Home ਰਾਸ਼ਟਰੀ ਖ਼ਬਰਾਂ ‘ਹਰ ਪਾਸੇ ਡਰ ਹੈ ਤੇ ਲਗਾਤਾਰ ਡਰ ਹੈ’, ਡਰੱਗ ਕਾਰਟਲ ਦੀ ਅੰਦਰੂਨੀ...

‘ਹਰ ਪਾਸੇ ਡਰ ਹੈ ਤੇ ਲਗਾਤਾਰ ਡਰ ਹੈ’, ਡਰੱਗ ਕਾਰਟਲ ਦੀ ਅੰਦਰੂਨੀ ਲੜਾਈ ਕਾਰਨ ਜੰਗ ਦਾ ਮੈਦਾਨ ਬਣੇ ਇਸ ਸ਼ਹਿਰ ਵਿੱਚ ਕੀ ਕੁਝ ਹੋ ਰਿਹਾ

32
0

Source :- BBC PUNJABI

ਸਿਨਾਲੋਆ ਕਾਰਟੈਲ

ਤਸਵੀਰ ਸਰੋਤ, Darren Conway/BBC

ਮੈਕਸੀਕੋ ਦੇ ਰਾਸ਼ਟਰਪਤੀ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਵਿਅਕਤੀ, ਡਰੱਗ ਲਾਰਡ ਨੇਮੇਸਿਓ ਓਸੇਗੁਏਰਾ ਸਰਵਾਂਟੀਜ਼ ਨੂੰ “ਗ੍ਰਿਫਤਾਰ ਕਰਨ” ਲਈ ਵਿਸ਼ੇਸ਼ ਬਲਾਂ ਦੀ ਪ੍ਰਸ਼ੰਸਾ ਕੀਤੀ ਹੈ।

ਓਸੇਗੁਏਰਾ, ਜਿਸਨੂੰ “ਐਲ ਮੇਂਚੋ” ਦੇ ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ, ਜਾਲਿਸਕੋ ਵਿੱਚ ਖੂਨੀ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਐਤਵਾਰ ਨੂੰ ਹਿਰਾਸਤ ਵਿੱਚ ਮਾਰਿਆ ਗਿਆ।

ਪਰ ਇੱਕ ਤਾਕਤਵਰ ਕਾਰਟਲ (ਸਮੂਹ) ਦੇ ਆਗੂ ਨੂੰ ਹਟਾਉਣ ਕਾਰਨ ਬਣਿਆ ਖਾਲ੍ਹੀਪਣ ਅਕਸਰ ਹਿੰਸਾ ਵਿੱਚ ਵਾਧੇ ਨੂੰ ਜਨਮ ਦੇ ਸਕਦਾ ਹੈ, ਜਦੋਂ ਲੜ ਰਹੇ ਧੜਿਆਂ ਵਿਚਕਾਰ ਕਬਜ਼ੇ ਲਈ ਜੰਗ ਹੁੰਦੀ ਹੈ। ਇਸੇ ਤਰ੍ਹਾਂ ਦਾ ਕੁਝ ਬੀਬੀਸੀ ਦੇ ਕੁਇੰਟਿਨ ਸੋਮਰਵਿਲ ਨੇ ਇੱਕ ਹੋਰ ਮੈਕਸਿਕਨ ਕਾਰਟਲ ਹਾਟਸਪਾਟ ਉੱਤਰੀ ਸਿਨਾਲੋਆ ਸੂਬੇ ਦੇ ਕੁਲਿਆਕਨ ਵਿੱਚ ਪਤਾ ਲਗਾਇਆ।

ਚੇਤਾਵਨੀ: ਇਸ ਲੇਖ ਵਿੱਚ ਕਾਰਟਲ ਹਿੰਸਾ ਦੇ ਗ੍ਰਾਫ਼ਿਕ ਵੇਰਵੇ ਸ਼ਾਮਲ ਹਨ, ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

“ਹਰ ਥਾਂ ਡਰ ਹੈ ਅਤੇ ਡਰ ਲਗਾਤਾਰ ਬਣਿਆ ਹੋਇਆ ਹੈ,” ਇਹ ਕਹਿਣਾ ਹੈ 53 ਸਾਲ ਦੇ ਪੈਰਾਮੈਡਿਕ ਏਕਤਰ ਟੋਰੇਸ ਦਾ, ਜੋ ਕੁਲਿਆਕਨ ਵਿੱਚ ਇੱਕ ਐਂਬੂਲੈਂਸ ਦੀ ਅਗਲੀ ਸੀਟ ‘ਤੇ ਬੈਠੇ ਸਨ।

ਅਸੀਂ ਹੁਣੇ-ਹੁਣੇ ਸ਼ਹਿਰ ਦੇ ਕੇਂਦਰ ਵਿੱਚ ਇੱਕ ਗੈਰਾਜ ਅੰਦਰ ਹੋਈ ਗੋਲ਼ੀਬਾਰੀ ਵਾਲੀ ਥਾਂ ਤੋਂ ਆਏ ਸੀ।

ਮਾਲਕ ਆਪਣੇ ਦਫ਼ਤਰ ਵਿੱਚ ਮ੍ਰਿਤ ਪਿਆ ਸੀ ਅਤੇ ਉਸਦਾ ਖੂਨ ਚਿੱਟੀਆਂ ਟਾਇਲਾਂ ਵਾਲੇ ਫਰਸ਼ ‘ਤੇ ਫੈਲ ਰਿਹਾ ਸੀ। ਜਿਵੇਂ ਹੀ ਏਕਤਰ ਅਤੇ 28 ਸਾਲਾ ਹੁਲਿਓ ਸੀਜ਼ਰ ਵੇਗਾ ਨਾਮ ਦੇ ਦੂਜੇ ਪੈਰਾਮੈਡਿਕ ਅੰਦਰ ਦਾਖ਼ਲ ਹੋਏ, ਇੱਕ ਮਹਿਲਾ ਰੋਂਦੀ ਹੋਈ ਅੰਦਰ ਵੱਲ ਦੌੜੀ।

ਉਹ ਉਸ ਵਿਅਕਤੀ ਦੀ ਪਤਨੀ ਸੀ, ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸੀ। ਏਕਤਰ ਨੇ ਜਾਂਚ ਕੀਤੀ ਕਿ ਸ਼ਾਇਦ ਸਾਹ ਚੱਲ ਰਹੇ ਹੋਣ ਅਤੇ ਫਿਰ ਲਾਸ਼ ਉੱਤੇ ਇੱਕ ਕਾਗਜ਼ੀ ਕੰਬਲ ਪਾ ਦਿੱਤਾ।

ਆਪਣੇ ਕੰਮ ਦੇ ਹਿੱਸੇ ਵਜੋਂ, ਪੈਰਾਮੈਡਿਕਸ ਜੂਲੀਓ ਸੀਜ਼ਰ ਵੇਗਾ ਅਤੇ ਹੈਕਟਰ ਟੋਰੇਸ ਹਿੰਸਾ ਦੇ ਕੁਝ ਖੂਨੀ ਨਤੀਜਿਆਂ ਨੂੰ ਦੇਖਦੇ ਹਨ

ਤਸਵੀਰ ਸਰੋਤ, Darren Conway/BBC

ਕਾਰਟਲ ਜੰਗ ਨਾਲ ਕੁਲਿਆਕਨ ਵਿੱਚ ਹਿੰਸਾ ਬੇਕਾਬੂ

ਪਿਛਲੇ ਡੇਢ ਸਾਲ ਤੋਂ, ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਖ਼ੌਫ਼ਨਾਕ ਡਰੱਗ ਗੈਂਗਾਂ ਵਿੱਚੋਂ ਇੱਕ, ਸਿਨਾਲੋਆ ਕਾਰਟਲ ‘ਚ ਅੰਦਰੂਨੀ ਜੰਗ ਜਾਰੀ ਹੈ। ਇਹ ਉਦੋਂ ਤੋਂ ਸ਼ੁਰੂ ਹੋਇਆ ਹੈ ਜਦੋਂ ਤੋਂ ਇਸਦੇ ਇੱਕ ਆਗੂ ਦੇ ਪੁੱਤਰ ਨੇ ਦੂਜੇ ਨਾਲ ਧੋਖਾ ਕੀਤਾ ਹੈ।

ਹੁਣ ਅਮਰੀਕਾ ਵਿੱਚ ਜੇਲ੍ਹ ਵਿੱਚ ਬੰਦ ਕਾਰਟਲ ਆਗੂ ਇਸਮਾਈਲ “ਐਲ ਮਾਯੋ” ਜ਼ਾਮਬਾਦਾ ਨੂੰ ਹਟਾਉਣ ਨਾਲ ਸਿਨਾਲੋਆ ਵਿੱਚ ਹਾਹਾਕਾਰ ਮਚ ਗਿਆ ਹੈ ਅਤੇ ਇਹ ਦੇਸ਼ ਦੇ ਸਾਹਮਣੇ ਆਉਣ ਵਾਲੇ ਖਤਰਿਆਂ ਦੀ ਚੇਤਾਵਨੀ ਦਿੰਦਾ ਹੈ।

ਏਕਤਰ ਨੇ ਕਿਹਾ ਕਿ ਕੁਲਿਆਕਨ ਵਿੱਚ ਹਿੰਸਾ ਕਦੇ ਵੀ ਇੰਨੀ ਬੁਰੀ ਨਹੀਂ ਰਹੀ ਜਾਂ ਇੰਨੇ ਲੰਮੇ ਸਮੇਂ ਤੱਕ ਨਹੀਂ ਚੱਲੀ। ਪਿਛਲੇ ਸਾਲ ਉਨ੍ਹਾਂ ਦੇ ਕਾਲ ਆਉਟਸ ਦੀ ਗਿਣਤੀ 70% ਤੋਂ ਜ਼ਿਆਦਾ ਵਧ ਗਈ ਹੈ।

ਪਰ ਜਿਹੜੇ ਹਫ਼ਤੇ ਮੈਂ ਹੈਕਟਰ ਅਤੇ ਹੁਲਿਓ ਨਾਲ ਬਿਤਾਏ, ਉਸ ਦੌਰਾਨ ਲਗਭਗ ਹਰ ਘਟਨਾ ਜਿਸ ਨੂੰ ਨਜਿੱਠਣ ਉਹ ਗਏ, ਇੱਕੋ ਤਰ੍ਹਾਂ ਖਤਮ ਹੋਈ।

ਕੁਝ ਹੀ ਕਾਰਟਲ ਪੀੜਤ ਹੁੰਦੇ ਹਨ ਜੋ ਜ਼ਿੰਦਾ ਬਚ ਪਾਉਂਦੇ ਹਨ, ਅਤੇ ਕੋਈ ਵੀ ਥਾਂ ਸੁਰੱਖਿਅਤ ਨਹੀਂ; ਸਕੂਲਾਂ, ਹਸਪਤਾਲਾਂ ਅਤੇ ਇੱਥੋਂ ਤੱਕ ਕਿ ਅੰਤਿਮ ਸੰਸਕਾਰਾਂ ਵੇਲੇ ਵੀ ਹਮਲੇ ਹੋਏ ਹਨ।

ਏਕਤਰ ਨੇ ਕਿਹਾ, “ਸਿਨਾਲੋਆ ਕਾਰਟਲ (ਗੈਂਗ) ਇੱਕ ਪਰਿਵਾਰ ਵਾਂਗ ਸੀ। ਹਰ ਕੋਈ ਇੱਕੋ ਕਾਰਟਲ ਨਾਲ ਜੁੜਿਆ ਹੋਇਆ ਸੀ। ਉਹ ਦੋਸਤ ਸਨ, ਇੱਕੋ ਮੇਜ਼ ‘ਤੇ ਖਾਣਾ ਖਾਂਦੇ ਸਨ। ਉਹ ਭਰਾਵਾਂ ਵਾਂਗ ਸਨ, ਮਾਪੇ, ਚਾਚੇ, ਭੈਣਾਂ ਅਤੇ ਅਚਾਨਕ ਉਹ ਲੜ ਰਹੇ ਸਨ… ਅਤੇ ਇੱਕ ਜਾਨਲੇਵਾ ਝਗੜੇ ਵਿੱਚ ਉਲਝ ਗਏ।”

ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਅਰਬਾਂ ਡਾਲਰ ਦੀ ਇੰਡਸਟਰੀ ਵਿੱਚ ਬਦਲ ਗਿਆ ਹੈ, ਜੋ ਘਾਤਕ ਡਰੱਗ ਫੈਂਟਾਨਿਲ ਤਿਆਰ ਕਰਦਾ ਹੈ ਅਤੇ ਅਮਰੀਕਾ ਦੀਆਂ ਗਲ਼ੀਆਂ ਵਿੱਚ ਭਰ-ਭਰ ਕੇ ਓਪਿਓਇਡ ਸਪਲਾਈ ਕਰਦਾ ਹੈ, ਜਿਸ ਨੇ ਦਹਾਕਿਆਂ ਤੋਂ ਹਜ਼ਾਰਾਂ ਜ਼ਿੰਦਗੀਆਂ ਲਈਆਂ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਕਾਰਟਲ ਅਤੇ ਹੋਰਾਂ ਨੂੰ ਦਹਿਸ਼ਤਗਰਦ ਸੰਗਠਨ ਐਲਾਨਿਆ ਹੈ ਅਤੇ ਫੈਂਟਾਨਿਲ ਨੂੰ ਵਿਆਪਕ ਵਿਨਾਸ਼ ਦਾ ਹਥਿਆਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੈਕਸੀਕੋ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਡਰੱਗ ਅਤੇ ਤਸਕਰਾਂ ਨੂੰ ਕਾਬੂ ਵਿੱਚ ਨਾ ਲਿਆਇਆ ਤਾਂ ਫੌਜੀ ਕਾਰਵਾਈ ਕੀਤੀ ਜਾਵੇਗੀ।

ਏਕਤਰ ਅਤੇ ਹੁਲਿਓ ਦੋਵਾਂ ਨੇ ਬਾਡੀ ਆਰਮਰ- 14 ਕਿਲੋਗ੍ਰਾਮ ਕੇਵਲਾਰ ਅਤੇ ਆਰਮਰ ਪਲੇਟ ਪਹਿਨੇ ਹੋਏ ਸੀ।

ਹੁਲਿਓ ਨੇ ਕਿਹਾ ਕਿ ਇਹ ਜ਼ਰੂਰੀ ਸੀ, “ਸਾਨੂੰ ਨਹੀਂ ਪਤਾ ਕਿ ਹਮਲਿਆਂ ਲਈ ਜ਼ਿੰਮੇਵਾਰ ਲੋਕ ਅਜੇ ਵੀ ਮੌਕੇ ‘ਤੇ ਹਨ ਜਾਂ ਉਹ ਆਪਣਾ ਮਕਸਦ ਪੂਰਾ ਕਰਕੇ ਅਚਾਨਕ ਗਾਇਬ ਹੋ ਗਏ ਹਨ। ਇਸ ਲਈ ਸਾਨੂੰ ਹਮਲੇ ਦੀ ਕ੍ਰਾਸਫਾਇਰ ਵਿੱਚ ਫਸਣ ਅਤੇ ਜ਼ਖ਼ਮੀ ਹੋਣ ਦਾ ਖ਼ਤਰਾ ਰਹਿੰਦਾ ਹੈ।”

ਜਿਵੇਂ ਅਸੀਂ ਪੈਰਾਮੈਡਿਕ ਬੇਸ ਵੱਲ ਵਾਪਸ ਜਾ ਰਹੇ ਸੀ ਸੂਰਜ ਡੁੱਬਣ ਲੱਗਾ ਸੀ ਅਤੇ ਉਹ ਸ਼ਹਿਰ ਜੋ ਕਦੇ ਰਾਤ ਨੂੰ ਜ਼ਿੰਦਾ ਹੋ ਜਾਂਦਾ ਸੀ, ਜਲਦ ਹੀ ਉੱਥੇ ਸੁੰਨ ਪਸਰਣ ਵਾਲੀ ਸੀ। ਟ੍ਰੈਫਿਕ ਹੌਲੀ ਸੀ।

ਸਿਨਾਲੋਆ

ਫੌਜੀ ਚੈਕਪੋਸਟਾਂ ਦੇ ਬਾਵਜੂਦ ਡਰ ਦਾ ਮਾਹੌਲ

ਮੈਕਸੀਕਨ ਸਰਕਾਰ ਨੇ ਸਿਨਾਲੋਆ ਵਿੱਚ ਹਜ਼ਾਰਾਂ ਫੌਜੀ ਭੇਜੇ ਹਨ ਅਤੇ ਉਨ੍ਹਾਂ ਨੇ ਜ਼ਿਆਦਾਤਰ ਸੜਕਾਂ ‘ਤੇ ਚੈਕਪੁਆਇੰਟ ਲਗਾਏ ਹੋਏ ਸਨ।

ਪਤਾ ਲੱਗਾ ਕਿ ਜਦੋਂ ਗੈਰਾਜ ਦਾ ਮਾਲਕ ਮਾਰਿਆ ਗਿਆ, ਤਾਂ ਉਸੇ ਸਮੇਂ ਤਿੰਨ ਹੋਰ ਆਦਮੀਆਂ ਨੂੰ ਉਸ ਥਾਂ ਤੋਂ ਅਗਵਾ ਵੀ ਕਰ ਲਿਆ ਗਿਆ ਸੀ। ਭਾਰੀ ਹਥਿਆਰਾਂ ਨਾਲ ਲੈਸ ਫੌਜੀ ਅਤੇ ਮਰੀਨ ਕਾਰਾਂ ਦੀ ਜਾਂਚ ਕਰ ਰਹੇ ਸਨ ਤਾਂ ਜੋ ਅਗਵਾ ਕੀਤੇ ਵਿਅਕਤੀਆਂ ਦੀ ਕੋਈ ਸੂਹ ਲੱਗ ਸਕੇ।

ਚੇਤਾਵਨੀ: ਹੇਠਾਂ ਦਿੱਤੇ ਵੇਰਵਿਆਂ ਵਿੱਚ ਹਿੰਸਾ ਅਤੇ ਤਸ਼ੱਦਦ ਦੇ ਵੇਰਵੇ ਸ਼ਾਮਲ ਹਨ, ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਕੁਲਿਆਕਨ ਵਿੱਚ ਅਗਵਾ ਹੋਣਾ ਕਈ ਵਾਰ ਮੌਤ ਨਾਲੋਂ ਵੀ ਜ਼ਿਆਦਾ ਭਿਆਨਕ ਹੋ ਸਕਦਾ ਹੈ।

ਹਫ਼ਤੇ ਦੇ ਸ਼ੁਰੂ ਵਿੱਚ, ਇੱਕ ਲਾਸ਼ ਸ਼ਹਿਰ ਦੇ ਇੱਕ ਮੁੱਖ ਸ਼ਾਪਿੰਗ ਮਾਲ ਦੇ ਬਾਹਰ ਫੁੱਟਪਾਥ ‘ਤੇ ਸੁੱਟੀ ਹੋਈ ਮਿਲੀ ਸੀ।

ਪੀੜਤ ਦੀ ਲਾਸ਼ ਦੀ ਹਾਲਤ ਤੋਂ ਸਪਸ਼ਟ ਸੀ ਕਿ ਉਸ ‘ਤੇ ਤਸ਼ੱਦਦ ਕੀਤਾ ਗਿਆ ਸੀ। ਉਸਦਾ ਸਰੀਰ ਸਹੀ ਸਲਾਮਤ ਸੀ, ਪਰ ਖੋਪੜੀ ਦੀ ਖੱਲ ਉਤਾਰ ਦਿੱਤੀ ਗਈ ਸੀ ਅਤੇ ਅੱਖਾਂ ਕੱਢ ਦਿੱਤੀਆਂ ਗਈਆਂ ਸਨ।

ਲਾਸ਼ ਦੇ ਕੋਲ ਇੱਕ ਬੋਰਡ ਛੱਡਿਆ ਗਿਆ ਸੀ, ਜਿਸ ‘ਤੇ ਇੱਕ ਕਾਰਟਲ ਧੜੇ ਵੱਲੋਂ ਦੂਜੇ ਧੜੇ ਲਈ ਵੱਡੇ ਅੱਖਰਾਂ ਵਿੱਚ ਸੰਦੇਸ਼ ਲਿਖਿਆ ਗਿਆ ਸੀ। ਇਸ ਵਿੱਚ ਮਰੇ ਹੋਏ ਆਦਮੀ ਨੂੰ ਗ਼ਦਾਰ ਕਰਾਰ ਦਿੱਤਾ ਗਿਆ ਸੀ ਅਤੇ ਇੱਕ ਚੇਤਾਵਨੀ ਦਿੱਤੀ ਗਈ ਸੀ, “ਬਾਕੀ ਵੀ ਤਿਆਰ ਰਹੋ, ਅਸੀਂ ਆ ਰਹੇ ਹਾਂ।”

ਕੁਲਿਆਕਨ ਇੱਕ ਖੁਸ਼ਹਾਲ ਸ਼ਹਿਰ ਹੈ, ਜਿਸ ਵਿੱਚ ਸ਼ਾਪਿੰਗ ਮਾਲ, ਸਾਫ਼-ਸੁਥਰੇ ਪਾਰਕ ਅਤੇ ਸ਼ਾਨਦਾਰ ਕਾਰ ਡੀਲਰਸ਼ਿਪਸ ਹਨ। ਜਦੋਂ ਪੁਲਿਸ ਉਸ ਆਦਮੀ ਦੀ ਮ੍ਰਿਤਕ ਦੇਹ ਨੂੰ ਬਾਡੀ ਬੈਗ ਵਿੱਚ ਰੱਖ ਰਹੀ ਸੀ ਤਾਂ ਮਾਲ ਦੇ ਬਾਹਰ, ਸਾਈਕਲਿੰਗ ਵਾਲੇ ਕਾਲੇ ਕੱਪੜੇ ਪਹਿਨੇ ਹੋਏ ਇੱਕ ਆਦਮੀ ਭਾਰੀ ਟ੍ਰੈਫਿਕ ਵਾਲੇ ਸਮੇਂ ਦੌਰਾਨ ਰੁਕ ਕੇ ਇਹ ਸਭ ਦੇਖਣ ਲੱਗਾ।

ਅਗਲੇ ਦਿਨ, ਇੱਕ ਹੋਰ ਪੀੜਤ ਦੀ ਲਾਸ਼, ਉਸੇ ਤਰੀਕੇ ਨਾਲ ਤਸ਼ੱਦਦ ਕਰਕੇ ਸੁੱਟੀ ਹੋਈ, ਸ਼ਹਿਰ ਤੋਂ ਉੱਤਰ ਵੱਲ ਜਾਂਦੀ ਮੁੱਖ ਸੜਕ ਦੇ ਕਿਨਾਰੇ ਪਈ ਸੀ। ਜਦੋਂ ਫੋਰੈਂਸਿਕ ਟੀਮ ਨੇ ਨਾਲ ਲੱਗਿਆ ਬੋਰਡ ਚੁੱਕਿਆ, ਤਾਂ ਇਸਨੂੰ ਪੜ੍ਹਨਾ ਮੁਸ਼ਕਲ ਸੀ। ਖੂਨ ਇਸਦੇ ਉੱਪਰੋਂ ਵਗਦਾ ਹੋਇਆ ਲਾਗੇ ਪਈ ਬਜਰੀ ਵਿੱਚ ਇਕੱਠਾ ਹੋ ਰਿਹਾ ਸੀ।

ਹਰ ਨਵੇਂ ਜੁਰਮ ਵਾਲੀ ਥਾਂ ‘ਤੇ ਮੇਰੀ ਮੁਲਾਕਾਤ ਏਰਨੈਸਟੋ ਮਾਰਤੀਨੇ ਨਾਲ ਹੁੰਦੀ ਸੀ, ਜੋ ਇੱਥੇ ਪਿਛਲੇ 27 ਸਾਲਾਂ ਤੋਂ ਹਿੰਸਾ ਬਾਰੇ ਰਿਪੋਰਟਿੰਗ ਕਰ ਰਹੇ ਹਨ।

ਹਿੰਸਾ

ਤਸਵੀਰ ਸਰੋਤ, Darren Conway/BBC

ਸ਼ਹਿਰ ਦੇ ਸੈਨ ਰਾਫੇਲ ਇਲਾਕੇ ਵਿੱਚ ਇੱਕ 16 ਸਾਲਾ ਮੁੰਡੇ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ; ਇਮੈਨੂਅਲ ਅਲੈਕਜ਼ੈਂਡਰ ਦੇ ਪੈਰ ਅਜੇ ਵੀ ਉਸ ਦੀ ਬਾਈਕ ਦੇ ਫ੍ਰੇਮ ਵਿੱਚ ਫਸੇ ਹੋਏ ਸਨ, ਅਤੇ ਪੁਲਿਸ ਉਸਦੇ ਸਰੀਰ ਦੇ ਆਲੇ-ਦੁਆਲੇ ਪਏ ਇੱਕ ਦਰਜਨ ਤੋਂ ਵੱਧ ਗੋਲੀਆਂ ਦੇ ਖੋਖੇ ਦੇਖ ਰਹੀ ਸੀ।

ਉਸਨੂੰ ਹੈਂਡਗਨ ਨਾਲ ਬਹੁਤ ਨੇੜੇ ਤੋਂ ਮਾਰਿਆ ਗਿਆ ਸੀ।

ਮਾਰਤੀਨੇ ਨੇ ਦੱਸਿਆ, “ਪਹਿਲਾਂ ਜ਼ਿਆਦਾ ਪੁਲਿਸ ਅਧਿਕਾਰੀ ਹੁੰਦੇ ਸਨ, ਜ਼ਿਆਦਾ ਫੌਜੀ ਹੁੰਦੇ ਸਨ, ਜ਼ਿਆਦਾ ਸੁਰੱਖਿਆ ਹੁੰਦੀ ਸੀ।”

ਉਨ੍ਹਾਂ ਕਿਹਾ, “ਤੁਹਾਨੂੰ ਹਰ ਖੂੰਜੇ ‘ਚ ਇੱਕ ਚੈਕਪੁਆਇੰਟ ਮਿਲੇਗਾ, ਪਰ ਫਿਰ ਵੀ ਕਤਲ ਜਾਰੀ ਰਹੇ, ਉਹ ਘੱਟ ਨਹੀਂ ਹੋਏ, ਹਰ ਰੋਜ਼ ਔਸਤਨ ਪੰਜ ਜਾਂ ਛੇ ਕਤਲ ਹੁੰਦੇ ਰਹੇ। ਅਤੇ ਇਹ ਅਜੇ ਵੀ ਜਾਰੀ ਹੈ।”

ਤਾਂ ਫਿਰ ਹਿੰਸਾ ਕਿਵੇਂ ਖ਼ਤਮ ਹੋ ਸਕਦੀ ਹੈ? ਇਹ ਸਵਾਲ ਪੁੱਛਣ ਲਈ ਮੈਂ ਸਿਨਾਲੋਆ ਦੇ ਇੱਕ ਸਮੂਹ ਨਾਲ ਮਿਲਿਆ। ਮੀਟਿੰਗ ਤੋਂ ਪਹਿਲਾਂ ਮੈਨੂੰ ਆਪਣਾ ਫੋਨ ਅਤੇ ਕੋਈ ਵੀ ਟ੍ਰੈਕਿੰਗ ਡਿਵਾਈਸ ਨਾ ਲਿਆਉਣ ਲਈ ਕਿਹਾ ਗਿਆ ਸੀ।

ਉਹ ਖ਼ਤਰਨਾਕ ਅਪਰਾਧੀ ਹਨ, ਜਿਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਅਤੇ ਉਨ੍ਹਾਂ ਕੋਲ ਕਤਲਾਂ ਨਾਲ ਨਜਿੱਠਣ ਦਾ ਇੱਕ ਸੌਖਾ ਤਰੀਕਾ ਹੈ। ਸਰਕਾਰ ਨੂੰ ਰਸਤੇ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ-ਦੂਜੇ ਨੂੰ ਮਾਰਨ ਦੇਣਾ ਚਾਹੀਦਾ ਹੈ। ਭਾਵੇਂ ਨੇੜੇ ਖੜ੍ਹੇ ਲੋਕਾਂ ਨੂੰ ਕਿੰਨਾ ਵੀ ਖ਼ਤਰਾ ਹੋਵੇ ਜਦੋਂ ਤੱਕ ਸਿਰਫ਼ ਇੱਕ ਗਰੁੱਪ ਨਾ ਬਚ ਜਾਵੇ।

ਉਹ ਮੀਟਿੰਗ ਵਿੱਚ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਆਏ ਸਨ ਅਤੇ ਇੰਟਰਵਿਊ ਲਈ ਚਿਹਰੇ ‘ਤੇ ਮਾਸਕ ਪਹਿਨੇ ਹੋਏ ਸਨ, ਕਿਉਂਕਿ ਉਹ ਆਪਣੀ ਪਛਾਣ ਲੁਕਾ ਕੇ ਰੱਖਣਾ ਚਾਹੁੰਦੇ ਸਨ।

ਜਦੋਂ ਮੈਂ “ਮਾਰਕੋ” (ਇਹ ਉਸ ਦਾ ਅਸਲੀ ਨਾਮ ਨਹੀਂ ਹੈ) ਤੋਂ ਪੁੱਛਿਆ ਕਿ ਕੀ ਉਸ ਨੂੰ ਕੋਈ ਅਪਰਾਧਬੋਧ ਹੈ, ਤਾਂ ਉਸਨੇ ਕਿਹਾ, “ਹਾਂ, ਇਹ ਸੱਚ ਹੈ ਕਿਉਂਕਿ ਕਈ ਵਾਰ ਬੇਗੁਨਾਹ ਲੋਕ ਮਰਦੇ ਹਨ। ਬੱਚੇ ਮਰਦੇ ਹਨ। ਬਹੁਤ ਸਾਰੇ ਬੇਗੁਨਾਹ ਲੋਕ ਮਰਦੇ ਹਨ।”

ਉਸਦੇ ਨਾਲ ਬੈਠਾ “ਮਿਗੇਲ” (ਇਹ ਉਸ ਦਾ ਅਸਲੀ ਨਾਮ ਨਹੀਂ ਹੈ) ਹੋਰ ਵੀ ਬੇਰਹਿਮ ਸੀ, ਉਸਨੇ ਕਿਹਾ, “ਬਹੁਤ ਸਾਰੇ ਲੋਕ ਮਰਦੇ ਰਹਿਣਗੇ ਕਿਉਂਕਿ ਕਾਰਟਲ ਅਜੇ ਵੀ ਲੜ ਰਿਹਾ ਹੈ ਅਤੇ ਇਹ ਹੋਰ ਵੀ ਬੁਰਾ ਹੁੰਦਾ ਜਾ ਰਿਹਾ ਹੈ। ਲੜਾਈ ਜਾਰੀ ਰਹੇਗੀ। ਜਦੋਂ ਤੱਕ ਸਿਰਫ਼ ਇੱਕ ਗਰੁੱਪ ਨਹੀਂ ਬਚੇਗਾ, ਤਦ ਤੱਕ ਕੁਝ ਵੀ ਸ਼ਾਂਤ ਨਹੀਂ ਹੋਵੇਗਾ।”

ਹਿੰਸਾ

ਤਸਵੀਰ ਸਰੋਤ, Darren Conway/BBC

ਲਾਪਤਾ ਲੋਕਾਂ ਦੀ ਖੋਜ ਕਰਦੀਆਂ ਮਾਵਾਂ ਦੀ ਪੀੜਾ

ਕਾਰਟਲ ਦੀ ਹਿੰਸਾ ਨਾ ਸਿਰਫ਼ ਮਿਲਣ ਵਾਲੀਆਂ ਲਾਸ਼ਾਂ ਦੀ ਗਿਣਤੀ ਵਧਾ ਰਹੀ ਹੈ, ਸਗੋਂ ਲਾਪਤਾ ਦੱਸੇ ਜਾਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।

ਰੇਨਾਲਡਾ ਪੁਲਿਡੋ ਦਾ ਪੁੱਤਰ, ਜੇਵੀਅਰ ਅਰਨੈਸਟੋ, ਦਸੰਬਰ 2020 ਵਿੱਚ ਗਾਇਬ ਹੋ ਗਿਆ ਸੀ। ਉਹ ਅਜੇ ਵੀ ਉਸ ਨੂੰ ਅਤੇ ਹੋਰਾਂ ਨੂੰ ਲੱਭ ਰਹੇ ਹਨ ਅਤੇ ਮਦਰਜ਼ ਫਾਈਟਿੰਗ ਬੈਕ ਗਰੁੱਪ ਦੀ ਅਗਵਾਈ ਕਰਦੇ ਹਨ।

ਇੱਕ ਠੰਢੀ ਸਵੇਰ ਨੂੰ, ਕੁਲਿਆਕਨ ਤੋਂ ਕੁਝ ਹੀ ਦੂਰੀ ‘ਤੇ ਇੱਕ ਪੈਟਰੋਲ ਸਟੇਸ਼ਨ ‘ਤੇ ਪੁਲਿਡੋ ਅਤੇ ਹੋਰ ਮਾਵਾਂ ਦੇ ਇੱਕ ਗਰੁੱਪ ਨੇ ਖੋਜ-ਭਾਲ਼ ਲਈ ਨਿਕਲਣ ਤੋਂ ਪਹਿਲਾਂ ਇੱਕ-ਦੂਜੇ ਨੂੰ ਗਲ਼ੇ ਲਗਾਇਆ।

ਇੱਕ ਦਰਜਨ ਤੋਂ ਵੱਧ ਔਰਤਾਂ, ਲਗਭਗ ਸਭ ਨੇ ਆਪਣੇ ਲਾਪਤਾ ਪਿਆਰਿਆਂ ਦੀ ਤਸਵੀਰ ਅਤੇ ਨਾਮ ਵਾਲੀਆਂ ਚਿੱਟੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ।

ਉਨ੍ਹਾਂ ਨੇ ਕੁਝ ਲਾਪਤਾ ਲੋਕਾਂ ਦੀਆਂ ਤਸਵੀਰਾਂ ਲੈਂਪ ਪੋਸਟਾਂ ‘ਤੇ ਲਗਾਉਣੀਆਂ ਸ਼ੁਰੂ ਕੀਤੀਆਂ, ਟੇਪ ਫਟਣ ਦੀ ਆਵਾਜ਼ ਨੇੜਲੇ ਘਰਾਂ ਦੇ ਕੋਲੋਂ ਲੰਘਦਿਆਂ ਗੁੱਸੇ ਨਾਲ ਭੌਂਕਦੇ ਕੁੱਤਿਆਂ ਦਾ ਰੌਲਾ ਵੀ ਸੁਣਾਈ ਦੇ ਰਿਹਾ ਸੀ।

ਉਨ੍ਹਾਂ ਦੇ ਨਾਲ ਇੱਕ ਫੌਜੀ ਐਸਕੋਰਟ ਸੀ, ਅੱਧਾ ਦਰਜਨ ਭਾਰੀ ਹਥਿਆਰਾਂ ਨਾਲ ਲੈਸ ਸਿਪਾਹੀ, ਇੱਕ ਬਖ਼ਤਰਬੰਦ ਟਰੱਕ ਅਤੇ ਇੱਕ ਪਿਕਅਪ ਟਰੱਕ, ਜਿਸਦੇ ਉੱਪਰ ਇੱਕ ਗਨਰ ਤੈਨਾਤ ਸੀ – ਜੋ ਉਸੇ ਤਰ੍ਹਾਂ ਕੰਮ ਕਰ ਰਹੇ ਸਨ ਜਿਵੇਂ ਖੁਦ ਵੀ ਔਰਤਾਂ ਦੇ ਸਮੂਹ ਦਾ ਹਿੱਸਾ ਹੋਣ।

ਇੱਕ ਖੇਤ ਵਿੱਚ ਉੱਪਰ ਗਿੱਧ ਉੱਡ ਰਹੇ ਸਨ, ਔਰਤਾਂ ਨੇ ਮੈਟਲ ਪ੍ਰੋਬ, ਕੁਹਾੜੀ ਅਤੇ ਫਾਵੜੇ ਨਾਲ ਅਵਸ਼ੇਸ਼ਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ । ਉਹ ਦੇਖ ਰਹੀਆਂ ਸਨ ਕਿ ਕਿਤੇ ਮਿੱਟੀ ਪੁੱਟੀ ਹੋਈ ਹੋਵੇ, ਜ਼ਮੀਨ ਵਿੱਚ ਖੱਡੇ ਹਨ, ਜਾਂ ਕਿਸੇ ਅਸਥਾਈ ਕਬਰ ਦਾ ਕੋਈ ਨਿਸ਼ਾਨ ਲੱਭ ਜਾਵੇ। ਜਿਵੇਂ ਹੀ ਉਨ੍ਹਾਂ ਨੇ ਮਿੱਟੀ ਨੂੰ ਟਟੋਲਿਆ ਅਤੇ ਉਸ ਨੂੰ ਸੁੰਘਿਆ, ਉਸ ਵਿੱਚ ਮਨੁੱਖੀ ਅਵਸ਼ੇਸ਼ਾਂ ਦੀ ਖਾਸ ਗੰਧ ਸੀ।

ਖੋਜ ਦੌਰਾਨ ਕੁਝ ਸਮਾਂ ਆਰਾਮ ਕਰਦੇ ਹੋਏ ਰੇਨਾਲਡਾ ਪੁਲਿਡੋ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਹਰ ਰੋਜ਼ ਉਠਦੇ ਹਨ, ਤਾਂ ਰੱਬ ਤੋਂ ਪੁੱਛਦੇ ਹਨ: “ਆਖਿਰ ਮੈਂ ਇੱਥੇ ਕਿਉਂ ਹਾਂ?”

“ਮੈਨੂੰ ਇਹ ਅਹਿਸਾਸ ਤਾਕਤ ਦਿੰਦਾ ਹੈ ਕਿ ਹੋਰ ਕੋਈ ਉਨ੍ਹਾਂ ਨੂੰ ਨਹੀਂ ਲੱਭਣ ਵਾਲਾ। ਮੈਨੂੰ ਅਜਿਹਾ ਇਸ ਲਈ ਮਹਿਸੂਸ ਹੁੰਦਾ ਹੈ ਕਿਉਂਕਿ ਸਿਨਾਲੋਆ ਵਿੱਚ ਗਾਇਬ ਹੋਏ ਲੋਕਾਂ ਨੂੰ ਲੱਭਣ ਲਈ ਕੋਈ ਅੱਗੇ ਨਹੀਂ ਆ ਰਿਹਾ। ਅਤੇ ਇੱਕ ਮਾਂ ਹਮੇਸ਼ਾਂ ਆਪਣੇ ਬੱਚੇ ਨੂੰ ਲੱਭੇਗੀ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਉਹ ਲੱਭੇਗੀ।”

ਔਰਤਾਂ ਨੂੰ ਕਈ ਵਾਰ ਖ਼ਬਰ ਮਿਲੀ ਸੀ ਕਿ ਖੇਤ ਵਿੱਚ ਇੱਕ ਲਾਸ਼ ਸੁੱਟੀ ਗਈ ਹੋ ਸਕਦੀ ਹੈ, ਪਰ ਦੁਪਹਿਰ ਦੀ ਧੁੱਪ ਵਿੱਚ ਘੰਟੇ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਜਾਨਵਰਾਂ ਦੀਆਂ ਹੱਡੀਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ।

ਮੈਂ ਰੇਨਾਲਡਾ ਤੋਂ ਹੌਲੀ ਜਿਹੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਦੇ ਆਪਣੇ ਪੁੱਤਰ ਨੂੰ ਲੱਭ ਵੀ ਪਾਉਣਗੇ। ਉਨ੍ਹਾਂ ਨੇ ਆਪਣੀਆਂ ਅੱਖਾਂ ਤੋਂ ਹੰਝੂ ਪੂੰਝਦੇ ਹੋਏ ਕਿਹਾ, “ਇਹ ਉਹ ਗੱਲ ਹੈ ਜੋ ਮੈਂ ਅਕਸਰ ਆਪਣੇ ਆਪ ਤੋਂ ਪੁੱਛਦੀ ਹਾਂ।”

“ਪਰ ਮੈਂ ਆਪਣੇ ਪੁੱਤਰ ਨੂੰ ਉਨ੍ਹਾਂ 250 ਲਾਸ਼ਾਂ ਵਿੱਚ ਪਹਿਲਾਂ ਹੀ ਲੱਭ ਲਿਆ ਹੈ, ਜਿਨ੍ਹਾਂ ਨੂੰ ਮੈਂ ਲੱਭਿਆ ਹੈ, ਅਤੇ ਉਨ੍ਹਾਂ ਤੀਹ-ਚਾਲੀ ਲੋਕਾਂ ਵਿੱਚ ਵੀ ਜਿਨ੍ਹਾਂ ਨੂੰ ਮੈਂ ਜ਼ਿੰਦਾ ਲੱਭਿਆ ਹੈ। ਉਹ ਵੀ ਮੇਰੇ ਬੱਚੇ ਹਨ। ਅਤੇ ਉਨ੍ਹਾਂ ਸਾਰੇ ਪਰਿਵਾਰਾਂ ਦੇ ਬੱਚੇ ਜੋ ਮੇਰੇ ਕੋਲ ਮਦਦ ਲਈ ਆਉਂਦੇ ਹਨ, ਉਹ ਮੇਰੇ ਬੱਚੇ ਬਣ ਜਾਂਦੇ ਹਨ। ਮੇਰਾ ਪੁੱਤਰ ਉੱਥੇ ਹੈ, ਉਨ੍ਹਾਂ ਵਿੱਚੋਂ ਹਰ ਇੱਕ ਵਿੱਚ। ਉਨ੍ਹਾਂ ਸਭ ਵਿੱਚ ਮੇਰੇ ਪੁੱਤਰ ਦਾ ਇੱਕ ਛੋਟਾ ਜਿਹਾ ਹਿੱਸਾ ਹੈ।”

ਰੇਨਾਲਡਾ ਪੁਲੀਡੋ ਉਨ੍ਹਾਂ ਔਰਤਾਂ ਵਿੱਚੋਂ ਇੱਕ ਹੈ ਜੋ ਅਜੇ ਵੀ ਆਪਣੇ ਲਾਪਤਾ ਪੁੱਤਰ ਦੀ ਭਾਲ ਕਰ ਰਹੀਆਂ ਹਨ

ਤਸਵੀਰ ਸਰੋਤ, Darren Conway/BBC

ਫੈਂਟਾਨਿਲ ਦੇ ਧੰਦੇ ਨੇ ਖੂਨੀ ਟਕਰਾਅ ਵਧਾਇਆ

ਕੁਲਿਆਕਨ ਦੀ ਸਾਰੀ ਸਮੱਸਿਆ ਦੀ ਅਸਲ ਜੜ ਹੈ ਫੈਂਟਾਨਿਲ ਦਾ ਧੰਦਾ।

ਕਾਰਟਲ ਦੇ ਇੱਕ ਬੇਸਮੈਂਟ ਵਿੱਚ, “ਰੋਮਨ” (ਇਹ ਉਸਦਾ ਅਸਲੀ ਨਾਮ ਨਹੀਂ ਹੈ), ਜੋ ਡਰੱਗ ਤਿਆਰ ਕਰਦਾ ਹੈ, ਮੈਨੂੰ ਆਪਣੇ ਪਿੱਛੇ ਆਉਣ ਲਈ ਕਹਿੰਦਾ ਹੈ।

ਉਸਨੇ ਹਾਲ ਹੀ ਵਿੱਚ ਆਪਣੀ ਡਰੱਗ ਦੀ ਤਾਜ਼ਾ ਖੇਪ ਪੈਕ ਕੀਤੀ ਸੀ, ਜਿਸ ਵਿੱਚ ਕੱਸ ਕੇ ਭਰੇ ਗਏ ਚਿੱਟੇ ਪਾਊਡਰ ਦੇ ਅੱਧਾ ਦਰਜਨ ਤੋਂ ਵੱਧ ਪੈਕੇਟ ਸਨ, ਜੋ ਸੰਯੁਕਤ ਰਾਜ ਅਮਰੀਕਾ ਲਈ ਸਨ।

ਇਨ੍ਹਾਂ ਜਾਨਲੇਵਾ ਪੰਡਾਂ ਨੂੰ ਸਾਂਭਦੇ ਸਮੇਂ ਉਸ ਨੇ ਆਪਣੇ ਚਿਹਰੇ ‘ਤੇ ਮਾਸਕ ਅਤੇ ਹੱਥਾਂ ‘ਤੇ ਦਸਤਾਨੇ ਪਹਿਨੇ ਹੋਏ ਸਨ।

ਜਦੋਂ ਉਸਨੇ ਇੱਕ ਪੈਕੇਟ ਖੋਲ੍ਹਿਆ, ਤਾਂ ਉਹ ਪੂਰੀ ਤਰ੍ਹਾਂ ਦਬਿਆ ਹੋਇਆ ਸੀ ਅਤੇ ਉਸਦੀ ਸਤਿਹ ‘ਤੇ 300 ਨੰਬਰ ਬਣਿਆ ਹੋਇਆ ਸੀ।

ਪਹਿਲਾਂ ਉਹ ਅਮਰੀਕਾ ਵਿੱਚ ਗੋਲੀਆਂ ਭੇਜਦੇ ਸਨ, ਹੁਣ ਉਹ ਪਾਊਡਰ ਭੇਜਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਾਲ ਅਮਰੀਕੀ ਕਸਟਮਜ਼ ਤੋਂ ਬਚਣਾ ਸੌਖਾ ਹੋ ਜਾਂਦਾ ਹੈ।

ਹਰ ਪੈਕੇਜ ਦਾ ਵਜ਼ਨ ਇੱਕ ਕਿਲੋ ਹੈ ਅਤੇ ਇਸਦੀ ਕੀਮਤ 20,000 ਡਾਲਰ ਹੈ। ਪਰ ਰੋਮਨ ਨੇ ਦੱਸਿਆ ਕਿ ਜਿਸ ਸ਼ਹਿਰ ਵਿੱਚ ਇਸ ਨੂੰ ਭੇਜਿਆ ਜਾਂਦਾ ਹੈ, ਉਸ ਮੁਤਾਬਕ ਇਸਦੀ ਕੀਮਤ ਵੱਧ ਹੋ ਸਕਦੀ ਹੈ।

“ਜੇ ਅਸੀਂ ਇਸ ਨੂੰ ਨਿਊਯਾਰਕ ਲੈ ਜਾਂਦੇ ਹਾਂ, ਤਾਂ ਇਸਦੀ ਕੀਮਤ 28,000 ਡਾਲਰ ਜਾਂ 29,000 ਡਾਲਰ ਤੱਕ ਜਾ ਸਕਦੀ ਹੈ। ਇਹ ਜਿੰਨਾ ਉੱਪਰ ਜਾਵੇਗਾ, ਕੀਮਤ ਓਨੀ ਹੀ ਵੱਧ ਹੋਵੇਗੀ, ਅਤੇ ਸਾਡਾ ਮੁਨਾਫ਼ਾ ਵੀ ਓਨਾ ਹੀ ਵੱਧ ਹੋਵੇਗਾ।”

ਉਹ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ, ਆਪਣੇ ਕਾਰੋਬਾਰ ਲਈ ਉਸਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਅਤੇ ਕਹਿੰਦਾ ਹੈ ਕਿ ਮੈਕਸੀਕਨ ਅਤੇ ਅਮਰੀਕੀ ਸਰਕਾਰਾਂ ਭਾਵੇਂ ਜੋ ਮਰਜ਼ੀ ਸੋਚਣ, ਫੈਂਟਾਨਿਲ ਦੀ ਆਮਦ ਜਾਰੀ ਰਹੇਗੀ।

ਉਸਨੇ ਕਿਹਾ, “ਭਾਵੇਂ ਸਰਕਾਰ ਨੇ ਭਾਲ਼ ਤੇਜ਼ ਕਰ ਦਿੱਤੀ ਹੈ, ਉਹ ਹੋਰ ਜ਼ਿਆਦਾ ਸਾਡੇ ਪਿੱਛੇ ਆ ਰਹੇ ਹਨ ਅਤੇ ਸਾਡੇ ਹੋਰ ਨੇੜੇ ਆ ਰਹੇ ਹਨ। ਪਰ ਜਦੋਂ ਉਤਪਾਦਨ ਦੀ ਗੱਲ ਆਉਂਦੀ ਹੈ, ਅਸੀਂ ਕਦੇ ਨਹੀਂ ਰੁਕੇ।”

“ਕਦੇ-ਕਦੇ ਅਸੀਂ ਘੱਟ ਕਰ ਦਿੰਦੇ ਹਾਂ ਕਿਉਂਕਿ ਹਾਲਾਤ ਵਿਗੜ ਜਾਂਦੇ ਹਨ, ਸਰਕਾਰ ਬਹੁਤ ਕਰੀਬ ਆ ਜਾਂਦੀ ਹੈ। ਇਸ ਲਈ ਅਸੀਂ ਕੁਝ ਦਿਨਾਂ ਲਈ ਸ਼ਾਂਤ ਹੋ ਜਾਂਦੇ ਹਾਂ, ਪਰ ਜਿਵੇਂ ਹੀ ਉਹ ਸਮੱਸਿਆ ਖਤਮ ਹੋ ਜਾਂਦੀ ਹੈ ਅਸੀਂ ਜਾਂ ਤਾਂ ਕੰਮ ਸ਼ੁਰੂ ਕਰ ਲੈਂਦੇ ਹਾਂ ਜਾਂ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ।”

ਅਸੀਂ ਉਸ ਨੂੰ ਦੱਸਿਆ ਕਿ ਅਮਰੀਕਾ ਨੇ ਤੁਹਾਨੂੰ ਦਹਿਸ਼ਤਗਰਦ (ਟੈਰਰਿਸਟ) ਕਿਹਾ ਹੈ। ਉਸ ਨੇ ਖੁਸ਼ੀ-ਖੁਸ਼ੀ ਜਵਾਬ ਦਿੱਤਾ, “ਠੀਕ ਹੈ, ਭਾਵੇਂ ਰਾਸ਼ਟਰਪਤੀ ਡੌਨਲਡ ਟਰੰਪ ਸਾਨੂੰ ਦਹਿਸ਼ਤਗਰਦ ਕਹਿੰਦੇ ਹਨ, ਮੈਂ ਉਨ੍ਹਾਂ ਨੂੰ ਸਿਰਫ਼ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਖਪਤਕਾਰ ਹਨ, ਅਸੀਂ ਇਹ ਕਰਦੇ ਰਹਾਂਗੇ, ਪਰ ਇਸ ਨਾਲ ਅਸੀਂ ਦਹਿਸ਼ਤਗਰਦ ਨਹੀਂ ਬਣ ਜਾਂਦੇ।”

“ਜਦੋਂ ਤੱਕ ਲੋਕ ਇਸਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਉਹ ਇਹ ਕਰਨ ਲਈ ਆਜ਼ਾਦ ਹਨ। ਕੋਈ ਉਨ੍ਹਾਂ ਨੂੰ ਮਜਬੂਰ ਨਹੀਂ ਕਰ ਰਿਹਾ। ਕਿਸੇ ਨੇ ਉਨ੍ਹਾਂ ਨੂੰ ਇਹ ਬੁਰੀ ਆਦਤ ਸ਼ੁਰੂ ਕਰਨ ਜਾਂ ਇਸ ਚੀਜ਼ ਦਾ ਇਸਤੇਮਾਲ ਕਰਨ ਲਈ ਮਜਬੂਰ ਨਹੀਂ ਕੀਤਾ।”

ਕਲਾਉਡੀਆ ਸ਼ੀਨਬੌਮ

ਤਸਵੀਰ ਸਰੋਤ, Darren Conway/BBC

ਮੈਕਸੀਕਨ ਸਰਕਾਰ ਨੇ ਕਿਹਾ ਹੈ ਕਿ ਉਹ ਡਰੱਗ ਤਸਕਰੀ ਦੇ ਖ਼ਿਲਾਫ਼ ਜਾਰੀ ਆਪਣੀ ਲੜਾਈ ਵਿੱਚ ਅੱਗੇ ਵਧ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਸਨੇ ਅਮਰੀਕਾ ਨੂੰ ਸਪਲਾਈ ਹੁੰਦੇ ਫੈਂਟਾਨਿਲ ਵਿੱਚ 50% ਦੀ ਕਮੀ ਕਰ ਦਿੱਤੀ ਹੈ।

ਕੁਲਿਆਕਨ ਤੋਂ ਮੈਂ ਮੈਕਸੀਕੋ ਸਿਟੀ ਗਿਆ। ਰਾਜਧਾਨੀ ਦੇ ਹਵਾਈ ਅੱਡੇ ‘ਤੇ ਡ੍ਰਿਲਿੰਗ ਅਤੇ ਕੰਧਾਂ ਤੋਂ ਪਲਾਸਟਰ ਹਟਾਉਣ ਦੀਆਂ ਆਵਾਜ਼ਾਂ ਦਾ ਰੌਲਾ ਸੀ, ਵਰਲਡ ਕਪ 2026 ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਐਤਵਾਰ ਨੂੰ “ਐਲ ਮੇਂਚੋ” ਦੀ ਮੌਤ ਤੋਂ ਪਹਿਲਾਂ ਹੋਈ ਰਾਸ਼ਟਰਪਤੀ ਦੀ ਇੱਕ ਨਿਯਮਿਤ ਪ੍ਰੈਸ ਕਾਨਫਰੰਸ ਵਿੱਚ ਮੈਂ ਰਾਸ਼ਟਰਪਤੀ ਕਲਾਉਡੀਆ ਸ਼ੇਨਬਾਊਮ ਤੋਂ ਪੁੱਛਿਆ ਕਿ ਸਿਨਾਲੋਆ ਵਿੱਚ ਹਿੰਸਾ ਨੂੰ ਕਾਬੂ ਵਿੱਚ ਲਿਆਉਣ ਲਈ ਕੀ ਕਰਨਾ ਪਵੇਗਾ।

ਉਨ੍ਹਾਂ ਨੇ ਉੱਤਰੀ ਸੂਬੇ ਵਿੱਚ ਹਿੰਸਾ ਵਿੱਚ ਵਾਧੇ ਲਈ ਸਿਨਾਲੋਆ ਕਾਰਟਲ ਦੀ ਅੰਦਰੂਨੀ ਤਾਕਤ ਦੀ ਲੜਾਈ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ “ਨਾਗਰਿਕਾਂ, ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।”

ਸਿਨਾਲੋਆ ਵਾਪਸ ਆ ਕੇ, ਮੈਂ ਪੈਰਾਮੈਡਿਕ ਏਕਤਰ ਅਤੇ ਹੁਲਿਓ ਨਾਲ ਸ਼ਹਿਰ ਵਿੱਚ ਇੱਕ ਹੋਰ ਗੋਲ਼ੀਬਾਰੀ ਬਾਰੇ ਆਖ਼ਰੀ ਕਾਲ ਆਉਟ ‘ਤੇ ਗਿਆ। ਜਿਵੇਂ ਹੀ ਇੱਕ ਪੁਲਿਸ ਹੈਲੀਕਾਪਟਰ ਉੱਪਰੋਂ ਉਡਿਆ, ਅਸੀਂ ਕ੍ਰਾਈਮ ਸੀਨ ਵਾਲੀ ਟੇਪ ਦੇਖੀ ਅਤੇ ਫੁੱਟਪਾਥ ‘ਤੇ ਇੱਕ ਆਦਮੀ ਨੂੰ ਦੇਖਿਆ, ਜਿਸ ਦੀ ਛਾਤੀ ‘ਚ ਗੋਲ਼ੀ ਲੱਗੀ ਸੀ ਅਤੇ ਖੂਨ ਵਗ ਰਿਹਾ ਸੀ।

ਉਹ ਅਜੇ ਵੀ ਸਾਹ ਲੈ ਰਿਹਾ ਸੀ ਅਤੇ ਮਦਦ ਲਈ ਚੀਕ ਰਿਹਾ ਸੀ। ਜਿਵੇਂ ਹੀ ਏਕਤਰ ਨੇ ਉਸਦਾ ਇਲਾਜ ਸ਼ੁਰੂ ਕੀਤਾ, ਹੁਲਿਓ ਖੂੰਜੇ ‘ਚ ਪਏ ਇੱਕ ਹੋਰ ਆਦਮੀ ਵੱਲ ਦੌੜੇ, ਜੋ ਗੰਭੀਰ ਰੂਪ ਨਾਲ ਜ਼ਖ਼ਮੀ ਸੀ ਅਤੇ ਕੋਈ ਪ੍ਰਤੀਕਿਰਿਆ ਨਹੀਂ ਕਰ ਰਿਹਾ ਸੀ।

ਸਾਡੇ ਆਲੇ-ਦੁਆਲੇ ਫੌਜੀਆਂ ਅਤੇ ਮਰੀਨਾਂ ਦੀ ਮੌਜੂਦਗੀ ਦੇ ਬਾਵਜੂਦ, ਇਸ ਡਰ ਕਰਕੇ ਕਿ ਕਾਰਟਲ ਵਾਪਸ ਆ ਸਕਦਾ ਹੈ, ਉਨ੍ਹਾਂ (ਏਕਤਰ ਅਤੇ ਹੁਲਿਓ) ਦਾ ਕੰਮ ਹੋਰ ਵੀ ਅਹਿਮ ਹੋ ਗਿਆ ਸੀ।

ਦੋਵੇਂ ਪੀੜਤਾਂ ਦਾ ਮੁਢਲਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਕਿ ਉਹ ਕ੍ਰਾਸਫਾਇਰ ਵਿੱਚ ਫਸ ਗਏ ਸਨ ਅਤੇ ਉੱਥੇ ਖੜ੍ਹੇ ਸਨ। ਪਰ ਫਿਰ ਵੀ ਫੌਜ ਨੇ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਹਸਪਤਾਲ ਦੇ ਆਲੇ-ਦੁਆਲੇ ਹਥਿਆਰਬੰਦ ਘੇਰਾ ਬਣਾ ਲਿਆ ਸੀ। ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹ ਲੋਕ ਬਚ ਗਏ।

ਏਕਤਰ ਅਤੇ ਹੁਲਿਓ ਦੋਵਾਂ ਨੇ ਆਪਣੇ ਨੀਲੇ ਰਬੜ ਵਾਲੇ ਮੈਡੀਕਲ ਦਸਤਾਨੇ ਉਤਾਰੇ, ਜੋ ਅਜੇ ਵੀ ਖੂਨ ਨਾਲ ਭਿੱਜੇ ਹੋਏ ਸਨ, ਅਤੇ ਇਕੱਠੇ ਸਿਗਰਟ ਪੀਤੀ। ਏਕਤਰ ਨੇ ਕਿਹਾ, “ਨਵੰਬਰ ਤੋਂ ਬਾਅਦ ਇਹ ਪਹਿਲੇ ਪੀੜਤ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਦਾ ਲੱਭਿਆ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI