Source :- BBC PUNJABI
ਤਸਵੀਰ ਸਰੋਤ, Getty Images
ਕੂਵੇਡ ਸਿੰਡ੍ਰੋਮ, ਇੱਕ ਅਜਿਹਾ ਸਿੰਡ੍ਰੋਮ ਹੈ ਜੋ ਅੱਧੇ ਤੋਂ ਵੱਧ ਗਰਭਵਤੀ ਜੋੜਿਆਂ ‘ਚ ਦੇਖਣ ਨੂੰ ਮਿਲਦਾ ਹੈ।
ਆਪਣੇ ਸਾਥੀ ਦੇ ਗਰਭਵਤੀ ਹੋਣ ‘ਤੇ ਦੂਜਾ ਸਾਥੀ ਕਿਵੇਂ ਮਹਿਸੂਸ ਕਰਦਾ ਹੈ, ਇਸ ਬਾਰੇ ਵਿਗਿਆਨੀਆਂ ਦੀ ਸੋਚ ਨੂੰ ਇਹ ਸਿੰਡ੍ਰੋਮ ਬਦਲ ਰਿਹਾ ਹੈ।
ਇਸ ਦੇ ਲੱਛਣ ਅਚਾਨਕ ਸਾਹਮਣੇ ਆ ਸਕਦੇ ਹਨ। ਉਲਟੀ ਵਾਂਗ ਮਹਿਸੂਸ ਹੋਣਾ, ਬੇਹੱਦ ਥਕਾਵਟ, ਬਾਂਹਾਂ ਦਾ ਸੁੰਨ ਹੋਣਾ, ਛਾਤੀ ਅਤੇ ਬਾਂਹਾਂ ਨੂੰ ਅਸਹਿਜ ਮਹਿਸੂਸ ਹੋਣਾ ਜਾਂ ਚੰਗਾ ਜਿਹਾ ਮਹਿਸੂਸ ਨਾ ਹੋਣਾ।
ਇਹ ਉਨ੍ਹਾਂ ਲੱਛਣਾਂ ਦੀ ਸੂਚੀ ਹੈ ਜੋ ਆਮ ਤੌਰ ‘ਤੇ ਗਰਭਵਤੀ ਔਰਤਾੰ ‘ਚ ਦੇਖੇ ਜਾਂਦੇ ਹਨ। ਪਰ ਇਹ ਲੱਛਣ ਪਿਤਾ ਬਣਨ ਵਾਲੇ ਮਰਦਾਂ ਜਾਂ ਗੈਰ-ਗਰਭਵਤੀ ਸਾਥੀਆਂ ‘ਚ ਵੀ ਦੇਖਣ ਨੂੰ ਮਿਲਦੇ ਹਨ, ਬਾਵਜੂਦ ਇਸਦੇ ਕਿ ਉਨ੍ਹਾਂ ਨੇ ਗਰਭ ਧਾਰਨ ਨਹੀਂ ਕੀਤਾ ਹੋਇਆ। ਇਸਦੇ ਪਿੱਛੇ ਦੀ ਮੁੱਖ ਵਜ੍ਹਾ ਹੈ- ਕੂਵੇਡ ਸਿੰਡ੍ਰੋਮ, ਜਿਸ ਬਾਰੇ ਲੋਕ ਬਹੁਤ ਘੱਟ ਜਾਣਕਾਰੀ ਰੱਖਦੇ ਹਨ।
ਤਸਵੀਰ ਸਰੋਤ, Getty Images
ਅਮਰੀਕਾ ਦੇ ਓਹਾਇਓ ਸਥਿਤ ਕਲੀਵਲੈਂਡ ਕਲੀਨਿਕ ਦੇ ਗਾਇਨੋਕੋਲੋਜਿਸਟ ਅਤੇ ਪ੍ਰਸੂਤੀ ਮਾਹਰ ਕੈਥਰੀਨ ਕੈਪੋਨੀਰੋ ਕਹਿੰਦੇ ਹਨ, “ਇਸ ਨੂੰ ਸਮਝਾਉਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ‘ਸੰਵੇਦਨਾ (ਸਹਾਨੁਭੂਤਿਕ) ਗਰਭਧਾਰਨ’। ਇਸ ਦਾ ਮਤਲਬ ਇਹ ਹੈ ਕਿ ਗੈਰ-ਗਰਭਵਤੀ ਸਾਥੀ ਵੱਲੋਂ ਵੀ ਗਰਭਧਾਰਨ ਵਰਗੇ ਲੱਛਣ ਮਹਿਸੂਸ ਕਰਨਾ, ਬੇਸ਼ੱਕ ਜੈਵਿਕ ਤੌਰ ‘ਤੇ ਉਨ੍ਹਾਂ ਗਰਭ ਧਾਰਨ ਨਹੀਂ ਕੀਤਾ ਹੁੰਦਾ।”
ਲਗਾਤਾਰ ਵੱਧ ਰਿਹਾ ਅਧਿਐਨ ਦਾ ਦਾਇਰਾ ਇਹ ਸੁਝਾਉਂਦਾ ਹੈ ਕਿ ਜਿੰਨਾ ਪਹਿਲਾਂ ਸੋਚਿਆ ਗਿਆ ਸੀ, ਉਸਦੇ ਉਲਟ ਇਹ ਸਿੰਡ੍ਰੋਮ ਕਾਫੀ ਫੈਲਿਆ ਹੋਇਆ ਹੈ। ਇਸ ਅਜੀਬੋ-ਗਰੀਬ ਸਿੰਡ੍ਰੋਮ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਵਿਗਿਆਨੀ ਇਹ ਸੋਚਣ ਨੂੰ ਮਜਬੂਰ ਹੋ ਗਏ ਹਨ ਕਿ ਗਰਭ ਧਾਰਨ ਦਾ ਦੋਵੇਂ ਸਾਥੀਆਂ ‘ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ, ਇਸ ਨੂੰ ਮੁੜ ਵਿਚਾਰਨ ਦੀ ਲੋੜ ਹੈ।
ਵਿਆਪਕ ਪਰ ਵਰਗੀਕ੍ਰਿਤ ਨਹੀਂ
ਤਸਵੀਰ ਸਰੋਤ, Getty Images
ਕੈਪੋਨੀਰੋ ਦੇ ਮੁਤਾਬਕ, ਕੂਵੇਡ ਸਿੰਡ੍ਰੋਮ ਪਿਤਾ ਬਣਨ ਵਾਲੇ ਪੁਰਸ਼ਾਂ, ਸਮਲਿੰਗੀ ਸਾਥੀਆਂ ਅਤੇ ਇੱਥੋਂ ਤੱਕ ਕਿ ਦਾਦੀ ਬਣਨ ਵਾਲੀਆਂ ਔਰਤਾਂ, ਜੋ ਗਰਭਵਤੀ ਦੇ ਨਾਲ ਰਹਿੰਦੀਆਂ ਹਨ, ਉਨ੍ਹਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਲੱਛਣਾਂ ‘ਚ ਉਲਟੀ ਤੋਂ ਲੈ ਕੇ ਥਕਾਵਟ, ਪਿੱਠ ਦਰਦ ਤੋਂ ਲੈਕੇ ਦੰਦਾਂ ਦਾ ਦਰਦ, ਮੂਡ ਸਵਿੰਗ ਤੋਂ ਲੈਕੇ ਫੂਡ ਕ੍ਰੇਵਿੰਗ ਅਤੇ ਵਜ਼ਨ ਵੱਧਣਾ ਤੱਕ ਸ਼ਾਮਿਲ ਹੈ।
ਇਹ ਲੱਛਣ ਬਿਲਕੁਲ ਅਜਿਹੇ ਹਨ ਜੋ ਗਰਭ ਧਾਰਨ ਵੇਲੇ ਹੁੰਦੇ ਹਨ ਜੋ ਪਹਿਲੀ ਅਤੇ ਤੀਜੀ ਤਿਮਾਹੀ ਦੌਰਾਨ ਚਰਮ ‘ਤੇ ਹੁੰਦੇ ਹਨ ਅਤੇ ਬੱਚੇ ਪੈਦਾ ਹੋਣ ਤੋਂ ਬਾਅਦ ਖਤਮ ਹੋ ਜਾਂਦੇ ਹਨ।
ਕਿਉਂਕਿ ਕੂਵੇਡ ਕਈ ਤਰੀਕਿਆਂ ਨਾਲ ਸਾਹਮਣੇ ਆ ਸਕਦਾ ਹੈ ਅਤੇ ਇਸਦੀ ਪਰਿਭਾਸ਼ਾ ਵੀ ਸਪੱਸ਼ਟ ਨਹੀਂ ਹੈ, ਇਸ ਲਈ ਇਸਦੀ ਪ੍ਰਸਾਰ ਦਰ ਦੇ ਅੰਦਾਜ਼ੇ ਕਾਫ਼ੀ ਵੱਖ-ਵੱਖ ਹਨ।
ਉਦਾਹਰਣ ਵਜੋਂ, ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਅਮਰੀਕਾ ਦੇ ਲਗਭਗ 52% ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਗਰਭ ਅਵਸਥਾ ਦੌਰਾਨ ਇਸ ਸਿੰਡ੍ਰੋਮ ਨਾਲ ਜੁੜੇ ਕੁਝ ਲੱਛਣ ਮਹਿਸੂਸ ਕੀਤੇ ਸਨ।
ਇਸੇ ਤਰ੍ਹਾਂ ਜੋਰਡਨ ਦੇ 59 ਫੀਸਦ ਅਤੇ ਥਾਈਲੈਂਡ ਦੇ 61 ਫੀਸਦ ਪੁਰਸ਼ਾਂ ਨੇ ਵੀ ਅਜਿਹਾ ਹੀ ਮਹਿਸੂਸ ਕੀਤਾ। ਹੋਰਨਾਂ ਅਧਿਐਨਾਂ ਮੁਤਾਬਕ ਪੋਲੈਂਡ ਅਤੇ ਚੀਨ ‘ਚ ਇਹ ਅੰਕੜਾ ਹੋਰ ਵੀ ਵੱਧ ਸੀ, ਜਿੱਥੇ 10 ‘ਚੋਂ 7 ਪੁਰਸ਼ਾਂ ਨੇ ਮੰਨਿਆ ਕਿ ਉਨ੍ਹਾਂ ਦੇ ਕੂਵੇਡ ਸਿੰਡ੍ਰੋਮ ਦੇ ਲੱਛਣ ਮਹਿਸੂਸ ਕੀਤੇ। ਇੱਕ ਹੋਰ ਅਧਿਐਨ ਮੁਤਾਬਕ ਸਵੀਡਨ (20 ਫੀਸਦ) ਅਤੇ ਰੂਸ (35 ਫੀਸਦ) ਵਿੱਚ ਇਸ ਸਿੰਡ੍ਰੋਮ ਦਾ ਪਸਾਰ ਘੱਟ ਪਾਇਆ ਗਿਆ।
ਤਸਵੀਰ ਸਰੋਤ, Getty Images
ਅਮਰੀਕਾ ਦੇ ਓਹਾਇਓ ਸਥਿਤ ਯੂਨੀਵਰਸਿਟੀ ਆਫ ਐਕਰੋਨ ਦੇ ਮਨੋਵਿਗਿਆਨ ਵਿਭਾਗ ਦੇ ਰਿਟਾਇਰਡ ਪ੍ਰੋਫੈਸਰ ਰੋਨਾਲਡ ਲੇਵਾਂਟ ਕਹਿੰਦੇ ਹਨ ਕਿ ਬੇਸ਼ੱਕ ਅਧਿਐਨ ਦਰਸਾਉਂਦੇ ਹਨ ਕਿ ਇਹ ਬਹੁਤ ਆਮ ਵਰਤਾਰਾ ਹੈ ਪਰ ਅਜੇ ਵੀ ਕੂਵੇਡ ਸਿੰਡ੍ਰੋਮ ਨੂੰ ਅਧਿਕਾਰਕ ਤੌਰ ‘ਤੇ ਮੈਡੀਕਲ ਡਿਸਆਰਡਰ ਵਜੋਂ ਵਰਗੀਕ੍ਰਿਤ ਨਹੀਂ ਕੀਤਾ ਗਿਆ ਹੈ।
ਨਾ ਤਾਂ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਸੀਜ਼ਜ਼ ਅਤੇ ਨਾ ਹੀ ਅਮਰੀਕਨ ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੂਅਲ ਆਫ ਮੈਂਟਲ ਡਿਸਆਰਡਰਜ਼, ਜੋ ਦੁਨੀਆ ਭਰ ਦੇ ਡਾਕਟਰਾਂ ਵੱਲੋਂ ਮੰਨੇ ਜਾਂਦੇ ਦੋ ਮਹੱਤਵਪੂਰਨ ਮਾਪਦੰਡ ਹਨ, ਵੱਲੋਂ ਕੂਵੇਡ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਹਾਲਾਂਕਿ ਮੈਡੀਕਲ ਨਾਲ ਜੁੜੀਆਂ ਬਹੁਤ ਘੱਟ ਕਿਤਾਬਾਂ ‘ਚ ਇਸ ਦਾ ਜ਼ਿਕਰ ਹੈ।
ਕੈਪੋਨੀਰੋ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਮੈਡੀਕਲ ਸਕੂਲ ‘ਚ ਇਸ ਬਾਰੇ ਸਿਰਫ਼ ਇੱਕ ਵਾਕ ਹੀ ਪੜ੍ਹਿਆ ਸੀ। ਇੱਥੋਂ ਤੱਕ ਕਿ ਸਾਡੇ ਕਲੀਨਿਕਲ ਸਰੋਤਾਂ ‘ਚ ਵੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।”
ਅੱਜ ਵੀ, ਬੇਹੱਦ ਘੱਟ ਅਧਿਐਨ ਕੀਤਾ ਗਿਆ ਇਹ ਸਿੰਡ੍ਰੋਮ ਇੱਕ ਪਹੇਲੀ ਹੈ। ਅਮਰੀਕਾ ਦੇ ਸੈਨ ਡਿਆਗੋ ਸਥਿਤ ਸੈਂਟਰ ਫਾਰ ਮੈਨਜ਼ ਐਕਸੀਲੈਂਸ ਦੇ ਡਾਇਰੈਕਟਰ ਅਤੇ ਮਨੋਵਿਗਿਆਨੀ ਡੇਨੀਅਲ ਸਿੰਗਲੇ ਕਹਿੰਦੇ ਹਨ, “ਇਸਦੇ ਮੈਕੇਨਿਜ਼ਮ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਹੈ। ਸ਼ਾਇਦ ਇਹ ਭਾਵਨਾਤਮਕ ਮੁੱਦਿਆਂ ਨਾਲ ਨਜਿੱਠਣ ਦਾ ਇੱਕ ਤਰੀਕਾ ਹੋਵੇ ਜਾਂ ਇਸਦੇ ਪਿੱਛੇ ਕੋਈ ਨਿਊਰੋਬਾਇਲੋਜੀਕਲ ਕਾਰਨ ਹੋਵੇ, ਪਰ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ।”
ਲੇਵਾਂਟ ਕਹਿੰਦੇ ਹਨ, “ਜ਼ਿਆਦਾਤਰ ਖੋਜਕਾਰ ਇਹ ਮੰਨਦੇ ਹਨ ਕਿ ਕੂਵੇਡ ਸਿੰਡ੍ਰੋਮ ਦੇ ਕਈ ਪੱਖ ਹਨ ਜਿਸ ‘ਚ ਸਰੀਰਕ ਅਤੇ ਮਾਨਸਿਕ ਦੋਵੇਂ ਪੱਖ ਸ਼ਾਮਿਲ ਹੁੰਦੇ ਹਨ।”
‘ਬਰੂਡਿੰਗ’ ਮਰਦ
ਤਸਵੀਰ ਸਰੋਤ, Getty Images
ਕੂਵੇਡ ਸ਼ਬਦ ਫ੍ਰੈਂਚ ਭਾਸ਼ਾ ਦੇ ਕਿਰਿਆ ਸ਼ਬਦ ਕੂਵਰ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ‘ਬਰੂਡ’ ਯਾਨੀ ਅੰਡਿਆਂ ਦੀ ਦੇਖ-ਰੇਖ ਕਰਨਾ। ਇੱਕ ਅੰਗ੍ਰੇਜ਼ ਮਾਨਵ-ਵਿਗਿਆਨੀ, ਐਡਵਰਡ ਬਰਨੇਟ ਟਾਇਲਰ ਨੇ 1865 ‘ਚ ਇਸ ਸ਼ਬਦ ਨੂੰ ਲੋਕਪ੍ਰਿਯ ਬਣਾਇਆ ਜਦੋਂ ਬਾਸਕ ਨੇੜਲੇ ਇਲਾਕਿਆਂ ਦੀ ਯਾਤਰਾ ਕਰਦੇ ਸਮੇਂ ਉਸਨੇ ਇੱਕ ਅਨੋਖਾ ਨਜ਼ਾਰਾ ਦੇਖਿਆ ਕਿ ਗਰੀਬ ਮਰਦ ਆਪਣੇ ਨਵਜੰਮੇ ਬੱਚਿਆਂ ਦੇ ਨਾਲ ਬਿਸਤਰੇ ‘ਤੇ ਪਏ ਹੋਏ ਸਨ।
ਅਮਰੀਕਾ ਦੀ ਯੂਨੀਵਰਸਿਟੀ ਆਫ ਸਾਊਥ ਫਲੋਰਿਡਾ ਦੇ ਮੈਡੀਕਲ ਮਾਨਵ-ਵਿਗਿਆਨੀ ਰਿਚਰਡ ਪੋਵਿਸ ਮੁਤਾਬਕ ਇਸ ਸ਼ਬਦ ਦਾ ਇਸਤੇਮਾਲ ਮਰਦਾਂ ਦਾ ਮਜ਼ਾਕ ਬਣਾਉਣ ਲਈ ਕੀਤਾ ਗਿਆ ਸੀ। ਪੋਵਿਸ ਕਹਿੰਦੇ ਹਨ, “ਇਸਦਾ ਮਤਲਬ ਸੀ ਕਿ ਮਰਦ ਔਰਤਾਂ ਵਾਂਗ ਵਿਹਾਰ ਕਰ ਰਹੇ ਹਨ।”
ਪਰ ਕੂਵੇਡ ਦਾ ਜ਼ਿਕਰ ਕਰੀਬ 50 ਈਸਾ ਪੂਰਵ ਤੋਂ ਪਹਿਲਾਂ ਮਿਲਦਾ ਹੈ ਜਦੋਂ ਕੋਰਸਿਕਾ, ਸਾਈਪ੍ਰਸ ਅਤੇ ਆਇਬੇਰੀਆ ‘ਚ ਪਿਤਾ ਬਣਨ ਵਾਲੇ ਮਰਦ ਬਿਸਤਰੇ ‘ਤੇ ਲੇਟ ਕੇ ਜਨਮ ਦੇਣ ਮੌਕੇ ਹੋਣ ਵਾਲੇ ਦਰਦ ਨੂੰ ਮਹਿਸੂਸ ਕਰਦੇ ਸਨ ਅਤੇ ਕਈ ਵਾਰ ਆਪਣੇ ਸਾਥੀ ਦੇ ਕੱਪੜੇ ਪਹਿਨ ਕੇ ਜਨਮ ਦੇਣ ਦੀ ਕਿਰਿਆ ਦੀ ਨਕਲ ਵੀ ਕਰਦੇ ਸਨ। ਬਾਅਦ ‘ਚ ਮਾਨਵ-ਵਿਗਿਆਨੀਆਂ ਨੇ ਦੇਖਿਆ ਕਿ ਇਹੋ ਜਿਹੀਆਂ ਰਸਮਾਂ ਵੈਸਟ ਇੰਡੀਜ਼, ਦੱਖਣੀ ਅਮਰੀਕਾ ਅਤੇ ਪੂਰਬੀ ਏਸ਼ੀਆ ਵਿੱਚ ਵੀ ਕੀਤੀਆਂ ਜਾਂਦੀਆਂ ਸਨ।
ਟਾਇਲਰ ਨੇ ਦੇਖਿਆ ਕਿ ਕੁਝ ਖਾਸ ਤਰ੍ਹਾਂ ਦੇ ਕਬੀਲਿਆਂ ‘ਚ ਪਿਤਾ ਵੱਲੋਂ ਬੱਚੇ ਨੂੰ ਅਪਨਾਉਣ ਦੀ ਕਾਨੂੰਨੀ ਰਸਮ ਨੂੰ ਕੂਵੇਡ ਵੱਜੋਂ ਜਾਣਿਆ ਜਾਂਦਾ ਸੀ, ਜਿਸਨੂੰ ਲੈ ਕੇ 1889 ‘ਚ ਟਾਇਲਰ ਨੇ ਲਿਖਿਆ ਕਿ ਇਹ ਰਸਮਾਂ ਬੱਚੇ ਨੂੰ ਅਪਨਾਉਣ ਲਈ ਕੀਤੀਆਂ ਜਾਂਦੀਆਂ ਸਨ। ਕਈ ਹੋਰ ਮਾਮਲਿਆਂ ਵਿੱਚ ਇਹ ਵੀ ਮੰਨਿਆ ਜਾਂਦਾ ਸੀ ਕਿ ਇਸ ਜ਼ਰੀਏ ਮਾੜੀਆਂ ਸ਼ਕਤੀਆਂ ਦਾ ਧਿਆਨ ਮਾਂ ਤੋਂ ਹਟਾ ਕੇ ਪਿਤਾ ਵੱਲ ਕੀਤਾ ਜਾਂਦਾ ਸੀ।
ਇਸ ਲਿਹਾਜ਼ ਨਾਲ ਪੋਵਿਸ ਕਹਿੰਦੇ ਹਨ ਕਿ ਉਸ ਸਮੇਂ ਦੇ ਵਿਦਵਾਨ ਜਿਹੜੇ ਕਿ ਆਮ ਤੌਰ ‘ਤੇ ਅਮੀਰ, ਉੱਚ ਵਰਗ ਦੇ, ਵਿਕਟੋਰੀਅਨ ਅਤੇ ਮਰਦ ਸਨ, ਉਹ ਕੂਵੇਡ ਨੂੰ ਇੱਕ ਜਾਣਬੁਝ ਕੇ ਕੀਤੀ ਜਾਣ ਵਾਲੀ ਰਸਮ ਦੇ ਤੌਰ ‘ਤੇ ਦੇਖਦੇ ਸਨ ਜੋ ਕਿ ਪਿਤਾ ਵੱਲੋਂ ਆਪਣੀ ਗਰਭਵਤੀ ਸਾਥੀ ਅਤੇ ਅਣਜੰਮੇ ਬੱਚੇ ਦੀ ਚੰਗੀ ਸਿਹਤ ਲਈ ਨਿਭਾਈਆਂ ਜਾਂਦੀਆਂ ਸਨ।
ਪੋਵਿਸ ਮੁਤਾਬਕ ਜਦੋਂ 20ਵੀਂ ਸਦੀ ਦੇ ਮੱਧ ਅਤੇ ਅਖੀਰਲੇ ਸਮੇਂ ਦੇ ਉਦਯੋਗਿਕ ਪੱਛਮੀ ਸਮਾਜ ‘ਤੇ ਨਜ਼ਰ ਮਾਰੀਏ ਤਾਂ ਕੂਵੇਡ ਨੂੰ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ। ਇੱਕ ‘ਮਨੋਵਿਗਿਆਨਕ ਬਿਮਾਰੀ’ ਜਿਸ ਦੇ ਤਹਿਤ ਬਿਨ੍ਹਾਂ ਇੱਛਾ ਦੇ ਗਰਭਵਤੀ ਵਰਗੇ ਲੱਛਣ ਮਹਿਸੂਸ ਕਰਨਾ, ਜਿਸ ਦੇ ਕਈ ਸਰੀਰਕ ਅਤੇ ਮਨੋਵਿਗਿਆਨਕ ਕਾਰਨ ਹੁੰਦੇ ਹਨ।
ਉਦਾਹਰਣ ਦੇ ਤੌਰ ‘ਤੇ, ਸਿਗਮੰਡ ਫ੍ਰਿਊਡ, ਮਾਨਵ-ਸ਼ਾਸਤਰੀ ਮੈਰੀ ਡੌਗਲਸ ਅਤੇ ਹੋਰਨਾਂ ਵੱਲੋਂ ਕਈ ਮਨੋ-ਵਿਸ਼ਲੇਸ਼ਕ ਸਿਧਾਂਤ ਦਿੱਤੇ ਗਏ ਹਨ। ਪੋਵਿਸ ਦੱਸਦੇ ਹਨ, “ਇੱਕ ਸਿਧਾਂਤ ਮੁਤਾਬਕ ਮਰਦਾਂ ਵੱਲੋਂ ਗਰਭ ਅਵਸਥਾ ਦੇ ਲੱਛਣਾਂ ਦੀ ਨਕਲ ਕਰਨ ਦਾ ਮਕਸਦ ਆਪਣੇ ਸਾਥੀ ਦਾ ਧਿਆਨ ਖਿੱਚਣਾ ਹੁੰਦਾ ਸੀ” ਜਾਂ ਕੂਵੇਡ ਦੇ ਲੱਛਣਾਂ ਨੂੰ ਅਚੇਤਨ ਈਰਖਾ ਨਾਲ ਜੋੜਿਆ ਗਿਆ, ਜਿੱਥੇ ਪਿਤਾ ਬਣਨ ਵਾਲੇ ਪੁਰਸ਼ ਆਪਣੇ ਅਣਜੰਮੇ ਬੱਚੇ ਨੂੰ ਸਾਥੀ ਦਾ ਧਿਆਨ ਖਿੱਚਣ ਲਈ ਇੱਕ ਮੁਕਾਬਲੇ ਵੱਜੋਂ ਦੇਖਦੇ ਸਨ।
ਮਾਂ-ਬਾਪ ਬਣਨ ਨਾਲ ਜੁੜੀਆਂ ਜਟਿਲ ਭਾਵਨਾਵਾਂ
ਤਸਵੀਰ ਸਰੋਤ, Getty Images
ਅੱਜ-ਕੱਲ੍ਹ ਜ਼ਿਆਦਾਤਰ ਮਾਹਰ ਇਹ ਮੰਨਦੇ ਹਨ ਕਿ ਕੂਵੇਡ ਨਾਲ ਇੱਕ ਮਨੋਵਿਗਿਆਨਕ ਪੱਖ ਜੁੜਿਆ ਹੋਇਆ ਹੈ ਅਤੇ ਇਸਦੇ ਲੱਛਣ ਆਮ ਤੌਰ ‘ਤੇ ਮਾਪੇ ਬਣਨ ਵਾਲੇ ਜੋੜੇ ‘ਚ ਇੱਕ ਸਾਥੀ ਨੂੰ ਹੋਣ ਵਾਲੀ ਚਿੰਤਾ ਜਾਂ ਤਣਾਅ ਕਾਰਨ ਪੈਦਾ ਹੁੰਦੇ ਹਨ ਬੇਸ਼ੱਕ ਉਸਨੇ ਗਰਭ ਨਹੀਂ ਧਾਰਿਆ ਹੁੰਦਾ।
ਕੈਲੀਫੋਰਨੀਆ ਦੀ ਇੱਕ ਸੰਸਥਾ ‘ਲਵ, ਡੈੱਡ’ ਦੇ ਸੰਸਥਾਪਕ ਕਲੀਨੀਕਲ ਮਨੋਵਿਗਿਆਨਕ ਕੇਵਿਨ ਗਰੂਐਨਬਰਗ ਕਹਿੰਦੇ ਹਨ, “ਮਾਂ-ਬਾਪ ਬਣਨਾ ਬਾਲਗ ਜੀਵਨ ਦੇ ਸਭ ਤੋਂ ਅਹਿਮ ਪੜਾਵਾਂ ‘ਚੋਂ ਇੱਕ ਹੈ। ਕਈ ਵਾਰ ਇਹ ਬਹੁਤ ਤਣਾਅਪੂਰਨ ਲੱਗ ਸਕਦਾ ਹੈ, ਇਸ ਲਈ ਕੂਵੇਡ ਇਸ ਵੱਡੇ ਬਦਲਾਅ ਨੂੰ ਦਰਸਾਉਣ ਦਾ ਇੱਕ ਤਰੀਕਾ ਹੋ ਸਕਦਾ ਹੈ।”
ਬੱਚੇ ਦੇ ਜਨਮ ਤੋਂ ਬਾਅਦ ਮਾਪਿਆਂ ਸਾਹਮਣੇ ਨਵੀਆਂ ਚੁਣੌਤੀਆਂ ਹੁੰਦੀਆਂ ਹਨ ਜਿਵੇਂ ਨੀਂਦ ਦਾ ਪੂਰਾ ਨਾ ਹੋਣਾ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਨਾਲ ਜੁੜੀਆਂ ਮੁਸ਼ਕਿਲਾਂ। ਸਿੰਗਲੇ ਮੁਤਾਬਕ, “ਇਸ ਵਿੱਚ ਲਿੰਗੀ ਪਹਿਚਾਣ, ਸਰੀਰਕ ਨਜ਼ਦੀਕੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਵੱਖ-ਵੱਖ ਪੱਖ ਵੀ ਸ਼ਾਮਿਲ ਹੁੰਦੇ ਹਨ।”

ਲਗਭਗ 10 ਵਿੱਚੋਂ 1 ਪਿਤਾ ਗਰਭ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਜਦਕਿ 18% ਮਰਦ ਇਸ ਸਮੇਂ ਦੌਰਾਨ ਉੱਚ ਪੱਧਰ ਦੀ ਚਿੰਤਾ ਮਹਿਸੂਸ ਕਰਦੇ ਹਨ ਅਤੇ 7% ਵਿੱਚ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (PTSD) ਦੇ ਲੱਛਣ ਵੀ ਵੇਖੇ ਜਾਂਦੇ ਹਨ। ਅਧਿਐਨ ਦਿਖਾਉਂਦੇ ਹਨ ਕਿ ਜੇ ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਡਿਪ੍ਰੈਸ਼ਨ ਹੋਵੇ ਤਾਂ ਉਸਦੇ ਸਾਥੀ ਨੂੰ ਵੀ ਡਿਪ੍ਰੈਸ਼ਨ ਹੋਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ।
ਮਨੋਵਿਗਿਆਨਕ ਬਦਲਾਅ ਦਾ ਇੱਕ ਹਿੱਸਾ ਫ੍ਰਿਊਡ ਦੇ ਸਿਧਾਂਤਾਂ ਨਾਲ ਵੀ ਮਿਲਦਾ ਜੁਲਦਾ ਹੋ ਸਕਦਾ ਹੈ। ਸਿੰਗਲੇ ਕਹਿੰਦੇ ਹਨ, “ਮੇਰੇ ਕੋਲ ਕਈ ਪਿਤਾ ਆਉਂਦੇ ਹਨ ਜੋ ਨਵਜੰਮੇ ਬੱਚੇ ਨਾਲ ਈਰਖਾ, ਬੱਚਾ ਹੋਣ ਤੋਂ ਪਹਿਲਾਂ ਵਰਗੀ ਜ਼ਿੰਦਗੀ ਨਾ ਜੀਅ ਸਕਣ ਦਾ ਪਛਤਾਵਾ ਜਾਂ ਆਪਣੇ ਸਾਥੀ ਨੂੰ ਸ਼ੇਅਰ ਕਰਨ ਵਰਗੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ।
ਗਰਭਵਤੀ ਸਾਥੀ ਦਾ ਸਹਿਯੋਗ ਦੇਣਾ
ਤਸਵੀਰ ਸਰੋਤ, Getty Images
ਕੁਝ ਮਾਹਰ ਮੰਨਦੇ ਹਨ ਕਿ ਬਾਪ ਬਣਨ ਵਾਲੇ ਮਰਦ ਅਕਸਰ ਗਰਭ ਅਵਸਥਾ ਵਰਗੇ ਲੱਛਣ ਇਸ ਲਈ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੇ ਗਰਭਵਤੀ ਸਾਥੀ ਪ੍ਰਤੀ ਬੇਹੱਦ ਹਮਦਰਦੀ ਹੁੰਦੀ ਹੈ। ਲੇਵਾਂਟ ਕਹਿੰਦੇ ਹਨ, “ਇਹ ਆਪਣੇ ਗਰਭਵਤੀ ਸਾਥੀ ਨਾਲ ਭਾਵਨਾਤਮਕ ਤੌਰ ‘ਤੇ ਡੂੰਘਾ ਜੁੜਾਅ ਅਤੇ ਉਸ ਨਾਲ ਹਮਦਰਦੀ ਰੱਖਣ ਦਾ ਇੱਕ ਤਰੀਕਾ ਹੁੰਦਾ ਹੈ।”
ਅਸਲ ‘ਚ ਇਹ ਸਹਿਯੋਗ ਦੇਣ ਲਈ ਜਾਣਬੁਝ ਕੇ ਚੁੱਕੇ ਕਦਮਾਂ ਨਾਲ ਵੀ ਜੁੜਿਆ ਹੈ। ਜੇਕਰ ਗਰਭਵਤੀ ਸਾਥੀ ਨੂੰ ਅਚਾਨਕ ਮਾਸ ਨੂੰ ਦੇਖਣ ਜਾਂ ਸੁੰਘਣ ਦੀ ਇੱਛਾ ਖਤਮ ਹੋ ਜਾਵੇ ਤਾਂ ਦੂਜਾ ਸਾਥੀ ਉਸ ਨੂੰ ਸਹਿਯੋਗ ਦੇਣ ਲਈ ਸ਼ਾਕਾਹਾਰੀ ਹੋ ਸਕਦਾ ਹੈ। ਜੇਕਰ ਗਰਭਵਤੀ ਸਾਥੀ ਆਰਾਮ ਨੂੰ ਤਵੱਜੋ ਦਿੰਦਿਆਂ ਕਸਰਤ ਕਰਨੀ ਬੰਦ ਕਰ ਦੇਵੇ ਤਾਂ ਹੋ ਸਕਦਾ ਹੈ ਕਿ ਦੂਜਾ ਸਾਥੀ ਵੀ ਉਸਦਾ ਸਾਥ ਨਿਭਾਉਣ ਲਈ ਕਸਰਤ ਛੱਡ ਦੇਵੇ।
ਪੋਵਿਸ ਇਸਦੀ ਤੁਲਨਾ ਇਸ ਗੱਲ ਨਾਲ ਕਰਦੇ ਹਨ ਕਿ ਇਤਿਹਾਸਕ ਤੌਰ ‘ਤੇ ਲੋਕ ਕਿਵੇਂ ਕੂਵੇਡ ਦੀਆਂ ਰਸਮਾਂ ਕਰਦੇ ਸਨ। ਪੋਵਿਸ ਕਹਿੰਦੇ ਹਨ, “ਮੇਰੇ ਲਈ ਕੂਵੇਡ ਦੀ ਪਰਿਭਾਸ਼ਾ ਇਹ ਹੈ ਕਿ ਜਦੋਂ ਕੋਈ ਸ਼ਖਸ ਗਰਭ ਅਵਸਥਾ ਜਾਂ ਜਨਮ ਤੋਂ ਬਾਅਦ ਆਪਣੇ ਗਰਭਵਤੀ ਸਾਥੀ ਦਾ ਸਾਥ ਨਿਭਾਉਣ ਲਈ ਕੁਝ ਕਰਦਾ ਹੈ। ਜਦੋਂ ਅਸੀਂ ਇਸ ਨੂੰ ਇੱਕ ਸਿੰਡ੍ਰੋਮ ਕਹਿੰਦੇ ਹਾਂ ਤਾਂ ਅਸੀਂ ਇਸਨੂੰ ਬਿਮਾਰੀ ਵਜੋਂ ਵੇਖਦੇ ਹਾਂ। ਪਰ ਇਸ ਵਿੱਚ ਕੁਝ ਵੀ ਗਲਤ ਜਾਂ ਅਜੀਬ ਨਹੀਂ ਹੈ। ਇਹ ਸਿਰਫ਼ ਮਨੁੱਖੀ ਸਹਾਨੁਭੂਤੀ ਹੈ।”
“ਅਖੀਰ ਵਿੱਚ, ਅਸੀਂ ਇਸ ਬਾਰੇ ਚਰਚਾ ਕਰ ਰਹੇ ਹਾਂ ਕਿ ਲੋਕ ਇੱਕ-ਦੂਜੇ ਦੀ ਦੇਖਭਾਲ ਕਿਵੇਂ ਕਰਦੇ ਹਨ ਅਤੇ ਜਦੋਂ ਉਹ ਇਹ ਕਰਦੇ ਹਨ ਤਾਂ ਕੀ ਹੁੰਦਾ ਹੈ।”

ਪ੍ਰੈਗਨੈਂਸੀ ਦੌਰਾਨ ਬਦਲਦੇ ਹਾਰਮੋਨ
ਤਸਵੀਰ ਸਰੋਤ, Getty Images
ਫਿਰ ਵੀ, ਸਬੂਤ ਇਹ ਵੀ ਦਰਸਾਉਂਦੇ ਹਨ ਕਿ ਕੂਵੇਡ ਦੇ ਪਿੱਛੇ ਜੈਵਿਕ ਕਾਰਨ ਹੋ ਸਕਦੇ ਹਨ, ਜੋ ਬਾਅਦ ਵਿੱਚ ਮਨੋਵਿਗਿਆਨਕ ਅਤੇ ਜਾਣਬੁਝ ਕੇ ਚੁੱਕੇ ਕਦਮਾਂ ਨੂੰ ਪ੍ਰੇਰਿਤ ਕਰਦੇ ਹਨ। ਇੱਕ ਲੜੀਵਾਰ ਅਧਿਐਨਾਂ ਵਿੱਚ—ਜੋ ਹੁਣ ਤੱਕ ਦੇ ਸਭ ਤੋਂ ਵੱਡੇ ਅਧਿਐਨਾਂ ਵਿੱਚੋਂ ਇੱਕ ਹੈ—ਅਮਰੀਕਾ ਦੀ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਮਨੋਵਿਗਿਆਨੀ ਰੋਬਿਨ ਐਡਲਸਟਾਈਨ ਨੇ ਪਾਇਆ ਕਿ ਪਹਿਲੀ ਵਾਰ ਮਾਪੇ ਬਣਨ ਵਾਲੇ ਜੋੜਿਆਂ (ਸਟ੍ਰੇਟ ਅਤੇ ਸਮਲਿੰਗੀ ਦੋਵੇਂ) ਵਿੱਚ ਗਰਭ ਦੌਰਾਨ ਹਾਰਮੋਨ ਲੈਵਲ ਕਿਵੇਂ ਬਦਲਦੇ ਹਨ।
ਜਿੱਥੇ ਗਰਭਵਤੀ ਔਰਤਾਂ ਵਿੱਚ ਕੋਰਟੀਸੋਲ, ਪ੍ਰੋਜੈਸਟੇਰੋਨ, ਓਐਸਟ੍ਰਾਡਿਓਲ ਅਤੇ ਟੈਸਟੋਸਟੇਰੋਨ ਵਿੱਚ ਵੱਡਾ ਵਾਧਾ ਵੇਖਿਆ ਗਿਆ, ਉੱਥੇ ਮਰਦਾਂ ਵਿੱਚ ਆਖਰੀ ਦੋ ਹਾਰਮੋਨਾਂ ਵਿੱਚ ਕਾਫੀ ਹੱਦ ਤੱਕ ਕਮੀ ਦਰਜ ਕੀਤੀ ਗਈ। ਐਡਲਸਟਾਈਨ ਮੁਤਾਬਕ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਉਹ ਕਹਿੰਦੇ ਹਨ, “ਟੈਸਟੋਸਟੇਰੋਨ ‘ਚ ਕਮੀ ਮਰਦਾਂ ਨੂੰ ਬੱਚੇ ਦੀ ਦੇਖਭਾਲ ਅਤੇ ਪਰਿਵਾਰ ਵਿੱਚ ਨਿਵੇਸ਼ ਕਰਨ ਵੱਲ ਮੋੜਦੀ ਹੈ, ਨਾ ਕਿ ਨਵੇਂ ਸਾਥੀ ਲੱਭਣ ਜਾਂ ਹਿੰਸਕ ਹੋਣ ਵੱਲ ਅਤੇ ਓਐਸਟ੍ਰਾਡਿਓਲ ਦੀ ਕਮੀ ਵੀ ਦੇਖਭਾਲ ਨੂੰ ਆਸਾਨ ਬਣਾ ਸਕਦੀ ਹੈ।”
ਜਦੋਂ ਜਨਮ ਤੋਂ ਤਿੰਨ ਅਤੇ ਛੇ ਮਹੀਨੇ ਬਾਅਦ ਸਰਵੇ ਕੀਤਾ ਗਿਆ ਤਾਂ ਜਿਨ੍ਹਾਂ ਮਰਦਾਂ ‘ਚ ਗਰਭ ਦੌਰਾਨ ਹਾਰਮੋਨ ਦੀ ਵੱਧ ਕਮੀ ਦਰਜ ਕੀਤੀ ਗਈ, ਉਹ ਘਰੇਲੂ ਕੰਮਾਂ ਅਤੇ ਬੱਚੇ ਦੀ ਦੇਖਭਾਲ ਵਿੱਚ ਵੱਧ ਹਿੱਸਾ ਲੈਂਦੇ ਨਜ਼ਰ ਆਏ, ਜਿਸਦੀ ਪੁਸ਼ਟੀ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਕੀਤੀ ਗਈ। ਐਡਲਸਟਾਈਨ ਕਹਿੰਦੇ ਹਨ, “ਹਾਰਮੋਨਲ ਬਦਲਾਅ ਪਹਿਲਾਂ ਹੁੰਦੇ ਜਾਪਦੇ ਹਨ ਜੋ ਬੱਚੇ ਦੇ ਜਨਮ ਤੋਂ ਬਾਅਦ ਬੱਚੇ ਦੀ ਵੱਧ ਦੇਖਭਾਲ ਕਰਨ ਵੱਲ ਸੰਕੇਤ ਕਰਦੇ ਹਨ।”
ਐਡਲਸਟਾਈਨ ਮੁਤਾਬਕ ਇਹੀ ਵਜ੍ਹਾ ਹੈ ਕਿ ਹਾਰਮੋਨਲ ਬਦਲਾਅ ਕੂਵੇਡ ਦੇ ਕੁਝ ਲੱਛਣਾਂ ਨੂੰ ਸਮਝਾ ਸਕਦੇ ਹਨ।
ਉਦਾਹਰਣ ਵਜੋਂ, ਟੈਸਟੋਸਟੇਰੋਨ ਅਤੇ ਓਐਸਟ੍ਰਾਡਿਓਲ ਦੋਹਾਂ ਦੀ ਘਾਟ ਮਰਦਾਂ ਵਿੱਚ ਵਜ਼ਨ ਵੱਧਣ ਨਾਲ ਜੁੜੀ ਹੋਈ ਹੈ, ਜਦਕਿ ਓਐਸਟ੍ਰਾਡਿਓਲ ਦੀ ਕਮੀ ਨੂੰ ਡਿਪ੍ਰੈਸ਼ਨ ਨਾਲ ਵੀ ਜੋੜਿਆ ਗਿਆ ਹੈ। ਹਾਲਾਂਕਿ, ਇਹ ਬਦਲਾਅ ਅਸਲ ਵਿੱਚ ਕਿਉਂ ਅਤੇ ਕਿਵੇਂ ਸ਼ੁਰੂ ਹੁੰਦੇ ਹਨ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।
ਤਸਵੀਰ ਸਰੋਤ, Getty Images
ਇਹ ਗੱਲ ਕਈ ਨਿਊਰੋਲੋਜੀਕਲ ਅਧਿਐਨਾਂ ਨਾਲ ਵੀ ਮੇਲ ਖਾਂਦੀ ਹੈ, ਜੋ ਦਿਖਾਉਂਦੇ ਹਨ ਕਿ ਬੱਚੇ ਦੇ ਜਨਮ ਤੋਂ ਬਾਅਦ ਮਾਪਿਆਂ ਦੇ ਦਿਮਾਗ ਵਿੱਚ ਕਈ ਤਬਦੀਲੀਆਂ ਆਉਂਦੀਆਂ ਹਨ।
ਉਦਾਹਰਣ ਵਜੋਂ, 2024 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਨਮ ਤੋਂ ਬਾਅਦ ਪੁਰਸ਼ਾਂ ‘ਚ ਗ੍ਰੇਅ ਮੈਟਰ (ਦਿਮਾਗੀ ਤਰਲ) ਦਾ ਹਿੱਸਾ ਘੱਟ ਜਾਂਦਾ ਹੈ ਬਿਲਕੁਲ ਮਾਂਵਾਂ ਵਾਂਗ, ਜਿਸਨੂੰ ਸਿਨੈਪਟਿਕ ਪਰੂਨਿੰਗ ਵੀ ਕਹਿੰਦੇ ਹਨ, ਜਿਸਦੇ ਤਹਿਤ ਦਿਮਾਗ ਦਾ ਉਹ ਹਿੱਸਾ ਮਜ਼ਬੂਤ ਹੁੰਦਾ ਹੈ ਜੋ ਬੱਚੇ ਦੇ ਸੰਕੇਤ ਸਮਝਣ, ਜੁੜਾਅ ਮਹਿਸੂਸ ਕਰਨ ਅਤੇ ਦੇਖਭਾਲ ਕਰਨ ਨਾਲ ਸਬੰਧਤ ਹੁੰਦੇ ਹਨ।
ਜਿਨ੍ਹਾਂ ਮਰਦਾਂ ਵਿੱਚ ਇਹ ਕਮੀ ਵੱਧ ਸੀ ਉਹ ਆਪਣੇ ਨਵਜੰਮੇ ਬੱਚਿਆਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਅਤੇ ਵੱਧ ਜੁੜਾਅ ਮਹਿਸੂਸ ਕਰਦੇ ਨਜ਼ਰ ਆਏ ਜੋ ਕਿ ਕਾਮਯਾਬ ਮਾਪੇ ਬਣਨ ਦੀ ਨਿਸ਼ਾਨੀ ਹੈ।
ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿੰਗਲੇ ਇਸ ਆਮ ਧਾਰਨਾ ਨੂੰ ਰੱਦ ਕਰਦੇ ਹਨ ਕਿ ਕੂਵੇਡ ਸਿਰਫ਼ ਗਰਭਵਤੀ ਸਾਥੀ ਦੇ ਲੱਛਣਾਂ ਦੀ ਨਕਲ ਹੈ—ਚਾਹੇ ਉਹ ਚੇਤਨ ਅਵਸਥਾ ‘ਚ ਕੀਤੀ ਗਈ ਹੋਵੇ ਜਾਂ ਅਚੇਤਨ ਅਵਸਥਾ ‘ਚ ਕੀਤੀ ਗਈ ਹੋਵੇ।
ਉਹ ਕਹਿੰਦੇ ਹੈ, “ਇਹ ਮਾਪੇ ਬਣਨ ਦੇ ਤਜਰਬੇ ਨੂੰ ਦੇਖਣ ਦਾ ਕਾਫ਼ੀ ਪੁਰਾਣਾ ਤਰੀਕਾ ਹੈ।” ਉਹ ਕਹਿੰਦੇ ਹਨ, “ਸਾਥੀ ਖੁਦ ਵੀ ਵੱਖ-ਵੱਖ ਮਨੋਵਿਗਿਆਨਕ, ਸਮਾਜਿਕ, ਨਿਊਰੋਲੋਜੀਕਲ, ਹਾਰਮੋਨਲ ਅਤੇ ਆਪਸੀ ਸਬੰਧਾਂ ਨਾਲ ਜੁੜੀਆਂ ਤਬਦੀਲੀਆਂ ਵਿੱਚੋਂ ਲੰਘ ਰਿਹਾ ਹੁੰਦਾ ਹੈ, ਕਿਉਂਕਿ ਉਹ ਆਪਣੀ ਵੱਖਰੀ ਪਛਾਣ ਵਾਲਾ ਵਿਅਕਤੀ ਹੈ।”
ਤਸਵੀਰ ਸਰੋਤ, Getty Images
ਪਿਤਾ ਬਣਨ ਵਾਲੇ ਮਰਦਾਂ ਲਈ ਇਹ ਗੱਲ ਸਵੀਕਾਰ ਕਰਨੀ ਔਖੀ ਹੋ ਸਕਦੀ ਹੈ, ਕਿਉਂਕਿ ਮਰਦਾਂ ਨੂੰ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ, ਇਸ ਨੂੰ ਲੈ ਕੇ ਸਮਾਜ ਵੱਲੋਂ ਕਈ ਉਮੀਦਾਂ ਲਾਈਆਂ ਜਾਂਦੀਆਂ ਹਨ। ਸਿੰਗਲੇ ਕਹਿੰਦੇ ਹਨ, “ਮਰਦ ਸੋਚ ਸਕਦੇ ਹਨ—’ਮੈਂ ਮਰਦ ਹਾਂ, ਮੈਂ ਡਿਪ੍ਰੈਸ਼ਨ ਦਾ ਸ਼ਿਕਾਰ ਨਹੀਂ ਹੋ ਸਕਦਾ, ਇਹ ਕਮਜ਼ੋਰੀ ਹੈ। ਮੈਂ ਪਿਤਾ ਹਾਂ—ਮੈਨੂੰ ਹਮੇਸ਼ਾ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।'”
ਇਸਦੇ ਬਦਲੇ, ਉਹ ਦਲੀਲ ਦਿੰਦੇ ਹਨ ਕਿ ਸਾਨੂੰ ਉਨ੍ਹਾਂ ਲਈ ਇਹ ਗੱਲ ਆਮ ਬਣਾਉਣੀ ਚਾਹੀਦੀ ਹੈ ਕਿ ਉਹ ਕਹਿ ਸਕਣ—”ਮੈਨੂੰ ਮਾਈਗ੍ਰੇਨ ਹੋ ਸਕਦਾ ਹੈ, ਮੈਨੂੰ ਮਾਸਪੇਸ਼ੀਆਂ ਵਿੱਚ ਤਣਾਅ ਹੋ ਸਕਦਾ ਹੈ, ਮੈਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਮੇਰੇ ਉੱਤੇ ਕੋਈ ਭਾਰ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)
source : BBC PUNJABI



