Source :- BBC PUNJABI
ਤਸਵੀਰ ਸਰੋਤ, ANI
5 ਘੰਟੇ ਪਹਿਲਾਂ
ਪੜ੍ਹਨ ਦਾ ਸਮਾਂ: 9 ਮਿੰਟ
ਚੋਣ ਕਮਿਸ਼ਨ ਨੇ ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਲਈ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਤਵਾਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁੱਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ।
ਅਸਮ, ਕੇਰਲ, ਪੁਡੂਚੈਰੀ ਵਿੱਚ ਇੱਕ ਗੇੜ ਵਿੱਚ 9 ਅਪ੍ਰੈਲ ਨੂੰ ਅਤੇ ਤਮਿਲਨਾਡੂ ਵਿੱਚ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ 23 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਅਸਮ, ਕੇਰਲ ਅਤੇ ਪੁਡੂਚੇਰੀ ਵਿੱਚ 9 ਅਪ੍ਰੈਲ ਨੂੰ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਵੀ 23 ਅਪ੍ਰੈਲ ਨੂੰ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ।
ਇਸ ਦੌਰਾਨ, ਪੱਛਮੀ ਬੰਗਾਲ ਵਿੱਚ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ।
ਇਸ ਦੇ ਨਾਲ ਹੀ ਗੋਆ, ਕਰਨਾਟਕ ਗੁਜਰਾਤ, ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ ਜ਼ਿਮਨੀ ਚੋਣਾਂ ਦੀ ਤਰੀਕ ਦੇ ਵੀ ਐਲਾਨ ਕਰ ਦਿੱਤਾ ਗਿਆ ਹੈ। ਕੁੱਲ ਅੱਠ ਵਿਧਾਨ ਸਭਾ ਸੀਟਾਂ ਲਈ ਉਪ-ਚੋਣਾਂ 9 ਅਪ੍ਰੈਲ ਅਤੇ 23 ਅਪ੍ਰੈਲ ਨੂੰ ਹੋਣਗੀਆਂ।
ਹਾਲਾਂਕਿ, ਇਹਨਾਂ ਵੋਟਾਂ ਦੀ ਗਿਣਤੀ 4 ਮਈ ਨੂੰ ਹੀ ਹੋਵੇਗੀ।
ਇਨ੍ਹਾਂ ਸੂਬਿਆਂ ਵਿੱਚ ਚੋਣਾਂ ਤੋਂ ਪਹਿਲਾਂ ਕੀ ਹੈ ਮਾਹੌਲ ਤੇ ਕਿਹੜੇ ਮੁੱਦਿਆਂ ‘ਤੇ ਹੋ ਰਹੀ ਚਰਚਾ….ਆਓ ਝਾਤ ਮਾਰਦੇ ਹਾਂ…
ਪੱਛਮੀ ਬੰਗਾਲ ਵਿੱਚ ਚੋਣਾਂ ਲਈ ਮੰਚ ਤਿਆਰ
ਚੋਣ ਕਮਿਸ਼ਨ ਦੇ ਇਸ ਐਲਾਨ ਦੇ ਨਾਲ ਹੀ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਸਿਆਸੀ ਤੌਰ ‘ਤੇ ਗਰਮਾਏ ਹੋਏ ਮੁਕਾਬਲਿਆਂ ਵਿੱਚੋਂ ਇੱਕ ਲਈ ਮੰਚ ਤਿਆਰ ਹੋ ਗਿਆ ਹੈ।
ਹਾਲਾਂਕਿ, ਸੂਬੇ ਵਿੱਚ ਚੋਣ ਪ੍ਰਕਿਰਿਆ ਅਸਲ ਵਿੱਚ ਬਹੁਤ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਪਿਛਲੇ ਦੋ ਮਹੀਨਿਆਂ ਵਿੱਚ, ਚੋਣ ਕਮਿਸ਼ਨ ਨੇ ਵੋਟਰ ਸੂਚੀ ਦਾ ਇੱਕ ਸਪੈਸ਼ਲ ਇੰਟੈਂਸੀਵ ਰਿਵਿਜ਼ਨ (ਐੱਸਆਈਆਰ) ਕੀਤਾ।
ਇਹ ਇੱਕ ਅਜਿਹੀ ਪ੍ਰਕਿਰਿਆ ਸੀ ਜਿਸ ਨੇ ਬਹੁਤ ਸਿਆਸੀ ਵਿਵਾਦ ਖੜ੍ਹਾ ਕੀਤਾ ਅਤੇ ਇੱਥੋਂ ਤੱਕ ਕਿ ਭਾਰਤ ਦੇ ਸੁਪਰੀਮ ਕੋਰਟ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ।
ਇਸ ਵਾਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਸਨ-ਪ੍ਰਸ਼ਾਸਨ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਸਿਆਸੀ ਭਰੋਸੇ ਨਾਲ ਜੁੜੇ ਮਸਲਿਆਂ ‘ਤੇ ਹੀ ਚਰਚਾ ਹੋਣ ਦੀ ਉਮੀਦ ਹੈ।
ਭਾਜਪਾ ਨੇ ਸੱਤਾਧਾਰੀ ਤ੍ਰਿਣਮੂਲ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ ਨੂੰ ਲੈ ਕੇ ਵਾਰ-ਵਾਰ ਨਿਸ਼ਾਨਾ ਸਾਧਿਆ ਹੈ, ਜਿਨ੍ਹਾਂ ਵਿੱਚ ‘ਅਧਿਆਪਕ ਭਰਤੀ ਘੁਟਾਲਾ’ ਅਤੇ ਕਥਿਤ ਕੋਲ਼ਾ ਤਸਕਰੀ ਦਾ ਮਾਮਲਾ ਸ਼ਾਮਲ ਹੈ।
ਹਾਲਾਂਕਿ, ਵੋਟਰ ਸੂਚੀ ਦੇ ਐਸਆਈਆਰ ਨੇ ਚੋਣ ਪ੍ਰਚਾਰ ਦੇ ਜ਼ਿਆਦਾਤਰ ਮੁੱਦਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਸੂਬਾ ਸਰਕਾਰ ਅਤੇ ਚੋਣ ਕਮਿਸ਼ਨ ਦੇ ਵਿਚਕਾਰ ਭਰੋਸੇ ਦੀ ਘਾਟ ਨੂੰ ਲੈ ਕੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਇਸ ਪ੍ਰਕਿਰਿਆ ਵਿੱਚ ਦਖਲ ਦਿੱਤਾ।
ਕੋਰਟ ਨੇ ਪੰਜ ਸੌ ਤੋਂ ਵੱਧ ਨਿਆਂਇਕ ਅਧਿਕਾਰੀਆਂ ਨੂੰ ਵਿਵਾਦਿਤ ਵੋਟਰ ਐਂਟਰੀਆਂ ਦੇ ਨਿਪਟਾਰੇ ਦਾ ਕੰਮ ਸੌਂਪਣ ਦਾ ਹੁਕਮ ਦਿੱਤਾ।
10 ਮਾਰਚ, 2026 ਨੂੰ, ਸੁਪਰੀਮ ਕੋਰਟ ਨੇ ਸਪੈਸ਼ਲ ਅਪੀਲੇਟ ਟ੍ਰਿਬਿਊਨਲ ਦੇ ਗਠਨ ਦਾ ਵੀ ਨਿਰਦੇਸ਼ ਦਿੱਤਾ।
ਇਨ੍ਹਾਂ ਟ੍ਰਿਬਿਊਨਲਾਂ ਦੀ ਪ੍ਰਧਾਨਗੀ ਹਾਈ ਕੋਰਟ ਦੇ ਸਾਬਕਾ ਜੱਜ ਕਰਨਗੇ ਅਤੇ ਇਹ ਉਨ੍ਹਾਂ ਵੋਟਰਾਂ ਦੀਆਂ ਅਪੀਲਾਂ ਸੁਣਣਗੇ, ਜਿਨ੍ਹਾਂ ਦੇ ਨਾਮ ਐਸਆਈਆਰ ਦੌਰਾਨ ਸੂਚੀ ਤੋਂ ਹਟਾ ਦਿੱਤੇ ਗਏ ਸਨ।
ਇਸ ਵਿਵਾਦ ਦੇ ਵਿਚਕਾਰ, ਤ੍ਰਿਣਮੂਲ ਕਾਂਗਰਸ ਨੇ ਪੰਜ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਸਖਤ ਆਲੋਚਨਾ ਕੀਤੀ ਅਤੇ ਐਸਆਈਆਰ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਸਵਾਲ ਚੁੱਕੇ।
ਚੋਣ ਸ਼ਡਿਊਲ ਦਾ ਐਲਾਨ ਕਰਨ ਤੋਂ ਪਹਿਲਾਂ, ਚੋਣ ਕਮਿਸ਼ਨ ਦੇ ਇੱਕ ਪੂਰੇ ਬੈਂਚ ਨੇ ਜ਼ਮੀਨੀ ਹਾਲਾਤਾਂ ਦਾ ਮੁਲਾਂਕਣ ਕਰਨ ਲਈ ਸੂਬੇ ਦਾ ਦੌਰਾ ਕੀਤਾ।
ਸਾਲ 2021 ਦੇ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਦੇ ਨਤੀਜੇ ਇਸ ਤਰ੍ਹਾਂ ਸਨ:
- ਕੁੱਲ ਸੀਟਾਂ: 294
- ਬਹੁਮਤ ਦਾ ਅੰਕੜਾ: 148
ਸੀਟਾਂ ਦੀ ਵੰਡ:
- ਤ੍ਰਿਣਮੂਲ ਕਾਂਗਰਸ: 215
- ਭਾਰਤੀ ਜਨਤਾ ਪਾਰਟੀ: 77
- ਇੰਡੀਅਨ ਸੈਕਯੂਲਰ ਫਰੰਟ: 1
- ਇਨ੍ਹਾਂ ਨਤੀਜਿਆਂ ਨੇ ਤ੍ਰਿਣਮੂਲ ਕਾਂਗਰਸ ਦੇ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ, ਜਦਕਿ ਭਾਜਪਾ ਨੂੰ ਸੂਬੇ ਵਿੱਚ ਮੁੱਖ ਵਿਰੋਧੀ ਦਲ ਵਜੋਂ ਸਥਾਪਿਤ ਕੀਤਾ।
ਤਸਵੀਰ ਸਰੋਤ, Getty Images
ਅਸਮ ‘ਚ ਕਿਹੋ-ਜਿਹੀ ਤਿਆਰੀ
ਅਸਮ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਅਤੇ ਸੂਬੇ ਵਿੱਚ ਸਿਆਸੀ ਪਾਰਟੀਆਂ ਦੀਆਂ ਯਾਤਰਾਵਾਂ, ਕੇਂਦਰੀ ਆਗੂਆਂ ਦੇ ਦੌਰੇ ਅਤੇ ਪਿੰਡਾਂ-ਕਸਬਿਆਂ ਵਿੱਚ ਲੱਗ ਰਹੇ ਪੋਸਟਰ ਅਤੇ ਝੰਡਿਆਂ ਨੇ ਚੋਣਾਂ ਦਾ ਮਾਹੌਲ ਤਿਆਰ ਕਰ ਦਿੱਤਾ ਹੈ।
126 ਸੀਟਾਂ ਵਾਲੀ ਅਸਮ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 20 ਮਈ, 2026 ਨੂੰ ਖ਼ਤਮ ਹੋਣ ਵਾਲਾ ਹੈ।
ਸਾਲ 2016 ਵਿੱਚ 60 ਸੀਟਾਂ ‘ਤੇ ਜਿੱਤ ਹਾਸਲ ਕਰਕੇ ਪਹਿਲੀ ਵਾਰ ਸੱਤਾ ਵਿੱਚ ਆਈ ਭਾਜਪਾ ਨੇ 2021 ਵਿੱਚ ਵੀ ਲਗਭਗ ਇੱਕੋ-ਜਿਹਾ ਪ੍ਰਦਰਸ਼ਨ ਕੀਤਾ ਸੀ।
ਭਾਜਪਾ ਨੇ ਕੁੱਲ 93 ਸੀਟਾਂ ‘ਤੇ ਚੋਣ ਲੜੀ ਸੀ ਅਤੇ 60 ਸੀਟਾਂ ‘ਤੇ ਜਿੱਤ ਦਰਜ ਕੀਤੀ ਅਤੇ ਉਸਦੀ ਅਗਵਾਈ ਵਾਲੇ ਐੱਨਡੀਏ ਨੇ ਕੁੱਲ 126 ਸੀਟਾਂ ਵਿੱਚੋਂ 75 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ, 2016 ਦੇ ਮੁਕਾਬਲੇ ਐਨਡੀਏ ਨੂੰ ਪਿਛਲੀਆਂ ਚੋਣਾਂ ਵਿੱਚ 11 ਸੀਟਾਂ ਦਾ ਨੁਕਸਾਨ ਹੋਇਆ ਸੀ।
ਪਿਛਲੇ ਇੱਕ ਦਹਾਕੇ ਤੋਂ ਵਿਰੋਧੀ ਧੜੇ ਵਿੱਚ ਬੈਠੀ ਕਾਂਗਰਸ ਨੇ ਪਿਛਲੀ ਵਿਧਾਨ ਸਭਾ ਵਿੱਚ 95 ਸੀਟਾਂ ‘ਤੇ ਚੋਣ ਲੜੀ ਸੀ ਅਤੇ ਸਿਰਫ਼ 29 ਸੀਟਾਂ ਹੀ ਜਿੱਤ ਸਕੀ ਸੀ। ਕਾਂਗਰਸ ਦੀ ਅਗਵਾਈ ਵਾਲੇ ਮਹਾਜੋਤ ਗਠਜੋੜ ਨੇ 50 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਇਸ ਤਰ੍ਹਾਂ 2016 ਦੇ ਮੁਕਾਬਲੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੂੰ 2021 ਦੀਆਂ ਚੋਣਾਂ ਵਿੱਚ 10 ਸੀਟਾਂ ਦਾ ਫ਼ਾਇਦਾ ਹੋਇਆ ਸੀ।
ਪਿਛਲੀ ਵਾਰ ਕਾਂਗਰਸ ਦੇ ਨਾਲ ਗਠਜੋੜ ਵਿੱਚ ਰਹੀ ਮੌਲਾਨਾ ਬਦਰੁੱਦੀਨ ਅਜਮਲ ਦੀ ਪਾਰਟੀ ਆਲ ਇੰਡੀਆ ਯੂਨਾਈਟਡ ਡੈਮੋਕ੍ਰੈਟਿਕ ਫਰੰਟ (ਏਆਈਯੂਡੀਐਫ) ਨੇ 20 ਵਿੱਚੋਂ 16 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।
ਪਰ ਇਸ ਵਾਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਏਆਈਯੂਡੀਐੱਫ ਦੇ ਨਾਲ ਕਿਸੇ ਵੀ ਚੋਣ ਗਠਜੋੜ ਦੀ ਸੰਭਾਵਨਾ ਨੂੰ ਖ਼ਾਰਜ ਕਰ ਦਿੱਤਾ ਹੈ।
ਕਾਂਗਰਸ ਨੇ ਇਸ ਵਾਰ ਦੀ ਚੋਣ ਲਈ ‘ਅਸਮ ਸੋਨਮਿਲਿਤੋ ਮੋਰਚਾ’ ਨਾਮ ਦਾ ਇੱਕ ਵਿਰੋਧੀ ਗਠਜੋੜ ਬਣਾਇਆ ਹੈ, ਜਿਸ ਵਿੱਚ ਖੇਤਰੀ ਪਾਰਟੀ ਅਸਮ ਜਾਤੀਯ ਪਰਿਸ਼ਦ ਸਮੇਤ ਸੱਤ ਹੋਰ ਪਾਰਟੀਆਂ ਸ਼ਾਮਲ ਹਨ।
ਤਸਵੀਰ ਸਰੋਤ, Getty Images
ਤਮਿਲਨਾਡੂ ਵਿੱਚ ਸਿਆਸੀ ਦਲਾਂ ਦੀ ਕੀ ਹੈ ਸਥਿਤੀ
ਸਾਬਕਾ ਮੁੱਖ ਮੰਤਰੀ ਜੈਯਲਲਿਤਾ ਅਤੇ ਕਰੁਣਾਨਿਧੀ ਦੇ ਦਿਹਾਂਤ ਤੋਂ ਬਾਅਦ ਹੋਈਆਂ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੀਐੱਮਕੇ ਨੇ ਕਾਂਗਰਸ, ਕਮਿਊਨਿਸਟ ਆਫ਼ ਇੰਡੀਆ, ਕਮਿਊਨਿਸਟ ਆਫ਼ ਇੰਡੀਆ (ਮਾਰਕਸਵਾਦੀ), ਐੱਮਡੀਐੱਮਕੇ, ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲਨਾਡੂ, ਇੰਡਿਅਨ ਯੂਨੀਅਨ ਮੁਸਲਿਮ ਲੀਗ ਅਤੇ ਕੋਂਗੁਨਾਡੂ ਪੀਪਲਜ਼ ਨੈਸ਼ਨਲ ਪਾਰਟੀ ਸਮੇਤ ਹੋਰ ਦਲਾਂ ਦੇ ਨਾਲ ਧਰਮਨਿਰਪੇਖ ਪ੍ਰਗਤੀਸ਼ੀਲ ਗਠਜੋੜ ਵਿੱਚ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਇਸ ਚੋਣ ਵਿੱਚ ਡੀਐੱਮਕੇ ਗਠਜੋੜ ਨੇ ਕੁੱਲ 234 ਸੀਟਾਂ ਵਿੱਚੋਂ 159 ਸੀਟਾਂ ਜਿੱਤੀਆਂ, ਜਦਕਿ ਏਆਈਏਡੀਐਮਕੇ ਗਠਜੋੜ ਨੇ 75 ਸੀਟਾਂ ਜਿੱਤੀਆਂ।
ਇਨ੍ਹਾਂ ਚੋਣਾਂ ਵਿੱਚ ਡੀਐੱਮਕੇ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ, ਪਰ ਦੋ ਹੋਰ ਪਾਰਟੀਆਂ ਗਠਜੋੜ ਵਿੱਚ ਸ਼ਾਮਲ ਹੋ ਗਈਆਂ ਹਨ।
ਡੀਐੱਮਡੀਕੇ ਅਤੇ ਮੱਕਲ ਨੀਧੀ ਮੱਯਮ ਇਸ ਗਠਜੋੜ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਤੋਂ ਇਲਾਵਾ, ਏਆਈਏਡੀਐੱਮਕੇ ਦੇ ਸਾਬਕਾ ਮੁੱਖ ਮੰਤਰੀ ਓ. ਪੰਨੀਰਸੇਲਵਮ ਹਾਲ ਹੀ ਵਿੱਚ ਡੀਐੱਮਕੇ ਵਿੱਚ ਸ਼ਾਮਲ ਹੋ ਗਏ ਹਨ।
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ 28 ਸੀਟਾਂ ਅਤੇ ਇੱਕ ਰਾਜ ਸਭਾ ਸੀਟ ਦਿੱਤੀ ਗਈ ਹੈ, ਐੱਮਡੀਐੱਮਕੇ ਨੂੰ 4 ਸੀਟਾਂ ਦਿੱਤੀਆਂ ਗਈਆਂ ਹਨ (ਜਿਨ੍ਹਾਂ ਵਿੱਚੋਂ ਤਿੰਨ ‘ਤੇ ਡੀਐੱਮਕੇ ਦੇ ਚੋਣ ਨਿਸ਼ਾਨ ਹੇਠ ਚੋਣ ਲੜੀ ਜਾਵੇਗੀ), ਅਤੇ ਕੋਂਗੁਨਾਡੂ ਪੀਪਲਜ਼ ਨੈਸ਼ਨਲ ਪਾਰਟੀ ਅਤੇ ਇੰਡਿਅਨ ਯੂਨੀਅਨ ਮੁਸਲਿਮ ਲੀਗ ਨੂੰ 2-2 ਸੀਟਾਂ ਦਿੱਤੀਆਂ ਗਈਆਂ ਹਨ।
ਇਸ ਵਿਚਕਾਰ, ਏਆਈਏਡੀਐੱਮਕੇ ਗਠਜੋੜ ਵਿੱਚ ਵੱਡੇ ਬਦਲਾਅ ਹੋਏ ਹਨ। 2021 ਦੀਆਂ ਚੋਣਾਂ ਵਿੱਚ ਏਆਈਏਡੀਐੱਮਕੇ ਨੇ ਭਾਜਪਾ, ਪੀਐੱਮਕੇ ਅਤੇ ਤਮਿਲ ਮਾਨਆ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਨਾਲ ਗਠਜੋੜ ਵਿੱਚ ਚੋਣ ਲੜੀ ਸੀ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਏਆਈਏਡੀਐੱਮਕੇ ਦਾ ਗਠਜੋੜ ਟੁੱਟ ਗਿਆ ਸੀ ਅਤੇ ਉਨ੍ਹਾਂ ਨੇ ਦੋ ਵੱਖਰੇ ਗਠਜੋੜ ਬਣਾਏ ਸਨ। ਪਰ ਇਨ੍ਹਾਂ ਵਿਧਾਨ ਸਭਾ ਚੋਣ ਵਿੱਚ ਏਆਈਏਡੀਐਮਕੇ ਅਤੇ ਭਾਜਪਾ ਇਕੱਠੇ ਚੋਣ ਲੜ ਰਹੇ ਹਨ।
ਰਾਮਦਾਸ ਅਤੇ ਅੰਬੁਮਣੀ ਰਾਮਦਾਸ ਦੇ ਵਿਚਕਾਰ ਅਗਵਾਈ ਨੂੰ ਲੈਕੇ ਵਿਵਾਦ ਜਾਰੀ ਰਹਿਣ ਦੇ ਵਿਚਕਾਰ, ਅੰਬੁਮਣੀ ਰਾਮਦਾਸ ਦੀ ਅਗਵਾਈ ਵਾਲੀ ਪੀਐੱਮਕੇ ਏਆਈਏਡੀਐੱਮਕੇ ਗਠਜੋੜ ਵਿੱਚ ਸ਼ਾਮਲ ਹੋ ਗਈ ਹੈ।
ਤਮਿਲ ਮਾਨਆ ਕਾਂਗਰਸ ਇਸੇ ਗਠਜੋੜ ਵਿੱਚ ਬਣੀ ਹੋਈ ਹੈ। ਏਆਈਏਡੀਐੱਮਕੇ ਤੋਂ ਵੱਖ ਹੋਈ ਏਐੱਮਐੱਮਕੇ ਨੇ ਪਿਛਲੀਆਂ ਚੋਣਾਂ ਡੀਐੱਮਡੀਕੇ ਨਾਲ ਗਠਜੋੜ ਲੜੀਆਂ ਸਨ। ਇਸ ਵਾਰ ਏਐੱਮਐੱਮਕੇ ਏਆਈਏਡੀਐੱਮਕੇ ਗਠਜੋੜ ਵਿੱਚ ਸ਼ਾਮਲ ਹੋ ਗਈ ਹੈ।
ਇਸ ਤੋਂ ਇਲਾਵਾ, ਸੀਮਾਨ ਦੀ ਅਗਵਾਈ ਵਾਲੀ ਨਾਮ ਤਮਿਲਰ ਪਾਰਟੀ ਹੋਰ ਚੋਣਾਂ ਦੀ ਤਰ੍ਹਾਂ ਹੀ ਵੱਖਰੇ ਤੌਰ ‘ਤੇ ਚੋਣ ਲੜ ਰਹੀ ਹੈ।
ਵਿਜੈ ਦੀ ਨਵੀਂ ਬਣੀ ਤਮਿਲਨਾਡੂ ਵਿਜੈ ਪਾਰਟੀ ਵੀ ਇਸ ਚੋਣ ਵਿੱਚ ਹਿੱਸਾ ਲੈ ਰਹੀ ਹੈ। ਅਜੇ ਤੱਕ ਕਿਸੇ ਵੀ ਵੱਡੀ ਪਾਰਟੀ ਨੇ ਇਸ ਪਾਰਟੀ ਨਾਲ ਗਠਜੋੜ ਨਹੀਂ ਕੀਤਾ ਹੈ।
ਸਾਬਕਾ ਮੁੱਖ ਮੰਤਰੀ ਜੈਯਲਲਿਤਾ ਦੇ ਮਿੱਤਰ ਸ਼ਸ਼ਿਕਲਾ ਨੇ ਇਹ ਵੀ ਦੱਸਿਆ ਹੈ ਕਿ ਉਹ ਸਵੈਸੇਵਕਾਂ ਦੁਆਰਾ ਬਣਾਈ ਗਈ ‘ਆਲ ਇੰਡੀਆ ਰਿਵੋਲਿਊਸ਼ਨਰੀ ਲੀਡਰ ਪੀਪਲਜ਼ ਪ੍ਰੋਗ੍ਰੈੱਸ ਪਾਰਟੀ’ ਵਿੱਚ ਸ਼ਾਮਲ ਹੋ ਗਏ ਹਨ। ਸ਼ਸ਼ਿਕਲਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਨਾਰੀਅਲ ਦੇ ਬਾਗ ਦਾ ਚਿੰਨ੍ਹ ਅਲਾਟ ਕੀਤਾ ਗਿਆ ਹੈ।
ਤਸਵੀਰ ਸਰੋਤ, Getty Images
ਕੇਰਲਾ ਦਾ ਚੋਣ ਅਖਾੜਾ
ਕੇਰਲ ਵਿਧਾਨ ਸਭਾ ਵਿੱਚ ਕੁੱਲ 140 ਸੀਟਾਂ ਹਨ।
2021 ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੀ ਅਗਵਾਈ ਵਾਲੇ ਲੈਫਟ ਡੈਮੋਕ੍ਰੈਟਿਕ ਫਰੰਟ (ਐੱਲਡੀਐੱਫ) ਨੇ ਬਹੁਮਤ ਹਾਸਲ ਕੀਤਾ ਸੀ ਅਤੇ ਪਿਨਾਰਾਈ ਵਿਜਯਨ ਮੁੱਖ ਮੰਤਰੀ ਬਣੇ ਸਨ।
ਐੱਲਡੀਐੱਫ ਗਠਜੋੜ ਨੇ 99 ਸੀਟਾਂ ਜਿੱਤੀਆਂ ਸਨ, ਜੋ ਕਿ 2016 ਦੀਆਂ ਚੋਣਾਂ ਨਾਲੋਂ ਨੌਂ ਸੀਟਾਂ ਵੱਧ ਸਨ। 1977 ਤੋਂ ਬਾਅਦ ਪਹਿਲੀ ਵਾਰ ਲੈਫਟ ਡੈਮੋਕ੍ਰੈਟਿਕ ਫਰੰਟ ਲਗਾਤਾਰ ਦੂਜੇ ਕਾਰਜਕਾਲ ਲਈ ਸੱਤਾ ਵਿੱਚ ਵਾਪਸ ਆਇਆ ਸੀ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐੱਨਡੀਏ) 2016 ਵਿੱਚ ਜਿੱਤੀ ਇੱਕੋ ਇੱਕ ਸੀਟ ਵੀ ਗੁਆ ਬੈਠਾ ਅਤੇ ਉਸ ਦਾ ਵੋਟ ਹਿੱਸਾ ਵੀ ਘੱਟ ਗਿਆ ਸੀ।
ਮੌਜੂਦਾ ਕੇਰਲ ਵਿਧਾਨ ਸਭਾ ਦਾ ਕਾਰਜਕਾਲ ਮਈ 2026 ਵਿੱਚ ਖ਼ਤਮ ਹੋਵੇਗਾ।
ਲੈਫਟ ਡੈਮੋਕ੍ਰੈਟਿਕ ਫਰੰਟ ਗਠਜੋੜ ਵਿੱਚ ਸੀਪੀਆਈ (ਐੱਮ), ਸੀਪੀਆਈ, ਕੇਰਲ ਕਾਂਗਰਸ ਅਤੇ ਹੋਰ ਅੱਠ ਪਾਰਟੀਆਂ ਸ਼ਾਮਲ ਹਨ।
ਯੂਨਾਈਟਡ ਡੈਮੋਕ੍ਰੈਟਿਕ ਫਰੰਟ ਵਿੱਚ ਕਾਂਗਰਸ, ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਹੋਰ ਸੱਤ ਪਾਰਟੀਆਂ ਸ਼ਾਮਲ ਹਨ।
ਤਸਵੀਰ ਸਰੋਤ, Getty Images
ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਐੱਲਡੀਐੱਫ ਗਠਜੋੜ ਨੇ ਬਹੁਮਤ ਸੀਟਾਂ ਜਿੱਤੀਆਂ ਸਨ, ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਯੂਡੀਐੱਫ ਗਠਜੋੜ ਨੇ ਬਹੁਮਤ ਹਾਸਲ ਕੀਤਾ। ਕੇਰਲ ਦੀਆਂ 20 ਲੋਕ ਸਭਾ ਸੀਟਾਂ ਵਿੱਚੋਂ ਯੂਡੀਐੱਫ ਨੇ 18 ਸੀਟਾਂ ਜਿੱਤੀਆਂ।
ਇਹ ਨਤੀਜੇ ਦਰਸਾਉਂਦੇ ਹਨ ਕਿ ਕੇਰਲ ਵਿੱਚ ਵੋਟਰਾਂ ਦਾ ਫ਼ੈਸਲਾ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਵੱਖਰਾ ਹੋ ਸਕਦਾ ਹੈ।
ਕੇਂਦਰੀ ਮੰਤਰੀ ਮੰਡਲ ਨੇ 24 ਫਰਵਰੀ 2026 ਨੂੰ “ਕੇਰਲਾ” ਦਾ ਨਾਮ ਬਦਲ ਕੇ “ਕੇਰਲਮ” ਕਰਨ ਦਾ ਫ਼ੈਸਲਾ ਕੀਤਾ। ਕੇਰਲ ਨਾਮ ਬਦਲ ਬਿੱਲ 2026 ਵਿੱਚ ਕਿਹਾ ਗਿਆ ਹੈ ਕਿ ਨਵਾਂ ਨਾਮ ਮਲਿਆਲਮ ਸੱਭਿਆਚਾਰਕ ਪਛਾਣ ਨੂੰ ਹੋਰ ਨੇੜੇ ਤੋਂ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਕਸ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਦਾ ਕੇਰਲ ਦਾ ਨਾਮ “ਕੇਰਲਮ” ਕਰਨ ਦਾ ਫੈਸਲਾ ਰਾਜ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਰਾਜ ਦੀ ਸਮ੍ਰਿੱਧ ਸੱਭਿਆਚਾਰ ਨਾਲ ਜੋੜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਕਾਂਗਰਸ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਅਤੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਨੇ ਇਹ ਫ਼ੈਸਲਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ।
ਕੇਰਲ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਰਾਜ ਵਿੱਚ ਕੁੱਲ 2,69,53,644 ਵੋਟਰ ਹਨ।
ਭਾਜਪਾ ਰਾਜ ਵਿੱਚ ਆਪਣੀ ਪਕੜ ਬਣਾਉਣ ਲਈ ਜ਼ੋਰਦਾਰ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਰਵਾਇਤੀ ਤੌਰ ‘ਤੇ ਲੈਫਟ ਪਾਰਟੀਆਂ ਅਤੇ ਕਾਂਗਰਸ ਮਜ਼ਬੂਤ ਰਹੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਮਾਰਚ ਨੂੰ ਕੇਰਲ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਕੋਚੀ ਵਿੱਚ ਰੋਡਸ਼ੋ ਕੀਤਾ ਅਤੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਕੇਰਲ ਦੇ ਮੁੱਖ ਮੰਤਰੀ ਜਾਂ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੋਇਆ।
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ 7 ਮਾਰਚ ਤੋਂ ਸ਼ੁਰੂ ਹੋਏ ਦੋ ਦਿਨਾਂ ਦੇ ਦੌਰੇ ਦੌਰਾਨ ਕੇਰਲ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।
ਤਸਵੀਰ ਸਰੋਤ, Getty Images
ਪੁੱਡੂਚੇਰੀ ਵਿੱਚ ਕੀ ਹਾਲਾਤ ਹਨ?
ਪੁੱਡੂਚੇਰੀ ਦੇ ਮਾਮਲੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਐੱਨਆਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੇ ਤਹਿਤ ਮਿਲ ਕੇ ਚੋਣ ਲੜੀ ਅਤੇ ਸਰਕਾਰ ਬਣਾਈ ਸੀ। ਇਸ ਗਠਜੋੜ ਨੇ ਕੁੱਲ 30 ਸੀਟਾਂ ਵਿੱਚੋਂ 16 ਸੀਟਾਂ ਜਿੱਤੀਆਂ ਸਨ।
ਐੱਨਆਰ ਕਾਂਗਰਸ ਦੇ ਰੰਗਾਸਾਮੀ ਮੁੱਖ ਮੰਤਰੀ ਬਣੇ। ਭਾਰਤੀ ਰਾਸ਼ਟਰੀ ਕਾਂਗਰਸ ਅਤੇ ਦ੍ਰਾਵਿੜ ਮੁਨੇਤਰਾ ਕਜ਼ਗਮ ਸਮੇਤ ਹੋਰ ਪਾਰਟੀਆਂ ਵਿਰੋਧੀ ਧਿਰ ਵਜੋਂ ਕੰਮ ਕਰ ਰਹੀਆਂ ਹਨ।
2026 ਦੀਆਂ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਰਾਜਨੀਤੀ ਨੂੰ ਇੱਕ ਵਾਰ ਫਿਰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪਿਛਲੀਆਂ ਚੋਣਾਂ ਦੀ ਤਰ੍ਹਾਂ ਹੀ ਭਾਜਪਾ ਅਤੇ ਐੱਨਆਰ ਕਾਂਗਰਸ ਨੇ ਗਠਜੋੜ ਵਿੱਚ ਮਿਲ ਕੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸੀਟਾਂ ਦੀ ਵੰਡ ਬਾਰੇ ਆਖਰੀ ਫ਼ੈਸਲਾ ਅਜੇ ਤੱਕ ਐਲਾਨਿਆ ਨਹੀਂ ਗਿਆ।
ਦੂਜੇ ਪਾਸੇ ਕਾਂਗਰਸ ਅਤੇ ਡੀਐੱਮਕੇ ਪਾਰਟੀਆਂ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕਰ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



