Home ਰਾਸ਼ਟਰੀ ਖ਼ਬਰਾਂ ਮਨੁੱਖੀ ਸ਼ੁਕਰਾਣੂ ਦੇ ਭੇਤ ਜੋ ਅਜੇ ਵੀ ਅਣਸੁਲਝੇ ਹਨ, ‘ਅਜੇ ਵੀ ਬਹੁਤ...

ਮਨੁੱਖੀ ਸ਼ੁਕਰਾਣੂ ਦੇ ਭੇਤ ਜੋ ਅਜੇ ਵੀ ਅਣਸੁਲਝੇ ਹਨ, ‘ਅਜੇ ਵੀ ਬਹੁਤ ਕੁਝ ਹੈ ਜੋ ਅਸੀਂ ਨਹੀਂ ਸਮਝਦੇ’

4
0

Source :- BBC PUNJABI

ਸ਼ੁਕਰਾਣੂ

ਸ਼ੁਕਰਾਣੂ ਕਿਵੇਂ ਤੈਰਦੇ ਹਨ? ਉਹ ਕਿਵੇਂ ਆਪਣੇ ਰਾਹ ਦੀ ਭਾਲ ਕਰਦੇ ਹਨ? ਉਹ ਕਾਹਦੇ ਬਣੇ ਹੁੰਦੇ ਹਨ? ਦੂਜੇ ਵਿਸ਼ਵ ਯੁੱਧ ਦੇ ਕੋਡ-ਬ੍ਰੇਕਰ ਦਾ ਸ਼ੁਕਰਾਣੂ ਨਾਲ ਕੀ ਸੰਬੰਧ ਹੈ?

ਬੀਬੀਸੀ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਰਹੱਸਮਈ ਸੈੱਲ ਬਾਰੇ ਅਸੀਂ ਇੰਨਾ ਘੱਟ ਕਿਉਂ ਜਾਣਦੇ ਹਾਂ।

ਦਿਲ ਦੀ ਹਰੇਕ ਧੜਕਣ ਨੇ ਨਾਲ ਇੱਕ ਮਨੁੱਖੀ ਨਰ 1000 ਸ਼ੁਕਰਾਣੂ ਉਤਪੰਨ ਕਰ ਸਕਦਾ ਹੈ। ਮੈਥੁਨ ਕਿਰਿਆ ਦੌਰਾਨ ਪੰਜ ਕਰੋੜ ਤੋਂ ਜ਼ਿਆਦਾ ਨਿਡਰ ਤੈਰਾਕ ਅੰਡੇ ਨੂੰ ਨਿਸ਼ੇਚਿਤ ਕਰਨ ਲਈ ਨਿਕਲਦੇ ਹਨ। ਲੇਕਿਨ ਬਹੁਤ ਥੋੜ੍ਹੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ ਅਤੇ ਸਿਰਫ਼ ਇੱਕ ਇਸ ਦੌੜ ਨੂੰ ਜਿੱਤਕੇ ਅੰਡੇ ਵਿੱਚ ਦਾਖ਼ਲ ਹੁੰਦਾ ਹੈ।

ਲੇਕਿਨ ਇਸ ਸਫ਼ਰ ਬਾਰੇ ਅਤੇ ਇਨ੍ਹਾਂ ਸੂਖ਼ਮ ‘ਖੋਜੀਆਂ’ ਬਾਰੇ ਬਹੁਤ ਕੁਝ ਵਿਗਿਆਨ ਲਈ ਅਜੇ ਵੀ ਇੱਕ ਰਹੱਸ ਹੈ।

ਮਾਰਟਿਨਸ ਡਾ. ਸਿਲਵਾ, ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਡੁੰਡੀ ਵਿੱਚ ਡਾਇਬਿਟੀਜ਼ ਐਂਡੋਕ੍ਰਿਨੋਲੋਜੀ ਅਤੇ ਪ੍ਰਜਨਨ ਜੀਵ ਵਿਗਿਆਨ ਦੇ ਕਲੀਨੀਕਲ ਰੀਡਰ ਹਨ।

ਉਨ੍ਹਾਂ ਦੀ ਖੋਜ ਦੇ ਸਵਾਲ ਹਨ, ਸ਼ੁਕਰਾਣੂ ਤੈਰਦੇ ਕਿਵੇਂ ਹਨ? ਇਹ ਅੰਡੇ ਨੂੰ ਕਿਵੇਂ ਲੱਭਦੇ ਹਨ? ਇਹ ਉਸ ਨੂੰ ਨਿਸ਼ੇਚਿਤ ਕਿਵੇਂ ਕਰਦੇ ਹਨ?

ਸ਼ੁਕਰਾਣੂ ਦੀ ਖੋਜ ਨੂੰ ਲਗਭਗ 350 ਸਾਲ ਬੀਤ ਜਾਣ ਦੇ ਬਾਵਜੂਦ ਇਸ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ।

ਸ਼ੁਕਰਾਣੂ

ਤਸਵੀਰ ਸਰੋਤ, Alamy

ਨਵੀਨ ਵਿਧੀਆਂ ਰਾਹੀਂ ਵਿਗਿਆਨੀ ਸ਼ੁਕਾਰਣੂਆਂ ਦੇ, ਪਤਾਲੂਆਂ ਵਿੱਚ ਪੈਦਾ ਹੋਣ ਤੋਂ ਮਨੁੱਖੀ ਮਾਦਾ ਸਰੀਰ ਵਿੱਚ ਅੰਡਾ ਨਿਸ਼ੇਚਿਤ ਕਰਨ ਤੱਕ ਉਨ੍ਹਾਂ ਦੇ ਪਰਵਾਸ ਦਾ ਅਧਿਐਨ ਕਰ ਰਹੇ ਹਨ। ਨਤੀਜੇ ਹੈਰਾਨੀਜਨਕ ਹਨ।

ਪਤਾ ਲੱਗ ਰਿਹਾ ਹੈ ਕਿ ਸ਼ੁਕਾਰਣੂ ਤੈਰਦੇ ਕਿਵੇਂ ਹਨ ਅਤੇ ਮਾਦਾ ਸਰੀਰ ਵਿੱਚ ਪਹੁੰਚਣ ‘ਤੇ ਉਨ੍ਹਾਂ ਵਿੱਚ ਕਿੰਨੀ ਵੱਡੀ ਤਬਦੀਲੀ ਆਉਂਦੀ ਹੈ।

ਮਾਰਟਿਨਸ ਡਾ. ਸਿਲਵਾ ਦੱਸਦੇ ਹਨ, “ਸ਼ੁਕਰਾਣੂ ਜਾਂ ਸਪਰਮੈਟੋਜ਼ੋਆ ਧਰਤੀ ਦੇ ਬਾਕੀ ਸਾਰੇ ਸੈੱਲਾਂ ਨਾਲੋਂ ਬਹੁਤ, ਬਹੁਤ ਵੱਖਰੇ ਹਨ।”

ਉਹ ਅੱਗੇ ਕਹਿੰਦੇ ਹਨ, “ਉਹ ਊਰਜਾ ਨੂੰ ਦੂਜੇ ਸੈੱਲਾਂ ਵਾਂਗ ਨਹੀਂ ਵਰਤਦੇ ਸਗੋਂ ਉਨ੍ਹਾਂ ਵਿੱਚ ਸੈਲੂਲਰ ਮੈਟਾਬੋਲਿਜ਼ਮ ਅਤੇ ਵਿਧੀ-ਵਿਧਾਨ ਉਸ ਤਰ੍ਹਾਂ ਦੇ ਨਹੀਂ ਹੁੰਦੇ, ਜਿਨ੍ਹਾਂ ਦੀ ਅਸੀਂ ਬਾਕੀ ਸਾਰੇ ਸੈੱਲਾਂ ਵਿੱਚ ਮੌਜੂਦ ਹੋਣ ਦੀ ਉਮੀਦ ਕਰਦੇ ਹਾਂ।”

ਕਿਉਂਕਿ ਸ਼ੁਕਰਾਣੂ ਨੇ ਕਈ ਸਾਰੇ ਕੰਮ ਕਰਨੇ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਦੂਜੇ ਸੈੱਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਉਸ ਲਈ ਲਚਕੀਲਾ ਵੀ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਸਖਲਨ ਤੋਂ ਬਾਅਦ ਮਾਦਾ ਦੇ ਸਰੀਰ ਵਿੱਚ ਆਪਣੇ ਰਸਤੇ ਵਿੱਚੋਂ ਗੁਜ਼ਰਦੇ ਹੋਏ ਨਿਸ਼ੇਚਨ ਤੱਕ ਊਰਜਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ।

ਮਾਰਟਿਨਸ ਡਾ. ਸਿਲਵਾ ਦੱਸਦੇ ਹਨ ਕਿ, ਸ਼ੁਕਰਾਣੂ ਹੀ ਇੱਕ ਮਾਤਰ ਮਨੁੱਖੀ ਸੈੱਲ ਹੈ ਜੋ ਸਰੀਰ ਤੋਂ ਬਾਹਰ ਵੀ ਜਿਉਂਦਾ ਰਹਿ ਸਕਦਾ ਹੈ। ਹਾਲਾਂਕਿ ਆਪਣੇ ਇੰਨੇ ਸੂਖ਼ਮ ਹੋਣ ਕਾਰਨ ਇਨ੍ਹਾਂ ਦਾ ਅਧਿਐਨ ਵੀ ਬਹੁਤ ਮੁਸ਼ਕਿਲ ਹੈ।

“ਅਸੀਂ ਪ੍ਰਜਨਨ ਬਾਰੇ ਬਹੁਤ ਕੁਝ ਜਾਣਦੇ ਹਾਂ ਲੇਕਿਨ ਫਿਰ ਵੀ ਬਹੁਤ ਹੈ ਜੋ ਅਸੀਂ ਨਹੀਂ ਸਮਝਦੇ।”

ਸ਼ੁਕਰਾਣੂ

ਸ਼ੁਕਰਾਣੂ ਅਸਲ ਵਿੱਚ ਕੀ ਹਨ

ਪਿਛਲੇ ਲਗਭਗ 350 ਸਾਲਾਂ ਤੋਂ ਇੱਕ ਬੁਨਿਆਦੀ ਸਵਾਲ ਅਜੇ ਵੀ ਲਾਜਵਾਬ ਪਿਆ ਹੈ ਕਿ ਸ਼ੁਕਰਾਣੂ ਅਸਲ ਵਿੱਚ ਹੈ ਕੀ?

ਨੌਟਿੰਘਮ ਯੂਨੀਵਰਸਿਟੀ, ਯੂਕੇ ਵਿੱਚ ਪ੍ਰਜਨਨ ਅਤੇ ਵਿਕਾਸਵਾਦੀ ਸਰੀਰ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਡਮ ਵਾਟਕਿੰਨਸ ਕਹਿੰਦੇ ਹਨ, “ਸ਼ੁਕਰਾਣੂ ਬਹੁਤ ਚੰਗੀ ਤਰ੍ਹਾਂ ਬੰਦ ਹੁੰਦਾ ਹੈ। ਸਾਡੇ ਮੁਤਾਬਕ ਇਹ ਪੂਛ ਉੱਤੇ ਲੱਦਿਆ ਡੀਐੱਨਏ ਦਾ ਬਸਤਾ ਹੈ। ਲੇਕਿਨ ਜਿਵੇਂ ਅਸੀਂ ਸਮਝਣਾ ਸ਼ੁਰੂ ਕੀਤਾ ਹੈ ਇਹ ਬਹੁਤ ਪੇਚੀਦਾ ਹੈ ਅਤੇ ਇਸ ਵਿੱਚ ਬਹੁਤ ਸਾਰੀ ਜਨੈਟਿਕ ਜਾਣਕਾਰੀ ਮੌਜੂਦ ਹੁੰਦੀ ਹੈ।”

ਸ਼ੁਕਰਾਣੂ ਦਾ ਵਿਗਿਆਨ 1677 ਵਿੱਚ ਡੱਚ ਸੂਖ਼ਮ ਜੀਵ ਵਿਗਿਆਨੀ ਐਂਟੋਨੀ ਵੈਨ ਲੀਊਵੈਨਹੋਕ ਵੱਲੋਂ ਘਰੇ ਤਿਆਰ ਕੀਤੀਆਂ 500 ਸਲਾਈਡਾਂ ਦੇ ਖੁਰਦਬੀਨ ਥੱਲੇ ਕੀਤੇ ਅਧਿਐਨ ਤੋਂ ਹੋਂਦ ਵਿੱਚ ਆਇਆ।

ਉਨ੍ਹਾਂ ਨੇ ਸ਼ੁਕਰਾਣੂਆਂ ਨੂੰ “ਵੀਰਜ ਦੇ ਜਾਨਵਰ” ਕਿਹਾ। ਸਾਲ 1683 ਵਿੱਚ ਉਨ੍ਹਾਂ ਨੇ ਨਤੀਜਾ ਕੱਢਿਆ ਕਿ ਮਨੁੱਖੀ ਸਰੀਰ ਦਾ ਸੂਖਮ ਰੂਪ ਅੰਡੇ ਵਿੱਚ ਨਹੀਂ ਜਿਵੇਂ ਕਿ ਪਹਿਲਾਂ ਮੰਨਿਆ ਜਾਂਦਾ ਸੀ। ਸਗੋਂ ਆਦਮੀ ‘ਮਰਦਾਨਾ ਬੀਜ (ਵੀਰਜ) ਵਿੱਚ ਮੌਜੂਦ ਇੱਕ ਐਨੀਮਲਕਿਊਲ’ ਤੋਂ ਆਉਂਦਾ ਹੈ।”

ਸਾਲ 1685 ਤੱਕ ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਸ਼ੁਕਰਾਣੂਆਂ ਵਿੱਚ ਆਪਣੀ “ਜੀਵਤ ਆਤਮਾ” ਸਮੇਤ ਇੱਕ ਪੂਰਾ ਛੋਟਾ ਮਨੁੱਖ ਮੌਜੂਦ ਹੁੰਦਾ ਹੈ।

ਲਗਭਗ 200 ਸਾਲ ਮਗਰੋਂ, ਇੱਕ ਸਵਿਸ ਡਾਕਟਰ ਅਤੇ ਜੀਵ ਵਿਗਿਆਨੀ ਜੋਹਾਨਸ ਫ੍ਰੀਡਰਿਕ ਮੀਸ਼ਰ, ਜੋ ਹਸਪਤਾਲ ਦੀਆਂ ਗੰਦੀਆਂ ਪੱਟੀਆਂ ਦੀ ਪੀਕ ਵਿੱਚੋਂ ਲਏ ਗਏ ਚਿੱਟੇ ਮਨੁੱਖੀ ਲਹੂ ਸੈੱਲਾਂ ਦਾ ਅਧਿਐਨ ਕਰ ਰਹੇ ਸਨ।

ਉਨ੍ਹਾਂ ਨੇ “ਨਿਊਕਲੀ” ਦੇ ਅੰਦਰ ਇੱਕ “ਨਿਊਕਲਿਨ” ਹੋਣ ਦੀ ਖੋਜ ਕੀਤੀ। ਅੱਗੇ ਜਾ ਕੇ ਨਿਊਕਲਿਨ ਸ਼ਬਦ ਨੂੰ ਨਿਊਕਲਿਕ ਐਸਿਡ ਬਣਾ ਦਿੱਤਾ ਗਿਆ ਜੋ ਅੱਗੇ ਜਾ ਕੇ ਡੀ-ਓਕਸੀ-ਰਾਈਬੋ-ਨਿਊਕਲਿਕ ਐਸਿਡ ਜਾਂ ਡੀਐੱਨਏ ਬਣ ਗਿਆ।

ਡੀਐੱਨਏ ਉੱਤੇ ਆਪਣਾ ਅਧਿਐਨ ਅੱਗੇ ਵਧਾਉਣ ਲਈ ਉਨ੍ਹਾਂ ਨੇ ਸੈਲਮਨ ਮੱਛੀ ਦੇ ਸ਼ੁਕਰਾਣੂਆਂ ਦਾ ਅਧਿਐਨ ਕੀਤਾ।

ਸ਼ੁਕਰਾਣੂ

ਤਸਵੀਰ ਸਰੋਤ, Alamy

ਮੱਛੀ ਦੇ ਸ਼ੁਕਰਾਣੂਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੇ ਜਮਾਂ ਦੇਣ ਵਾਲੇ ਤਾਪਮਾਨ ਵਿੱਚ ਕੰਮ ਕੀਤਾ। ਸਾਲ 1874 ਵਿੱਚ ਉਨ੍ਹਾਂ ਨੇ ਸ਼ੁਕਰਾਣੂ ਸੈੱਲ ਦੀ ਇੱਕ ਬੁਨਿਆਦੀ ਇਕਾਈ ਦੀ ਨਿਸ਼ਾਨਦੇਹੀ ਕੀਤੀ ਜਿਸ ਨੂੰ ਉਨ੍ਹਾਂ ਨੇ “ਪ੍ਰੋਟਾਮੀਨ” ਦਾ ਨਾਮ ਦਿੱਤਾ।

ਸ਼ੁਕਰਾਣੂ ਸੈੱਲ ਦੇ ਨਿਰਮਾਤਾ ਪ੍ਰੋਟੀਨਾਂ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ। ਹਾਲਾਂਕਿ ਸ਼ੁਕਰਾਣੂ ਦੇ ਮੁਕੰਮਲ ਪ੍ਰੋਟੀਨ ਤੱਤਾਂ ਦੀ ਨਿਸ਼ਾਨਦੇਹੀ ਕਰਨ ਵਿੱਚ ਵਿਗਿਆਨੀਆਂ ਨੂੰ 150 ਸਾਲ ਹੋਰ ਲੱਗ ਗਏ।

ਵਾਟਕਿੰਨਸ ਦੱਸਦੇ ਹਨ ਕਿ ਉਦੋਂ ਤੋਂ ਸ਼ੁਕਰਾਣੂਆਂ ਬਾਰੇ ਸਾਡੀ ਸਮਝ ਨੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕੀਤੀ ਹੈ। ਲੇਕਿਨ ਕਾਫ਼ੀ ਕੁਝ ਅਜੇ ਵੀ ਰਹੱਸ ਹੈ।

ਜਿਵੇਂ ਕਿ ਵਿਗਿਆਨੀਆਂ ਨੇ ਭਰੂਣ ਦੇ ਮੁੱਢਲੇ ਵਿਕਾਸ ਨੂੰ ਸਮਝਣਾ ਸ਼ੁਰੂ ਕੀਤਾ ਹੈ, ਉਹ ਜਾਣ ਰਹੇ ਹਨ ਕਿ ਸ਼ੁਕਰਾਣੂ ਸਿਰਫ ਪਿਤਾ ਦੇ ਗੁਣ ਸੂਤਰਾਂ ਦਾ ਵਾਹਕ ਹੀ ਨਹੀਂ ਸਗੋਂ ਐਪੀ-ਜਨੈਟਿਕ ਸੂਚਨਾ ਦਾ ਸੰਚਾਰਕ ਵੀ ਹੈ।

ਇਹ ਉਹ ਵਾਧੂ ਸੂਚਨਾ ਹੁੰਦੀ ਹੈ ਕਿ ਜੀਨਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕੀਤੀ ਜਾਣੀ ਹੈ। ਵਾਟਕਿੰਨਸ ਦੱਸਦੇ ਹਨ, “ਇਹ ਭਰੂਣ ਦੇ ਵਿਕਾਸ ਨੂੰ ਅਤੇ ਅਤੇ ਸੰਭਾਵੀ ਤੌਰ ਉੱਤੇ ਇਸ ਸ਼ੁਕਰਾਣੂ ਤੋਂ ਪੈਦਾ ਹੋਣ ਵਾਲੇ ਬੱਚੇ ਦੇ ਪੂਰੇ ਜੀਵਨ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।”

ਸ਼ੁਕਰਾਣੂ, ਪਤਾਲੂਆਂ ਦੀਆਂ ਮਹੀਨ ਨਲਕੀਆਂ, ਜਿਨ੍ਹਾਂ ਨੂੰ ਸੈਮੀਨੀਫੇਰਸ ਟਿਊਬਿਊਲਜ਼ ਕਿਹਾ ਜਾਂਦਾ ਹੈ, ਵਿੱਚ ਕਿਸ਼ੋਰ ਉਮਰ ਤੋਂ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ।

ਵਾਟਿਕਿੰਨਸ ਮੁਤਾਬਕ, “ਜੇ ਤੁਸੀਂ ਪਤਾਲੂਆਂ ਦੇ ਅੰਦਰ ਜਿੱਥੇ ਸ਼ੁਕਰਾਣੂ ਬਣਦੇ ਹਨ ਤਾਂ ਇਹ ਆਪਣਾ ਸਫ਼ਰ ਇੱਕ ਆਮ ਗੋਲ ਸੈੱਲ ਵਾਂਗ ਸ਼ੁਰੂ ਕਰਦੇ ਹਨ ਅਤੇ ਇੱਕ ਆਮ ਸੈੱਲ ਹੀ ਲਗਦੇ ਹਨ। ਫਿਰ ਨਾਟਕੀ ਬਦਲਾਅ ਨਾਲ ਇਹ ਇੱਕ ਪੂਛ ਵਾਲਾ ਸ਼ੁਕਰਾਣੂ ਸਿਰ ਬਣ ਜਾਂਦਾ ਹੈ। ਸਰੀਰ ਵਿੱਚ ਕੋਈ ਵੀ ਹੋਰ ਸੈੱਲ ਇਸ ਵਿਲੱਖਣਤਾ ਨਾਲ ਆਪਣਾ ਰੂਪ ਨਹੀਂ ਵਟਾਉਂਦਾ।”

ਮਨੁੱਖੀ ਸਰੀਰ ਵਿੱਚ ਪਰਪੱਕ ਹੋਣ ਲਈ ਸ਼ੁਕਰਾਣੂ ਨੂੰ ਨੌਂ ਹਫ਼ਤੇ ਲਗਦੇ ਹਨ। ਗ਼ੈਰ-ਸਖ਼ਲਤ ਸ਼ੁਕਰਾਣੂ ਮਰ ਜਾਂਦੇ ਹਨ ਅਤੇ ਸਰੀਰ ਦੁਆਰਾ ਵਾਪਸ ਸੋਖ ਲਏ ਜਾਂਦੇ ਹਨ। ਖੁਸ਼-ਕਿਸਮਤਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ ਅਤੇ ਰੁਮਾਂਚ ਦੀ ਸ਼ੁਰੂਆਤ ਕਰਦੇ ਹਨ।

ਸਖਲਨ ਤੋਂ ਬਾਅਦ, ਹਰ ਸੂਖ਼ਮ ਸੈੱਲ ਨੇ ਆਪਣੇ ਪੰਜ ਕਰੋੜ ਮੁਕਾਬਲੇਦਾਰਾਂ ਦੀ ਭੀੜ ਵਿੱਚ ਆਪਣੇ ਆਪ ਨੂੰ ਅੱਗੇ ਧੱਕਣਾ ਹੁੰਦਾ ਹੈ। ਇਸ ਵਿੱਚ ਉਸਦੀ ਪੂਛ ਕੰਮ ਆਉਂਦੀ ਹੈ। ਤੁਸੀਂ ਭਾਵੇਂ ਡੱਡੂਆਂ ਦੇ ਪੂੰਗ ਵਾਂਗ ਤੈਰਦੇ ਸ਼ੁਕਰਾਣੂਆਂ ਦੀਆਂ ਜਿੰਨੀਆਂ ਵੀ ਵੀਡੀਓ ਦੇਖੀਆਂ ਹੋਣ- ਅਸਲ ਵਿੱਚ ਸਾਇੰਸਦਾਨ ਅਜੇ ਇਸ ਨੂੰ ਸਮਝਣਾ ਸ਼ੁਰੂ ਹੀ ਕਰ ਰਹੇ ਹਨ।

ਸ਼ੁਕਰਾਣੂ

ਤਸਵੀਰ ਸਰੋਤ, Alamy

“ਰਿਐਕਸ਼ਨ ਡਿਫਿਊਜ਼ਨ” ਸਿਧਾਂਤ

ਪਹਿਲਾਂ ਮੰਨਿਆਂ ਜਾਂਦਾ ਸੀ ਕਿ ਸ਼ੁਕਰਾਣੂ ਦੀ ਪੂਛ ਡੱਡੂ ਦੇ ਪੂੰਗ ਵਾਂਗ ਪਾਸਿਆਂ ਨੂੰ ਚਲਦੀ ਹੈ, ਲੇਕਿਨ 2023 ਵਿੱਚ ਬ੍ਰਿਟੇਨ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੇਖਿਆ ਕਿ ਸ਼ੁਕਰਾਣੂ ਦੀ ਪੂਛ ਦੂਜੇ ਵਿਸ਼ਵ ਯੁੱਧ ਦੇ ਕੋਡ ਬ੍ਰੇਕਰ ਅਤੇ ਗਣਿਤ ਮਾਹਰ ਐਲਨ ਟਰਨਿੰਗ ਦੇ ਖੋਜੇ ਗਏ ਪੈਟਰਨ ਦਾ ਹੀ ਅਨੁਸਰਣ ਕਰਦੇ ਹਨ।

ਸਾਲ 1952 ਵਿੱਚ ਟਨਰਿੰਗ ਨੇ ਦੇਖਿਆ ਕਿ ਰਸਾਇਣਿਕ ਪ੍ਰਤੀਕਿਰਿਆਵਾਂ ਪੈਟਰਨ ਬਣਾ ਸਕਦੀਆਂ ਹਨ।

ਉਨ੍ਹਾਂ ਨੇ ਤਜਵੀਜ਼ ਕੀਤਾ ਕਿ ਇੱਕ-ਦੂਜੇ ਦੇ ਨਾਲ ਚਲਦੇ ਪ੍ਰਤੀਕਿਰਿਆ ਕਰਦੇ ਹੋਏ ਦੋ ਜੈਵਿਕ ਰਸਾਇਣ, ਕੁਦਰਤ ਦੇ ਕੁਝ ਸਭ ਤੋਂ ਦਿਲਚਸਪ ਜੈਵਿਕ ਪੈਟਰਨ ਬਣਤਰਾਂ ਨੂੰ ਸਮਝਣ ਲਈ ਵਰਤੇ ਜਾ ਸਕਦੇ ਹਨ। ਇਨ੍ਹਾਂ ਜੈਵਿਕ ਬਣਤਰਾਂ ਵਿੱਚ- ਉਂਗਲੀਆਂ ਦੇ ਨਿਸ਼ਾਨ, ਖੰਭ, ਪੱਤੇ ਅਤੇ ਰੇਤ ਦੀਆਂ ਲਹਿਰਾਂ ਸ਼ਾਮਲ ਹਨ, ਇਸ ਵਿਚਾਰ ਨੂੰ “ਰਿਐਕਸ਼ਨ ਡਿਫਿਊਜ਼ਨ” ਸਿਧਾਂਤ ਕਿਹਾ ਜਾਂਦਾ ਹੈ।

ਬ੍ਰਿਸਟਲ ਦੇ ਸਾਇੰਸਦਾਨਾਂ ਨੇ ਦੇਖਿਆ ਕਿ ਸ਼ੁਕਰਾਣੂ ਦੀ ਪੂਛ ਲਹਿਰਾਂ ਬਣਾਉਂਦੀ ਹੋਈ ਲਹਿਰਾਉਂਦੀ ਹੈ, ਜੋ ਪੂਛ ਦੇ ਨਾਲ-ਨਾਲ ਅੱਗੇ ਵਧਦੀਆਂ ਹਨ ਅਤੇ ਇਸਨੂੰ ਅੱਗੇ ਵਧਣ ਦੀ ਊਰਜਾ ਦਿੰਦੀਆਂ ਹਨ। ਇਹ ਖੋਜ ਸ਼ੁਕਰਾਣੂ ਕਿਵੇਂ ਤੁਰਦੇ ਹਨ ਅਤੇ ਮਰਦਾਨਾ ਉਪਜਾਊ ਸ਼ਕਤੀ ਨੂੰ ਸਮਝਣ ਵਿੱਚ ਸਾਇੰਸਦਾਨਾਂ ਲਈ ਬਹੁਤ ਅਹਿਮ ਹੈ।

ਸ਼ੁਕਰਾਣੂ ਮਨੁੱਖੀ ਮਾਦਾ ਦੇ ਸਰਵਿਕਸ ਵਿੱਚੋਂ ਦੀ ਹੁੰਦੇ ਹੋਏ ਅੰਡੇ ਦੀ ਭਾਲ ਵਿੱਚ ਕੁੱਖ ਅਤੇ ਫਿਰ ਓਵੀਡਕਟਸ (ਨਲਾਂ ਜਿਨ੍ਹਾਂ ਵਿੱਚੋਂ ਦੀ ਗੁਜ਼ਰ ਕੇ ਅੰਡੇ ਮਨੁੱਖੀ ਮਾਦਾ ਦੀ ਕੁੱਖ ਵਿੱਚ ਪਹੁੰਚਦੇ ਹਨ) ਤੱਕ ਪਹੁੰਚਦੇ ਹਨ। ਇੱਥੇ ਫਿਰ ਸਾਡੇ ਗਿਆਨ ਵਿੱਚ ਖੱਪਾ ਹੈ ਕਿਉਂਕਿ ਸਾਇੰਸਦਾਨ ਪੂਰੀ ਤਰ੍ਹਾਂ ਨਹੀਂ ਜਾਣਦੇ ਸ਼ੁਕਰਾਣੂ ਅੰਡੇ ਤੱਕ ਪਹੁੰਚਣ ਲਈ ਆਪਣੇ ਰਸਤੇ ਦੀ ਪਛਾਣ ਕਿਵੇਂ ਕਰਦੇ ਹਨ।

ਫਰੂਟ ਫਲਾਈਜ਼ ਦੀਆਂ ਕੁਝ ਪ੍ਰਜਾਤੀਆਂ ਆਪਣੇ ਸਰੀਰ ਤੋਂ 20 ਗੁਣਾਂ ਲੰਬੇ ਸ਼ੁਕਰਾਣੂ ਪੈਦਾ ਕਰਦੀਆਂ ਹਨ। ਜਿਵੇਂ ਕੋਈ ਮਨੁੱਖੀ ਨਰ 40 ਮੀਟਰ (130 ਫੁੱਟ) ਲੰਬੇ ਪਾਈਥਨ ਸੱਪ ਜਿੰਨਾ ਸ਼ੁਕਰਾਣੂ ਉਤਪੰਨ ਕਰੇ।

ਸਹੀ ਰਸਤਾ ਫੜਨ ਵਾਲੇ ਤੰਦਰੁਸਤ ਸ਼ੁਕਰਾਣੂ ਦੁਰਲਭ ਹਨ। ਕਈ ਮਨੁੱਖੀ ਮਾਦਾ ਦੇ ਸਰੀਰ ਦੇ ਘੁੰਮਣਘੇਰੀ ਵਿੱਚ ਮੋੜ ਤੋਂ ਉੱਕ ਜਾਂਦੇ ਹਨ ਅਤੇ ਹਮੇਸ਼ਾ ਲਈ ਗੁਆਚ ਜਾਂਦੇ ਹਨ।

ਜਿਹੜੇ ਫਿਲੋਪੀਅਨ ਨਲਾਂ ਤੱਕ ਪਹੁੰਚ ਵੀ ਜਾਂਦੇ ਹਨ, ਉਨ੍ਹਾਂ ਬਾਰੇ ਸਾਇੰਸਦਾਨਾਂ ਦਾ ਕਿਆਸ ਹੈ ਕਿ ਉਹ ਅੰਡੇ ਵੱਲੋਂ ਛੱਡੇ ਜਾਂਦੇ ਰਸਾਇਣਿਕ ਸੰਕੇਤਾਂ ਦੀ ਮਦਦ ਨਾਲ ਆਪਣਾ ਰਸਤਾ ਤਲਾਸ਼ ਕਰਦੇ ਹਨ। ਇੱਕ ਤਾਜ਼ਾ ਸਿਧਾਂਤ ਮੁਤਾਬਕ ਸ਼ੁਕਰਾਣੂ ਅੰਡੇ ਤੱਕ ਪਹੁੰਚਣ ਲਈ, ਸ਼ਾਇਦ, ਸਵਾਦ ਰੀਸੈਪਟਰਾਂ ਦੀ ਵਰਤੋਂ ਕਰ ਕੇ ਆਪਣਾ ਰਾਹ “ਚੱਖ” ਸਕਦੇ ਹਨ।

ਇੱਕ ਵਾਰ ਅੰਡੇ ਤੱਕ ਪਹੁੰਚ ਜਾਣ ਤੇ ਵੀ ਚੁਣੌਤੀ ਸਮਾਪਤ ਨਹੀਂ ਹੁੰਦੀ। ਅੰਡੇ ਦੁਆਲੇ ਸੁਰੱਖਿਆ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ- ਕੋਰੋਨਾ ਰੇਡੀਆਟਾ (ਸੈੱਲਾਂ ਦੀ ਇੱਕ ਪਰਤ); ਜ਼ੋਨਾ ਪੈਲੂਸੀਡਾ (ਪ੍ਰੋਟੀਨ ਦੀ ਬਣੀ ਇੱਕ ਜੈਲੀ ਵਰਗੀ ਗੱਦੀ); ਅਤੇ ਅੰਤ ਵਿੱਚ ਅੰਡੇ ਦੀ ਪਲਾਜ਼ਮਾ ਮੈਂਬਰੇਨ।

ਸ਼ਕਰਾਣੂ

ਤਸਵੀਰ ਸਰੋਤ, Science Photo Library

ਸ਼ੁਕਰਾਣੂ ਨੇ ਇਨ੍ਹਾਂ ਤਿੰਨਾਂ ਪਰਤਾਂ ਵਿੱਚੋਂ ਨਿਕਲ ਕੇ ਜਾਣਾ ਹੁੰਦਾ ਹੈ। ਇਸ ਲਈ ਸ਼ੁਕਰਾਣੂ ਸੈੱਲ ਆਪਣੇ ਸਿਰ ‘ਤੇ ਮੌਜੂਦ ਐਕਰੋਸੋਮ (ਇੱਕ ਟੋਪੀ ਵਰਗੀ ਬਣਤਰ) ਵਿੱਚ ਮੌਜੂਦ ਰਸਾਇਣਾਂ ਦੀ ਵਰਤੋਂ ਕਰਦੇ ਹਨ।

ਇਨ੍ਹਾਂ ਰਸਾਇਣਾਂ ਵਿੱਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਅੰਡੇ ਦੇ ਸੈੱਲ ਦੀ ਬਾਹਰੀ ਪਰਤ ਨੂੰ ਗਾਲ ਕਰ ਦਿੰਦੇ ਹਨ। ਹਾਲਾਂਕਿ ਇਹ ਐਨਜ਼ਾਈਮ ਕਿਸ ਵਜ੍ਹਾ ਤੋਂ ਛੁੱਟਦੇ ਹਨ, ਇਹ ਅਜੇ ਇੱਕ ਰਹੱਸ ਹੈ।

ਸ਼ੁਕਰਾਣੂ ਆਪਣੇ ਸਿਰ ਉੱਤੇ ਬਣੇ ਇੱਕ ਸਿੰਗ ਦੀ ਮਦਦ ਨਾਲ ਅੰਡੇ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੀ ਪੂਛ ਵੀ ਤਿਆਗ ਦਿੰਦੇ ਹਨ। ਅਖੀਰ ਜਦੋਂ ਇੱਕ ਸ਼ੁਕਰਾਣੂ ਅੰਡੇ ਦੀ ਮੈਂਬਰੇਨ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਘਿਰ ਜਾਂਦਾ ਹੈ ਅਤੇ ਨਿਸ਼ੇਚਨ ਦੀ ਪ੍ਰਕਿਰਿਆ ਮੁਕੰਮਲ ਕਰ ਸਕਦਾ ਹੈ।

ਮਨੁੱਖੀ ਸੈੱਲਾਂ ਵਿੱਚ ਮਾਤਾ-ਪਿਤਾ ਹਰੇਕ ਦੇ ਗੁਣ ਸੂਤਰਾਂ ਦੇ ਦੋ ਵੱਖ-ਵੱਖ ਜੁੱਟ ਮੌਜੂਦ ਹੁੰਦੇ ਹਨ। ਜੇ ਕਿਸੇ ਅੰਡੇ ਵਿੱਚ ਦੋ ਸ਼ੁਕਰਾਣੂ ਦਾਖਲ ਹੋ ਜਾਣ ਤਾਂ “ਪੋਲੀਸਪਰਮੀ” ਦੀ ਸਥਿਤੀ ਪੈਦਾ ਹੁੰਦੀ ਹੈ। ਜੇ ਕਿਸੇ ਸੈੱਲ ਵਿੱਚ ਗੁਣ ਸੂਤਰਾਂ ਦੀ ਸੰਖਿਆ ਸਹੀ ਨਾ ਹੋਵੇ ਤਾਂ ਭਰੂਣ ਦੇ ਵਿਕਾਸ ਲਈ ਇੱਕ ਵਿਨਾਸ਼ਕਾਰੀ ਸਥਿਤੀ ਪੈਦਾ ਹੋ ਸਕਦੀ ਹੈ।

ਇਸ ਨੂੰ ਰੋਕਣ ਲਈ, ਇੱਕ ਸ਼ੁਕਰਾਣੂ ਅੰਡੇ ਦੇ ਸੰਪਰਕ ਵਿੱਚ ਆਉਂਦੇ ਹੀ ਅੰਡਾ ਪਹਿਲਾਂ ਤਾਂ ਆਪਣੇ ਦੁਆਲੇ ਇੱਕ ਬਿਜਲ ਘੇਰਾ ਸਿਰਜ ਲੈਂਦਾ ਹੈ ਤਾਂ ਜੋ ਕੋਈ ਹੋਰ ਸ਼ੁਕਰਾਣੂ ਇਸ ਦੇ ਨੇੜੇ ਨਾ ਆ ਸਕੇ।

ਲੇਕਿਨ ਇਹ ਬਹੁਤ ਆਰਜੀ ਤੇ ਥੋੜ੍ਹ ਚਿਰਾ ਉਪਾਅ ਹੈ। ਫਿਰ ਕੋਰਟੀਕਲ ਪ੍ਰਤੀਕਿਰਆ ਸ਼ੁਰੂ ਹੁੰਦੀ ਹੈ। ਅਚਾਨਕ ਕੈਲਸ਼ੀਅਮ ਦਾ ਰਿਸਾਵ ਹੁੰਦਾ ਹੈ ਅਤੇ ਅੰਡੇ ਦੀ ਬਾਹਰੀ ਪਰਤ ਕਠੋਰ ਹੋ ਕੇ, ਜ਼ੋਨਾ ਪੈਲੂਸੀਡਾ ਇੱਕ ਅਭੇਦ ਰੁਕਾਵਟ ਬਣਾਉਂਦੀ ਹੈ।

ਇਸ ਲਈ ਭਾਵੇਂ ਲੱਖਾਂ ਸ਼ੁਕਰਾਣੂ ਸਫਰ ਉੱਤੇ ਨਿਕਲਦੇ ਹਨ। ਵੱਧ ਤੋਂ ਵੱਧ ਇੱਕ ਹੀ ਆਪਣਾ ਕੰਮ ਪੂਰਾ ਕਰ ਪਾਉਂਦਾ ਹੈ। ਸ਼ੁਕਰਾਣੂ ਦਾ ਇਹ ਰੁਮਾਂਚਿਕ ਸਫਰ ਅੰਡੇ ਨਾਲ ਮਿਲਨ ਵਿੱਚ ਪੂਰਾ ਹੁੰਦਾ ਹੈ।

ਅੱਜ ਸਾਇੰਸਦਾਨ ਇਹ ਪਤਾ ਕਰਨ ਦੀ ਵਾਹ ਲਾ ਰਹੇ ਹਨ ਕਿ ਸ਼ੁਕਰਾਣੂ ਅੰਡੇ ਦੀ ਪਛਾਣ ਅਤੇ ਫਿਰ ਉਸ ਨਾਲ ਮਿਲਨ ਕਿਵੇਂ ਕਰਦਾ ਹੈ। ਪਿਛਲੇ ਸਾਲਾਂ ਦੌਰਾਨ, ਮੱਛੀਆਂ ਅਤੇ ਚੂਹੀਆਂ ਵਿੱਚ ਕਈ ਪ੍ਰੋਟੀਨ ਪਛਾਣੇ ਗਏ ਹਨ, ਜਦਕਿ ਕਈ ਅਜੇ ਵੀ ਅਨਜਾਣੇ ਹਨ।

ਇਸ ਤਰ੍ਹਾਂ ਅਜੇ ਤੱਕ ਤਾਂ ਸ਼ੁਕਰਾਣੂ ਅਤੇ ਅੰਡੇ ਦਾ ਇੱਕ ਦੂਜੇ ਨੂੰ ਸਿਆਨਣਾ ਅਤੇ ਇੱਕ ਦੂਜੇ ਵਿੱਚ ਮਿਲਣਾ ਇੱਕ ਰਹੱਸ ਹੀ ਹੈ।

ਸ਼ੁਕਰਾਣੂ

ਤਸਵੀਰ ਸਰੋਤ, Science Photo Library

ਕੀ ਸ਼ਰਾਬ ਮਰਦਾਨਾ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ?

ਸਕੌਟ ਪਿਟਨਿਕ, ਸਾਇਰਾਕੌਸ ਯੂਨੀਵਰਸਿਟੀ ਨਿਊ ਯਾਰਕ ਵਿੱਚ ਜੀਵ ਵਿਗਿਆਨ ਦੇ ਪ੍ਰੋਫੈਸਰ ਹਨ, ਦੱਸਦੇ ਹਨ ਕਿ ਇਸ ਲਈ ਸਾਇੰਸਦਾਨ ਮਨੁੱਖ ਤੋਂ ਇਲਾਵਾ ਹੋਰ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ।

ਮਨੁੱਖੀ ਸ਼ੁਕਰਾਣੂ ਬਹੁਤ ਸੂਖ਼ਮ ਹਨ ਅਤੇ ਨੰਗੀ ਅੱਖ ਨਾਲ ਨਹੀਂ ਦੇਖੇ ਜਾ ਸਕਦੇ। ਲੇਕਿਨ ਕੁਝ ਮੱਖੀਆਂ ਆਪਣੇ ਤੋਂ 20 ਗੁਣਾਂ ਵੱਡੇ ਸ਼ੁਕਰਾਣੂ ਪੈਦਾ ਕਰਦੀਆਂ ਹਨ।

ਪਿਟਨਿਕ ਨੇ ਇਨ੍ਹਾਂ ਮੱਖੀਆਂ ਦੇ ਸ਼ੁਕਰਾਣੂਆਂ ਦੇ ਸਿਰਾਂ ਵਿੱਚ ਬਦਲਾਅ ਕੀਤੇ ਹਨ ਕਿ ਉਹ ਚਮਕਣ। ਹੁਣ ਉਹ ਇਨ੍ਹਾਂ ਨੂੰ ਮਾਦਾ ਮੱਖੀ ਦੇ ਪ੍ਰਜਨਨ ਪੰਧ ਵਿੱਚ ਵਿਚਰਨ ਦੌਰਾਨ ਦੇਖ ਸਕਦੇ ਹਨ, ਜਿਸ ਨਾਲ ਨਿਸ਼ੇਚਨ ਦੇ ਹੋਰ ਭੇਤ ਖੁੱਲ੍ਹ ਸਕਦੇ ਹਨ।

ਪਿਟਨਿਕ ਦਾ ਸਵਾਲ ਹੈ, “ਕੁਝ ਪ੍ਰਜਾਤੀਆਂ ਵਿੱਚ ਕੁਝ ਨਰ ਇੰਨੇ ਵੱਡ ਅਕਾਰੀ ਸ਼ੁਕਰਾਣੂ ਕਿਉਂ ਪੈਦਾ ਕਰਦੇ ਹਨ? ਇਸਦਾ ਜਵਾਬ ਹੈ ਕਿ ਮਾਦਾਵਾਂ ਦੇ ਪ੍ਰਜਨਨ ਪਥ ਇਸ ਤਰ੍ਹਾਂ ਵਿਕਸਿਤ ਹੋਏ ਹਨ ਜੋ ਉਨ੍ਹਾਂ ਨੂੰ ਫਾਇਦਾ ਪਹੁੰਚਾਉਣ। ਇਹ ਪੂਰਾ ਜਵਾਬ ਨਹੀਂ ਹੈ। ਕਿਉਂਕਿ ਇਹ ਸਿਰਫ ਸਵਾਲ ਨੂੰ ਭਟਕਾਉਂਦਾ ਹੈ। ਮਾਦਾਵਾਂ ਦਾ ਵਿਕਾਸ ਇਸ ਤਰ੍ਹਾਂ ਕਿਉਂ ਹੋਇਆ ਹੈ? ਇਸ ਬਾਰੇ ਅਸੀਂ ਅਜੇ ਵੀ ਕੁਝ ਨਹੀਂ ਸਮਝਦੇ।”

ਖੋਜ ਮੁਤਾਬਕ ਮਨੁੱਖੀ ਨਰਾਂ ਵਿੱਚ ਸ਼ੁਕਰਾਣੂਆਂ ਦੀ ਸੰਖਿਆ ਪੂਰੇ ਵਿਸ਼ਵ ਵਿੱਚ ਤੇਜ਼ੀ ਨਾਲ ਡਿੱਗ ਰਹੀ ਹੈ।

ਪਿਟਨਿਕ ਕਹਿੰਦੇ ਹਨ, “ਸਾਇੰਸ ਇਤਿਹਾਸਕ ਰੂਪ ਵਿੱਚ ਹੀ ਮਰਦਾਂ ਪ੍ਰਤੀ ਉਲਾਰ ਅਤੇ ਲਿੰਗਕ ਭੇਦਭਾਵ ਦਾ ਸ਼ਿਕਾਰ ਰਹੀ ਹੈ। ਮਰਦਾਂ ਉੱਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ, ਜਦਕਿ ਪ੍ਰਜਨਨ ਦੀ ਪ੍ਰਕਿਰਿਆ ਨੂੰ ਚਲਾਉਂਦਾ ਤਾਂ ਮਾਦਾ ਦਾ ਵਿਕਾਸਕ੍ਰਮ ਹੈ। ਨਰ ਤਾਂ ਮਹਿਜ਼ ਉਸ ਨਾਲ ਕਦਮ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ।”

ਪਿਟਨਿਕ ਮੁਤਾਬਕ ਸ਼ੁਕਰਾਣੂ, ਧਰਤੀ ਉੱਤੇ ਸੈੱਲ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਕਿਸਮ ਹੈ। ਲੇਕਿਨ ਅਜਿਹਾ ਕਿਉਂ ਹੋਇਆ ਹੈ? ਵਿਗਿਆਨੀ ਪਿਛਲੀ ਇੱਕ ਸਦੀ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ।

“ਮਾਦਾ ਦਾ ਪ੍ਰਜਨਨ ਪਥ ਤੇਜ਼ ਵਿਕਾਸ ਕਰਨ ਵਾਲਾ ਵਾਤਾਵਰਣ ਹੈ। ਅਸੀਂ ਇਹ ਵੀ ਬਹੁਤਾ ਨਹੀਂ ਜਾਣਦੇ ਕਿ ਸ਼ੁਕਰਾਣੂ ਦਾ ਮਾਦਾ ਸਰੀਰ ਵਿੱਚ ਕੰਮ ਕੀ ਹੈ। ਇਹ ਇੱਕ ਲੁਕਿਆ ਹੋਇਆ ਸੰਸਾਰ ਹੈ। ਮਾਦਾ ਪ੍ਰਜਨਨ ਪਥ ਸਭ ਤੋਂ ਵੱਡਾ ਅਣਖੋਜਿਆ ਖੇਤਰ ਹੈ।”

ਪਿਟਨਿਕ ਮੁਤਾਬਕ ਮੱਖੀ ਦੇ ਸ਼ੁਕਰਾਣੂ ਦੀ ਵੱਡੀ ਪੂਛ ਹਿਰਨ ਦੇ ਸਿੰਗਾਂ ਅਤੇ ਨਰ ਮੋਰ ਦੀ ਲੰਬੀ ਪੂਛ ਵਾਂਗ ਇੱਕ ਗਹਿਣਾ ਵੀ ਹੋ ਸਕਦੀ ਹੈ।

“ਇਨ੍ਹਾਂ ਗਹਿਣਿਆਂ ਦੀ ਵਿਕਾਸਕ੍ਰਮ ਵਿੱਚ ਇੱਕ ਅਹਿਮ ਭੂਮਿਕਾ ਰਹੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗਹਿਣਿਆਂ ਦਾ ਸੰਬੰਧ ਨਰਾਂ ਦੇ ਆਪਸੀ ਮੁਕਾਬਲੇ ਨਾਲ ਰਿਹਾ ਹੈ। ਮੱਖੀ ਦੇ ਸ਼ੁਕਰਾਣੂ ਦੀ ਪੂਛ ਗਹਿਣੇ ਦੀ ਪਰਿਭਾਸ਼ਾ ਉੱਤੇ ਖਰੀ ਉਤਰਦੀ ਹੈ। ਸਾਨੂੰ ਲਗਦਾ ਹੈ ਕਿ ਮਾਦਾ ਦਾ ਪ੍ਰਜਨਨ ਪਥ ਕੁਝ ਖਾਸ ਸ਼ੁਕਰਾਣੂਆਂ ਦਾ ਪੱਖ ਪੂਰਦਾ ਹੈ।”

ਸ਼ੁਕਰਾਣੂ

ਤਸਵੀਰ ਸਰੋਤ, Getty Images

ਅਸੀਂ ਜਾਣਦੇ ਹਾਂ ਕਿ ਕਿਵੇਂ ਪੰਛੀਆਂ ਦੀਆਂ ਕੁਝ ਪ੍ਰਜਾਤੀਆਂ ਵਿੱਚ ਨਰ, ਮਿਲਨ ਤੋਂ ਪਹਿਲਾਂ ਨਾਚ ਕਰਦੇ ਹਨ। ਪਿਟਨਿਕ ਮੁਤਾਬਕ ਇਸੇ ਤੋਂ ਫੈਸਲਾ ਹੁੰਦਾ ਹੈ ਕਿ- ਜੋੜਾ ਸਹਿਵਾਸ ਕਰੇਗਾ ਜਾਂ ਨਹੀਂ।

ਲੇਕਿਨ ਪਿਟਨਿਕ ਕਹਿੰਦੇ ਹਨ ਕਿ ਸਹਿਵਾਸ ਤੋਂ ਬਾਅਦ ਮਾਦਾ ਦੇ ਸਰੀਰ ਵਿੱਚ ਜੋ ਵਾਪਰਦਾ ਹੈ ਅਤੇ ਉਸ ਨੇ ਸ਼ੁਕਰਾਣੂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਇਹ ਇੱਕ ਰਹੱਸ ਹੈ ਅਤੇ ਅਸੀਂ ਇਸ ਬਾਰੇ ਬਹੁਤ ਥੋੜ੍ਹਾ ਜਾਣਦੇ ਹਾਂ।

ਸ਼ੁਕਰਾਣੂ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਉਸਦੇ ਪੂਰੇ ਜੀਵਨ ਚੱਕਰ ਅਤੇ ਮਾਦਾ ਦੇ ਸਰੀਰ ਬਾਰੇ (ਜੋ ਸ਼ੁਕਰਾਣੂ ਦੇ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ) ਵਿਚਾਰ ਕਰਨਾ ਜ਼ਰੂਰੀ ਹੈ।

ਪਿਟਨਿਕ ਮੁਤਾਬਕ ਸ਼ੁਕਰਾਣੂ ਦਾ ਵਿਕਾਸ ਪਤਾਲੂਆਂ ਵਿੱਚ ਹੀ ਪੂਰਾ ਨਹੀਂ ਹੁੰਦਾ। ਸਗੋਂ ਸ਼ੁਕਰਾਣੂ ਅਤੇ ਮਾਦਾ ਦੇ ਪ੍ਰਜਨਨ ਪਥ ਦਰਮਿਆਨ ਇੱਕ ਪੇਚੀਦਾ ਅੰਤਰ ਕਿਰਿਆ ਵਾਪਰਦੀ ਹੈ।

ਉਹ ਕਹਿੰਦੇ ਹਨ, “ਹੁਣ ਅਸੀਂ ਪੂਰੇ ਜੀਵ ਜਗਤ ਵਿੱਚ ਸ਼ੁਕਰਾਣੂ ਵਿੱਚ ਸਖਲਨ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਉੱਪਰ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ।”

ਸਾਇੰਸਦਾਨ ਜਾਣ ਰਹੇ ਹਨ ਕਿ ਸ਼ੁਕਰਾਣੂ ਸਖਲਨ ਤੋਂ ਲੈ ਕੇ ਨਿਸ਼ੇਚਨ ਦੀ ਮੰਜ਼ਿਲ ਤੱਕ ਪਹੁੰਚਣ ਦੌਰਾਨ ਕਿਹੜੀਆਂ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਦਾ ਹੈ।

ਖੋਜ ਦੀ ਇੱਕ ਦੂਜੀ ਲੜੀ ਮਰਦਾ ਵਿੱਚ ਲਗਾਤਾਰ ਨਿਘਰਦੀ ਜਾ ਰਹੀ ਸ਼ੁਕਰਾਣੂਆਂ ਦੀ ਸੰਖਿਆ ਵੱਲ ਧਿਆਨ ਕੇਂਦਰਿਤ ਕਰ ਰਹੀ ਹੈ।

ਮਰਦ ਆਪਣੇ ਪੂਰੇ ਜੀਵਨ ਦੌਰਾਨ ਲਗਭਗ ਇੱਕ ਟ੍ਰਿਲੀਅਨ ਸ਼ੁਕਰਾਣੂ ਪੈਦਾ ਕਰਦਾ ਹੈ, ਇਸ ਲਈ ਇਨ੍ਹਾਂ ਨੂੰ ਤਾਂ ਕੋਈ ਖ਼ਤਰਾ ਨਹੀਂ ਹੋ ਸਕਦਾ। ਲੇਕਿਨ ਫਿਰ ਵੀ ਇਨ੍ਹਾਂ ਦੀ ਸੰਖਿਆ ਤੇਜ਼ੀ ਨਾਲ ਘਟਦੀ ਜਾ ਰਹੀ ਹੈ।

ਸਾਲ 2023 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਕ ਪੂਰੀ ਦੁਨੀਆਂ ਵਿੱਚ ਛੇ ਵਿੱਚੋਂ ਇੱਕ ਬਾਲਗ ਨਿਪੁੰਸਕਤਾ ਨਾਲ ਜੂਝ ਰਿਹਾ ਹੈ।

ਇਸ ਵਿੱਚੋਂ ਅੱਧੇ ਮਾਮਲੇ ਮਰਦਾਂ ਨਾਲ ਜੁੜੇ ਹੋਏ ਹਨ। (ਇਹ ਵੀ ਧਿਆਨਯੋਗ ਹੈ ਕਿ ਕਈ ਲੋਕ ਇਸ ਤੋਂ ਇਲਾਵਾ ਵੀ ਹੋਰ ਕਈ ਕਾਰਨਾਂ ਕਰਕੇ ਜਿੰਨੇ ਬੱਚੇ ਚਾਹੁੰਦੇ ਹਨ ਉਨੇਂ ਪੈਦਾ ਨਹੀਂ ਕਰ ਰਹੇ। ਮਿਸਾਲ ਵਜੋਂ, ਸੰਯੁਕਤ ਰਾਸ਼ਟਰ ਵਸੋਂ ਫੰਡ ਦੀ ਰਿਪੋਰਟ ਮੁਤਾਬਕ ਮਹਿੰਗਾ ਹੁੰਦਾ ਪਾਲਣ-ਪੋਸ਼ਣ ਵੀ ਇੱਕ ਕਾਰਨ ਹੈ)

ਇਸ ਤੋਂ ਇਲਾਵਾ ਪ੍ਰਦੂਸ਼ਣ, ਸਿਗਰਟਨੋਸ਼ੀ, ਸ਼ਰਾਬ, ਮਾੜੀ ਖੁਰਾਕ, ਕਸਰਤ ਦੀ ਕਮੀ ਅਤੇ ਤਣਾਅ ਨੂੰ ਵੀ ਮਰਦਾਨਾ ਨਿਪੁੰਸਕਤਾ ਦੇ ਕਾਰਨ ਮੰਨੇ ਜਾਂਦੇ ਹਨ। ਮਰਦਾਨਾ ਨਿਪੁੰਸਕਤਾ ਦੇ ਕਾਰਨਾਂ ਦੀ ਅਜੇ ਪੂਰੀ ਵਿਆਖਿਆ ਨਹੀਂ ਹੋ ਸਕੀ ਹੈ।

ਹੈਨਾ ਮੋਰਗਨ, ਬ੍ਰਿਟੇਨ ਦੀ ਮੈਨਚੈਸਟਰ ਯੂਨੀਵਰਸਿਟੀ ਵਿੱਚ ਜੱਚਾ ਅਤੇ ਭਰੂਣ ਸਿਹਤ ਵਿਭਾਗ ਵਿੱਚ ਪੋਸਟ-ਡੌਕਟੋਰਲ ਖੋਜ ਸਹਾਇਕ ਹਨ।

ਉਹ ਦੱਸਦੇ ਹਨ, ਇੰਨੇ ਸਾਰੇ ਹਿੱਲਣ ਵਾਲੇ ਅੰਗਾਂ ਦੇ ਨਾਲ, ਬਹੁਤ ਕੁਝ ਗਲਤ ਹੋ ਸਕਦਾ ਹੈ” “ਇਹ ਇਸਦੀ ਬਣਤਰ ਦੀ ਸਮੱਸਿਆ ਹੋ ਸਕਦੀ ਹੈ: ਜਿਵੇਂ ਕਿ ਚੰਗੀ ਤਰ੍ਹਾਂ ਤੈਰ ਨਾ ਸਕਣ ਕਰਕੇ ਹੋ ਸਕਦਾ ਹੈ ਅੰਡੇ ਤੱਕ ਨਹੀਂ ਪਹੁੰਚਣ ਤੋਂ ਰਹਿ ਜਾਂਦਾ ਹੋਵੇ। ਜਾਂ ਸ਼ੁਕਰਾਣੂ ਦੇ ਸਿਰ ਦੇ ਅੰਦਰ, ਜਾਂ ਇਸਦੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਕੁਝ ਹੋਰ ਪੇਚੀਦਾ ਵਾਪਰ ਰਿਹਾ ਹੋ ਸਕਦਾ ਹੈ। ਇਹ ਇੰਨੇ ਵੱਖ-ਵੱਖ ਤਰੀਕਿਆਂ ਨਾਲ ਵਿਲੱਖਣ ਹੁੰਦਾ ਹੈ, ਕਿ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੜਬੜੀਆਂ ਹੋ ਸਕਦੀਆਂ ਹਨ।”

ਮੋਰਗਨ ਮੁਤਾਬਕ ਇੱਕ ਆਦਮੀ ਨਪੁੰਸਕ ਹੈ ਜਾਂ ਨਹੀਂ, ਇਹ ਜਾਨਣ ਦਾ ਇੱਕ ਤਰੀਕਾ ਸ਼ੁਕਰਾਣੂ ਦੇ ਅੰਦਰ ਦੇਖਣਾ ਹੈ। “ਡੀਐੱਨਏ ਕਿਵੇਂ ਦਾ ਦਿਖਦਾ ਹੈ? ਇਸਨੂੰ ਕਿਵੇਂ ਬੰਦ ਕੀਤਾ ਗਿਆ ਹੈ? ਇਹ ਕਿੰਨਾ ਖੰਡਿਤ ਹੈ? ਸ਼ੁਕਰਾਣੂ ਨੂੰ ਤੋੜ ਕੇ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। ਪਰ ਚੰਗਾ ਜਾਂ ਮਾੜਾ ਮਾਪ ਕੀ ਹੈ? ਸਾਨੂੰ ਅਸਲ ਵਿੱਚ ਨਹੀਂ ਪਤਾ।”

ਮੋਰਗਨ ਕਹਿੰਦੇ ਹਨ, ਸ਼ਾਇਦ ਸ਼ੁਕਰਾਣੂ ਦੇ ਰਹੱਸ ਅਤੇ ਉਹ ਕਿਵੇਂ ਕੰਮ ਕਰਦੇ ਹਨ, ਨੂੰ ਸੁਲਝਾ ਕੇ, ਅਸੀਂ ਮਰਦਾਂ ਵਿੱਚ ਨਪੁੰਸਕਤਾ ਨੂੰ ਵੀ ਸਮਝਣਾ ਸ਼ੁਰੂ ਕਰ ਸਕਦੇ ਹਾਂ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI