Home ਰਾਸ਼ਟਰੀ ਖ਼ਬਰਾਂ ਅਫ਼ਗਾਨਿਸਤਾਨ ਦਾ ਇਲਜ਼ਾਮ, ਪਾਕਿਸਤਾਨ ਵੱਲੋਂ ਹਸਪਤਾਲ ‘ਤੇ ਕੀਤੇ ਹਮਲੇ ‘ਚ ਸੈਂਕੜੇ ਲੋਕ...

ਅਫ਼ਗਾਨਿਸਤਾਨ ਦਾ ਇਲਜ਼ਾਮ, ਪਾਕਿਸਤਾਨ ਵੱਲੋਂ ਹਸਪਤਾਲ ‘ਤੇ ਕੀਤੇ ਹਮਲੇ ‘ਚ ਸੈਂਕੜੇ ਲੋਕ ਮਾਰੇ ਗਏ

10
0

Source :- BBC PUNJABI

ਕਤਰ ਦੀ ਵਿਚੋਲਗੀ ਤੋਂ ਬਾਅਦ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਜੰਗਬੰਦੀ ਹੋਈ ਸੀ।

ਤਸਵੀਰ ਸਰੋਤ, AFP via Getty Images

17 ਮਾਰਚ 2026, 08:31 IST

ਅਪਡੇਟ ਇੱਕ ਘੰਟਾ ਪਹਿਲਾਂ

ਪੜ੍ਹਨ ਦਾ ਸਮਾਂ: 7 ਮਿੰਟ

ਅਫ਼ਗਾਨਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਸੋਮਵਾਰ ਨੂੰ ਪਾਕਿਸਤਾਨ ਨੇ ਕਾਬੁਲ ‘ਤੇ ਹਵਾਈ ਹਮਲੇ ਕੀਤੇ ਹਨ ਜਿਸ ‘ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ।

ਬੀਬੀਸੀ ਪਸ਼ਤੋ ਦੀ ਰਿਪੋਰਟ ਮੁਕਾਬਕ, ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਿਤ ਨਸ਼ਾ ਛੁਡਾਊ ਕੇਂਦਰ ‘ਤੇ ਹੋਏ ਹਵਾਈ ਹਮਲੇ ‘ਚ ਦਰਜਨਾਂ ਲੋਕਾਂ ਦੀ ਮੌਤ ਅਤੇ ਜ਼ਖਮੀ ਹੋਣ ਦਾ ਖਦਸ਼ਾ ਹੈ। ਤਾਲਿਬਾਨ ਸਰਕਾਰ ਨੇ ਇਸ ਹਮਲੇ ਦੇ ਇਲਜ਼ਾਮ ਪਾਕਿਸਤਾਨ ‘ਤੇ ਲਗਾਏ ਹਨ।

ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਸ਼ਾਮ ਇਸ ਹਸਪਤਾਲ ‘ਤੇ ਹਮਲਾ ਹੋਇਆ ਜਿਸ ਵਿੱਚ ਕੁਝ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ।

ਪਾਕਿਸਤਾਨ ਦੇ ਸੂਚਨਾ ਮੰਤਰਾਲੇ ਨੇ ਹਸਪਤਾਲ ‘ਤੇ ਹਮਲੇ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਹਮਲੇ ‘ਚ ਕਾਬੁਲ ਅਤੇ ਪੂਰਬੀ ਅਫ਼ਗਾਨ ਪ੍ਰਾਂਤ ਨੰਗਰਹਾਰ ‘ਚ ਫੌਜੀ ਟਿਕਾਣਿਆਂ ਅਤੇ ‘ਅੱਤਵਾਦੀ ਟਿਕਾਣਿਆਂ’ ਨੂੰ ਨਿਸ਼ਾਨਾ ਬਣਾਇਆ ਗਿਆ ।

ਹਸਪਤਾਲ ਨੇੜੇ ਕੋਈ ਫੌਜੀ ਢਾਂਚੇ ਨਹੀਂ ਹਨ: ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਦੇ ਕਾਬੁਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ’ਤੇ ਹਵਾਈ ਹਮਲਾ ਹੋਇਆ

ਅਫ਼ਗਾਨਿਸਤਾਨ ਤਾਲਿਬਾਨ ਸਰਕਾਰ ਦੇ ਉਪ-ਬੁਲਾਰੇ ਹਮਦੁੱਲਾਹ ਫਿਤਰਤ ਨੇ ਐਕਸ ‘ਤੇ ਜਾਣਕਾਰੀ ਦਿੰਦਿਆਂ ਲਿਖਿਆ, “ਪਾਕਿਸਤਾਨੀ ਫੌਜ ਨੇ ਅੱਜ ਸ਼ਾਮ (ਸੋਮਵਾਰ) ਕਰੀਬ 9 ਵਜੇ ਓਮਿਦ ਨਸ਼ਾ ਮੁਕਤੀ ਹਸਪਤਾਲ ‘ਤੇ ਹਵਾਈ ਹਮਲਾ ਕੀਤਾ। ਇਹ 2000 ਬੈੱਡ ਦਾ ਹਸਪਤਾਲ ਹੈ ਜਿੱਥੇ ਨਸ਼ੇ ਨਾਲ ਜੂਝ ਰਹੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।”

ਉਨ੍ਹਾਂ ਨੇ ਅੱਗੇ ਲਿਖਿਆ, “ਹਮਲੇ ‘ਚ ਹਸਪਤਾਲ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ ਅਤੇ ਵੱਡੀ ਗਿਣਤੀ ‘ਚ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹੁਣ ਤੱਕ ਕਰੀਬ 400 ਲੋਕਾਂ ਦੀ ਮੌਤ ਅਤੇ ਕਰੀਬ 250 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਰਾਹਤ ਦਲ ਮੌਕੇ ‘ਤੇ ਮੌਜੂਦ ਹਨ। ਉਹ ਅੱਗ ‘ਤੇ ਕਾਬੂ ਪਾਉਣ ਅਤੇ ਮਲਬੇ ਚੋਂ ਲਾਸ਼ਾਂ ਕੱਢਣ ਦਾ ਕੰਮ ਕਰ ਰਹੇ ਹਨ।”

ਅਫ਼ਗਾਨਿਸਤਾਨ ਦੀ ਕੌਮੀ ਸੁਲ੍ਹਾ ਪਰਿਸ਼ਦ ਦੇ ਸਾਬਕਾ ਮੁਖੀ ਅਬਦੁੱਲਾ ਨੇ ਫੇਸਬੁੱਕ ‘ਤੇ ਇੱਕ ਪੋਸਟ ‘ਚ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਲਿਖਿਆ, “ਮੈਂ ਅਫ਼ਗਾਨਿਸਤਾਨ ਦੀ ਧਰਤੀ ‘ਤੇ ਪਾਕਿਸਤਾਨ ਦੇ ਹਾਲੀਆ ਹਵਾਈ ਹਮਲਿਆਂ ਦੀ ਸਖਤ ਨਿੰਦਾ ਕਰਦਾ ਹਾਂ, ਜਿਨ੍ਹਾਂ ‘ਚ ਆਮ ਨਾਗਰਿਕਾਂ ਦੀ ਵੀ ਜਾਨ ਗਈ ਹੈ। ਇਹ ਹਮਲੇ, ਜੋ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧਾਂ ਦੇ ਸਿਧਾਂਤਾਂ ਦੇ ਬਿਲਕੁੱਲ ਖਿਲਾਫ਼, ਕੌਮਾਂਤਰੀ ਕਾਨੂੰਨ ਦਾ ਸਪੱਸ਼ਟ ਉਲੰਘਣ ਅਤੇ ਕਿਸੇ ਵੀ ਤਰੀਕੇ ਸਹੀ ਨਹੀਂ ਹਨ।”

ਘਟਨਾ ਵਾਲੀ ਥਾਂ ‘ਤੇ ਬੀਬੀਸੀ ਟੀਮ ਨੇ ਕੀ ਦੇਖਿਆ ?

ਹਸਪਤਾਲ

ਤਸਵੀਰ ਸਰੋਤ, AFP via Getty Images

ਬੀਬੀਸੀ ਦੀ ਟੀਮ ਨੇ ਹਸਪਤਾਲ ਦਾ ਦੌਰਾ ਕੀਤਾ, ਜਿਸ ਦੇ ਕੁਝ ਹਿੱਸੇ ‘ਚ ਅਜੇ ਵੀ ਅੱਗ ਲੱਗੀ ਹੋਈ ਸੀ। ਰਿਪੋਰਟ ਮੁਤਾਬਕ 30 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਸਟ੍ਰੈਚਰਾਂ ‘ਤੇ ਲਿਜਾਂਦੇ ਦੇਖਿਆ ਗਿਆ।

ਹਸਪਤਾਲ ਅਧਿਕਾਰੀਆਂ ਮੁਤਾਬਕ ਇੱਥੇ ਲਗਭਗ 2,000 ਲੋਕਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ।

ਅਫ਼ਗਾਨ ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫ਼ਤ ਜ਼ਮਾਨ ਅਮਰਖੇਲ ਨੇ ਬੀਬੀਸੀ ਨੂੰ ਦੱਸਿਆ ਕਿ ਹਸਪਤਾਲ ਦੇ ਨੇੜੇ ਕੋਈ ਫੌਜੀ ਢਾਂਚੇ ਨਹੀਂ ਹਨ।

ਰਿਹਾਇਸ਼ੀਆਂ ਨੇ ਦੱਸਿਆ ਕਿ ਕਾਬੁਲ ਵਿੱਚ ਸਥਾਨਕ ਸਮੇਂ ਅਨੁਸਾਰ ਕਰੀਬ 8:50 ਵਜੇ (16:20 GMT) ਉੱਚੀ ਆਵਾਜ਼ ਵਾਲੇ ਧਮਾਕੇ ਸੁਣੇ ਗਏ, ਜਿਸ ਤੋਂ ਬਾਅਦ ਜਹਾਜ਼ਾਂ ਅਤੇ ਹਵਾਈ ਰੱਖਿਆ ਪ੍ਰਣਾਲੀ ਦੀਆਂ ਆਵਾਜ਼ਾਂ ਆਈਆਂ।

ਹਸਪਤਾਲ ਵਿੱਚ ਇਲਾਜ ਕਰਵਾ ਰਹੇ ਲੋਕਾਂ ਦੇ ਪਰਿਵਾਰਕ ਮੈਂਬਰ ਬਾਹਰ ਇਕੱਠੇ ਹੋਏ ਸਨ ਅਤੇ ਆਪਣਿਆਂ ਬਾਰੇ ਜਾਣਕਾਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ‘ਚ ਜੁਟੇ ਸਨ।

ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਜਾਰੀ ਸੰਘਰਸ਼ ਪਿਛਲੇ ਮਹੀਨੇ ਉਦੋਂ ਹੋਰ ਤਿੱਖਾ ਹੋਇਆ ਜਦੋਂ ਪਾਕਿਸਤਾਨ ਨੇ ਅਫ਼ਗਾਨਿਸਤਾਨ ‘ਤੇ ਦਹਿਸ਼ਤਗਰਦੀ ਸੰਗਠਨਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਲਾਏ। ਹਾਲਾਂਕਿ ਤਾਲਿਬਾਨ ਸਰਕਾਰ ਵੱਲੋਂ ਇਹ ਇਲਜ਼ਾਮ ਨਕਾਰੇ ਗਏ ਹਨ।

ਕ੍ਰਿਕਟਰ ਰਾਸ਼ਿਦ ਖਾਨ: ‘ਇਹ ਜੰਗੀ ਅਪਰਾਧ ਹੈ’

ਅਫ਼ਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਨੇ ਐਕਸ ‘ਤੇ ਇਸ ਘਟਨਾ ਨੂੰ ਲੈਕੇ ਦੁੱਖ ਜ਼ਾਹਿਰ ਕੀਤਾ ਹੈ।

ਰਾਸ਼ਿਦ ਖਾਨ ਨੇ ਲਿਖਿਆ, “ਕਾਬੁਲ ‘ਚ ਪਾਕਿਸਤਾਨੀ ਹਵਾਈ ਹਮਲਿਆਂ ਦੇ ਕਾਰਨ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਬੇਹੱਦ ਦੁਖਦਾਈ ਹਨ। ਰਿਹਾਇਸ਼ੀ ਇਲਾਕਿਆਂ, ਵਿੱਦਿਅਕ ਅਦਾਰਿਆਂ ਜਾਂ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣਾ, ਭਾਵੇਂ ਜਾਣ ਬੁੱਝ ਕੇ ਜਾਂ ਗਲਤੀ ਨਾਲ, ਜੰਗੀ ਅਪਰਾਧ ਹੈ।”

ਉਨ੍ਹਾਂ ਨੇ ਲਿਖਿਆ, “ਇਨਸਾਨੀ ਜਾਨ ਦੀ ਅਜਿਹੀ ਅਣਦੇਖੀ, ਖਾਸ ਤੌਰ ‘ਤੇ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਬੇਹੱਦ ਚਿੰਤਾਜਨਕ ਹੈ ਅਤੇ ਇਸ ਨਾਲ ਨਫ਼ਰਤ ਅਤੇ ਵੰਡ ਵਧੇਗੀ। ਮੈਂ ਸੰਯੁਕਤ ਰਾਸ਼ਟਰ ਅਤੇ ਹੋਰਨਾਂ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਤਾਜ਼ਾ ਜ਼ੁਲਮ ਦੀ ਪੂਰੀ ਜਾਂਚ ਕਰਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕਰਦਾ ਹਾਂ।”

ਉਨ੍ਹਾਂ ਨੇ ਕਿਹਾ, “ਇਸ ਮੁਸ਼ਕਿਲ ਸਮੇਂ ‘ਚ ਅਫ਼ਗਾਨ ਦੇ ਲੋਕਾਂ ਨਾਲ ਖੜ੍ਹਾ ਹਾਂ। ਅਫ਼ਗਾਨਿਸਤਾਨ ਇਸ ਸੰਕਟ ਤੋਂ ਉਭਰੇਗਾ ਅਤੇ ਫਿਰ ਖੜ੍ਹਾ ਹੋਵੇਗਾ, ਇੰਸ਼ਾ ਅੱਲਾਹ।”

ਤਾਲਿਬਾਨ ਆਗੂ ਨੇ ਸੰਘਰਸ਼ ‘ਤੇ ਸਾਧੀ ਚੁੱਪੀ

ਤਾਲਿਬਾਨ ਦੇ ਸਰਵਉੱਚ ਆਗੂ ਹਿਬਤੁੱਲਾਹ ਅਖੁੰਦਜ਼ਾਦਾ ਨੇ ਤਣਾਅ ਉੱਤੇ ਸਾਧੀ ਚੁੱਪੀ

ਤਸਵੀਰ ਸਰੋਤ, AFP via Getty Images

ਬੀਬੀਸੀ ਪਸ਼ਤੋ ਮੁਤਾਬਕ, ਸੋਮਵਾਰ ਨੂੰ ਤਾਲਿਬਾਨ ਦੇ ਸਰਵਉੱਚ ਆਗੂ ਹਿਬਤੁੱਲਾਹ ਅਖੁੰਦਜ਼ਾਦਾ ਨੇ ਈਦ ਉਲ ਫਿਤਰ ਲਈ ਇੱਕ ਜਨਤਕ ਸੁਨੇਹਾ ਜਾਰੀ ਕੀਤਾ ਪਰ ਉਨ੍ਹਾਂ ਨੇ ਪਾਕਿਸਤਾਨ ਦੇ ਚੱਲ ਰਹੇ ਮੌਜੂਦਾ ਤਣਾਅ ਦਾ ਜ਼ਿਕਰ ਨਹੀਂ ਕੀਤਾ।

ਉਨ੍ਹਾਂ ਕਿਹਾ, “ਅਸੀਂ ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਾਨਤਾਵਾਂ ਅਤੇ ਕਦਰਾਂ-ਕੀਮਤਾਂ ਦਾ ਸਨਮਾਨ ਕਰਨ ਅਤੇ ਸਾਡੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਨਾ ਕਰਨ। ਇਸਲਾਮਿਕ ਅਮੀਰਾਤ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਮੁਸਲਮਾਨਾਂ ਖਿਲਾਫ ਹੋਣ ਵਾਲੇ ਜ਼ੁਲਮ ਅਤੇ ਉਨ੍ਹਾਂ ਦੇ ਅਧਿਕਾਰਾਂ ਦੇ ਉਲੰਘਣ ਨੂੰ ਅਨਿਆਂ ਮੰਨਦਾ ਹੈ ਅਤੇ ਇਸਦੀ ਸਖਤ ਨਿਖੇਧੀ ਕਰਦਾ ਹੈ।”

ਇਸ ਤੋਂ ਪਹਿਲਾਂ ਦੇ ਸੁਨੇਹੇ ‘ਚ ਉਨ੍ਹਾਂ ਕਿਹਾ ਸੀ, “ਇਸਲਾਮਿਕ ਸ਼ਰੀਆ ਦੀ ਰੱਖਿਆ ਕਰੋ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰੋ, ਇਸਲਾਮਿਕ ਸਿਸਟਮ ਦੀ ਸਥਿਰਤਾ ਲਈ ਮਿਹਨਤ ਕਰੋ ਅਤੇ ਕਿਸੇ ਵੀ ਅਸਹਿਮਤੀ ਤੋਂ ਬਚੋ।”

ਜੰਗਬੰਦੀ ਦੇ ਬਾਵਜੂਦ ਸੰਘਰਸ਼ ਜਾਰੀ

ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਅਸਿਸਟੈਂਸ ਮਿਸ਼ਨ ਮੁਤਾਬਿਕ, 26 ਫਰਵਰੀ ਤੋਂ ਹੁਣ ਤੱਕ ਦੋਹਾਂ ਮੁਲਕਾਂ ਵਿਚਾਲੇ ਜਾਰੀ ਸੰਘਰਸ਼ ‘ਚ ਅਫ਼ਗਾਨਿਸਤਾਨ ‘ਚ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 193 ਲੋਕ ਜ਼ਖਮੀ ਹੋਏ ਹਨ।

ਅਫ਼ਗਾਨਿਸਤਾਨ ਵਿੱਚ ਅਮਰੀਕੀ ਜੰਗ ਦੌਰਾਨ ਪੱਛਮੀ ਦੇਸ਼ਾਂ ਦੀ ਮਦਦ ਕਰਨ ਕਰਕੇ ਤਾਲਿਬਾਨ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਰਿਹਾ ਹੈ।

ਪਰ ਪਿਛਲੇ ਸਾਲ ਅਪ੍ਰੈਲ ‘ਚ ਜਦੋਂ ਪਾਕਿਸਤਾਨ ਨੇ ਆਪਣੇ ਦੇਸ਼ ਵਿੱਚ ਰਹਿ ਰਹੇ ਅਫ਼ਗਾਨ ਪ੍ਰਵਾਸੀਆਂ ਨੂੰ ਬਾਹਰ ਕਰਨ ਦਾ ਹੁਕਮ ਦਿੱਤਾ ਤਾਂ ਇਹ ਤਣਾਅ ਹੋਰ ਵੱਧ ਗਿਆ।

ਪਾਕਿਸਤਾਨ ਨੇ ਕਿਹਾ ਸੀ ਕਿ ਜੋ ਅਫ਼ਗਾਨ ਗੈਰ-ਕਾਨੂੰਨੀ ਦਸਤਾਵੇਜ਼ਾਂ ਦੇ ਆਧਾਰ ‘ਤੇ ਰਹਿ ਰਹੇ ਹਨ, ਉਨ੍ਹਾਂ ਨੂੰ ਦੇਸ਼ ਚੋਂ ਜ਼ਬਰਨ ਬਾਹਰ ਕੱਢਣ ਦਾ ਅਭਿਆਨ ਤੇਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਲੱਖਾਂ ਅਫ਼ਗਾਨ ਸ਼ਰਨਾਰਥੀ ਵਾਪਸ ਭੇਜੇ ਗਏ।

ਦਰਅਸਲ ਅਫ਼ਗਾਨਿਸਤਾਨ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪਾਕਿਸਤਾਨ ਸਰਕਾਰ ਖਿਲਾਫ ਵਿਦਰੋਹੀ ਧੜਾ ਲਗਾਤਾਰ ਸੁਰੱਖਿਆ ਬਲਾਂ ‘ਤੇ ਹਮਲਾ ਕਰਦਾ ਰਿਹਾ ਹੈ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਇਨ੍ਹਾਂ ਹਮਲਾਵਰਾਂ ਨੂੰ ਅਫ਼ਗਾਨਿਸਤਾਨ ‘ਚ ਪਨਾਹ ਮਿਲਦੀ ਹੈ।

ਬੀਬੀਸੀ ਪਸ਼ਤੋ ਦੇ ਦਾਊਦ ਅਜ਼ਮੀ ਕਹਿੰਦੇ ਹਨ ਕਿ ਅਫ਼ਗਾਨਿਸਤਾਨ ‘ਤੇ ਪਾਕਿਸਤਾਨ ਦੇ ਹਮਲੇ ਕੋਈ ਨਵੀਂ ਗੱਲ ਨਹੀਂ ਹਨ। ਪਾਕਿਸਤਾਨ ਨੇ ਅਪ੍ਰੈਲ 2022 ‘ਚ ਪਹਿਲਾ ਹਵਾਈ ਹਮਲਾ ਕੀਤਾ ਸੀ ਅਤੇ ਉਸ ਤੋਂ ਬਾਅਦ ਹਰ ਸਾਲ ਦੋ, ਤਿੰਨ ਜਾਂ ਉਸ ਤੋਂ ਵੱਧ ਹਮਲੇ ਹੁੰਦੇ ਰਹੇ ਹਨ।”

ਪਿਛਲੇ ਸਾਲ ਅਕਤੂਬਰ ‘ਚ ਕਾਬੁਲ ‘ਚ ਪਾਕਿਸਤਾਨ ਨੇ ਹਮਲਾ ਕੀਤਾ ਸੀ, ਜਿਸ ਲਈ ਅਫ਼ਗਾਨਿਸਤਾਨ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਸੀ।

ਉਸੇ ਮਹੀਨੇ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁੱਤਕੀ ਜਦੋਂ ਭਾਰਤ ਦੇ ਦੌਰੇ ‘ਤੇ ਸਨ ਤਾਂ ਸਰਹੱਦ ‘ਤੇ ਝੜਪਾਂ ਦੀਆਂ ਖ਼ਬਰਾਂ ਵੀ ਆਈਆਂ ਸਨ।

ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਨੇ “ਬਿਨਾਂ ਕਿਸੇ ਉਕਸਾਵੇ” ਦੇ ਗੋਲਾਬਾਰੀ ਕੀਤੀ ਅਤੇ ਸਰਹੱਦ ‘ਤੇ ਛੇ ਤੋਂ ਵੱਧ ਥਾਂਵਾਂ ‘ਤੇ ਫਾਇਰਿੰਗ ਹੋਈ।

ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਉਸਦੇ ਫੌਜੀ ਬਲਾਂ ਨੇ “ਜਵਾਬੀ ਕਾਰਵਾਈ” ਕੀਤੀ ਹੈ। ਵੱਧਦੇ ਤਣਾਅ ਵਿਚਾਲੇ ਇਲਾਕੇ ‘ਚ ਅਸਥਿਰਤਾ ਦਾ ਖ਼ਤਰਾ ਪੈਦਾ ਹੋ ਗਿਆ ਸੀ। ਸਾਊਦੀ ਅਰਬ ਅਤੇ ਖਾੜੀ ਦੇ ਹੋਰਨਾਂ ਮੁਲਕਾਂ ਦੀ ਵਿਚੋਲਗੀ ਨੇ ਮਦਦ ਕੀਤੀ ਸੀ।

ਇਸ ਵਿਚਾਲੇ 15 ਅਕਤੂਬਰ 2025 ਨੂੰ ਖ਼ਬਰ ਆਈ ਕਿ ਕੰਧਾਰ ਪ੍ਰਾਂਤ ਦੇ ਸਪਿਨ ਬੋਲਡਕ ਜ਼ਿਲ੍ਹੇ ਵਿੱਚ ਪਾਕਿਸਤਾਨੀ ਫੌਜੀਆਂ ਅਤੇ ਤਾਲਿਬਾਨ ਸਰਕਾਰੀ ਬਲਾਂ ਵਿਚਕਾਰ ਝੜਪਾਂ ਹੋਈਆਂ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਦੇ 12 ਆਮ ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋਏ।

ਅਫ਼ਗਾਨ ਸਰਕਾਰ ਦਾ ਕਹਿਣਾ ਸੀ ਕਿ ਇਸ ਝੜਪ ‘ਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ ਸਨ ਅਤੇ ਕਈ ਫੌਜੀ ਟਿਕਾਣੇ ਤਬਾਹ ਹੋ ਗਏ ਸਨ, ਨਾਲ ਹੀ ਉਨ੍ਹਾਂ ਦੇ ਹਥਿਆਰ ਅਤੇ ਟੈਂਕ ਵੀ ਜ਼ਬਤ ਕਰ ਲਏ ਗਏ।

ਇਨ੍ਹਾਂ ਝੜਪਾਂ ‘ਚ ਦਰਜਨਾਂ ਪਾਕਿਸਤਾਨੀ ਫੌਜੀਆਂ ਅਤੇ ਤਾਲਿਬਾਨ ਦੇ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਗਈ ਸੀ।

ਕਈ ਦਿਨਾਂ ਦੇ ਤਿੱਖੇ ਸੰਘਰਸ਼ ਤੋਂ ਬਾਅਦ ਕਤਰ ਦੀ ਵਿਚੋਲਗੀ ਜ਼ਰੀਏ 19 ਅਕਤੂਬਰ ਨੂੰ ਦੋਹਾ ‘ਚ ਦੋਵੇਂ ਧਿਰਾਂ ਜੰਗਬੰਦੀ ਅਤੇ ਗੱਲਬਾਤ ਅੱਗੇ ਜਾਰੀ ਰੱਖਣ ਲਈ ਸਹਿਮਤ ਹੋ ਗਈਆਂ ਸਨ।

ਇਸ ਨਾਜ਼ੁਕ ਜੰਗਬੰਦੀ ‘ਤੇ ਸਹਿਮਤੀ ਦੇ ਬਾਵਜੂਦ ਪਿਛਲੇ ਕਈ ਮਹੀਨਿਆਂ ਤੋਂ ਦੋਵੇਂ ਧਿਰਾਂ ਵਿਚਾਲੇ ਝੜਪਾਂ ਜਾਰੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI