Source :- BBC PUNJABI

- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
-
16 ਮਈ 2025, 10:16 IST
ਅਪਡੇਟ 16 ਮਈ 2025, 11:12 IST
ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਮਿਲਾ ਕੇ ਕੋਈ ਪੌਣੇ ਦੋ ਅਰਬ ਖ਼ਲਕਤ ਵਸਦੀ ਹੈ। ਸਾਡੇ ਕੋਲ ਸ਼ਾਇਰ ਵੀ ਨੇ, ਸਿਆਸਤਦਾਨ ਵੀ, ਸੇਠ ਵੀ, ਫੌਜੀ ਵੀ ਤੇ ਮੇਰੇ ਵਰਗੇ ਵੇਲ੍ਹੇ ਮੌਸਮੀ ਦਫਾਈ ਵਿਸ਼ਲੇਸ਼ਕ ਵੀ।
ਹਥਿਆਰ ਭਾਵੇਂ ਅਸੀਂ ਫਰਾਂਸ ਕੋਲੋਂ ਖਰੀਦੀਏ ਜਾਂ ਚੀਨ ਕੋਲੋਂ, ਚਲਾਈਦੇ ਆਪ ਹੀ ਹਨ। ਇਸ ਦਫ਼ਾ ਜਦੋਂ ਮਿਜ਼ਾਈਲ ਤੇ ਡਰੋਨ ਉੱਡੇ ਤੇ ਉਹ ਜਾ ਕੇ ਵੱਜੇ ਮੁਰੀਦਕੇ, ਊਧਮਪੁਰ, ਬਾਹਵਲਪੁਰ, ਅੰਮ੍ਰਿਤਸਰ, ਅਜਿਹੀਆਂ ਥਾਵਾਂ ਜਿਨ੍ਹਾਂ ਦੇ ਨਾਮ ਜਾਂ ਤਾਂ ਅਸੀਂ ਨਕਸ਼ਿਆਂ ਵਿੱਚ ਵੇਖੇ ਹਨ ਜਾਂ ਜਿਨ੍ਹਾਂ ਨੂੰ ਯਾਦ ਕਰ ਕੇ ਸਾਡੇ ਵੱਡੇ ਰੌਂਦੇ ਹੁੰਦੇ ਸਨ।
ਜਦੋਂ ਧਮਕੀਆਂ ਲਾ ਕੇ, ਤਰਾਨੇ ਵਜਾ ਕੇ ਅਸੀਂ ਇਹ ਹਥਿਆਰ ਵਰਤਣੇ ਸ਼ੁਰੂ ਕੀਤੇ ਤੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅਸੀਂ ਹੁਣ ਰੁਕਣ ਕਿੱਥੇ ਹੈ। ਪਰ ਫਿਰ ਅਸੀਂ ਰੁੱਕ ਗਏ।

ਤਸਵੀਰ ਸਰੋਤ, EPA
ਪਰ ਸੀਜ਼ਫਾਇਰ ਦਾ ਐਲਾਨ ਨਾ ਦਿੱਲੀ ਤੋਂ ਹੋਇਆ ਨਾ ਇਸਲਾਮਾਬਾਦ ਤੋਂ, ਐਲਾਨ ਹੋਇਆ ਡੀਸੀ ਵਾਸ਼ਿੰਗਟਨ ਤੋਂ… ਜਿੱਥੇ ਬੈਠੇ ਟਰੰਪ ਨੇ ਕਿਹਾ ਕਿ ਮੇਰੀ ਦੋਵਾਂ ਮੁਲਕਾਂ ਦੇ ਲੀਡਰਾਂ ਨਾਲ ਗੱਲ ਹੋ ਗਈ ਹੈ ਤੇ ਉਹ ਫੌਰੀ ਸੀਜ਼ਫਾਇਰ ਲਈ ਤਿਆਰ ਹੋ ਗਏ ਹਨ। ਇਨ੍ਹਾਂ ਨੇ ਸਿਆਣਾਂ ਕੰਮ ਕੀਤਾ ਹੈ, ਇਨ੍ਹਾਂ ਨੂੰ ਮੁਬਾਰਕ ਹੋਵੇ।
ਦੋਵਾਂ ਮੁਲਕਾਂ ਦੀਆਂ ਹਕੂਮਤਾਂ ਨੇ ਵੀ ਟਰੰਪ ਦਾ ਸ਼ੁਕਰੀਆ ਅਦਾ ਕੀਤਾ। ਸਾਡੇ ਵਰਗੇ ਜਿਹੜੇ ਬਾਹਰੋਂ ਨਾਅਰੇ ਮਾਰਦੇ ਸਨ ਪਰ ਅੰਦਰੋਂ ਜੰਗ ਤੋਂ ਡਰੇ ਸਨ ਅਤੇ ਜਿਨ੍ਹਾਂ ਨੂੰ ਟਰੰਪ ਪਸੰਦ ਵੀ ਨਹੀਂ ਸੀ ਉਨ੍ਹਾਂ ਨੇ ਵੀ ਕਿਹਾ ਕਿ ਇਸ ਚੰਦਰੇ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਹੈ।
ਚੰਗੀ ਗੱਲ ਕੋਈ ਓਛਾ ਬੰਦਾ ਵੀ ਕਰੇ ਤਾਂ ਉਸ ਦੀ ਮੰਨ ਲੈਣੀ ਚਾਹੀਦੀ ਹੈ। ਪਰ ਸਾਨੂੰ ਇਹ ਬੇਇਜ਼ਤੀ ਬਿਲਕੁਲ ਮਹਿਸੂਸ ਨਹੀਂ ਹੋਈ ਕਿ ਸਾਡੇ ਪੌਣੇ ਦੋ ਅਰਬ ਬੰਦਿਆਂ ਵਿੱਚ ਕੋਈ ਦੋ ਲੋਕ ਅਜਿਹੇ ਸਿਆਣੇ ਨਹੀਂ ਸਨ, ਜਿਹੜੇ ਆਪਸ ਦਾ ਝਗੜਾ ਆਪਸ ਵਿੱਚ ਮੁਕਾ ਲੈਂਦੇ।

ʻਧੰਦਾ ਸਭ ਤੋਂ ਵੱਡਾ ਡੰਡਾʼ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਨਾਲ ਹੀ ਇਹ ਵੀ ਖ਼ਿਆਲ ਆਇਆ ਕਿ ਟਰੰਪ ਕੋਲ ਅਜਿਹੀ ਕਿਹੜੀ ਗਿੱਦੜਸਿੰਘੀ ਹੈ ਕਿ ਦੋਵਾਂ ਮੁਲਕਾਂ ਦੇ ਲੀਡਰ ਤੁਰੰਤ ਮੰਨ ਗਏ।
ਪੁੱਛਣ ਦੀ ਲੋੜ ਨਹੀਂ ਪਈ ਕਿਉਂਕਿ ਟਰੰਪ ਕੋਲੋਂ ਰਿਹਾ ਨਹੀਂ ਜਾਂਦਾ ਉਸ ਨੇ ਆਪੇ ਹੀ ਦੱਸ ਦਿੱਤਾ ਕਿ ਮੈਂ ਦੋਵਾਂ ਮੁਲਕਾਂ ਦੇ ਲੀਡਰਾਂ ਨੂੰ ਇਹ ਧਮਕੀ ਲਗਾਈ ਸੀ ਕਿ ਜੇ ਤੁਸੀਂ ਇਸ ਲੜਾਈ ਝਗੜੇ ਤੋਂ ਫੌਰੀ ਤੌਰ ʼਤੇ ਬਾਜ਼ ਨਾ ਆਏ ਤਾਂ ਅਮਰੀਕਾ ਨੇ ਤੁਹਾਡੇ ਨਾਲ ਕਾਰੋਬਾਰ ਬੰਦ ਕਰ ਦੇਣਾ ਹੈ।
ਧੰਦਾ ਬੰਦ ਕਰਨ ਦੀ ਧਮਕੀ ਸੁਣ ਕੇ ਦੋਵਾਂ ਮੁਲਕਾਂ ਦੇ ਲੀਡਰ ਸੀਜ਼ਫਾਇਰ ਕਰਨ ਲਈ ਰਾਜ਼ੀ ਹੋ ਗਏ।
ਹੁਣ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਡੰਡਾ ਪੀਰ ਵਿਗੜੇ-ਧਿਗੜਿਆਂ ਦਾ ਪਰ ਹੁਣ ਆ ਕੇ ਪਤਾ ਲੱਗਾ ਕਿ ਧੰਦਾ ਹੀ ਸਭ ਤੋਂ ਵੱਡਾ ਡੰਡਾ ਹੈ।

ਤਸਵੀਰ ਸਰੋਤ, Reuters
ਜੇ ਵਾਕਈ ਸੱਤ ਸਮੁੰਦਰ ਪਾਰ ਬੈਠੇ ਅਮਰੀਕਾ ਨਾਲ ਧੰਦਾ ਬੰਦ ਹੋਣ ਦਾ ਐਡਾ ਡਰ ਹੈ ਕਿ ਤਾਂ ਤੁਹਾਡੇ ਤਾਂ ਬਾਰਡਰ ਜੁੜੇ ਹਨ ਤੁਸੀਂ ਆਪਸ ਵਿੱਚ ਵੀ ਧੰਦੇ ਬਾਰੇ ਸੋਚ ਲਓ।
ਕਰਨਾ ਨਾ ਪਰ ਸੋਚ ਤਾਂ ਲਓ। ਜੇ ਟਕੇ ਟੋਕਰੀ ਖਰੀਦੇ ਡਰੋਨ ਇੱਕ-ਦੂਜੇ ਵੱਲ ਭੇਜ ਸਕਦੇ ਹੋ ਤਾਂ ਆਲੂ ਪਿਆਜ਼ ਭੇਜਣ ਨਾਲ ਦੁਸ਼ਮਣੀ ਸਾਡੀ ਕਿੰਨੀ ਕੁ ਵਧ ਜਾਵੇਗੀ।
ਪਰ ਸਾਨੂੰ ਵੀ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਨਾ ਇਹ ਵੈਰ ਮੁੱਕਿਆ ਹੈ ਤੇ ਨਾ ਹੀ ਮੁੱਕਦਾ ਦਿਸਦਾ ਹੈ। ਜਦੋਂ ਹੁਣ ਸਾਡੇ ਨਿਆਣੇ ਵੱਡੇ ਹੋ ਜਾਣਗੇ ਤਾਂ ਉਨ੍ਹਾਂ ਨੇ ਵੀ ਇਸੇ ਕੰਮ ʼਤੇ ਲੱਗ ਜਾਣਾ ਹੈ। ਉਦੋਂ ਤੱਕ ਸਾਡੀ ਆਬਾਦੀ ਕੋਈ ਢਾਈ ਅਰਬ ਤੱਕ ਤਾਂ ਹੋ ਹੀ ਜਾਣੀ ਹੈ।
ਬੱਸ ਦੁਆ ਕਰੋ ਕਿ ਉਦੋਂ ਤੱਕ ਅਸੀਂ ਕੋਈ ਦੋ-ਚਾਰ ਅਜਿਹੇ ਸਿਆਣੇ ਧੀਆਂ-ਪੁੱਤਰ ਜੰਮ ਲਈਏ ਜਿਹੜੇ ਆਪਸ ਦੇ ਝਗੜੇ ਆਪਸ ਵਿੱਚ ਹੀ ਤੈਅ ਕਰ ਲੈਣ। ਫਿਰ ਹੱਥੀਂ ਬੰਦੂਕਾਂ ਫੜ੍ਹ ਕੇ ਟਰੰਪ ਦੀ ਫੋਨ ਕਾਲ ਦੀ ਉਡੀਕ ਵਿੱਚ ਨਾ ਬੈਠੇ ਰਹਿਣ ਕਿ ਹੁਣ ਅਸੀਂ ਲੱਗੇ ਰਹੀਏ ਜਾਂ ਸੀਜ਼ਫਾਇਰ ਕਰ ਲਈਏ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI