Home ਰਾਸ਼ਟਰੀ ਖ਼ਬਰਾਂ ਸਾਊਦੀ ਏਅਰ ਬੇਸ ‘ਤੇ ਦੋ ਟੁਕੜਿਆਂ ਵਿੱਚ ਟੁੱਟੇ ਹੋਏ ਅਮਰੀਕੀ ਜਹਾਜ਼ ਦੀ...

ਸਾਊਦੀ ਏਅਰ ਬੇਸ ‘ਤੇ ਦੋ ਟੁਕੜਿਆਂ ਵਿੱਚ ਟੁੱਟੇ ਹੋਏ ਅਮਰੀਕੀ ਜਹਾਜ਼ ਦੀ ਤਸਵੀਰ ਦੀ ਸੱਚਾਈ ਕੀ ਹੈ

10
0

Source :- BBC PUNJABI

ਟੁੱਟੇ ਅਮਰੀਕੀ ਜਹਾਜ਼ ਦੀ ਤਸਵੀਰ

ਤਸਵੀਰ ਸਰੋਤ, Facebook

ਵੈਰੀਫਾਈ ਕੀਤੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਾਊਦੀ ਅਰਬ ਦੇ ਇੱਕ ਏਅਰਬੇਸ ‘ਤੇ ਅਮਰੀਕੀ ਕਮਾਂਡ ਅਤੇ ਕੰਟਰੋਲ ਜਹਾਜ਼ ਨਸ਼ਟ ਹੋ ਗਿਆ ਹੈ।

ਇਹ ਤਸਵੀਰਾਂ ਸਭ ਤੋਂ ਪਹਿਲਾਂ ਇੱਕ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜੋ ਅਮਰੀਕੀ ਫੌਜ ਨਾਲ ਜੁੜੀਆਂ ਖ਼ਬਰਾਂ ਪੋਸਟ ਕਰਦਾ ਹੈ। ਤਸਵੀਰਾਂ ਵਿੱਚ ਈ-3 ਸੈਂਟਰੀ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਹੈ।

ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਸਵੀਰਾਂ ਰਿਆਦ ਤੋਂ ਕਰੀਬ 100 ਕਿਲੋਮੀਟਰ ਦੱਖਣ-ਪੂਰਬ ਸਥਿਤ ਪ੍ਰਿੰਸ ਸੁਲਤਾਨ ਏਅਰ ਬੇਸ ਦੀਆਂ ਹਨ। ਤਸਵੀਰਾਂ ਵਿੱਚ ਦਿੱਸ ਰਹੇ ਪਿਲਰ, ਸਟੋਰੇਜ ਯੂਨਿਟ ਅਤੇ ਪੱਕੇ ਹਿੱਸਿਆਂ ‘ਤੇ ਬਣੇ ਨਿਸ਼ਾਨ ਸੈਟੇਲਾਈਟ ਇਮੇਜ ਨਾਲ ਮੇਲ ਖਾਂਦੇ ਹਨ।

ਅਮਰੀਕੀ ਸੈਂਟਰਲ ਕਮਾਂਡ ਨੇ ਹਾਲੇ ਤੱਕ ਇਸ ਘਟਨਾ ‘ਤੇ ਜਨਤਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬੀਬੀਸੀ ਨੇ ਇਸ ਮਾਮਲੇ ਵਿੱਚ ਪ੍ਰਤੀਕ੍ਰਿਆ ਮੰਗੀ ਹੈ।

ਸ਼ੁੱਕਰਵਾਰ ਨੂੰ ਇੱਕ ਅਮਰੀਕੀ ਅਧਿਕਾਰੀ ਨੇ ਖ਼ਬਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਈਰਾਨੀ ਹਮਲੇ ਵਿੱਚ 12 ਅਮਰੀਕੀ ਫੌਜੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।

ਦੂਜੇ ਪਾਸੇ, ਦਿ ਵਾਲ ਸਟ੍ਰੀਟ ਜਰਨਲ ਨੇ ਰਿਪੋਰਟ ਕੀਤਾ ਕਿ ਘੱਟੋ-ਘੱਟ ਦੋ ਅਮਰੀਕੀ ਰੀਫਿਊਲਿੰਗ ਜਹਾਜ਼ ਵੀ ਨੁਕਸਾਨੇ ਗਏ ਹਨ।

ਐਤਵਾਰ ਨੂੰ ਈਰਾਨ ਦੀ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ (ਆਈਆਰਜੀਸੀ) ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਕਿ ਇੱਕ ਸ਼ਾਹੇਦ ਡਰੋਨ ਨੇ ਈ-3 ਜਹਾਜ਼ ਨੂੰ ਨਿਸ਼ਾਨਾ ਬਣਾਇਆ।

ਜਹਾਜ਼ ਬਾਰੇ ਹੋਰ ਕੀ ਪਤਾ ਲੱਗਿਆ

ਤਬਾਹ ਹੋਇਆ ਜਹਾਜ਼ ਇਸ ਫਾਈਲ ਫੋਟੋ ਵਿੱਚ ਦਿਖਾਈ ਦੇ ਰਹੇ ਜਹਾਜ਼ ਵਰਗਾ ਸੀ

ਤਸਵੀਰ ਸਰੋਤ, AFP via Getty Images

ਬੀਬੀਸੀ ਵੈਰੀਫ਼ਾਈ ਨੇ 11 ਮਾਰਚ ਦੀ ਸੈਟੇਲਾਈਟ ਤਸਵੀਰ ਵਿੱਚ ਵੀ ਇਸੇ ਸਥਾਨ ‘ਤੇ ਇੱਕ ਈ-3 ਜਹਾਜ਼ ਦੇਖਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਉਹੀ ਜਹਾਜ਼ ਹੈ ਜਾਂ ਨਹੀਂ।

ਵੈਰੀਫ਼ਾਈ ਕੀਤੀਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਜਹਾਜ਼ ਦਾ ਟੇਲ ਨੰਬਰ ਵੀ ਦਿਖਾਈ ਦਿੰਦਾ ਹੈ। ਇਸ ਦੇ ਆਧਾਰ ‘ਤੇ ਫਲਾਈਟ ਟ੍ਰੈਕਿੰਗ ਵੈਬਸਾਈਟ ਫਲਾਈਟਰਡਾਰ 24 ਦੀ ਜਾਂਚ ਕੀਤੀ ਗਈ, ਜਿਸ ਵਿੱਚ ਪਤਾ ਲੱਗਿਆ ਕਿ 18 ਮਾਰਚ ਨੂੰ ਇਹ ਜਹਾਜ਼ ਏਅਰ ਬੇਸ ਦੇ ਨੇੜੇ ਉਡਾਨ ਭਰ ਰਿਹਾ ਸੀ।

ਸ਼ੁੱਕਰਵਾਰ ਨੂੰ ਲਈ ਗਈ ਇੱਕ ਸੈਟੇਲਾਈਟ ਤਸਵੀਰ ਵਿੱਚ ਏਅਰ ਬੇਸ ਦੇ ਐਪਰਨ ਖੇਤਰ ਵਿੱਚ ਅੱਗ ਦਿਖਾਈ ਦਿੰਦੀ ਹੈ, ਜੋ ਈ-3 ਜਹਾਜ਼ ਤੋਂ ਕਰੀਬ 1600 ਮੀਟਰ ਪੂਰਬ ਵਿੱਚ ਹੈ।

ਇਹ ਸਪਸ਼ਟ ਨਹੀਂ ਹੈ ਕਿ ਇਹ ਉਸੇ ਹਮਲੇ ਦਾ ਹਿੱਸਾ ਹੈ ਜਾਂ ਨਹੀਂ, ਜਿਸ ਵਿੱਚ ਇਸ ਜਹਾਜ਼ ਨੂੰ ਨੁਕਸਾਨ ਪਹੁੰਚਿਆ।

ਲੰਘੀ 17 ਫ਼ਰਵਰੀ ਨੂੰ ਬੀਬੀਸੀ ਵੈਰੀਫ਼ਾਈ ਨੇ ਫਲਾਈਟਰਡਾਰ 24 ਡੇਟਾ ਦੀ ਜਾਂਚ ਦੇ ਆਧਾਰ ‘ਤੇ ਪੁਸ਼ਟੀ ਕੀਤੀ ਸੀ ਕਿ ਦੋ ਈ-3 ਸੈਂਟਰੀ ਅਵਾਕਸ ਜਹਾਜ਼ ਬ੍ਰਿਟੇਨ ਦੇ ਮਿਲਡਨਹਾਲ ਏਅਰਫੋਰਸ ਸਟੇਸ਼ਨ ‘ਤੇ ਪਹੁੰਚੇ ਸਨ।

ਅਵਾਕਸ ਕੀ ਹੈ ਅਤੇ ਇਸਦਾ ਕੀ ਮਹੱਤਵ ਹੈ?

ਅਵਾਕਸ ਜਹਾਜ਼

ਤਸਵੀਰ ਸਰੋਤ, X/@AVG_Kory

ਬੋਇੰਗ ਈ-3 ਅਵਾਕਸ (ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ) ਇੱਕ ਬੋਇੰਗ 707 ਜਹਾਜ਼ ‘ਤੇ ਆਧਾਰਿਤ ਹੈ ਅਤੇ ਇਸ ਦੇ ਪਿਛਲੇ ਹਿੱਸੇ ਵਿੱਚ ਘੁੰਮਣ ਵਾਲੀ ਰਡਾਰ ਡਿਸਕ ਲੱਗੀ ਹੁੰਦੀ ਹੈ, ਜੋ ਇਸ ਨੂੰ ਵੱਖਰੀ ਪਛਾਣ ਦਿੰਦੀ ਹੈ।

ਇਹ ਰਡਾਰ ਲੰਮੀ ਦੂਰੀ ਤੱਕ ਸੰਭਾਵਿਤ ਨਿਸ਼ਾਨਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਿੱਚ ਸਮਰੱਥ ਹੁੰਦੀ ਹੈ, ਜਿਸ ਨਾਲ ਜੰਗ ਦੌਰਾਨ ਖ਼ਤਰੇ ਦੀ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ।

ਅਮਰੀਕੀ ਹਵਾਈ ਫੌਜ ਦੀ ਵੈਬਸਾਈਟ ਦੇ ਅਨੁਸਾਰ, ਇਹ ਜਹਾਜ਼ ਏਅਰ ਆਪ੍ਰੇਸ਼ਨ ਦੇ ਕਮਾਂਡਰਾਂ ਨੂੰ ਜਾਣਕਾਰੀ ਦਿੰਦਾ ਹੈ, ਜਿਸ ਨਾਲ ਉਹ ਹਵਾਈ ਜੰਗ ਨੂੰ ਨਿਯੰਤਰਿਤ ਕਰ ਸਕਣ।

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਅਵਾਕਸ ਆਧੁਨਿਕ ਜੰਗਾਂ ਦੌਰਾਨ ਜ਼ਮੀਨ ਅਤੇ ਹਵਾ ਵਿੱਚ ਸਰਵੀਲਾਂਸ ਸਿਸਟਮ (ਹਵਾਈ ਰੱਖਿਆ ਕਾਰਜਾਂ) ਲਈ ਅਨੁਕੂਲ ਵਾਤਾਵਰਣ ਤਿਆਰ ਕਰਦਾ ਹੈ, ਜਿਸ ਨੂੰ ਆਮ ਤੌਰ ‘ਤੇ ਏਅਰ ‘ਸਰਵੀਲਾਂਸ ਸਿਸਟਮ’ ਕਿਹਾ ਜਾਂਦਾ ਹੈ।

ਇਸ ਦੀ ਮਦਦ ਨਾਲ ਹਵਾਈ ਹਮਲੇ ਕੀਤੇ ਜਾਂਦੇ ਹਨ ਜਾਂ ਹਮਲਿਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਂਦੀ ਹੈ।

ਇਸ ਨੂੰ ਹਵਾ ਵਿੱਚ ਉੱਡਦਾ ਹੋਇਆ ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ ਕਿਹਾ ਜਾਂਦਾ ਹੈ। ਇਨ੍ਹਾਂ ਦਾ ਇਸਤੇਮਾਲ ਉਨ੍ਹਾਂ ਥਾਵਾਂ ‘ਤੇ ਕੀਤਾ ਜਾਂਦਾ ਹੈ, ਜਿੱਥੇ ‘ਗ੍ਰਾਊਂਡ ਸਰਵੀਲਾਂਸ’ ਸੰਭਵ ਨਹੀਂ ਹੁੰਦਾ।

ਇਸ ਜਹਾਜ਼ ਨੇ ਪਹਿਲੀ ਵਾਰ 1977 ਵਿੱਚ ਸੇਵਾ ਸ਼ੁਰੂ ਕੀਤੀ ਸੀ ਅਤੇ ਰਿਪੋਰਟਾਂ ਮੁਤਾਬਕ ਇਹ 2035 ਤੱਕ ਅਮਰੀਕੀ ਹਵਾਈ ਫੌਜ ਵਿੱਚ ਸਰਗਰਮ ਰਹਿ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI