Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
-
22 ਮਈ 2025, 08:13 IST
ਅਪਡੇਟ ਇੱਕ ਘੰਟਾ ਪਹਿਲਾਂ
ਯੂਟਿਊਬਰ ਧਰੁਵ ਰਾਠੀ ਵੱਲੋਂ ਆਪਣੇ ਯੂਟਿਊਬ ਚੈਨਲ ਉੱਤੇ ਸਿੱਖ ਗੁਰੂਆਂ ਦੀਆਂ ਏ.ਆਈ ਜਨਰੇਟਿਡ ਤਸਵੀਰਾਂ ਦੀ ਵਰਤੋਂ ਕਰਕੇ ਅਪਲੋਡ ਕੀਤੀ ਗਈ ਇੱਕ ਵੀਡੀਓ ‘ਰਾਈਜ਼ ਆਫ਼ ਸਿੱਖਜ਼’ ਨੂੰ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਮਗਰੋਂ ਧਰੁਵ ਰਾਠੀ ਵੱਲੋਂ ਇਸ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ।
ਵੀਡੀਓ ਨੂੰ ਯੂਟਿਊਬ ਤੋਂ ਹਟਾਉਣ ਤੋਂ ਪਹਿਲਾਂ ਧਰੁਵ ਰਾਠੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਕਿ ਉਹ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ ਇਸ ਕਰਕੇ ਉਨ੍ਹਾਂ ਨੇ ਇਹ ਏਆਈ ਦੀ ਮਦਦ ਨਾਲ ਵੀਡੀਓ ਬਣਾਈ, ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਲਈ ਹੁਣ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਟਿੱਪਣੀ ਕਰਕੇ ਦੱਸਣ ਕਿ ਕੀ ਉਹ ਇਹ ਵੀਡੀਓ ਹਟਾ ਦੇਣ ਜਾਂ ਨਹੀਂ।
ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰੁਵ ਰਾਠੀ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ, “ਸਿੱਖਾਂ ਨੇ ਇਹ ਫ਼ੈਸਲੇ ਕੀਤੇ ਹੋਏ ਹਨ ਕਿ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਫਿਲਮਾਂ ਵਿੱਚ ਕੀਤੇ ਹੀ ਨਹੀਂ ਜਾ ਸਕਦੇ ਤਾਂ ਕੋਈ ਹੋਰ ਕੌਣ ਇਸ ਬਾਰੇ ਸਲਾਹ ਦੇਵੇਗਾ। ਗੁਰੂ ਸਾਹਿਬ ਉੱਤੇ ਫਿਲਮ ਬਣਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ।”

ਤਸਵੀਰ ਸਰੋਤ, SAD
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਧਰੁਵ ਰਾਠੀ ਵੱਲੋਂ ‘ਰਾਈਜ਼ ਆਫ਼ ਸਿੱਖਜ਼’ ਨਾਮ ਦੀ ਵੀਡੀਓ ਯੂਟਿਊਬ ਉੱਤੇ ਹਟਾ ਦਿੱਤੀ ਗਈ।
ਪਰ ਇਸ ਵਿਵਾਦ ਤੋਂ ਬਾਅਦ ਮੁੜ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਉੱਤੇ ਫ਼ਿਲਮਾਂ ਜਾਂ ਸੋਸ਼ਲ ਮੀਡੀਆ ਵੀਡੀਓ ਬਣਾਈ ਜਾ ਸਕਦੀ ਹੈ?
ਅਕਾਲ ਤਖ਼ਤ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਬਾਰੇ ਫ਼ਿਲਮ ਜਾਂ ਵੀਡੀਓ ਬਣਾਉਣ ਦੇ ਕਿਹੜੇ ਨਿਯਮ ਤੈਅ ਕੀਤੇ ਗਏ ਹਨ?
ਇਸਦੇ ਬਾਰੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਇਤਿਹਾਸ ਦੇ ਮਾਹਰਾਂ ਨਾਲ ਗੱਲਬਾਤ ਕੀਤੀ।

ਅਕਾਲ ਤਖ਼ਤ ਵੱਲੋਂ ਤੈਅ ਨਿਯਮ ਕੀ ਹਨ ?
ਹਾਲ ਹੀ ਵਿੱਚ ਜਦੋਂ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ‘ਅਕਾਲ’ ਫਿਲਮ ਨੂੰ ਵੀ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਤੋਂ ਬਾਅਦ 2 ਮਈ ਨੂੰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਦੀ ਅਹਿਮ ਇਕੱਤਰਤਾ ਸੱਦੀ ਗਈ ਸੀ।
ਇਸ ਇਕੱਤਰਤਾ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਸਿੱਖ ਗੁਰੂਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਫਿਲਮ ਬਣਾਉਣ ਉੱਤੇ ਪੂਰਨ ਪਾਬੰਦੀ ਲਾਈ ਗਈ ਹੈ।
ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਜਿਹੀਆਂ ਫ਼ਿਲਮਾਂ ਬਣਾਉਣ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਕਈ ਅਹਿਮ ਮਤਿਆਂ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ।

ਤਸਵੀਰ ਸਰੋਤ, Getty Images
ਗੁਰੂਆਂ ਬਾਰੇ ਫ਼ਿਲਮਾਂ ਬਣਾਉਣ ਬਾਰੇ ਪਾਸ ਹੋਏ ਮਤੇ ਕਿਹੜੇ?
ਕੁਲਦੀਪ ਸਿੰਘ ਗੜਗੱਜ ਮੁਤਾਬਕ ਸਿੱਖ ਗੁਰੂਆਂ ਬਾਰੇ ਫ਼ਿਲਮ ਬਣਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਦੀ ਧਾਰਮਿਕ ਸਲਾਹਕਾਰ ਕਮੇਟੀ ਵੱਲੋਂ ਸਮੇਂ-ਸਮੇਂ ਉੱਤੇ ਮਤੇ ਪਾਸ ਕੀਤੇ ਗਏ ਹਨ।
ਕੁਲਦੀਪ ਸਿੰਘ ਗੜਗੱਜ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਅਤੇ ਸਲਾਹਕਾਰ ਕਮੇਟੀ ਵੱਲੋਂ ਪਾਸ ਜਾਂ ਪੇਸ਼ ਕੀਤੇ ਗਏ ਮਤੇ ਹੇਠ ਲਿਖੇ ਅਨੁਸਾਰ ਹਨ।
- ਸਾਲ 1934 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਆਦਿ ਮਹਾਂਪੁਰਖਾਂ, ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਅਤੇ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੁੱਧ ਹੈ।
- ਧਾਰਮਿਕ ਸਲਾਹਕਾਰ ਕਮੇਟੀ ਦੀ 1940 ਵਿੱਚ ਹੋਈ ਇਕੱਤਰਤਾ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਕਾਲ ਪੁਰਖ, ਦੱਸ ਗੁਰੂ ਸਾਹਿਬਾਨ ਉਨ੍ਹਾਂ ਦੇ ਪਰਿਵਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ‘ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਸਿਧਾਂਤਾਂ ਦਾ ਸਤਿਕਾਰ ਕਰਦਿਆਂ ਜੇ ਕੋਈ ਸੱਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਹੈ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਹੈ, ਪਰ ਮਰਿਆਦਾ ਦਾ ਖਿਆਲ ਰੱਖਣਾ ਲਾਜ਼ਮੀ ਹੈ।
- ਸਾਲ 2003 ਵਿੱਚ ਸ਼੍ਰੋਮਣੀ ਕਮੇਟੀ ਅੱਗੇ ਪੇਸ਼ ਕੀਤਾ ਗਿਆ ਮਤਾ ਨੰਬਰ 668 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧ ਵਿੱਚ ਫਿਲਮ ਬਣਾਉਣ ਦੇ ਸਬੰਧ ਵਿੱਚ ਇਤਰਾਜ਼ਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਜਿਸ ਨੂੰ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਵੱਲੋਂ ਅਪ੍ਰਵਾਨ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ।
- ਇਸੇ ਤਰ੍ਹਾਂ ਇੱਕ ਇਕੱਤਰਤਾ 2003 ਨੂੰ ਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਾਹਿਬਾਨ ਸਮੇਤ ਸਾਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾ ਜਰਨੈਲਾਂ ਯੋਧਿਆਂ ਸੂਰਵੀਰਾਂ ਦੇ ਰੋਲ ਕਰਨ ਸਬੰਧੀ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ।
- ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਰਾਹੀਂ ਪੰਜਾਬੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਤੁਰੰਤ ਬੈਨ ਕਰਨ ਅਤੇ ਅੱਗੇ ਭਵਿੱਖ ਵਿੱਚ ਫਿਲਮਾਂ ਦੇ ਸੈਂਸਰ ਬੋਰਡ ਵਿੱਚ ਐੱਸਜੀਪੀਸੀ ਦੇ ਨੁਮਾਇੰਦੇ ਸ਼ਾਮਿਲ ਕਰਨ ਦਾ ਮਤਾ ਵੀ ਪੇਸ਼ ਕੀਤਾ ਗਿਆ।
- 13 ਦਸੰਬਰ 2022 ਨੂੰ ਮਤਾ ਨੰਬਰ 651 ਰਾਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉੱਤੇ ਮੁਕੰਮਲ ਰੋਕ ਲਾਈ ਗਈ ਹੈ।
ਬੇਸ਼ੱਕ 2022 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਮੁਤਾਬਕ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਫਿਲਮ ਰਾਹੀਂ ਦਿਖਾਉਣ ਉੱਤੇ ਪੂਰਨ ਪਾਬੰਦੀ ਲਾਈ ਗਈ ਸੀ ਪਰ ਇਸ ਸਮੇਂ ਤੱਕ ਕਈ ਫ਼ਿਲਮਾਂ ਸਿੱਖ ਗੁਰੂਆਂ, ਸਾਹਿਬਜ਼ਾਦਿਆਂ ਅਤੇ ਸਿੱਖ ਯੋਧਿਆਂ ਦੇ ਜੀਵਨ ਉੱਤੇ ਅਧਾਰਿਤ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਸਨ।
ਜਿਨ੍ਹਾਂ ਵਿੱਚੋਂ ਕਈ ਫ਼ਿਲਮਾਂ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਰਿਲੀਜ਼ ਨਹੀਂ ਹੋ ਸਕੀਆਂ ਪਰ ਕਈ ਫ਼ਿਲਮਾਂ ਨੂੰ ਮਨਜ਼ੂਰੀ ਮਿਲ ਗਈ ਸੀ।
ਵਿਰੋਧ ਦੇ ਬਾਵਜੂਦ ਚੱਲੀਆਂ ਫ਼ਿਲਮਾਂ

ਤਸਵੀਰ ਸਰੋਤ, RS ROBIN
ਬਿਨ੍ਹਾਂ ਵਿਰੋਧ ਰਿਲੀਜ਼ ਹੋਣ ਵਾਲੀਆਂ ਐਨੀਮੇਟਿਡ ਫ਼ਿਲਮਾਂ ਵਿੱਚ ਚਾਰ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦੇ ਭਾਗ 2 ਸ਼ਾਮਲ ਹਨ।
ਇਨ੍ਹਾਂ ਫ਼ਿਲਮਾਂ ਵਿੱਚੋਂ ਫਿਲਮ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਦੇ ਜੀਵਨ ਉੱਤੇ ਅਧਾਰਿਤ ਸੀ, ਹਾਲਾਂਕਿ ਚਾਰ ਸਾਹਿਬਜ਼ਾਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਐਨੀਮੇਟਿਡ ਕਿਰਦਾਰ ਵੀ ਦਿਖਾਇਆ ਗਿਆ ਸੀ।
ਜਦਕਿ ਚਾਰ ਸਾਹਿਬਜ਼ਾਦੇ ਭਾਗ 2 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਦੱਸੀ ਗਈ ਸੀ।
ਇਹ ਦੋਵੇਂ ਐਨੀਮੇਟਿਡ ਫ਼ਿਲਮਾਂ ਨਿਰਦੇਸ਼ਕ ਹੈਰੀ ਬਵੇਜਾ ਵੱਲੋਂ ਬਣਾਈਆਂ ਗਈਆਂ ਹਨ।
ਇਸ ਤੋਂ ਇਲਾਵਾ ਸਾਲ 2019 ਵਿੱਚ ਵਿਨੋਦ ਲਾਂਜੇਵਰ ਦੁਆਰਾ ਨਿਰਦੇਸ਼ਤ ਫਿਲਮ ਐਨੀਮੇਸ਼ਨ ਫਿਲਮ ‘ਦਾਸਤਾਨ-ਏ-ਮੀਰੀ ਪੀਰੀ’ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਹ ਫਿਲਮ 5 ਜੂਨ 2019 ਨੂੰ ਰਿਲੀਜ਼ ਹੋਣੀ ਸੀ ਪਰ ਅਕਾਲ ਤਖ਼ਤ ਤੋਂ ਹਰੀ ਝੰਡੀ ਨਾ ਮਿਲਣ ਕਰਕੇ ਫਿਲਮ ਨਿਰਮਾਤਾਵਾਂ ਨੇ ਰਿਲੀਜ਼ ‘ਤੇ ਰੋਕ ਲਗਾ ਦਿੱਤੀ।
ਫਿਲਮ ਦੀ ਸਮੀਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ-ਕਮੇਟੀ ਨਿਯੁਕਤ ਕੀਤੀ ਗਈ ਸੀ।
ਇਸ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਾਹਿਬ ਨੂੰ ਦਰਸਾਉਂਦੇ ਪਾਤਰ ਅਤੇ ਉਨ੍ਹਾਂ ਦੇ ਸੰਵਾਦਾਂ ਨੂੰ ਹਟਾਉਣ ਲਈ ਕਿਹਾ ਹੈ।
ਸਾਲ 2018 ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵੱਲੋਂ ਬਣਾਈ ਗਈ ਫਿਲਮ ‘ਨਾਨਕ ਸ਼ਾਹ ਫ਼ਕੀਰ’ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦੇ ਜੀਵਨ ‘ਤੇ ਆਧਾਰਿਤ ਬਣਾਈ ਗਈ ਸੀ।
ਹਾਲਾਂਕਿ ਫਿਲਮ ਵਿੱਚ ਗੁਰੂ ਨਾਨਕ ਦੇਵ ਨੂੰ ਦਰਸਾਉਣ ਲਈ ਰੌਸ਼ਨੀ ਦੀ ਵਰਤੋਂ ਕੀਤੀ ਗਈ ਪਰ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਸਖਤ ਵਿਰੋਧ ਕੀਤਾ ਗਿਆ।
ਹਾਲਾਂਕਿ ਇਸ ਫਿਲਮ ਦੇ ਵਿਰੋਧ ਨੂੰ ਦੇਖਦੇ ਹੋਏ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਅਕਾਲ ਤਖ਼ਤ ਵੱਲੋਂ ਛੇਕ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਰਿਲੀਜ਼ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ।
ਸਿੱਖ ਫ਼ਿਲਮਾਂ ਬਾਰੇ ਡੂੰਘੀ ਸਮਝ ਰੱਖਦੇ ਇੰਦਰਜੀਤ ਸਿੰਘ ਗੋਗੋਆਣਾ ਕਹਿੰਦੇ ਹਨ ਕਿ ਵਿਰੋਧ ਦੇ ਬਾਵਜੂਦ ਇਹ ਫ਼ਿਲਮਾਂ ਯੂ ਟਿਊਬ ਜਾਂ ਸੋਸ਼ਲ ਮੀਡੀਆ ਦੇ ਕਿਸੇ ਹੋਰ ਪਲੇਟਫਾਰਮ ਉੱਤੇ ਹੁਣ ਵੀ ਦੇਖੀਆਂ ਜਾ ਸਕਦੀਆਂ ਹਨ।

ਤਸਵੀਰ ਸਰੋਤ, Inderjeet Singh Gogoana/FB
‘ਚਾਰ ਸਾਹਿਬਜ਼ਾਦੇ’ ਫ਼ਿਲਮ ਬਾਰੇ ਸ਼੍ਰੋਮਣੀ ਕਮੇਟੀ ਨੇ ਕੀ ਕਿਹਾ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਹਬਾਜ਼ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੇ ਇਤਿਹਾਸ ਜਾਂ ਉਨ੍ਹਾਂ ਦੇ ਪੁੱਤਰਾਂ ਬਾਰੇ ਪਹਿਲਾਂ ਬਣ ਚੁੱਕੀਆਂ ਫ਼ਿਲਮਾਂ ਨੂੰ ਮੌਜੂਦਾ ਮਾਮਲਿਆਂ ਨਾਲ ਨਾ ਉਲਝਾਇਆ ਜਾਵੇ।
ਉਹ ਕਹਿੰਦੇ ਹਨ, “ਜਿਸ ਸਮੇਂ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ, ਸ਼੍ਰੋਮਣੀ ਕਮੇਟੀ ਨੇ ਵੀ ਇਸ ਫਿਲਮ ਨੂੰ ਲੋਕਾਂ ਨੂੰ ਦਿਖਾਉਣ ਦਾ ਸਮਰਥਨ ਕੀਤਾ ਸੀ। ਪਰ ਹੁਣ ਫ਼ੈਸਲੇ ਬਦਲੇ ਗਏ ਹਨ।”
“2022 ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਵੱਲੋਂ ਲਏ ਗਏ ਫ਼ੈਸਲਿਆਂ ਵਿੱਚ ਸਾਫ਼ ਕਿਹਾ ਗਿਆ ਸੀ ਕਿ ਗੁਰੂ ਸਾਹਿਬਾਨਾਂ ਦੇ ਕਿਰਦਾਰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਕਿਸੇ ਵੀ ਤਰੀਕੇ ਨਾ ਕਿਸੇ ਵਿਅਕਤੀ ਤੇ ਨਾ ਹੀ ਐਨੀਮੇਟਿਡ ਤੌਰ ਉੱਤੇ ਫਿਲਮਾਏ ਜਾਣ ਦੀ ਪੂਰਨ ਮਨਾਹੀ ਹੈ।”
ਅਕਾਲ ਤਖ਼ਤ ਲਏ ਗਏ ਫ਼ੈਸਲਿਆਂ ਉੱਤੇ ਪਹਿਰਾ ਦੇਵੇ
ਇੰਦਰਜੀਤ ਸਿੰਘ ਗੋਗੋਆਣਾ ਸਿੱਖ ਇਤਿਹਾਸ ਨਾਲ ਸਬੰਧਤ ਬਣੀਆਂ ਫ਼ਿਲਮਾਂ ਦੀ ਸਮੀਖਿਆ ਕਰਨ ਲਈ ਬਣਾਈਆਂ ਗਈਆਂ ਕਮੇਟੀਆਂ ਦੇ ਮੈਂਬਰ ਰਹੇ ਹਨ।
ਉਹ ਕਹਿੰਦੇ ਹਨ, “ਹੁਣ ਭਾਵੇਂ ਐਨੀਮੇਟਿਡ ਫ਼ਿਲਮਾਂ ਹਨ ਜਾਂ ਏ ਆਈ ਨਾਲ ਬਣੀਆਂ ਵੀਡੀਓਜ਼ ਹਨ, ਇਨ੍ਹਾਂ ਬਾਰੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਫ਼ੈਸਲਾ ਲੈ ਚੁੱਕੀ ਹੈ ਕਿ ਗੁਰੂ ਸਾਹਿਬ, ਉਨ੍ਹਾਂ ਦੇ ਪਰਿਵਾਰ ਬਾਰੇ ਫ਼ਿਲਮ ਬਣਾਉਣ ਦੀ ਮਨਾਹੀ ਹੈ। ਇਸ ਲਈ ਹੁਣ ਇਸ ਫ਼ੈਸਲੇ ਉੱਤੇ ਪਹਿਰਾ ਦਿੱਤਾ ਜਾਵੇ, ਜਿਸ ਨੂੰ ਲਾਗੂ ਕਰਨ ਵਿੱਚ ਹੁਣ ਤੱਕ ਵਾਧ- ਘਾਟ ਹੁੰਦੀ ਰਹੀ ਹੈ।”
ਇੰਦਰਜੀਤ ਕਹਿੰਦੇ ਹਨ, “ਜੇਕਰ ਕੋਈ ਫ਼ਿਲਮ ਬਣਾਉਣਾ ਚਾਹੁੰਦਾ ਤਾਂ ਸਿੱਖ ਵਿਚਾਰਧਾਰਾ ਉੱਤੇ ਫ਼ਿਲਮ ਬਣਾ ਸਕਦੇ ਹਾਂ, ਗੁਰੂਆਂ ਦਾ ਇਤਿਹਾਸ ਦੱਸਣ ਲਈ ਫ਼ਿਲਮਾਂ ਬਣਾਉਣ ਦੀ ਲੋੜ ਨਹੀਂ ਹੈ।”
‘ਏਆਈ ਦੇ ਪ੍ਰਯੋਗ ਉੱਤੇ ਅਕਾਲ ਤਖ਼ਤ ਸਖ਼ਤ’
ਅਕਾਲ ਤਖ਼ਤ ਸਾਹਿਬ ਦੇ ਸਕੱਤਰ ਅਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਏ ਆਈ ਦੀ ਵੱਧ ਰਹੀ ਦੁਰਵਰਤੋਂ ਉੱਤੇ ਚਿੰਤਾ ਪ੍ਰਗਟ ਕੀਤੀ।
ਜਸਕਰਨ ਸਿੰਘ ਨੇ ਦੱਸਿਆ ਕਿ 2022 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਗੁਰੂ, ਉਨ੍ਹਾਂ ਦੇ ਪਰਿਵਾਰ, ਸਿੱਖ ਸ਼ਹੀਦਾਂ ਦੇ ਕਿਰਦਾਰਾਂ ਉੱਤੇ ਕੋਈ ਵੀ ਐਨੀਮੇਟਿਡ ਫ਼ਿਲਮ ਜਾਂ ਏਆਈ ਨਾਲ ਫ਼ਿਲਮ ਨਹੀਂ ਬਣਾਈ ਜਾ ਸਕਦੀ।
ਜਸਕਰਨ ਸਿੰਘ ਨੇ ਏਆਈ ਦੀ ਮਦਦ ਨਾਲ ਸਿੱਖ ਗੁਰੂਆਂ ਦੀਆਂ ਫੋਟੋਆਂ ਅਤੇ ਵੀਡੀਓ ਨਾਲ ਹੋ ਰਹੀ ਛੇੜਛਾੜ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਉਨ੍ਹਾਂ ਨੇ ਕਿਹਾ, “ਸੋਸ਼ਲ ਮੀਡੀਆ ਉੱਤੇ ਏਆਈ ਦੀ ਮਦਦ ਨਾਲ ਵਿਗਾੜੀਆਂ ਜਾ ਰਹੀਆਂ ਸਿੱਖ ਗੁਰੂਆਂ ਦੀਆਂ ਫੋਟੋਆਂ, ਵੀਡੀਓ ਬਾਰੇ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਫੈਸਲੇ ਲਏ ਜਾਣਗੇ।”
“ਏਆਈ ਦਾ ਯੁੱਗ ਬਹੁਤ ਖ਼ਤਰਨਾਕ ਹੈ ਤੇ ਇਸਦੀ ਮਦਦ ਨਾਲ ਸਿੱਖ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਵਿਗਾੜਨ ਵਾਲੇ ਲੋਕ ਜਾਣਬੁਝ ਕੇ ਸ਼ਰਾਰਤ ਕਰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI