤਰੀ ਮੋਦੀ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਬਿਹਾਰ ਚੋਣਾਂ ਵਿੱਚ ਇਸ ਮੁੱਦੇ ਨੂੰ ਹੋਰ ਤਿੱਖਾ ਕਰਨਗੇ।”
ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਵਿੱਚ ਸਰਬ-ਪਾਰਟੀ ਵਫ਼ਦ ਭੇਜਣ ਦਾ ਫ਼ੈਸਲਾ ਇਹ ਦਰਸਾਉਣ ਲਈ ਇੱਕ ਰਣਨੀਤਿਕ ਕਦਮ ਹੈ ਕਿ ਵਿਰੋਧੀ ਧਿਰ ਵੀ ਕੌਮ ਹਿੱਤ ਲਈ ਮੋਦੀ ਨਾਲ ਇੱਕਜੁੱਟ ਹੈ।
ਸੀਨੀਅਰ ਭਾਰਤੀ ਪੱਤਰਕਾਰ ਨੀਰਜਾ ਚੌਧਰੀ ਦਾ ਮੰਨਣਾ ਹੈ ਕਿ ਇਸ ਮੁੱਦੇ ‘ਤੇ ਮੋਦੀ ਦੇ ਪਿੱਛੇ ਖੜ੍ਹੀਆਂ ਸਾਰੀਆਂ ਪਾਰਟੀਆਂ ਇੱਕ ਆਗੂ ਦੇ ਰੂਪ ਵਿੱਚ ਉਨ੍ਹਾਂ ਦਾ ਅਕਸ ਹੋਰ ਵਧਾਉਣਗੀਆਂ, ਹਾਲਾਂਕਿ ਉਹ ਕਹਿੰਦੇ ਹਨ ਕਿ ਇਸਦਾ ਇੱਕ ਨਕਾਰਾਤਮਕ ਪਹਿਲੂ ਵੀ ਹੋ ਸਕਦਾ ਹੈ।
ਨੀਰਜਾ ਚੌਧਰੀ ਕਹਿੰਦੀ ਹੈ, “ਇਸ ਤੋਂ ਵਿਰੋਧੀ ਧਿਰ ਨੂੰ ਵੀ ਫਾਇਦਾ ਹੋਇਆ ਹੈ। ਤੁਸੀਂ ਅਚਾਨਕ ਵਿਰੋਧੀ ਆਗੂਆਂ ਨੂੰ ਸੁਰਖੀਆਂ ਵਿੱਚ ਦੇਖ ਰਹੇ ਹੋ ਕਿਉਂਕਿ ਉਹ ਕੌਮਾਂਤਰੀ ਪੱਧਰ ‘ਤੇ ਰਾਸ਼ਟਰਵਾਦ ਨੂੰ ਉਦਾਰਵਾਦੀ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਸਫ਼ਲ ਹੋਏ ਹਨ।”
ਉਹ ਕਹਿੰਦੇ ਹਨ ਕਿ ਇਸ ਕਦਮ ਕਾਰਨ, ਭਾਜਪਾ ਸਿਰਫ਼ ਚੋਣ ਰਾਜਨੀਤੀ ਵਿੱਚ ਰਾਸ਼ਟਰਵਾਦ ਦੇ ਮੁੱਦੇ ਦਾ ਫਾਇਦਾ ਨਹੀਂ ਉਠਾ ਸਕੇਗੀ।
ਉਨ੍ਹਾਂ ਕਿਹਾ, “ਹੁਣ ਉਨ੍ਹਾਂ ਨੂੰ ਵਿਰੋਧੀ ਧਿਰ ਨਾਲ ਵੀ ਰਾਸ਼ਟਰਵਾਦ ਦੀ ਕਹਾਣੀ ਸਾਂਝੀ ਕਰਨੀ ਪਵੇਗੀ।”
ਇਸ ਦੌਰਾਨ, ਪਾਕਿਸਤਾਨੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਟਕਰਾਅ ਤੋਂ ਬਾਅਦ ਸਭ ਤੋਂ ਵੱਡਾ ਸਿਆਸੀ ਬਦਲਾਅ ਇਹ ਹੈ ਕਿ ਦੇਸ਼ ਦੀ ਫੌਜ ਦੀ ਪ੍ਰਸਿੱਧੀ ਕਈ ਗੁਣਾ ਵਧ ਗਈ ਹੈ।
ਫੌਜ ਮੁਖੀ ਅਸੀਮ ਮੁਨੀਰ ਤੋਂ ਇਲਾਵਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਨੂੰ ਵੀ ਤਰੱਕੀ ਦਿੱਤੀ ਗਈ ਹੈ। ਉਹ ਹੁਣ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣ ਗਏ ਹਨ।
ਲਾਹੌਰ ਸਥਿਤ ਪੱਤਰਕਾਰ ਮਾਜਿਦ ਨਿਜ਼ਾਮੀ ਕਹਿੰਦੇ ਹਨ ਕਿ ਸਾਬਕਾ ਫੌਜ ਮੁਖੀ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੇ ਪਤਨ ਤੋਂ ਬਾਅਦ, ਇੱਕ ਆਮ ਧਾਰਨਾ ਸੀ ਕਿ ਫੌਜ ਅਤੇ ਜਨਤਾ ਵਿਚਕਾਰ ਸਬੰਧ ਕਮਜ਼ੋਰ ਹੋ ਗਏ ਸਨ।
ਨਿਜ਼ਾਮੀ ਕਹਿੰਦੇ ਹਨ, “ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਜਨਤਾ ਨੇ ਜਿਸ ਤਰ੍ਹਾਂ ਫੌਜ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ ਅਤੇ ਉਸ ਦੇ ਨਾਲ ਖੜ੍ਹੀ ਰਹੀ, ਉਸ ਨੇ ਇਸ ਧਾਰਨਾ ਨੂੰ ਬਦਲ ਦਿੱਤਾ।”
ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿਆਸੀ ਪਾਰਟੀਆਂ ਨੂੰ ਇਸ ਤੋਂ ਕੋਈ ਲਾਭ ਨਹੀਂ ਮਿਲ ਸਕਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI