Home ਰਾਸ਼ਟਰੀ ਖ਼ਬਰਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਹੋਇਆ ‘ਹਾਈ ਗ੍ਰੇਡ’ ਪ੍ਰੋਸਟੇਟ ਕੈਂਸਰ,...

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਹੋਇਆ ‘ਹਾਈ ਗ੍ਰੇਡ’ ਪ੍ਰੋਸਟੇਟ ਕੈਂਸਰ, ਗਦੂਦਾਂ ਦੇ ਕੈਂਸਰ ਦੇ ਕੀ ਹਨ ਲੱਛਣ ਤੇ ਕਿਵੇਂ ਹੁੰਦਾ ਹੈ ਬਚਾਅ

2
0

Source :- BBC PUNJABI

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ

ਤਸਵੀਰ ਸਰੋਤ, Getty Images

  • ਲੇਖਕ, ਸੁਸ਼ੀਲਾ ਸਿੰਘ
  • ਰੋਲ, ਬੀਬੀਸੀ ਪੱਤਰਕਾਰ
  • 24 ਅਪ੍ਰੈਲ 2024

    ਅਪਡੇਟ ਇੱਕ ਘੰਟਾ ਪਹਿਲਾਂ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਭਾਵ ਗਦੂਦਾਂ ਦੇ ਕੈਂਸਰ ਦਾ ਪਤਾ ਲੱਗਿਆ ਹੈ, ਜੋ ਉਨ੍ਹਾਂ ਦੀਆਂ ਹੱਡੀਆਂ ਤੱਕ ਫੈਲ ਗਿਆ ਹੈ। ਇਹ ਜਾਣਕਾਰੀ ਐਤਵਾਰ ਨੂੰ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ ਹੈ।

82 ਸਾਲਾ ਬਾਇਡਨ ਪਿਛਲੇ ਹਫ਼ਤੇ ਪਿਸ਼ਾਬ ਨਾਲ ਸਬੰਧਤ ਲੱਛਣਾਂ ਲਈ ਆਪਣੇ ਡਾਕਟਰ ਕੋਲ ਗਏ ਸਨ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਕੈਂਸਰ ਦਾ ਪਤਾ ਲੱਗਿਆ।

ਉਨ੍ਹਾਂ ਦੀ ਬਿਮਾਰੀ ਨੂੰ ‘ਹਾਈ ਗ੍ਰੇਡ’ ਕੈਂਸਰ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਕੈਂਸਰ ਰਿਸਰਚ ਯੂਕੇ ਦੇ ਅਨੁਸਾਰ, ਇਸਦਾ ਮਤਲਬ ਹੈ ਕਿ ਕੈਂਸਰ ਸੈੱਲ ਤੇਜ਼ੀ ਨਾਲ ਫੈਲ ਸਕਦੇ ਹਨ।

ਬਾਇਡਨ ਅਤੇ ਉਨ੍ਹਾਂ ਦਾ ਪਰਿਵਾਰ ਇਸ ਕੈਂਸਰ ਦੇ ਇਲਾਜ ਦੇ ਵਿਕਲਪਾਂ ਦੀ ਸਮੀਖਿਆ ਕਰ ਰਹੇ ਹਨ।

ਉਨ੍ਹਾਂ ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਕੈਂਸਰ ਹਾਰਮੋਨ-ਸੰਵੇਦਨਸ਼ੀਲ ਹੈ, ਜਿਸਦਾ ਮਤਲਬ ਹੈ ਕਿ ਇਸਨੂੰ ਕਾਬੂ ਕੀਤਾ ਜਾ ਸਕਦਾ ਹੈ।

ਇਸ ਖ਼ਬਰ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁੱਖ ਜਤਾਇਆ ਅਤੇ ਕਿਹਾ ਕਿ ਉਹ ਬਾਇਡਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ।

ਪੀਸੀਏ

ਤਸਵੀਰ ਸਰੋਤ, GETTY

ਪ੍ਰੋਸਟੇਟ ਕੈਂਸਰ ਜਾਂ ਗਦੂਦਾਂ ਦੇ ਕੈਂਸਰ ਦੇ ਲੱਛਣ ਕੀ ਹੁੰਦੇ ਹਨ, ਕੀ ਇਹ ਜੈਨੇਟਿਕ ਵੀ ਹੋ ਸਕਦਾ ਹੈ ਅਤੇ ਕੀ ਇਸ ਤੋਂ ਬਚਾਅ ਸੰਭਵ ਹੈ… ਅਜਿਹੇ ਹੀ ਸਵਾਲਾਂ ਦੇ ਜਵਾਬ ਜਾਣਨ ਲਈ ਸਾਲ 2024 ਵਿੱਚ ਬੀਬੀਸੀ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇੱਥੇ ਅਸੀਂ ਓਹੀ ਰਿਪੋਰਟ ਹੁਬਹੂ ਪ੍ਰਕਾਸ਼ਿਤ ਕਰ ਰਹੇ ਹਾਂ…

ਮੈਡੀਕਲ ਜਨਰਲ ਲੈਂਸੇਟ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਦੁਨੀਆਂ ਭਰ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ।

ਲੈਂਸੇਟ ਵਿੱਚ ਪ੍ਰਕਾਸ਼ਿਤ ਇਸ ਰਿਪੋਰਟ ਵਿੱਚ ਕਿਹਾ ਹੈ ਕਿ ਸਾਲ 2020 ਵਿੱਚ ਪ੍ਰੋਸਟੇਟ ਕੈਂਸਰ ਦੇ ਨਵੇਂ ਮਾਮਲੇ 14 ਲੱਖ ਸਨ, ਜੋ ਸਾਲ 2040 ਵਿੱਚ ਵੱਧ ਕੇ 29 ਲੱਖ ਹੋ ਜਾਣਗੇ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ 112 ਦੇਸਾਂ ਵਿੱਚ ਮਰਦਾਂ ਵਿੱਚ ਇਹ ਇੱਕ ਆਮ ਕੈਂਸਰ ਹੈ ਅਤੇ ਕੁੱਲ ਕੈਂਸਰ ਦੇ ਕੇਸਾਂ ਵਿੱਚੋਂ 15% ਪ੍ਰੋਸਟੇਟ ਕੈਂਸਰ ਹਨ।

ਸਾਲ 2020 ਵਿੱਚ, ਪ੍ਰੋਸਟੇਟ ਕੈਂਸਰ ਨਾਲ ਦੁਨੀਆਂ ਭਰ ਵਿੱਚ 375,000 ਮਰਦਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ, 2040 ਤੱਕ ਇਹ ਮੌਤਾਂ 85% ਵੱਧ ਜਾਣਗੀਆਂ। ਮਰਦਾਂ ਵਿੱਚ ਕੈਂਸਰ ਕਾਰਨ ਮੌਤ ਦਾ ਇਹ ਪੰਜਵਾਂ ਵੱਡਾ ਕਾਰਨ ਹੈ।

ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਪ੍ਰੋਸਟੇਟ ਕੈਂਸਰ ਦਾ ਕੁੱਲ ਕੈਂਸਰ ਦੇ ਕੇਸਾਂ ਦਾ ਤਿੰਨ ਫ਼ੀਸਦ ਹਿੱਸਾ ਹੈ ਅਤੇ ਹਰ ਸਾਲ 33,000-42,000 ਕੈਂਸਰ ਦੇ ਨਵੇਂ ਕੇਸ ਸਾਹਮਣੇ ਆਉਂਦੇ ਹਨ।

ਰਿਪੋਰਟ ਮੁਤਾਬਕ ਹਰ ਸਾਲ ਪ੍ਰਤੀ ਇੱਕ ਲੱਖ ਦੀ ਵਸੋਂ ਪਿੱਛੇ 4-8 ਮਾਮਲੇ ਸਾਹਮਣੇ ਆਉਂਦੇ ਹਨ। ਰਾਸ਼ਟਰੀ ਪੱਧਰ ‘ਤੇ ਕੈਂਸਰ ਦੇ ਮਾਮਲਿਆਂ ਵਿਚ 30% ਵਾਧਾ ਹੋਇਆ ਹੈ, ਜਦੋਂ ਕਿ ਸ਼ਹਿਰੀ ਆਬਾਦੀ ਵਿੱਚ ਪਿਛਲੇ 25 ਸਾਲਾਂ ਵਿੱਚ ਗਦੂਦਾਂ ਦੇ ਕੈਂਸਰ ਵਿਚ 75-85% ਵਾਧਾ ਹੋਇਆ ਹੈ।

ਗਰਾਫਿਕਸ

ਦਿੱਲੀ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੂੰ ਅਕਤੂਬਰ 2022 ਵਿੱਚ ਪਤਾ ਲੱਗਾ ਕਿ ਉਸ ਨੂੰ ਪ੍ਰੋਸਟੇਟ ਕੈਂਸਰ ਹੈ।

ਉਨ੍ਹਾਂ ਦੀ ਪਤਨੀ ਰਿਤੂ ਮਾਰਵਾਹ ਨੇ ਬੀਬੀਸੀ ਨੂੰ ਫ਼ੋਨ ਉੱਤੇ ਦੱਸਿਆ, ”ਮੇਰੇ ਪਤੀ ਨੂੰ ਪਿਸ਼ਾਬ ਰੁਕਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੂੰ ਸਮਾਂ ਲਗਦਾ ਸੀ। ਅਸੀਂ ਹਰ ਸਾਲ ਮੈਡੀਕਲ ਜਾਂਚ ਕਰਵਾਉਂਦੇ ਹਾਂ। ਇਸ ਸਮੱਸਿਆ ਤੋਂ ਬਾਅਦ ਸਾਡੇ ਫੈਮਿਲੀ ਡਾਕਟਰ ਨੇ ਸਾਨੂੰ ਅਲਟਰਾਸਾਊਂਡ ਕਰਵਾਉਣ ਲਈ ਕਿਹਾ।

ਟੈਸਟ ਤੋਂ ਪਤਾ ਲੱਗਾ ਕਿ ਰਾਜੇਸ਼ ਕੁਮਾਰ ਦਾ ਪ੍ਰੋਸਟੇਟ ਵਧਿਆ ਹੋਇਆ ਸੀ ਅਤੇ ਡਾਕਟਰ ਨੇ ਉਨ੍ਹਾਂ ਨੂੰ ਪ੍ਰੋਸਟੇਟ ਵਿਸ਼ੇਸ਼ ਐਂਟੀਜੇਨ ਜਾਂ ਪੀਐੱਸਏ ਟੈਸਟ ਕਰਨ ਲਈ ਕਿਹਾ।

ਇਸ ਤੋਂ ਬਾਅਦ ਐੱਮਆਰਆਈ ਅਤੇ ਬਾਇਓਪਸੀ ਕੀਤੀ ਗਈ ਅਤੇ ਜਾਂਚ ਵਿੱਚ ਸਾਹਮਣੇ ਆਇਆ ਕਿ ਰਾਜੇਸ਼ ਕੁਮਾਰ ਨੂੰ ਦੂਜੀ ਸਟੇਜ ਦਾ ਗਦੂਦਾਂ ਦਾ ਕੈਂਸਰ ਹੈ।

ਗਦੂਦਾਂ ਕੀ ਹਨ?

ਗਦੂਦਾਂ ਜਾਂ ਪ੍ਰੋਸਟੇਟ ਮਰਦ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਹੈ ਅਤੇ ਪਿਸ਼ਾਬ ਥੈਲੀ (ਬਲੈਡਰ) ਦੇ ਹੇਠਾਂ ਹੁੰਦੀਆਂ ਹਨ। ਇਹ ਅਖਰੋਟ ਦੇ ਆਕਾਰ ਦਾ ਹੁੰਦਾ ਹੈ ਪਰ ਉਮਰ ਦੇ ਨਾਲ ਇਹ ਵਧਣ ਲੱਗਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ 45-50 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਵਿੱਚ ਪ੍ਰੋਸਟੇਟ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਕੈਂਸਰ ਹੈ। ਅਜਿਹਾ ਵੀ ਨਹੀਂ ਹੈ ਕਿ ਹਰ ਕਿਸੇ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।

ਜਦੋਂ ਇਹ ਵਧਣਾ ਸ਼ੁਰੂ ਹੁੰਦੇ ਹਨ, ਤਾਂ ਡਾਕਟਰ PSA ਟੈਸਟ ਦੀ ਸਿਫਾਰਸ਼ ਕਰਦੇ ਹਨ। ਜਾਂਚ ਤੋਂ ਬਾਅਦ ਹੀ ਕੈਂਸਰ ਦਾ ਸ਼ੱਕ ਹੋਣ ਉੱਤੇ ਅਗਲੇ ਟੈਸਟ ਕੀਤੇ ਜਾਂਦੇ ਹਨ ਅਤੇ ਨਤੀਜਿਆਂ ਮੁਤਾਬਕ ਇਲਾਜ ਸ਼ੁਰੂ ਕੀਤਾ ਜਾਂਦਾ ਹੈ।

68 ਸਾਲਾ ਰਾਜੇਸ਼ ਕੁਮਾਰ ਦਾ ਇਲਾਜ ਵੀ ਸ਼ੁਰੂ ਹੋ ਗਿਆ ਅਤੇ ਮਾਰਚ 2023 ਦੇ ਮਹੀਨੇ ਉਨ੍ਹਾਂ ਦਾ ਅਪਰੇਸ਼ਨ ਹੋਇਆ।

ਪ੍ਰੋਸਟੇਟ ਕੈਂਸਰ ਹੌਲੀ-ਹੌਲੀ ਵਧਦਾ ਹੈ

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਦੇ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਪ੍ਰੋਫੈਸਰ ਰਹਿ ਚੁੱਕੇ ਡਾ. ਐੱਸਵੀਐੱਸ ਦੇਵ ਦਾ ਕਹਿਣਾ ਹੈ ਕਿ ਇਹ ਬਿਮਾਰੀ ਉਮਰ ਵਧਣ ਤੋਂ ਬਾਅਦ ਦਿਖਾਈ ਦਿੰਦੀ ਹੈ ਅਤੇ ਇਹ ਕੈਂਸਰ ਸਰੀਰ ਵਿੱਚ ਹੌਲੀ-ਹੌਲੀ ਵੱਧਦਾ ਹੈ।

ਇਸ ਤੋਂ ਇਲਾਵਾ ਥਾਇਰਾਇਡ ਕੈਂਸਰ ਅਤੇ ਛਾਤੀ ਦੇ ਕੈਂਸਰ ਦੀਆਂ ਕੁਝ ਕਿਸਮਾਂ ਹਨ ਜੋ ਸਰੀਰ ਵਿੱਚ ਹੌਲੀ-ਹੌਲੀ ਵਧਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਭਾਰਤ ਵਿੱਚ ਇਹ ਮਾਮਲੇ ਘੱਟ ਸਾਹਮਣੇ ਆਉਂਦੇ ਸਨ ਸਨ ਕਿਉਂਕਿ ਔਸਤ ਉਮਰ ਘੱਟ ਯਾਨੀ 60 ਸਾਲ ਤੱਕ ਸੀ ਪਰ ਹੁਣ ਇਹ ਵੱਧ ਗਈ ਹੈ।

ਡਾ. ਵਿਕਰਮ ਬਰੂਆ ਕੌਸ਼ਿਕ ਆਰਟੇਮਿਸ ਹਸਪਤਾਲ ਦੇ ਪਿਸ਼ਾਬ ਰੋਗ ਵਿਗਿਆਨ (ਯੂਰੋਲੋਜੀ) ਦੇ ਮੁਖੀ ਹਨ।

ਉਹ ਕਹਿੰਦੇ ਹਨ, “ਜਿਵੇਂ-ਜਿਵੇਂ ਲੋਕਾਂ ਦੀ ਔਸਤ ਉਮਰ ਵੱਧਦੀ ਗਈ, ਗਦੂਦਾਂ ਦੇ ਕੈਂਸਰ ਦੇ ਕੇਸ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ, ਪਰ ਕੇਸਾਂ ਦੀ ਗਿਣਤੀ ਜਿੰਨੀ ਮਿਲਦੀ ਹੈ ਉਸ ਤੋਂ ਵੱਧ ਹੋ ਸਕਦੀ ਹੈ।”

ਡਾਕਟਰ ਐੱਸਵੀਐੱਸ ਦੇਵ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੈਂਸਰ ਰਜਿਸਟਰੀ ਦੇ ਅਨੁਸਾਰ, ਪਿਛਲੇ ਦਹਾਕੇ ਵਿੱਚ ਗਦੂਦਾਂ ਦੇ ਕੈਂਸਰ ਦੇ ਕੇਸ ਵੱਧੇ ਹਨ ਪਰ ਪੱਛਮੀ ਦੇਸਾਂ ਦੇ ਮੁਕਾਬਲੇ ਦੋ-ਤਿੰਨ ਗੁਣਾ ਘੱਟ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੈਂਸਰ ਡੇਟਾ ਕੈਂਸਰ ਰਜਿਸਟਰੀ ਤੋਂ ਆਉਂਦਾ ਹੈ ਅਤੇ ਹਰ ਹਸਪਤਾਲ ਤੋਂ ਨਹੀਂ ਲਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਪ੍ਰੋਸਟੇਟ ਕੈਂਸਰ ਦੇ ਮੌਜੂਦਾ ਕੇਸ ਬਹੁਤ ਜ਼ਿਆਦਾ ਹੋ ਸਕਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਗਦੂਦਾਂ ਦੇ ਕੈਂਸਰ ਦੇ ਮਾਮਲੇ ਘੱਟ ਹਨ ਕਿਉਂਕਿ ਇੱਥੇ ਕੋਈ ਸਕਰੀਨਿੰਗ ਪ੍ਰੋਗਰਾਮ ਨਹੀਂ ਹੈ ਅਤੇ ਇਸ ਲਈ ਇਸ ਦਾ ਪਤਾ ਨਹੀਂ ਲੱਗ ਰਿਹਾ ਪਰ ਪੱਛਮੀ ਦੇਸਾਂ ਵਿੱਚ ਸਕ੍ਰੀਨਿੰਗ ਜ਼ਿਆਦਾ ਹੁੰਦੀ ਹੈ।

ਹਾਲਾਂਕਿ, ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਚੁਣੌਤੀਪੂਰਨ ਹੈ ਕਿਉਂਕਿ ਇਸ ਕਾਰਨ ਹੋਈਆਂ ਮੌਤਾਂ ਰਿਪੋਰਟ ਘੱਟ ਹੁੰਦੀਆਂ ਹਨ।

ਗਦੂਦਾਂ ਦਾ ਕੈਂਸਰ

ਤਸਵੀਰ ਸਰੋਤ, GETTYIMAGES/KATERYNA/SCIENCE PHOTO LIBRARY

ਕੀ ਇਹ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀ ਹੈ?

ਹਾਲਾਂਕਿ ਡਾ. ਪ੍ਰਦੀਪ ਬਾਂਸਲ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਮਰਦਾਂ ਦੀ ਉਮਰ ਵੱਧਦੀ ਹੈ, ਪ੍ਰੋਸਟੇਟ ਕੈਂਸਰ ਦੇ ਮਾਮਲੇ ਵੱਧਦੇੇ ਹਨ। ਇਸ ਦਾ ਕਾਰਨ ਜੈਨੇਟਿਕ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ, ਸ਼ਾਕਾਹਾਰੀ ਜਾਂ ਉਨ੍ਹਾਂ ਦੇ ਮੁਕਾਬਲੇ ਮਾਸਾਹਾਰੀ ਲੋਕਾਂ ਵਿੱਚ ਇਹ ਕੈਂਸਰ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ।

ਫੋਰਟਿਸ ਹਸਪਤਾਲ ਦੇ ਯੂਰੋਲੋਜੀ, ਰੋਬੋਟਿਕਸ ਅਤੇ ਰੇਨਲ ਟ੍ਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਡਾ. ਪ੍ਰਦੀਪ ਬਾਂਸਲ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਸ਼ਾਕਾਹਾਰੀ ਲੋਕਾਂ ਨੂੰ ਇਹ ਨਹੀਂ ਹੋਵੇਗਾ ਕਿਉਂਕਿ ਸਿਗਰਟਨੋਸ਼ ਵਿਅਕਤੀ ਨੂੰ ਦਿਲ ਦੀ ਬਿਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਉੱਥੇ ਹੀ ਜੋ ਨਹੀਂ ਪੀਂਦਾ ਉਸ ਨੂੰ ਵੀ ਦਿਲ ਦੀ ਬਿਮਾਰੀ ਹੋ ਸਕਦੀ ਹੈ।

ਇਸ ਗੱਲ ਨੂੰ ਹੋਰ ਅੱਗੇ ਵਧਾਉਂਦਿਆਂ ਡਾਕਟਰ ਐੱਸਵੀਐੱਸ ਦਾ ਕਹਿਣਾ ਹੈ ਕਿ ਇਹ ਕੈਂਸਰ ਪੱਛਮੀ ਦੇਸਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਸ਼ੈਲੀ ਨਾਲ ਸਬੰਧਤ ਹੈ ਜਿਸ ਵਿੱਚ ਖਾਣ ਪੀਣ ਦੀਆਂ ਆਦਤਾਂ ਜਿਵੇਂ ਜੰਕ ਫੂਡ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਆਦਿ ਸ਼ਾਮਲ ਹੈ ਜਿਸ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

ਲੈਂਸੇਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਦੂਦਾਂ ਦੇ ਕੈਂਸਰ ਦਾ ਦੇਰੀ ਨਾਲ ਪਤਾ ਲਗਦਾ ਹੈ ਅਤੇ ਇਹ ਦੁਨੀਆ ਭਰ ਵਿੱਚ ਦੇਖਿਆ ਗਿਆ ਹੈ ਕਿ ਘੱਟ ਜਾਂ ਮੱਧ-ਆਮਦਨੀ ਵਾਲੇ ਦੇਸਾਂ ਵਿੱਚ ਦੇਰੀ ਨਾਲ ਪਤਾ ਲੱਗਣਾ ਵੀ ਇੱਕ ਕਾਰਨ ਹੈ।

ਬਿਮਾਰੀ ਦੇ ਲੱਛਣ

ਲੱਛਣ

ਜੇਕਰ ਕਿਸੇ ਦੇ ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਹੈ, ਤਾਂ ਡਾਕਟਰ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰੋਸਟੇਟ ਕੈਂਸਰ ਦੇ ਕੋਈ ਲੱਛਣ ਨਹੀਂ ਹੁੰਦੇ।

ਡਾਕਟਰਾਂ ਦੇ ਅਨੁਸਾਰ, ਪੀਐੱਸਏ ਦਾ ਪੱਧਰ ਵਿਅਕਤੀ ਦੀ ਉਮਰ ਅਤੇ ਆਕਾਰ ਉੱਤੇ ਵੀ ਨਿਰਭਰ ਕਰਦਾ ਹੈ।

ਅਮਰੀਕੀ ਸਰਕਾਰ ਦੀ ਅਧਿਕਾਰਤ ਵੈੱਬਸਾਈਟ , ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਅਨੁਸਾਰ, ਇੱਥੇ ਕੋਈ ਆਮ ਜਾਂ ਖ਼ਾਸ ਪੀਐੱਸਏ ਪੱਧਰ ਨਹੀਂ ਹੈ।

ਪਹਿਲਾਂ 4.0ng/mL ਜਾਂ ਇਸ ਤੋਂ ਘੱਟ ਨੂੰ ਸਧਾਰਨ ਮੰਨਿਆ ਜਾਂਦਾ ਸੀ। ਲੇਕਿਨ ਦੇਖਿਆ ਗਿਆ ਕਿ ਜਿਨ੍ਹਾਂ ਦਾ ਲੈਵਲ ਇਸ ਤੋਂ ਵੀ ਘੱਟ ਸੀ ਉਨ੍ਹਾਂ ਵਿੱਚ ਪ੍ਰੋਸਟੇਟ ਕੈਂਸਰ ਸਾਹਮਣੇ ਆਇਆ ਅਤੇ ਜਿਨ੍ਹਾਂ ਦਾ ਇਸ ਤੋਂ ਜ਼ਿਆਦਾ ਸੀ ਜਾਣੀ 10ng/mL ਤੱਕ ਉਨ੍ਹਾਂ ਵਿੱਚ ਨਹੀਂ ਦੇਖਿਆ ਗਿਆ।

ਡਾਕਟਰਾਂ ਅਨੁਸਾਰ ਇਸ ਦੇ ਲੱਛਣ ਸ਼ੁਰੂ ਵਿੱਚ ਨਜ਼ਰ ਨਹੀਂ ਆਉਂਦੇ ਪਰ ਜੇਕਰ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋਣ, ਜਿਵੇਂ-

  • ਵਾਰ ਵਾਰ ਪਿਸ਼ਾਬ ਆਉਣਾ
  • ਰਾਤ ਨੂੰ ਹੌਲੀ ਵਹਾਅ
  • ਪਿਸ਼ਾਬ ਦਾ ਨਿਕਲ ਜਾਣਾ
  • ਪਿਸ਼ਾਬ ਵਿੱਚ ਖੂਨ ਆਉਣਾ

ਤਾਂ ਇਸ ਤੋਂ ਬਾਅਦ ਪੀਐੱਸਏ ਟੈਸਟ ਕੀਤਾ ਜਾਂਦਾ ਹੈ। ਜੇਕਰ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਅਤੇ ਇਹ ਫੈਲ ਚੁੱਕਿਆ ਹੋਵੇ, ਤਾਂ ਇਹ ਕੈਂਸਰ ਹੱਡੀਆਂ ਵਿੱਚ ਚਲਾ ਜਾਂਦਾ ਹੈ।

  • ਪਿਠ ਦਰਦ
  • ਹੱਡੀਆਂ ਟੁੱਟਣਾ
  • ਹੱਡੀਆਂ ਵਿੱਚ ਦਰਦ ਆਦਿ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

ਇਸ ਬਾਰੇ ਡਾਕਟਰ ਪ੍ਰਦੀਪ ਬਾਂਸਲ ਦਾ ਕਹਿਣਾ ਹੈ, “ਨੌਜਵਾਨ ਮਰੀਜ਼ਾਂ (ਉਮਰ 60-75) ਵਿੱਚ ਕੈਂਸਰ ਪਤਾ ਲਗਦਾ ਹੈ ਅਤੇ ਜੇਕਰ ਇਹ ਗਦੂਦਾਂ ਤੱਕ ਸੀਮਤ ਹੈ, ਤਾਂ ਅਸੀਂ ਰੋਬੋਟਿਕ ਸਰਜਰੀ ਦੀ ਸਲਾਹ ਦਿੰਦੇ ਹਾਂ।”

ਇਹ 10-15 ਸਾਲਾਂ ਲਈ ਉਮਰ ਵਧਾਉਂਦਾ ਹੈ। ਹਾਲਾਂਕਿ ਜੇਕਰ ਇਹ ਹੱਡੀਆਂ ਤੱਕ ਫੈਲ ਜਾਵੇ ਤਾਂ ਮੁਸ਼ਕਿਲ ਹੁੰਦੀ ਹੈ ਅਤੇ ਇਸ ਦਾ ਇਲਾਜ ਵੱਖਰਾ ਹੁੰਦਾ ਹੈ।

ਕੈਂਸਰ ਦੀ ਜਾਂਚ

ਤਸਵੀਰ ਸਰੋਤ, GETTYIMAGES/PETER DAZELEY

ਕੀ ਦਵਾਈਆਂ ਮਿਲਦੀਆਂ ਹਨ?

ਡਾਕਟਰਾਂ ਦਾ ਕਹਿਣਾ ਹੈ ਕਿ ਖੂਨ ਦੀ ਜਾਂਚ ਰਾਹੀਂ ਗਦੂਦਾਂ ਦੇ ਕੈਂਸਰ ਦਾ ਪਤਾ ਕੀਤਾ ਜਾ ਸਕਦਾ ਹੈ ਅਤੇ ਇਹ ਸਹੂਲਤ ਜ਼ਿਆਦਾਤਰ ਲੈਬਸ ਵਿੱਚ ਮੌਜੂਦ ਹੈ। ਜੇਕਰ ਪ੍ਰੋਸਟੇਟ ਵਧਿਆ ਹੋਇਆ ਹੋਵੇ ਤਾਂ ਇਮੇਜਿੰਗ, ਅਲਟਰਾਸਾਊਂਡ ਅਤੇ ਐੱਮਆਰਆਈ ਵੀ ਹੁੰਦੀ ਹੈ।

ਡਾਕਟਰ ਐੱਸਵੀਐੱਸ ਦੱਸਦੇ ਹਨ ਕਿ ਸ਼ੁਰੂਆਤੀ ਪੜਾਅ ਵਿੱਚ ਮਰੀਜ਼ ਦੀ ਰੋਬੋਟਿਕ ਸਰਜਰੀ ਕੀਤੀ ਜਾਂਦੀ ਹੈ ਅਤੇ ਉਸ ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ ਪਰ ਜੇਕਰ ਪੜਾਅ ਵਧਿਆ ਹੋਇਆ ਹੋਵੇ ਤਾਂ ਹਾਰਮੋਨ ਥੈਰੇਪੀ ਦਿੱਤੀ ਜਾਂਦੀ ਹੈ ਅਤੇ ਫਿਰ ਮਰੀਜ਼ ਦੀ ਹਾਲਤ ਦੇਖ ਕੇ ਇਲਾਜ ਕੀਤਾ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਪ੍ਰੋਸਟੇਟ ਕੈਂਸਰ ਦਾ ਮਰੀਜ਼ ਪੰਜ ਤੋਂ 15 ਸਾਲ ਤੱਕ ਜਿਉਂ ਸਕਦਾ ਹੈ ਕਿਉਂਕਿ ਇਹ ਇੱਕ ਕੈਂਸਰ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ।

ਰਾਜੇਸ਼ ਕੁਮਾਰ ਦਾ ਅਪਰੇਸ਼ਨ ਹੋ ਚੁੱਕਿਆ ਹੈ ਅਤੇ ਉਹ ਆਮ ਜੀਵਨ ਜਿਉਂ ਰਹੇ ਹਨ।

ਕੈਂਸਰ ਸੈੱਲ

ਤਸਵੀਰ ਸਰੋਤ, GETTYIMAGES/KATERYNA/SCIENCE PHOTO LIBRARY

ਜੱਦੀ ਰੋਗ

ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜੋ ਜੈਨੇਟਿਕ ਵੀ ਹੋ ਸਕਦੀ ਹੈ, ਯਾਨੀ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਕੈਂਸਰ ਹੈ ਤਾਂ ਮੈਂਬਰਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਹੈ।

ਅਜਿਹੇ ‘ਚ ਡਾਕਟਰ ਸਲਾਹ ਦਿੰਦੇ ਹਨ ਕਿ ਜੇਕਰ ਕਿਸੇ ਪਰਿਵਾਰ ‘ਚ ਪ੍ਰੋਸਟੇਟ ਕੈਂਸਰ ਜਾਂ ਕੋਈ ਹੋਰ ਕੈਂਸਰ ਹੈ ਤਾਂ ਟੈਸਟ ਕਰਵਾਉਣਾ ਚਾਹੀਦਾ ਹੈ।

ਜੇਕਰ ਪਰਿਵਾਰ ਵਿੱਚ ਕਿਸੇ ਨੂੰ ਪ੍ਰੋਸਟੇਟ ਕੈਂਸਰ ਹੈ, ਤਾਂ ਪਰਿਵਾਰ ਦੇ ਮਰਦ ਮੈਂਬਰਾਂ ਨੂੰ 45 ਸਾਲ ਦੀ ਉਮਰ ਤੋਂ ਬਾਅਦ ਹਰ ਦੋ ਸਾਲ ਬਾਅਦ ਪੀਐੱਸਏ ਟੈਸਟ ਕਰਵਾਉਣਾ ਚਾਹੀਦਾ ਹੈ। ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਵਿਦੇਸ਼ਾਂ ਦੀ ਕੀ ਸਥਿਤੀ ਹੈ?

ਲੈਂਸੇਟ ਦੀ ਰਿਪੋਰਟ ਮੁਤਾਬਕ ਸਾਲ 2020 ਤੋਂ ਬਾਅਦ ਪੂਰਬੀ ਏਸ਼ੀਆ, ਦੱਖਣੀ ਅਮਰੀਕਾ, ਪੂਰਬੀ ਯੂਰਪ, ਉੱਤਰੀ ਅਮਰੀਕਾ ਵਰਗੇ ਦੇਸਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲੇ ਅਤੇ ਮੌਤਾਂ ਵੀ ਹੋਣਗੀਆਂ।

ਡਾ.ਐੱਸਵੀਐੱਸ ਦੇਵ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ਦੇ ਅਮੀਰ ਲੋਕਾਂ ਨੇ ਹੁਣ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦਾ ਹਾਂਮੁਖੀ ਪ੍ਰਭਾਵ ਦੇਖਣ ਲਈ ਇੱਕ ਦਹਾਕਾ ਲੱਗ ਜਾਵੇਗਾ। ਅੱਸੀ ਅਤੇ ਨੱਬੇ ਦੇ ਦਹਾਕੇ ਨੂੰ ਦੇਖੀਏ ਤਾਂ ਲੋਕ ਸਸਤੇ ਜੰਕ ਫੂਡ ਖਾਂਦੇ ਸਨ, ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ।

ਡਾਕਟਰ ਵਿਕਰਮ ਬਰੂਆ ਕੌਸ਼ਿਕ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਸਕ੍ਰੀਨਿੰਗ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਹ ਦੇਖਿਆ ਗਿਆ ਹੈ ਕਿ ਵਿਕਸਤ ਦੇਸਾਂ ਵਿਚ ਵੀ ਅਜਿਹਾ ਹੁੰਦਾ ਹੈ।

ਹਾਲਾਂਕਿ ਇਨ੍ਹਾਂ ਸਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕੈਂਸਰ ਦਾ ਇਲਾਜ ਸੰਭਵ ਹੈ ਅਤੇ ਇਸ ਦੀ ਗਤੀ ਹੌਲੀ ਹੋਣ ਕਾਰਨ ਮਰੀਜ਼ ਲੰਬੀ ਉਮਰ ਵੀ ਜਿਉਂਦਾ ਹੈ।

source : BBC PUNJABI