Source :- BBC PUNJABI
ਤਸਵੀਰ ਸਰੋਤ, Laljit Singh Bhullar/FB
ਅੰਮ੍ਰਿਤਸਰ ਦੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕ ਮੈਨੇਜਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਤੋਂ ਅਸਤੀਫ਼ਾ ਲੈ ਲਿਆ ਹੈ।
ਮ੍ਰਿਤਕ ਦਾ ਨਾਂ ਗਗਨਦੀਪ ਸਿੰਘ ਰੰਧਾਵਾ ਹੈ। ਗਗਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਈਐੱਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਅੰਮ੍ਰਿਤਸਰ ਦੇ ਏਡੀਸੀਪੀ ਸ੍ਰੀਵੇਨੇਲਾ ਨੇ ਦੱਸਿਆ, “ਇਹ ਕਾਫੀ ਮੰਦਭਾਗਾ ਹੈ। ਗਗਨਦੀਪ ਰੰਧਾਵਾ ਨਾਂ ਦੇ ਸਰਕਾਰੀ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾਵਾਂਗੇ।”
ਗਗਨਦੀਪ ਰੰਧਾਵਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਲਾਲਜੀਤ ਭੁੱਲਰ ਉੱਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ।
ਗਗਨਦੀਪ ਰੰਧਾਵਾ ਦੇ ਰਿਸ਼ਤੇਦਾਰ ਨੇ ਦੱਸਿਆ, “ਗਗਨਦੀਪ ਰੰਧਾਵਾ ਉੱਤੇ ਲਾਲਜੀਤ ਭੁੱਲਰ ਵੱਲੋਂ ਉਨ੍ਹਾਂ ਦੇ ਪਿਤਾ ਦੇ ਹੱਕ ਵਿੱਚ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਟੈਂਡਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ।”
ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਬਿਆਨ ਜਾਰੀ ਕਰਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਪੋਸਟ ਵਿੱਚ ਲਾਲਜੀਤ ਭੁੱਲਰ ਨੇ ਕਿਹਾ ਹੈ ਕਿ ਕੇਸ ਦੀ ਨਿਰਪੱਖ ਜਾਂਚ ਲਈ ਉਹ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਮਨਜ਼ੂਰ ਕਰਨ ਦੀ ਬੇਨਤੀ ਕਰਦੇ ਹਨ। ਲਾਲਜੀਤ ਭੁੱਲਰ ਤਰਨ ਤਾਰਨ ਦੇ ਪੱਟੀ ਤੋਂ ਵਿਧਾਇਕ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਜਾਂਚ ਪ੍ਰਭਾਵਿਤ ਨਾ ਹੋ ਸਕੇ ਇਸ ਲਈ ਲਾਲਜੀਤ ਭੁੱਲਰ ਅਸਤੀਫ਼ਾ ਲੈ ਲਿਆ ਗਿਆ ਹੈ।
ਕੀ ਬੋਲੇ ਸੀਐਮ ਮਾਨ
ਤਸਵੀਰ ਸਰੋਤ, Bhagwant Mann/FB
ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਗਗਨਦੀਪ ਰੰਧਾਵਾ ਦੀ ਮੌਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਮਾਮਲਾ ਮੇਰੇ ਨੋਟਿਸ ਵਿੱਚ ਆਇਆ ਹੈ। ਕਿਸੇ ਦੀ ਵੀ ਜਾਨ ਜਾਣਾ ਕਾਫੀ ਦੁਖਦ ਹੈ, ਮੇਰੀ ਸੰਵੇਦਨਾ ਪਰਿਵਾਰ ਦੇ ਨਾਲ ਹੈ।”
”ਅਜੇ ਉਨ੍ਹਾਂ ਦੀ ਮੌਤ ਦਾ ਕਾਰਨ ਜਾਂਚ ਦਾ ਵਿਸ਼ਾ ਹੈ। ਜਾਂਚ ਪ੍ਰਭਾਵਿਤ ਨਾ ਹੋ ਸਕੇ ਇਸ ਲਈ ਲਾਲਜੀਤ ਭੁੱਲਰ ਤੋਂ ਅਸੀਂ ਅਸਤੀਫ਼ਾ ਲੈ ਲਿਆ ਹੈ। ਅਸੀਂ ਕਿਸੇ ਵੀ ਤਰੀਕੇ ਦੀ ਕੋਤਾਹੀ ਬਰਦਾਸ਼ਤ ਨਹੀਂ ਕਰਾਂਗੇ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ। ਮੈਂ ਚੀਫ਼ ਸਕੱਤਰ ਨੂੰ ਜਾਂਚ ਲਈ ਕਿਹਾ ਹੈ।”
ਮਹੱਤਵਪੂਰਨ ਸੂਚਨਾ
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਲਾਲਜੀਤ ਭੁੱਲਰ ਨੇ ਇਲਜ਼ਾਮਾਂ ਉੱਤੇ ਕੀ ਕਿਹਾ
ਲਾਲਜੀਤ ਭੁੱਲਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, “ਮੇਰੇ ਉੱਪਰ ਜੋ ਇਲਜ਼ਾਮ ਲੱਗ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ ਪਰ ਸਾਡੀ ਪਾਰਟੀ ਹਮੇਸ਼ਾ ਸੱਚ ਦਾ ਸਾਥ ਦਿੰਦੀ ਹੈ ਤੇ ਹਮੇਸ਼ਾ ਸੱਚ ਦੇ ਨਾਲ ਖੜ੍ਹਦੀ ਹੈ ਇਸ ਲਈ ਮੇਰੇ ‘ਤੇ ਜੋ ਇਲਜ਼ਾਮ ਲੱਗੇ ਹਨ, ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਇਲਜ਼ਾਮਾਂ ਦੀ ਸਹੀ ਤਰੀਕੇ ਦੇ ਨਾਲ ਜਾਂਚ ਹੋਵੇ ਤਾਂ ਜੋ ਸਹੀ ਫੈਸਲਾ ਬਾਹਰ ਆ ਸਕੇ।”
“ਇਸ ਕਰਕੇ ਜਿੰਨੀ ਦੇਰ ਤੱਕ ਇਹ ਜਾਂਚ ਪੂਰੀ ਨਹੀਂ ਹੋ ਜਾਂਦੀ ਮੈਂ ਪਾਰਟੀ ਨੂੰ ਬੇਨਤੀ ਕਰਾਂਗਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਮੇਰਾ ਮੰਤਰੀ ਪਦ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਤਾਂ ਕਿ ਇਸ ਮਾਮਲੇ ਵਿੱਚ ਮੇਰਾ ਮੰਤਰੀ ਪਦ ਕੋਈ ਅੜਿੱਕਾ ਨਾ ਬਣੇ ਅਤੇ ਇਸ ਮਾਮਲੇ ਦੀ ਸਹੀ ਜਾਂਚ ਹੋਵੇ, ਸੋ ਮੈਂ ਆਪਣਾ ਅਸਤੀਫਾ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਰਿਹਾ ਹਾਂ।”
ਵਿਰੋਧੀ ਧਿਰ ਹਮਲਾਵਰ
ਤਸਵੀਰ ਸਰੋਤ, BJP media cell
ਭਾਜਪਾ ਆਗੂ ਸੁਨੀਲ ਜਾਖੜ ਨੇ ਗਗਨਦੀਪ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਤੇ ਨਾਲ ਹੀ ‘ਆਪ’ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ”ਪਿਛਲੇ ਸਾਲ ਮਈ-ਜੂਨ ਮਹੀਨੇ ‘ਚ ਮੈਂ ਇਸ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਸਾਰਿਆਂ ਦੇ ਖਾਤਿਆਂ ਦੀ ਜਾਂਚ ਕਰਵਾਓ। ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਸਗੋਂ ਕਾਂਗਰਸ, ਅਕਾਲੀ ਦਲ, ਭਾਜਪਾ ਸਾਰਿਆਂ ਦੇ ਆਗੂਆਂ ਦੀ ਜਾਂਚ ਕਰਵਾਓ।”
”ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਗਰੀਬ ਘਰਾਂ ‘ਚੋਂ ਉੱਠ ਕੇ ਆਏ ਨੇ, ਰਹਿਣ ਨੂੰ ਮਕਾਨ ਨਹੀਂ, ਅੱਜ ਉਨ੍ਹਾਂ ਦੇ ਮਹਿਲ ਕਿਵੇਂ ਬਣ ਗਏ? ਪੰਜ-ਪੰਜ ਦਸ-ਦਸ ਏਕੜ ‘ਚ ਫਾਰਮ ਹਾਊਸ ਕਿਵੇਂ ਬਣ ਗਏ। ਇਹ ਸਾਰਾ ਭ੍ਰਿਸ਼ਟਾਚਾਰ ਹੈ।”
ਉਨ੍ਹਾਂ ਕਿਹਾ ਕਿ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਣਦੀ ਹੈ। ”ਮੇਰੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਫੌਰੀ ਤੌਰ ‘ਤੇ ਪਰਚਾ ਦਰਜ ਕਰਕੇ ਗ੍ਰਿਫਤਾਰੀ ਹੋਵੇ ਤੇ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਨਿਆਂ ਮਿਲੇ।”
ਤਸਵੀਰ ਸਰੋਤ, Bikram Singh Majithia/FB
ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ‘ਚ ”ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿਉਂਕਿ ਸਰਕਾਰ ਨੂੰ ਸਮਝ ਆ ਗਿਆ ਹੈ ਕਿ ਮਾਮਲਾ ਬਹੁਤ ਵੱਡਾ ਬਣ ਜਾਣਾ ਹੈ।”
ਉਨ੍ਹਾਂ ਕਿਹਾ, ”ਲਾਲਜੀਤ ਭੁੱਲਰ ਦੇ ਅਸਤੀਫ਼ੇ ਦਾ ਸਿਰਫ਼ ਡਰਾਮਾ ਕੀਤਾ ਗਿਆ ਹੈ।”
ਉਨ੍ਹਾਂ ਮੰਗ ਕੀਤੀ ਕਿ ”ਜੇ ਸਰਕਾਰ ਇਸ ਮੁੱਦੇ ‘ਤੇ ਸੱਚੀ ਹੈ ਅਤੇ ਇਨਸਾਫ਼ ਚਾਹੁੰਦੀ ਹੈ ਤਾਂ ਭਗਵੰਤ ਮਾਨ ਜੀ ਤੁਸੀਂ ਆਪ ਹੀ ਸੀਬੀਆਈ ਜਾਂਚ ਕਰਵਾਓ।”
ਕੌਣ ਹਨ ਲਾਲਜੀਤ ਭੁੱਲਰ?
ਲਾਲਜੀਤ ਭੁੱਲਰ ਦੇ ਸਿਆਸੀ ਸਫ਼ਰ ਅਤੇ ਉਨ੍ਹਾਂ ਨਾਲ ਜੁੜੇ ਵਿਵਾਦਾਂ ਬਾਰੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਦੀ ਰਿਪੋਰਟ

ਲਾਲਜੀਤ ਸਿੰਘ ਭੁੱਲਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਹਲਕਾ ਪੱਟੀ ਤੋਂ ਚੋਣ ਜਿੱਤੇ ਤੇ ਵਿਧਾਇਕ ਬਣੇ। ਬਾਅਦ ਵਿੱਚ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਵੀ ਮਿਲਿਆ।
ਲਾਲਜੀਤ ਭੁੱਲਰ ਪੱਟੀ ਦੇ ਰਹਿਣ ਵਾਲੇ ਹਨ ਅਤੇ 12ਵੀਂ ਪਾਸ ਹਨ। ਲਾਲਜੀਤ ਭੁੱਲਰ ਨੂੰ 16ਵੀਂ ਪੰਜਾਬ ਵਿਧਾਨ ਸਭਾ ਵਿੱਚ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਅਤੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦਾ ਚਾਰਜ ਦਿੱਤਾ ਗਿਆ।
ਮੌਜੂਦਾ ਸਮੇਂ ਉਹ ਟਰਾਂਸਪੋਰਟ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਦਾ ਚਾਰਜ ਸੰਭਾਲ ਰਹੇ ਸਨ।
ਲਾਲਜੀਤ ਭੁੱਲਰ ਨਾਲ ਜੁੜੇ ਪੁਰਾਣੇ ਵਿਵਾਦ
ਤਸਵੀਰ ਸਰੋਤ, Laljit Singh Bhullar/FB
ਲਾਲਜੀਤ ਸਿੰਘ ਭੁੱਲਰ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ, ਵੀਡੀਓਜ਼ ਅਤੇ ਰਾਜਨੀਤਿਕ ਗਤੀਵਿਧੀਆਂ ਕਰਕੇ ਚਰਚਾ ਵਿੱਚ ਆਉਂਦੇ ਰਹੇ।
ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਉੱਤੇ 2024 ਲੋਕ ਸਭਾ ਚੋਣਾਂ ਦੌਰਾਨ ਪੱਟੀ (ਤਰਨ ਤਾਰਨ) ਵਿੱਚ ਇੱਕ ਮੀਟਿੰਗ ਦੌਰਾਨ ਸਾਬਕਾ ਕਾਂਗਰਸੀ ਐੱਮਐੱਲਏ ਹਰਮਿੰਦਰ ਸਿੰਘ ਗਿੱਲ ਬਾਰੇ ਜਾਤੀਸੂਚਕ ਸ਼ਬਦ ਵਰਤਣ ਦੇ ਇਲਜ਼ਾਮ ਲੱਗੇ ਸਨ। ਇਸ ਮਗਰੋਂ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਅਤੇ ਲਾਲਜੀਤ ਭੁੱਲਰ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।
ਵਿਵਾਦ ਵਧਣ ਮਗਰੋਂ ਲਾਲਜੀਤ ਭੁੱਲਰ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ।
ਕਾਰ ਦੀ ਸਨਰੂਫ ਵਿਚੋਂ ਸਟੰਟ ਕਰਨ ਦਾ ਵਿਵਾਦ
ਸਾਲ 2022 ‘ਚ ਆਪਣੇ ਇੱਕ ਪੁਰਾਣੇ ਵੀਡੀਓ ਵਿੱਚ ਲਾਲਜੀਤ ਭੁੱਲਰ ਚੱਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲ ਕੇ ਸਟੰਟ ਕਰਦੇ ਦਿਖਾਈ ਦਿੱਤੇ ਜਿਸ ਮਗਰੋਂ ਲਾਲਜੀਤ ਭੁੱਲਰ ਨੂੰ ਵਿਰੋਧੀਆਂ ਦੀਆਂ ਸਖਤ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



