Home ਰਾਸ਼ਟਰੀ ਖ਼ਬਰਾਂ ‘ਲੋਕਾਂ ਦੇ ਸੱਦੇ ‘ਤੇ ਆਉਂਦਾ ਹਾਂ ਪੰਜਾਬ’, ਨਰਿੰਦਰ ਭਰਾਜ ਦੇ ਇਲਜ਼ਾਮਾਂ ‘ਤੇ...

‘ਲੋਕਾਂ ਦੇ ਸੱਦੇ ‘ਤੇ ਆਉਂਦਾ ਹਾਂ ਪੰਜਾਬ’, ਨਰਿੰਦਰ ਭਰਾਜ ਦੇ ਇਲਜ਼ਾਮਾਂ ‘ਤੇ ਸੈਣੀ ਦਾ ਜਵਾਬ, ਜਾਣੋ ਸੈਣੀ ਦੇ ਪੰਜਾਬ ਗੇੜਿਆਂ ਬਾਰੇ ਮਾਹਰ ਕੀ ਕਹਿੰਦੇ ਹਨ

17
0

Source :- BBC PUNJABI

ਨਾਇਬ ਸੈਣੀ ਅਤੇ ਨਰਿੰਦਰ ਕੌਰ ਭਰਾਜ

ਤਸਵੀਰ ਸਰੋਤ, Nayab Saini/FB/Narinder Kaur Bharaj/FB

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀਰਵਾਰ ਨੂੰ ਹਰਿਆਣਾ ਦੇ ਸੀਐੱਮ ਨਾਇਬ ਸੈਣੀ ‘ਤੇ ‘ਆਪ੍ਰੇਸ਼ਨ ਲੋਟਸ’ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ।

ਇੱਕ ਪ੍ਰੈੱਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ, “ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਿਛਲੇ ਦਿਨੀਂ ਕਿਸੇ ਸ਼ਖ਼ਸ ਦੇ ਜ਼ਰੀਏ ਮੇਰੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੰਪਰਕ ਕੀਤਾ। ਮੈਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦੀ ਆਫ਼ਰ ਵੀ ਦਿੱਤੀ।”

ਅੱਗੇ ਨਰਿੰਦਰ ਭਰਾਜ ਨੇ ਕਿਹਾ, “ਮੈਂ ਸੀਐੱਮ ਸੈਣੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਹਰਿਆਣਾ ਦਾ ਧਿਆਨ ਕਰੋ। ਇੰਝ ਲੱਗ ਰਿਹਾ ਹੈ ਜਿਵੇਂ ਭਾਜਪਾ ਨੇ ਤੁਹਾਨੂੰ ਪੰਜਾਬ ਵਿੱਚ ਡੈਪੋਟੇਸ਼ਨ ‘ਤੇ ਭੇਜ ਦਿੱਤਾ ਹੋਵੇ।”

ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।

ਉਨ੍ਹਾਂ ਨੇ ਕਿਹਾ, “ਪੰਜਾਬ ਦੇ ਵਿਧਾਇਕ ਵੱਲੋਂ ਲਾਏ ਗਏ ਇਹ ਇਲਜ਼ਾਮ ਤੱਥਹੀਣ ਹਨ। ਮੇਰੇ ਉੱਤੇ ਇਲਜ਼ਾਮ ਲਗਾਉਣ ਵਾਲੇ ਵਿਧਾਇਕ ਨੂੰ ਮੈਂ ਤਾਂ ਜਾਣਦਾ ਹੀ ਨਹੀਂ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਮਨਘੜਤ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।”

ਹਾਲਾਂਕਿ ਇਸ ਤੋਂ ਪਹਿਲਾਂ ਸਾਲ 2022 ਵਿੱਚ ਵੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਨੇ ਆਪਣੇ “ਆਪ੍ਰੇਸ਼ਨ ਲੋਟਸ” ਤਹਿਤ 25 ਕਰੋੜ ਰੁਪਏ ਦੀ ਪੇਸ਼ਕਸ਼ ਨਾਲ ਆਮ ਆਦਮੀ ਪਾਰਟੀ ਦੇ ਸੱਤ ਤੋਂ 10 ਵਿਧਾਇਕਾਂ ਤੱਕ ਪਹੁੰਚ ਕੀਤੀ ਸੀ।

ਭਾਜਪਾ ਆਗੂਆਂ ਨੇ ਉਦੋਂ ਵੀ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਸੀ।

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉੱਤੇ ਲਾਏ ਗਏ ਇਲਜ਼ਾਮ ਜਾਂਚ ਦਾ ਵਿਸ਼ਾ ਹਨ, ਪਰ ਹਰਿਆਣਾ ਦੇ ਮੁੱਖ ਮੰਤਰੀ ਦੀਆਂ ਪੰਜਾਬ ਵਿੱਚ ਵੱਧਦੀਆਂ ਧਾਰਮਿਕ ਅਤੇ ਸਿਆਸੀ ਸਰਗਰਮੀਆਂ ਲੰਘੇ ਦਿਨੀਂ ਚਰਚਾ ਦਾ ਵਿਸ਼ਾ ਜ਼ਰੂਰ ਰਹੀਆਂ ਹਨ।

ਦੂਜੇ ਪਾਸੇ ਹਰਿਆਣਾ ਦੇ ਸੀਐੱਮ ਸੈਣੀ ਦੇ ਪੰਜਾਬ ਦੌਰਿਆਂ ‘ਤੇ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਵੀ ਸਵਾਲ ਚੁੱਕਦੇ ਰਹੇ ਹਨ।

ਪੰਜਾਬ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਲਗਭਗ ਸਾਲ ਕੁ ਦਾ ਸਮਾਂ ਰਹਿ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਦੇ ਪੰਜਾਬ ਵਿੱਚ ਗੇੜੇ ਵੀ ਲਗਾਤਾਰ ਵੱਧ ਰਹੇ ਹਨ।

ਨਰਿੰਦਰ ਕੌਰ ਭਰਾਜ

ਪੰਜਾਬ ਵਿੱਚ ਕਈ ਵਾਰ ਪੱਗ ਬੰਨ੍ਹ ਕੇ ਆਏ ਨਾਇਬ ਸੈਣੀ

ਪੰਜਾਬ ਵਿੱਚ ਭਾਜਪਾ ਦਾ ਕੋਈ ਵੀ ਵੱਡਾ ਸਮਾਗਮ ਹੋਵੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਸ ਸਮਾਗਮ ਵਿੱਚ ਜ਼ਿਆਦਾਤਰ ਦਿਖਾਈ ਦਿੰਦੇ ਹੀ ਹਨ।

ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿੱਚ ਹੋਣ ਵਾਲੇ ਕਈ ਸਮਾਗਮਾਂ ਵਿੱਚ ਨਾਇਬ ਸੈਣੀ ਖ਼ਾਸ ਪਹਿਰਾਵੇ ਵਿੱਚ ਅਤੇ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦੇ ਦਿਖਾਈ ਦਿੱਤੇ ਹਨ।

ਪੰਜਾਬ ਵਿੱਚ ਹੋਏ ਕਈ ਸਿਆਸੀ ਸਮਾਗਮਾਂ ਵਿੱਚ ਨਾਇਬ ਸੈਣੀ ਨੇ ਖ਼ਾਸ ਤੌਰ ‘ਤੇ ਕੇਸਰੀ ਪੱਗ ਬੰਨ੍ਹ ਕੇ ਸ਼ਿਰਕਤ ਕੀਤੀ। ਕਈ ਸਮਾਗਮਾਂ ਵਿੱਚ ਉਨ੍ਹਾਂ ਨੂੰ ਕੁਝ-ਕੁਝ ਪੰਜਾਬੀ ਬੋਲਦੇ ਵੀ ਦੇਖਿਆ ਗਿਆ ਹੈ।

ਪੰਜਾਬ ਵਿੱਚ ਨਾਇਬ ਸੈਣੀ ਵੱਲੋਂ ਦਿੱਤੇ ਵੱਡੇ ਬਿਆਨ

ਸੀਐੱਮ ਸੈਣੀ ਦੇ ਪੰਜਾਬ ਦੌਰਿਆਂ ਦੌਰਾਨ ਉਨ੍ਹਾਂ ਦਾ ਮੁੱਖ ਨਿਸ਼ਾਨਾ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ‘ਤੇ ਹੁੰਦਾ ਹੈ।

ਸੀਐੱਮ ਸੈਣੀ ਆਪਣੇ ਭਾਸ਼ਣਾਂ ਦੌਰਾਨ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਭਾਈਚਾਰੇ ਦਾ ਦਾਅਵਾ ਕਰਦੇ ਹਨ, ਉੱਥੇ ਹੀ ਵਿਅੰਗਾਤਮਕ ਅੰਦਾਜ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦੇ ਹਨ।

ਇਸ ਦੇ ਨਾਲ ਸੀਐੱਮ ਸੈਣੀ ਹਰਿਆਣਾ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹਨ।

ਪਟਿਆਲਾ ਵਿੱਚ ਇੱਕ ਰੈਲੀ ਦੌਰਾਨ ਸੀਐੱਮ ਸੈਣੀ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੰਜਾਬ ਅਤੇ ਹਰਿਆਣਾ ਦਾ ਨਹੁੰ ਅਤੇ ਉਂਗਲੀ ਦਾ ਰਿਸ਼ਤਾ ਹੈ। ਇਹ ਟੁੱਟ ਨਹੀਂ ਸਕਦਾ।”

ਆਪਣੇ ਇੱਕ ਭਾਸ਼ਣ ਦੌਰਾਨ ਸੀਐੱਮ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਹਰਿਆਣਾ ਦੇ ਲੋਕਾਂ ਨੂੰ ਮੁਫ਼ਤ ਇਲਾਜ ਮਿਲ ਰਿਹਾ ਹੈ, ਪਰ ਪੰਜਾਬ ਸਰਕਾਰ ਇਸਦਾ ਲਾਭ ਨਹੀਂ ਲੈ ਰਹੀ।

“ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਵੇਂ ਦਿੱਲੀ ਵਿੱਚ ਲੋਕਾਂ ਨੇ ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਹਨ, ਪੰਜਾਬ ਵਿੱਚ ਵੀ ਲੋਕ ਮੁਹੱਲਾ ਕਲੀਨਿਕ ਬੰਦ ਕਰ ਦੇਣ।”

ਮੁਕਤਸਰ ਵਿੱਚ ਮਾਘੀ ਮੇਲੇ ਮੌਕੇ ਸੀਐੱਮ ਸੈਣੀ ਨੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੀਐੱਮ ਮੋਦੀ ਨੇ ਹਰਿਆਣਾ ਦੇ 20 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 7 ਹਜ਼ਾਰ ਕਰੋੜ ਰੁਪਏ ਪਾਉਣ ਦਾ ਕੰਮ ਕੀਤਾ ਹੈ। ਅਸੀਂ ਹਰਿਆਣਾ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 24 ਫ਼ਸਲਾਂ ਐੱਮਐੱਸਪੀ ‘ਤੇ ਖਰੀਦੀਆਂ ਜਾਣਗੀਆਂ।”

“ਉਹ ਵਾਅਦਾ ਅਸੀਂ ਪੂਰਾ ਕੀਤਾ। ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜੋ ਕਿਸਾਨਾਂ ਦੀ ਪੂਰੀ ਦੀ ਪੂਰੀ ਫ਼ਸਲ ਐੱਮਐੱਸਪੀ ‘ਤੇ ਖਰੀਦ ਰਿਹਾ ਹੈ।”

ਨਾਇਬ ਸੈਣੀ

ਸੀਐੱਮ ਸੈਣੀ ਦੇ ਪ੍ਰਮੁੱਖ ਪੰਜਾਬ ਦੌਰੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਪੰਜਾਬ ਵਿੱਚ ਦੌਰੇ ਸਾਲ 2025 ਵਿੱਚ ਹੀ ਸ਼ੁਰੂ ਹੋ ਗਏ ਸਨ। ਸੀਐੱਮ ਸੈਣੀ ਪਾਰਟੀ ਦੇ ਹੋਰ ਆਗੂਆਂ ਨਾਲ ਮਿਲ ਕੇ ਅਤੇ ਇਕੱਲੇ ਵੀ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੇ ਪੰਜਾਬ ਦੌਰਿਆਂ ਵਿੱਚੋਂ ਕੁਝ ਪ੍ਰਮੁੱਖ ਦੌਰੇ ਹੇਠ ਲਿਖੇ ਹਨ।

31 ਜੁਲਾਈ 2025 ਨੂੰ ਨਾਇਬ ਸੈਣੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਦੇਣ ਲਈ ਸੁਨਾਮ ਦਾ ਦੌਰਾ ਕੀਤਾ ਅਤੇ ਸੁਨਾਮ ਵਾਸੀਆਂ ਅਤੇ ਊਧਮ ਸਿੰਘ ਦੇ ਪਰਿਵਾਰ ਦੇ ਵੰਸ਼ਜਾਂ ਨਾਲ ਮੁਲਾਕਾਤ ਕੀਤੀ।

26 ਦਸੰਬਰ 2025 ਨੂੰ ਨਾਇਬ ਸੈਣੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਨਮਨ ਕੀਤਾ। ਇਹ ਉਹ ਦਿਨ ਸਨ ਜਦੋਂ ਫਤਹਿਗੜ੍ਹ ਸਾਹਿਬ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਚੱਲ ਰਹੇ ਸਨ।

11 ਜਨਵਰੀ 2026 ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿੱਚ ‘ਵਿਕਸਿਤ ਭਾਰਤ ਜੀਰਾਮ ਜੀ’ ਬਾਰੇ ਜਾਗਰੂਕ ਕਰਨ ਲਈ ਰੈਲੀ ਕੀਤੀ।

14 ਜਨਵਰੀ 2026 ਨੂੰ ਸੀਐੱਮ ਸੈਣੀ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਵੱਲੋਂ ਆਯੋਜਿਤ ਮਾਘੀ ਮੇਲੇ ਦੀ ਰਾਜਨੀਤਕ ਕਾਨਫਰੰਸ ਵਿੱਚ ਸ਼ਾਮਲ ਹੋਏ।

16 ਜਨਵਰੀ 2026 ਨੂੰ ਚੰਡੀਗੜ੍ਹ ਵਿੱਚ ਭਾਜਪਾ ਹੈੱਡਕੁਆਰਟਰ ਵਿਖੇ ਨਾਇਬ ਸੈਣੀ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਸਾਬਕਾ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਅਤੇ ਸੀਐੱਮ ਮਾਨ ਦੇ ਸਾਬਕਾ ਸਹਿਯੋਗੀ ਓਂਕਾਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ।

23 ਜਨਵਰੀ 2026 ਨੂੰ ਸੀਐੱਮ ਸੈਣੀ ਨੇ ਲੁਧਿਆਣਾ ਵਿੱਚ ਨਾਮਧਾਰੀ ਸਿੱਖ ਸੰਪਰਦਾ ਭੈਣੀ ਸਾਹਿਬ ਵਿੱਚ ਰਾਮ ਸਿੰਘ ਦੇ ਜਨਮ ਦਿਹਾੜੇ ‘ਤੇ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ।

ਸੀਐੱਮ ਸੈਣੀ ਕਿਉਂ ਆਉਂਦੇ ਹਨ ਪੰਜਾਬ?

ਇਸ ਸਵਾਲ ਦਾ ਜਵਾਬ ਦਿੰਦਿਆਂ ਨਾਇਬ ਸੈਣੀ ਨੇ ਕਿਹਾ, “ਮੈਂ ਆਪਣੇ ਵੱਲੋਂ ਨਹੀਂ ਜਾ ਰਿਹਾ ਪੰਜਾਬ। ਪੰਜਾਬ ਦੀ ਜਨਤਾ ਸਾਡੀ ਸਨਮਾਨਿਤ ਜਨਤਾ ਹੈ। ਮੈਨੂੰ ਪੰਜਾਬ ਦੇ ਲੋਕਾਂ ਦੇ ਸੱਦੇ ‘ਤੇ ਪੰਜਾਬ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਪਰੇਸ਼ਾਨ ਹਨ।”

ਸੈਣੀ ਨੇ ਅੱਗੇ ਕਿਹਾ, “ਮੈਂ ਇਹ ਗੱਲ ਕਈ ਵਾਰ ਕਹਿ ਚੁੱਕਿਆ ਹਾਂ ਕਿ ਪੰਜਾਬ ਸਾਡਾ ਘਰ ਹੈ। ਪੰਜਾਬ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਹਨ। ਪੰਜਾਬ ਨਾਲ ਸਾਡਾ ਖੂਨ ਦਾ ਰਿਸ਼ਤਾ ਹੈ। ਹਰਿਆਣਾ ਪੰਜਾਬ ਤੋਂ ਵੱਖ ਹੋਇਆ ਸੀ।”

“ਦੋ ਭਰਾ ਅਲੱਗ ਹੋਏ ਸਨ, ਅੱਜ ਵੀ ਵੇਹੜਾ ਇੱਕ ਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਸਨ, ਪਰ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਹੁਣ ਲੋਕ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਾਉਣਾ ਚਾਹੁੰਦੇ ਹਨ।”

ਪ੍ਰੋ ਜਗਰੂਪ ਸਿੰਘ

ਮਾਹਰ ਕੀ ਕਹਿੰਦੇ ਹਨ?

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨਰਿੰਦਰ ਭਰਾਜ ਵੱਲੋਂ ਸੀਐੱਮ ਸੈਣੀ ਉੱਤੇ ਲਾਏ ਇਲਜ਼ਾਮਾਂ ਸਬੰਧੀ ਸਬੂਤ ਪੇਸ਼ ਕਰਨ ਦੀ ਗੱਲ ਕਰਦੇ ਹਨ।

ਉਹ ਕਹਿੰਦੇ ਹਨ, “ਨਰਿੰਦਰ ਭਰਾਜ ਜੇਕਰ ਕਿਸੇ ਸੂਬੇ ਦੇ ਮੁੱਖ ਮੰਤਰੀ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਇਲਜ਼ਾਮ ਲਗਾ ਰਹੇ ਹਨ ਤਾਂ ਉਨ੍ਹਾਂ ਨੂੰ ਸਬੂਤ ਦੇਣੇ ਚਾਹੀਦੇ ਹਨ ਅਤੇ ਗੱਲ ਸਾਫ ਕਰਨੀ ਚਾਹੀਦੀ ਹੈ। ਭਾਜਪਾ ਜੋੜ-ਤੋੜ ਦੀ ਨੀਤੀ ਅਪਣਾਉਂਦੀ ਹੈ, ਇਹ ਸਭ ਨੂੰ ਪਤਾ ਹੈ, ਪਰ ਸਬੂਤ ਪੇਸ਼ ਕੀਤੇ ਬਿਨਾਂ ਗੱਲ ਨਹੀਂ ਕੀਤੀ ਜਾਣੀ ਚਾਹੀਦੀ।”

ਉਹ ਪੰਜਾਬ ਵਿੱਚ ਨਾਇਬ ਸੈਣੀ ਦੇ ਵੱਧਦੇ ਦੌਰਿਆਂ ਬਾਰੇ ਕਹਿੰਦੇ ਹਨ, “ਸੀਐੱਮ ਸੈਣੀ ਦੇ ਜਿੰਨੇ ਵੀ ਦੌਰੇ ਪੰਜਾਬ ਵਿੱਚ ਹੋਏ ਹਨ, ਉਨ੍ਹਾਂ ਵਿੱਚ ਉਨ੍ਹਾਂ ਨੇ ਅਨੁਸੂਚਿਤ ਜਾਤੀ ਜਾਂ ਓਬੀਸੀ ਵਰਗ ਦੇ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਵਰਗਾਂ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”

ਪ੍ਰੋ.ਜਗਰੂਪ ਕਹਿੰਦੇ ਹਨ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਲੋਕ ਨਾਰਾਜ਼ ਹਨ ਇਹ ਹੁਣ ਜੱਗ ਜ਼ਾਹਰ ਹੋਣ ਲੱਗ ਗਿਆ ਹੈ, ਕਾਂਗਰਸ ਨਾਲ ਲੋਕ ਜੁੜੇ ਹੋਏ ਹਨ ਪਰ ਉਨ੍ਹਾਂ ਨੂੰ ਮਜਬੂਤ ਰਣਨੀਤੀ ਨਾਲ ਅੱਗੇ ਆਉਣਾ ਪਵੇਗਾ, ਇਸ ਕਰਕੇ ਭਾਜਪਾ ਪੰਜਾਬ ਦੇ ਲੋਕਾਂ ਵਿੱਚ ਥਾਂ ਬਣਾਉਣ ਦਾ ਮੌਕਾ ਕਿਵੇਂ ਜਾਣ ਦੇ ਸਕਦੀ ਹੈ। ਇਸ ਲਈ ਸੈਣੀ ਹੌਲੀ-ਹੌਲੀ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਭਾਜਪਾ ਨੂੰ ਮਜਬੂਤ ਕਰਨ ਦੀ ਰਣਨੀਤੀ ਨੂੰ ਅੰਜਾਮ ਦੇ ਰਹੇ ਹਨ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੀ ਸੀਐੱਮ ਸੈਣੀ ਦੇ ਪੰਜਾਬ ਦੌਰਿਆਂ ਨੂੰ ਭਾਜਪਾ ਵਲੋਂ ਪੰਜਾਬ ਵਿੱਚ 2027 ਦੀਆਂ ਚੋਣਾਂ ਲਈ ਮੈਦਾਨ ਤਿਆਰ ਕਰਨ ਦੀ ਕੋਸ਼ਿਸ਼ ਦੱਸਦੇ ਹਨ।

ਉਹ ਕਹਿੰਦੇ ਹਨ, “ਪੰਜਾਬ ਵਿੱਚ ਸੈਣੀ ਭਾਈਚਾਰਾ ਵੱਡੀ ਗਿਣਤੀ ਹੈ, ਨਾਇਬ ਸੈਣੀ ਦਾ ਪੰਜਾਬ ਵਿੱਚ ਆਉਣਾ ਸੈਣੀ ਭਾਈਚਾਰੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿਆਸੀ ਪਾਰਟੀਆਂ ਹਰ ਪਾਸੇ ਤੋਂ ਵੋਟ ਤੋੜਨ ਦੀ ਕੋਸ਼ਿਸ਼ ਕਰਦੀਆਂ ਹਨ ਇਸ ਲਈ ਸੈਣੀ ਹਰ ਵਰਗ ਦੇ ਲੋਕਾਂ ਨੂੰ ਮਿਲ ਰਹੇ ਹਨ।”

“ਭਾਜਪਾ ਕੋਲ ਪੰਜਾਬ ਵਿੱਚ ਆਪਣਾ ਕੋਈ ਵੱਡਾ ਆਗੂ ਨਹੀਂ ਹੈ, ਅਜਿਹੇ ‘ਚ ਗੁਆਂਢ ‘ਚੋਂ ਇੱਕ ਵੱਡਾ ਲੀਡਰ ਆ ਕੇ ਪੱਗ ਬੰਨ੍ਹ ਕੇ, ਪੰਜਾਬੀ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਕਮੀਆਂ ਦੱਸ ਕੇ ਚੰਗਾ ਕਰਨ ਦੇ ਵਾਅਦਾ ਕਰਦਾ ਹੈ ਤਾਂ ਉਹ ਭਾਜਪਾ ਉਸਨੂੰ ਕਿਉਂ ਨਹੀਂ ਪੰਜਾਬ ਭੇਜੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI