Home ਰਾਸ਼ਟਰੀ ਖ਼ਬਰਾਂ ‘ਮੇਰੇ ਪਿਤਾ ਨੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਪਤੀ ਦਾ ਕਤਲ ਕੀਤਾ...

‘ਮੇਰੇ ਪਿਤਾ ਨੇ ਹੀ ਮੇਰੀਆਂ ਅੱਖਾਂ ਸਾਹਮਣੇ ਮੇਰੇ ਪਤੀ ਦਾ ਕਤਲ ਕੀਤਾ ਅਤੇ ਮੈਨੂੰ ਜਿਉਂਦੀ ਲਾਸ਼ ਬਣਾ ਦਿੱਤਾ’, ਅੰਤਰਜਾਤੀ ਵਿਆਹ ਕਰਨ ਵਾਲੀ ਕੁੜੀ ਦੀ ਕਹਾਣੀ

15
0

Source :- BBC PUNJABI

ਤਨੂੰਪ੍ਰਿਆ ਅਤੇ ਰਾਹੁਲ ਮੰਡਲ

ਤਸਵੀਰ ਸਰੋਤ, @Tanumahi042006

13 ਫ਼ਰਵਰੀ 2026

ਪੜ੍ਹਨ ਦਾ ਸਮਾਂ: 8 ਮਿੰਟ

ਚੇਤਾਵਨੀ: ਇਸ ਕਹਾਣੀ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।

ਦੁਪਹਿਰ ਦੇ 11 ਵੱਜ ਰਹੇ ਸਨ। ਮੈਂ ਸੁਪੌਲ ਦੇ ਪਿਪਰਾ ਬਲਾਕ ਦੇ ਤੁਲਾਪੱਟੀ ਪਿੰਡ ਪਹੁੰਚੀ ਸੀ। ਹਲਕੀ ਧੁੱਪ ਨਿਕਲੀ ਸੀ ਅਤੇ ਲੋਕ ਆਪਣੇ ਘਰਾਂ ਦੇ ਬਾਹਰ ਬੈਠ ਧੁੱਪ ਦਾ ਆਨੰਦ ਮਾਣ ਰਹੇ ਸਨ।

ਪਰ ਤੁਲਾਪੱਟੀ ‘ਚ ਹੀ ਇੱਕ ਛੋਟੇ ਜਿਹੇ ਹਨੇਰੇ ਕਮਰੇ ‘ਚ ਇੱਕ 20 ਸਾਲ ਦੀ ਕੁੜੀ ਕੰਬਲ ‘ਚ ਸੌਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੇ ਸਹੁਰਾ ਉਸਨੂੰ ਬੁਲਾਉਂਦੇ ਹਨ,’ਤਨੂੰ ਬੇਟਾ, ਤੁਹਾਨੂੰ ਕੋਈ ਮਿਲਣ ਆਇਆ ਹੈ।’

ਦੋ-ਤਿੰਨ ਵਾਰ ਆਵਾਜ਼ ਲਗਾਉਣ ‘ਤੇ ਉਹ ਕੰਬਲ ਹਟਾਉਂਦੀ ਹੈ। ਉਸ ਦੀਆਂ ਅੱਖਾਂ ‘ਚ ਹੰਝੂ ਹਨ ਅਤੇ ਹੱਥ ‘ਚ ਟੈਬ, ਜਿਸ ‘ਤੇ ਉਸਦੇ ਪੁਰਾਣੇ ਖੁਸ਼ਨੁਮਾ ਦਿਨਾਂ ਦਾ ਵੀਡੀਓ ਚੱਲ ਰਿਹਾ ਹੈ।

ਇਹ ਤਨੂੰਪ੍ਰਿਆ ਹਨ ਜਿਨ੍ਹਾਂ ਦੇ ਪਤੀ ਰਾਹੁਲ ਦਾ ਗੋਲੀ ਮਾਰ ਕਤਲ ਕਰਨ ਦਾ ਇਲਜ਼ਾਮ ਉਸਦੇ ਹੀ ਆਪਣੇ ਪਿਤਾ ‘ਤੇ ਲੱਗਿਆ ਹੈ।

ਉਹ ਇੱਕ ਪਤਲੀ ਜਿਹੀ ਕੁੜੀ ਹੈ ਜਿਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਉਸ ਦੇ ਜੀਵਨ ‘ਚ ਮੌਜੂਦ ਦਰਦ ਦੀ ਗਵਾਹੀ ਦਿੰਦੀਆਂ ਹਨ। ਉਹ ਸਵੇਰੇ ਜਲਦੀ ਨਹੀਂ ਉੱਠਣਾ ਚਾਹੁੰਦੀ। ਉਹ ਦੇਰ ਤੱਕ ਸੌਣਾ ਚਾਹੁੰਦੀ ਹੈ ਤਾਂ ਜੋ ਜ਼ਿੰਦਗੀ ਦਾ ਇੱਕ ਹੋਰ ਦਿਨ ਕਿਸੇ ਤਰ੍ਹਾਂ ਲੰਘ ਜਾਵੇ।

ਤਨੂੰਪ੍ਰਿਆ ਦੀ ਕਹਾਣੀ ਭਾਰਤ ‘ਚ ਇੱਕ ਕੁੜੀ ਵੱਲੋਂ ਖੁਦ ਦੀ ਜ਼ਿੰਦਗੀ ਨਾਲ ਜੁੜੇ ਫੈਸਲੇ ਲੈਣ, ਜਾਤੀ ਦੀ ਜਕੜ ਅਤੇ ਪਿੱਤਰਸੱਤਾ ‘ਚ ਉਲਝੇ ਸਮਾਜ ਦੀ ਕਹਾਣੀ ਕਹਿੰਦੀ ਹੈ।

ਤਨੂੰਪ੍ਰਿਆ ਅਤੇ ਰਾਹੁਲ ਦੀ ਪ੍ਰੇਮ ਕਹਾਣੀ

ਤਨੂੰਪ੍ਰਿਆ

ਤਸਵੀਰ ਸਰੋਤ, Shahnawaz Ahmed/BBC

ਤਨੂੰਪ੍ਰਿਆ ਬਿਹਾਰ ਦੇ ਸਹਰਸਾ ਦੇ ਬਨਗਾਓਂ ਦੀ ਰਹਿਣ ਵਾਲੀ ਹੈ, ਦੂਜੇ ਪਾਸੇ ਰਾਹੁਲ ਸੁਪੌਲ ਦੇ ਤੁਲਾਪੱਟੀ ਪਿੰਡ ਦੇ ਰਹਿਣ ਵਾਲੇ ਸਨ।

ਤਨੂੰਪ੍ਰਿਆ ਦੀ ਸ਼ੁਰੂਆਤੀ ਪੜ੍ਹਾਈ ਸਹਰਸਾ ‘ਚ ਹੀ ਹੋਈ। ਪੜ੍ਹਾਈ ‘ਚ ਤੇਜ਼ ਤਨੂੰਪ੍ਰਿਆ, ਪ੍ਰੇਮਸ਼ੰਕਰ ਝਾਅ ਅਤੇ ਗੁੰਜਨ ਕੁਮਾਰੀ ਦੀ ਸਭ ਤੋਂ ਵੱਡੀ ਬੇਟੀ ਹੈ।

ਪ੍ਰੇਮ ਸ਼ੰਕਰ ਝਾਅ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਗੁੰਜਨ ਕੁਮਾਰੀ ਸਰਕਾਰੀ ਸਕੂਲ ‘ਚ ਸੰਸਕ੍ਰਿਤ ਪੜ੍ਹਾਉਂਦੀ ਹੈ। ਤਨੂੰਪ੍ਰਿਆ ਦੇ ਦੋ ਛੋਟੇ ਭਰਾ ਹਨ।

ਤਨੂੰਪ੍ਰਿਆ ਦੀ ਰਾਹੁਲ ਕੁਮਾਰ ਨਾਲ ਮੁਲਾਕਾਤ ਦਰਭੰਗਾ ਮੈਡੀਕਲ ਕਾਲਜ ‘ਚ ਹੋਈ।

ਰਾਹੁਲ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। 10ਵੀਂ ਤੱਕ ਪੜ੍ਹੇ ਉਨ੍ਹਾਂ ਦੇ ਪਿਤਾ ਗਣੇਸ਼ ਮੰਡਲ ਖੇਤੀ ਕਰਦੇ ਹਨ ਅਤੇ 12ਵੀਂ ਤੱਕ ਪੜ੍ਹੀ ਮਾਂ ਅਨੀਤਾ ਦੇਵੀ ਘਰ ਸੰਭਾਲਦੇ ਹਨ।

‘ਮੰਡਲ’ ਬਿਹਾਰ ‘ਚ ਅਤਿ ਪਿਛੜੀ ਜਾਤੀ ਸਮੂਹ ‘ਚ ਆਉਂਦੇ ਹਨ।

ਰਾਹੁਲ - ਤਨੂੰਪ੍ਰਿਆ

ਤਸਵੀਰ ਸਰੋਤ, @Tanumahi042006

ਤਨੂੰ ਦੱਸਦੇ ਹਨ, ‘ਰਾਹੁਲ ਮੇਰੇ ਤੋਂ ਇੱਕ ਸਾਲ ਸੀਨੀਅਰ ਸੀ। ਮੈਡੀਕਲ ਕਿੱਤੇ ‘ਚ ਸੀਨੀਅਰ ਜੂਨੀਅਰ ਦਾ ਇੱਕ-ਦੂਜੇ ਨਾਲ ਰਾਬਤਾ ਵਧੇਰੇ ਹੁੰਦਾ ਹੈ। ਇਸ ਲਈ ਮੇਰੀ ਰਾਹੁਲ ਨਾਲ ਦੋਸਤੀ ਹੋ ਗਈ। ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ। ਕਾਲਜ ‘ਚ ਸਾਰੇ ਇਹ ਵੇਖ ਹੈਰਾਨ ਹੁੰਦੇ ਸਨ ਕਿ ਸਾਡੀ ਕਦੇ ਕੋਈ ਲੜਾਈ ਕਿਉਂ ਨਹੀਂ ਹੋਈ।’

ਰਾਹੁਲ, ਤਨੂੰਪ੍ਰਿਆ ਨੂੰ ਪੜ੍ਹਾਈ-ਲਿਖਾਈ ‘ਚ ਮਦਦ ਕਰਦਾ ਸੀ। ਪਰ ਦੋਹਾਂ ਵਿਚਾਲੇ ਅਸਲ ‘ਚ ਬੁਲੇਟ ਨੇ ਨਜ਼ਦੀਕੀਆਂ ਵਧਾਈਆਂ।

ਰਾਹੁਲ ਦੇ ਕੋਲ ਬੁਲੇਟ ਸੀ ਅਤੇ ਤਨੂੰ ਨੂੰ ਬੁਲੇਟ ਚਲਾਉਣ ਦਾ ਸ਼ੌਂਕ ਸੀ। ਅੱਜ ਵੀ ਤਨੂੰ ਦੇ ਇੰਸਟਾਗ੍ਰਾਮ ‘ਤੇ ਰਾਹੁਲ ਦੇ ਨਾਲ ਬੁਲੇਟ ਚਲਾਉਣ ਦੇ ਕਈ ਵੀਡੀਓ ਹਨ ।

ਤਨੂੰ ਇਨ੍ਹਾਂ ਤਸਵੀਰਾਂ ਨੂੰ ਦਿਖਾਉਂਦੇ ਹੋਏ ਖਿੜ ਉੱਠਦੀ ਹੈ। ਉਹ ਕਹਿੰਦੀ ਹੈ, ‘ ਅਸੀਂ ਦੋਵੇਂ ਇਕੱਠੇ ਪੜ੍ਹਦੇ ਅਤੇ ਘੁੰਮਦੇ ਸੀ। ਡੇਟਿੰਗ ਵਰਗਾ ਕੁਝ ਨਹੀਂ ਸੀ। ਅਸੀਂ ਬੁਲੇਟ ‘ਤੇ ਮੰਦਰ ਜਾਂਦੇ ਸੀ। ਮੈਂ ਇੱਕ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਅਤੇ ਮੇਰੇ ਪਤੀ ਈਬੀਸੀ (ਅਤਿ ਪਿਛੜੇ) ਤੋਂ ਆਉਂਦੇ ਸਨ। ਕਾਲਜ ‘ਚ ਬਹੁਤੇ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਮੇਰੇ ਪਿਤਾ ਪ੍ਰੇਮ ਸ਼ੰਕਰ ਝਾਅ ਤੱਕ ਇਹ ਗੱਲ ਪਹੁੰਚਾ ਦਿੱਤੀ ਗਈ ਕਿ ਮੇਰੇ ਅਖੌਤੀ ਨੀਵੀਂ ਜਾਤੀ ਦੇ ਮੁੰਡੇ ਨਾਲ ਪ੍ਰੇਮ ਸਬੰਧ ਹਨ।’

ਤਨੂੰਪ੍ਰਿਆ

ਤਨੂੰਪ੍ਰਿਆ ਅਤੇ ਰਾਹੁਲ ਵਿਚਾਲੇ ਦੋਸਤੀ ਦੀ ਖ਼ਬਰ ਪਰਿਵਾਰ ਤੱਕ ਪਹੁੰਚ ਚੁੱਕੀ ਸੀ।

ਤਨੂੰਪ੍ਰਿਆ ਦੱਸਦੇ ਹਨ ਕਿ ਬੀਤੇ ਸਾਲ (2025) 27 ਮਾਰਚ ਨੂੰ ਉਹ ਆਪਣੇ ਘਰ ਬਨਗਾਓਂ ਗਈ ਤਾਂ ਪਰਿਵਾਰ ਵਾਲਿਆਂ ਨੇ ਉਨ੍ਹਾਂ ‘ਤੇ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ।

ਤਨੂੰਪ੍ਰਿਆ ਨੇ ਕਿਹਾ, ‘ਉਨ੍ਹਾਂ ਲੋਕਾਂ ਨੇ ਦਬਾਅ ਬਣਾਇਆ ਕਿ ਮੈਂ ਰਾਹੁਲ ‘ਤੇ ਰੇਪ ਦਾ ਕੇਸ ਫਾਈਲ ਕਰਾਂ। ਪਰ ਜਦੋਂ ਉਸਨੇ ਮੈਨੂੰ ਗਲਤ ਤਰੀਕੇ ਨਾਲ ਛੂਹਿਆ ਹੀ ਨਹੀਂ ਤਾਂ ਮੈਂ ਅਜਿਹਾ ਕਿਵੇਂ ਕਰ ਸਕਦੀ ਸੀ। ਤੁਸੀਂ ਕਿਸੇ ਨਾਲ ਦੋਸਤੀ ਕਰਦੇ ਹੋ ਤਾਂ ਇਸਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ‘ਤੇ ਕੋਈ ਦਬਾਅ ਬਣੇ ਤਾਂ ਤੁਸੀਂ ਆਪਣੇ ਦੋਸਤ ਦਾ ਕਰੀਅਰ ਬਰਬਾਦ ਕਰ ਦਿਓ।’

ਤਨੂੰਪ੍ਰਿਆ ਕਹਿੰਦੀ ਹੈ, ‘ਮੇਰੇ ਵੱਲੋਂ ਇਨਕਾਰ ਕਰਨ ‘ਤੇ ਪਰਿਵਾਰ ਦੇ ਲੋਕਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰੇ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਗਿਆ ਤਾਂ ਮੈਂ ਇੰਸਟਾਗ੍ਰਾਮ ਜ਼ਰੀਏ ਰਾਹੁਲ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਬਚਾ ਲਏ। ਮੇਰੇ ਕੋਲ ਫੋਨ ਨਹੀਂ ਸੀ ਅਤੇ ਲੈਪਟੌਪ ‘ਤੇ ਇੰਸਟਾ ਹੀ ਇੱਕ ਤਰੀਕਾ ਸੀ ਜਿਸ ਜ਼ਰੀਏ ਮੈਂ ਰਾਹੁਲ ਨਾਲ ਸੰਪਰਕ ਕਰ ਸਕਦੀ ਸੀ।’

ਤਨੂੰਪ੍ਰਿਆ ਨੇ ਰਾਹੁਲ ਦੀ ਮਦਦ ਨਾਲ ਆਪਣਾ ਘਰ ਛੱਡ ਦਿੱਤਾ ਸੀ। ਦੋਹਾਂ ਨੇ ਆਪਣੀ ਜ਼ਿੰਦਗੀ ਬਾਰੇ ਸੋਚਿਆ ਅਤੇ ਫਿਰ ਸੋਚ-ਸਮਝ ਕੇ ਵਿਆਹ ਕਰਨ ਦਾ ਫੈਸਲਾ ਲਿਆ ਸੀ।

ਤਨੂੰਪ੍ਰਿਆ ਦੱਸਦੇ ਹਨ,’ਅਸੀਂ ਲਖੀਸਰਾਏ ਦੇ ਅਸ਼ੋਕਧਾਮ ‘ਚ ਵਿਆਹ ਕੀਤਾ ਅਤੇ ਸੁਪੌਲ ਕੋਰਟ ‘ਚ ਵਿਆਹ ਸਰਟੀਫਿਕੇਟ ਵੀ ਬਣਵਾ ਲਿਆ। ਫਿਰ ਬਨਗਾਓਂ ਪੁਲਿਸ ਸਟੇਸ਼ਨ ‘ਚ ਵੀ ਮੇਰੇ 161 ਅਤੇ 164 ਤਹਿਤ ਬਿਆਨ ਦਰਜ ਕੀਤੇ ਗਏ ਕਿ ਮੈਂ ਇਹ ਵਿਆਹ ਆਪਣੀ ਮਰਜ਼ੀ ਨਾਲ ਕੀਤਾ ਹੈ।’

ਉਹ ਕਹਿੰਦੇ ਹਨ,’ ਵਿਆਹ ਤੋਂ ਬਾਅਦ ਮੈਂ ਡੀਐੱਮਸੀਐੱਚ ਆ ਗਈ। ਮੈਂ ਬੀਐੱਸਸੀ ਨਰਸਿੰਗ ਦੇ ਨਾਲ-ਨਾਲ ਯੂਪੀਐੱਸਸੀ ਦੀ ਤਿਆਰੀ ਕਰਨ ਲੱਗੀ। ਰਾਹੁਲ ਨੇ ਮੇਰੇ ਲਈ ਟੈਬ ਖਰੀਦਿਆ ਅਤੇ ਕਿਹਾ, ਬੱਸ ਪੜ੍ਹਾਈ ਕਰੋ। 5 ਅਗਸਤ ਨੂੰ ਉਸਨੇ ਕਿਹਾ ਸੀ ਕਿ ਤੁਸੀਂ ਪੌਲੀਟਿਕਲ ਸਾਇੰਸ ਦਾ ਚੈਪਟਰ ਪੂਰਾ ਪੜ੍ਹਾ ਲੈਣਾ। ਮੈਂ ਕਿਹਾ ਸੀ, ਸ਼ਾਮ ਨੂੰ ਕਰ ਲਵਾਂਗੀ ਪਰ ਉਹ ਸ਼ਾਮ ਕਦੇ ਆਈ ਹੀ ਨਹੀਂ।’

ਪੰਜ ਅਗਸਤ ਨੂੰ ਕੀ ਹੋਇਆ ਸੀ?

ਰਾਹੁਲ - ਤਨੂੰਪ੍ਰਿਆ

ਤਸਵੀਰ ਸਰੋਤ, @Tanumahi042006

ਇਸ ਸਵਾਲ ‘ਤੇ ਤਨੂੰਪ੍ਰਿਆ ਕੁਝ ਰੁਕ ਕੇ ਕਹਿੰਦੀ ਹੈ,’ ਉਸ ਦਿਨ ਮੰਗਲਵਾਰ ਸੀ। ਸੋਮਵਾਰ ਨੂੰ ਮੇਰਾ ਵਰਤ ਸੀ ਅਤੇ ਅਸੀਂ ਮੰਦਰ ਗਏ ਸੀ। ਸਵੇਰੇ-ਸਵੇਰੇ ਪ੍ਰਸ਼ਾਦ ਖਾ ਮੈਂ ਆਪਣਾ ਵਰਤ ਖੋਲ੍ਹਿਆ। ਅਸੀਂ ਇਕੱਠੇ ਨਾਸ਼ਤਾ ਕੀਤਾ ਅਤੇ ਖਾਣਾ ਖਾਣ ਤੋਂ ਬਾਅਦ ਮੈਂ ਕਾਲਜ ਚਲੀ ਗਈ। ਸ਼ਾਮ ਨੂੰ ਮੈਂ ਕੈਂਟੀਨ ਜਾ ਰਹੀ ਸੀ ਉਦੋਂ ਅਸੀਂ ਇੱਕ-ਦੂਜੇ ਨੂੰ ਸਾਹਮਣਿਓਂ ਵੇਖਿਆ। ਮੈਂ ਦੇਖਿਆ ਕਿ ਇੱਕ ਆਦਮੀ ਮਾਸਕ ਲਗਾਕੇ ਆਇਆ ਹੈ। ਉਹ ਰਾਹੁਲ ਤੋਂ ਵਾਰ-ਵਾਰ ਪੁੱਛ ਰਿਹਾ ਸੀ ਕਿ ਇਹ ਕਿਸਦਾ ਬੁਲੇਟ ਹੈ।’

ਉਹ ਕਹਿੰਦੀ ਹੈ, ”ਰਾਹੁਲ ਉਸਨੂੰ ਮਾਸਕ ਹਟਾਉਣ ਲਈ ਬੋਲ ਰਹੇ ਸਨ। ਉਦੋਂ ਹੀ ਉਸਨੇ ਕੱਟਾ ਕੱਢਿਆ ਅਤੇ ਉਸ ‘ਤੇ ਗੋਲੀ ਚਲਾ ਦਿੱਤੀ। ਰਾਹੁਲ ਮੇਰੇ ਵੱਲ ਭੱਜੇ ਅਤੇ ਮੈਂ ਉਨ੍ਹਾਂ ਵੱਲ। ਉਹ ਮੇਰੀ ਗੋਦ ‘ਚ ਆਕੇ ਡਿੱਗ ਗਏ। ਅਸੀਂ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਲੈ ਗਏ। ਪ੍ਰੇਮ ਸ਼ੰਕਰ ਝਾਅ ਨੂੰ ਦੂਜੇ ਵਿਦਿਆਰਥੀਆਂ ਨੇ ਫੜ੍ਹ ਲਿਆ ਸੀ।”

”ਉਨ੍ਹਾਂ ਦਾ ਮਾਸਕ ਹਟਿਆ ਤਾਂ ਦੇਖਿਆ ਕਿ ਉਹ ਮੇਰੇ ਪਾਪਾ ਸਨ। ਮਾਈ ਫਾਦਰ ਕਿਲਡ ਮਾਈ ਹਸਬੈਂਡ।”

ਨਰਸਿੰਗ ਕਾਲਜ ‘ਚ ਇਸ ਘਟਨਾ ਬਾਅਦ ਬਾਅਦ ਹਫੜਾ-ਦਫੜੀ ਮਚ ਗਈ ਸੀ। ਉੱਥੇ ਮੌਜੂਦ ਵਿਦਿਆਰਥੀਆਂ ਨੇ ਪ੍ਰੇਮ ਸ਼ੰਕਰ ਝਾਅ ਯਾਨੀ ਤਨੂੰਪ੍ਰਿਆ ਦੇ ਪਿਤਾ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਬਾਅਦ ‘ਚ ਸਥਾਨਕ ਪੁਲਿਸ ਨੇ ਪ੍ਰੇਮ ਸ਼ੰਕਰ ਝਾਅ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਸੀ।

ਤਨੂੰਪ੍ਰਿਆ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ,’ ਜਿਨ੍ਹਾਂ ਨਾਲ ਪਿਆਰ ਕਰਦੇ (ਤਨੂੰਪ੍ਰਿਆ ਦੇ ਪਿਤਾ) ਹਾਂ ਉਹ ਆ ਕੇ ਤੁਹਾਡੇ ਪਤੀ ਨੂੰ ਮਾਰ ਦੇਵੇ, ਇਸ ਲਈ ਕਿ ਉਹ ਤੁਹਾਡੀ ਜਾਤੀ ਦਾ ਨਹੀਂ ਸੀ। ਕੀ ਜਾਤੀ ਹੀ ਸਭ ਕੁੱਝ ਹੁੰਦੀ ਹੈ। ਜੋ ਉੱਚ ਜਾਤੀ ਦੇ ਹਨ ਉਹ ਚੰਗੇ ਹਨ? ਅਤੇ ਬਾਕੀ ਸਾਰਿਆਂ ਦਾ ਖੂਨ ਅਸ਼ੁੱਧ। ਜੇਕਰ ਅਜਿਹਾ ਹੈ ਤਾਂ ਹਸਪਤਾਲ ‘ਚ ਕਿਉਂ ਨਹੀਂ ਦੇਖਦੇ ਕਿ ਖੂਨ ਕਿਸ ਜਾਤੀ ਦੇ ਆਦਮੀ ਦਾ ਚੜ੍ਹ ਰਿਹਾ ਹੈ। ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਸਨੂੰ ਸਿਰਫ ਉਸਦੇ ਗੋਤਰ ਵਾਲੇ ਦਾ ਖੂਨ ਚਾਹੀਦਾ?’

ਦਰਭੰਗਾ ‘ਚ ਇਹ ਘਟਨਾ ਬੇਂਤਾ ਥਾਣੇ ਦੇ ਇਲਾਕੇ ‘ਚ ਹੋਈ ਸੀ। ਰਾਹੁਲ ਕੁਮਾਰ ਦੇ ਪਿਤਾ ਗਣੇਸ਼ ਮੰਡਲ ਵੱਲੋਂ ਦਰਜ ਐੱਫਆਈਆਰ ‘ਚ ਚਾਰ ਮੁਲਜ਼ਮ ਨਾਮਜ਼ਦ ਹਨ, ਪ੍ਰੇਮ ਸ਼ੰਕਰ ਝਾਅ, ਗੁੰਜਨ ਕੁਮਾਰੀ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ। ਇਹ ਸਾਰੇ ਤਨੂੰਪ੍ਰਿਆ ਦੇ ਮਾਤਾ-ਪਿਤਾ ਅਤੇ ਭਰਾ ਹਨ।

ਦਰਭੰਗਾ ਜੇਲ੍ਹ ‘ਚ ਬੰਦ ਪ੍ਰੇਮ ਸ਼ੰਕਰ ਝਾਅ ਦੀ ਜ਼ਮਾਨਤ ਅਰਜ਼ੀ ਨੂੰ ਬੀਤੀ ਨਵੰਬਰ ‘ਚ ਜ਼ਿਲ੍ਹਾ ਜੱਜ ਸ਼ਿਵ ਗੋਪਾਲ ਮਿਸ਼ਰ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

ਸਰਕਾਰੀ ਵਕੀਲ ਅਮਰੇਂਦਰ ਨਾਰਾਇਣ ਝਾਅ ਨੇ ਬੀਬੀਸੀ ਨੂੰ ਦੱਸਿਆ, “ਪ੍ਰੇਮ ਸ਼ੰਕਰ ਝਾਅ ਦੀ ਨਿਯਮਿਤ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਗਈ ਹੈ।”

ਇਸੇ ਮਾਮਲੇ ਵਿੱਚ ਹੋਰ ਮੁਲਜ਼ਮਾਂ ਬਾਰੇ ਪੁੱਛਣ ‘ਤੇ ਬੇਂਤਾ ਥਾਣਾ ਇੰਚਾਰਜ ਹਰੇਂਦਰ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਇਸ ਮਾਮਲੇ ਵਿੱਚ ਗੁੰਜਨ ਕੁਮਾਰੀ ਨੂੰ ਪਟਨਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਅਤੇ ਬਾਕੀ ਦੋਵੇਂ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਜਾਂਚ ਜਾਰੀ ਹੈ।”

ਤਨੂੰਪ੍ਰਿਆ ਕਹਿੰਦੀ ਹੈ, “ਸਹੀ ਢੰਗ ਨਾਲ ਜਾਂਚ ਹੀ ਨਹੀਂ ਹੋ ਰਹੀ ਹੈ। ਗੁੰਜਨ ਕੁਮਾਰੀ ਨੂੰ ਜ਼ਮਾਨਤ ਮਿਲ ਗਈ। ਦੋਵੇਂ ਭਰਾ ਖੁੱਲ੍ਹੇਆਮ ਘੁੰਮ ਰਹੇ ਹਨ। ਤੁਸੀਂ ਸਹੀ ਢੰਗ ਨਾਲ ਜਾਂਚ ਕਰੋਗੇ ਤਾਂ ਹੀ ਪਤਾ ਲੱਗੇਗਾ ਕਿ ਕੌਣ-ਕੌਣ ਇਸ ਸਾਜ਼ਿਸ਼ ਵਿੱਚ ਸ਼ਾਮਲ ਸੀ। ਕੋਈ ਵੀ ਆ ਕੇ ਕਾਲਜ ਦੇ ਅੰਦਰ ਗੋਲੀ ਚਲਾ ਦਿੰਦਾ ਹੈ। ਅਸੀਂ ਕਿਸ ਤਰ੍ਹਾਂ ਦੇ ਸਿਸਟਮ ਵਿੱਚ ਜਿਓਂ ਰਹੇ ਹਾਂ ਜਿੱਥੇ ਸੰਵਿਧਾਨ, ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।”

‘ਹੁਣ ਇਹੀ ਮੇਰਾ ਪੁੱਤਰ ਹੈ’

ਰਾਹੁਲ ਦੀ ਮਾਂ ਅਨੀਤਾ ਦੇਵੀ ਅਤੇ ਤਨੂੰਪ੍ਰਿਆ

ਤਸਵੀਰ ਸਰੋਤ, Shahnawaz Ahmed/BBC

ਰਾਹੁਲ ਦੀ ਮੌਤ ਤੋਂ ਬਾਅਦ ਤੁਲਾਪੱਟੀ ਸਥਿਤ ਉਸਦਾ ਘਰ ਵੀ ਇੱਕ ਝਟਕੇ ਵਿੱਚ ਖਿਲਰ ਗਿਆ ਹੈ। ਘਰ ਵਿੱਚ ਇਕ ਅਣਕਹੀ ਚੁੱਪ ਪਸਰੀ ਹੋਈ ਹੈ।

ਤਨੂੰਪ੍ਰਿਆ ਦੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ‘ਤੇ ਤਾਲਾ ਲਾ ਦਿੱਤਾ ਗਿਆ ਹੈ ਤਾਂ ਜੋ ਉਹ ਅੰਦਰੋਂ ਆਪਣਾ ਕਮਰਾ ਬੰਦ ਨਾ ਕਰ ਸਕੇ।

ਤਨੂੰਪ੍ਰਿਆ ਕਹਿੰਦੀ ਹੈ, “ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਮੈਂ ਕੁਝ ਕਰ ਨਾ ਲਵਾਂ। ਇਸ ਲਈ ਅੰਦਰੋਂ ਕਦੇ ਦਰਵਾਜ਼ਾ ਬੰਦ ਨਹੀਂ ਕਰਨ ਦਿੰਦੇ। ਮੈਨੂੰ ਸਿਰਫ਼ ਚਾਹ ਬਣਾਉਣੀ ਆਉਂਦੀ ਹੈ। ਇਹ ਲੋਕ ਸਾਰਾ ਦਿਨ ਮੇਰੇ ਪਿੱਛੇ ਪਏ ਰਹਿੰਦੇ ਹਨ ਕਿ ਮੈਂ ਕੁਝ ਖਾ ਲਵਾਂ। ਅੱਜ ਤੱਕ ਇਨ੍ਹਾਂ ਨੇ ਕਦੇ ਮੇਰੇ ਨਾਲ ਬੁਰਾ ਵਰਤਾਅ ਨਹੀਂ ਕੀਤਾ। ਕੋਈ ਨਹੀਂ ਕਹਿੰਦਾ ਕਿ ਮੇਰੀ ਵਜ੍ਹਾ ਨਾਲ ਇਨ੍ਹਾਂ ਦਾ ਪੁੱਤ ਚਲਾ ਗਿਆ। ਬਿਹਾਰ ਦੇ ਅਜਿਹੇ ਅੰਦਰੂਨੀ ਪਿੰਡ ਵਿੱਚ ਤੁਸੀਂ ਕਿਸੇ ਨੂੰਹ ਨੂੰ ਸ਼ਰਟ-ਪੈਂਟ ਪਹਿਨੇ ਦੇਖਦੇ ਹੋ?”

ਰਾਹੁਲ ਦੇ ਪਿਤਾ ਗਣੇਸ਼ ਮੰਡਲ ਜ਼ਿਆਦਾ ਗੱਲ ਨਹੀਂ ਕਰਦੇ, ਪਰ ਮਾਂ ਅਨੀਤਾ ਦੇਵੀ ਗੱਲ ਕਰਦੀ ਹੈ।

ਉਹ ਕਹਿੰਦੇ ਹਨ, “ਅਜਿਹਾ ਪਿਤਾ ਮੈਂ ਅੱਜ ਤੱਕ ਨਹੀਂ ਦੇਖਿਆ ਜੋ ਆਪਣੇ ਜਵਾਈ ਨੂੰ ਮਾਰ ਦੇਵੇ। ਮੇਰਾ ਪੁੱਤ (ਰਾਹੁਲ) ਚਲਾ ਗਿਆ, ਪਰ ਹੁਣ ਇਹੀ ਮੇਰਾ ਪੁੱਤ ਹੈ। ਇਸਨੂੰ ਹੀ ਪੁੱਤ ਮੰਨ ਕੇ ਅੱਗੇ ਦੀ ਜ਼ਿੰਦਗੀ ਜੀ ਲਵਾਂਗੇ।”

ਪਰ ਤਨੂੰਪ੍ਰਿਆ ਦੇ ਸਾਹਮਣੇ ਲੰਬੀ ਜ਼ਿੰਦਗੀ ਪਈ ਹੈ।

ਅਨੀਤਾ ਦੇਵੀ ਕਹਿੰਦੀ ਹੈ, “ਠੀਕ ਹੈ, ਪਰ ਹੁਣ ਇਹ ਪੁੱਤ ਬਣ ਕੇ ਮੇਰੇ ਕੋਲ ਰਹੇਗੀ। ਇਹ ਰਹਿੰਦੀ ਹੈ ਤਾਂ ‘ਬਾਬੂ-ਬਾਬੂ’ ਕਰਕੇ ਸਾਰਾ ਦਿਨ ਕੱਟ ਜਾਂਦਾ ਹੈ। ਬਾਕੀ ਸਰਕਾਰ ਸਾਨੂੰ ਕੀ ਦੇਵੇਗੀ? ਮੇਰਾ ਪੁੱਤ ਵਾਪਸ ਕਰ ਦੇਵੇਗੀ? ਸਾਨੂੰ ਉਨ੍ਹਾਂ ਲਈ ਫਾਂਸੀ ਚਾਹੀਦੀ ਹੈ।”

ਅਗਸਤ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਤਨੂੰਪ੍ਰਿਆ ਨੇ ਕਿਤਾਬਾਂ ਨੂੰ ਫਿਰ ਹੱਥ ਨਹੀਂ ਲਾਇਆ।

ਉਸਦੇ ਕਮਰੇ ਵਿੱਚ ਦੋ ਬਸਤੇ ਟੰਗੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਾਇਦ ਰਾਹੁਲ ਦਾ ਹੋਵੇਗਾ।

ਤਨੂੰਪ੍ਰਿਆ ਕਹਿੰਦੀ ਹੈ, “ਮੈਂ ਕੋਈ ਸੁਪਨਾ ਇਕੱਲੇ ਨਹੀਂ ਵੇਖਿਆ ਸੀ। ਜੋ ਵੀ ਸੀ ਰਾਹੁਲ ਨਾਲ ਸੀ। ਹੁਣ ਉਹ ਨਹੀਂ ਰਿਹਾ ਤਾਂ ਪੜ੍ਹਨ ਦਾ ਕੀ ਮਤਲਬ? ਮੈਂ ਸਿਰਫ਼ ਆਪਣੇ ਪਤੀ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਆਪ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਰਾਤ ਹੁੰਦੀ ਹੈ ਤਾਂ ਇਸ ਨੂੰ ਇੰਝ ਹੀ ਕੱਟਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਜੋ ਸਵੇਰੇ ਦੇਰ ਤੱਕ ਸੌਂਦੀ ਰਹਾਂ। ਦੁਪਹਿਰ ਗਿਆਰਾਂ-ਬਾਰਾਂ ਵਜੇ ਉੱਠਦੀ ਹਾਂ। ਤਸੱਲੀ ਮਿਲਦੀ ਹੈ ਕਿ ਇੱਕ ਦਿਨ ਹੋਰ ਜ਼ਿੰਦਾ ਰਹਿ ਕੇ ਕੱਢ ਦਿੱਤਾ।”

“ਮੇਰੇ ਪਿਤਾ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਅਤੇ ਮੈਨੂੰ ਜ਼ਿੰਦਾ ਲਾਸ਼ ਬਣਾ ਕੇ ਛੱਡ ਦਿੱਤਾ ਹੈ। ਮੈਂ ਨਹੀਂ ਚਾਹੁੰਦੀ ਕਿ ਕੋਈ ਮੈਨੂੰ ਕਾਤਲ ਦੀ ਧੀ ਕਹੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI