Source :- BBC PUNJABI
ਤਸਵੀਰ ਸਰੋਤ, Getty Images
ਭਾਰਤ ਵਿੱਚ ਗਰਮੀ ਦਸਤਕ ਦੇ ਚੁੱਕੀ ਹੈ ਅਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਦੀ ਸੰਭਾਵਨਾ ਹੈ।
ਪਰ ਈਰਾਨ ਜੰਗ ਨੇ ਪਹਿਲਾਂ ਹੀ ਭਾਰਤ ਦੇ ਬੋਤਲਬੰਦ ਪਾਣੀ ਦੇ 6 ਬਿਲੀਅਨ ਡਾਲਰ ਦੇ ਉਦਯੋਗ ‘ਤੇ ਦਬਾਅ ਪਾ ਦਿੱਤਾ ਹੈ, ਕਿਉਂਕਿ ਕੱਚਾ ਮਾਲ ਪ੍ਰਾਪਤ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ।
ਖਬਰ ਏਜੰਸੀ ਰਾਇਟਰਜ਼ ਮੁਤਾਬਕ, ਪਿਛਲੇ ਮਹੀਨੇ ਇਸ ਖੇਤਰ ਦੀ ਮੁੱਖ ਕੰਪਨੀ ਬਿਸਲੇਰੀ ਨੇ ਕੀਮਤਾਂ ਵਿੱਚ 11% ਦਾ ਵਾਧਾ ਕੀਤਾ, ਜਿਸ ਨਾਲ ਇੱਕ-ਲੀਟਰ ਦੀਆਂ 12 ਬੋਤਲਾਂ ਵਾਲਾ ਇੱਕ ਡੱਬਾ ਹੁਣ 24 ਰੁਪਏ ਮਹਿੰਗਾ ਹੋ ਗਿਆ। ਬੈਲੇ ਅਤੇ ਕਲੀਅਰ ਪ੍ਰੀਮੀਅਮ ਵਾਟਰ ਵਰਗੇ ਬ੍ਰਾਂਡਾਂ ਨੇ ਵੀ ਆਪਣੀਆਂ ਕੀਮਤਾਂ ਵਧਾਈਆਂ ਹਨ।
ਡਾਟਾ ਫਾਰ ਇੰਡੀਆ ਦੇ ਇੱਕ ਅਧਿਐਨ ਅਨੁਸਾਰ, ਸ਼ਹਿਰਾਂ ‘ਚ ਲਗਭਗ 15% ਅਤੇ ਪਿੰਡਾਂ ‘ਚ ਕਰੀਬ 6% ਘਰ ਪੀਣ ਵਾਲੇ ਪਾਣੀ ਲਈ ਬੋਤਲਬੰਦ ਪਾਣੀ ‘ਤੇ ਨਿਰਭਰ ਹਨ।
ਬੋਤਲਬੰਦ ਪਾਣੀ ‘ਤੇ ਨਿਰਭਰ ਹੋਣਾ ਮਹਿੰਗਾ ਹੈ, ਖ਼ਾਸ ਕਰਕੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ। ਪਰ ਭਾਰਤ ਦੇ ਕਈ ਹਿੱਸਿਆਂ ਵਿੱਚ ਖ਼ਾਸ ਤੌਰ ‘ਤੇ ਗਰਮੀਆਂ ਦੇ ਮੌਸਮ ‘ਚ ਸਾਫ਼ ਪਾਣੀ ਤੱਕ ਪਹੁੰਚ ਅਜੇ ਵੀ ਇੱਕ ਚੁਣੌਤੀ ਹੈ ਅਤੇ ਇਸਦੇ ਮੁੱਖ ਕਾਰਨ ਹਨ- ਪਾਣੀ ਦੀ ਘਾਟ, ਜ਼ਮੀਨੀ ਪਾਣੀ ਦਾ ਪ੍ਰਦੂਸ਼ਿਤ ਹੋਣਾ ਅਤੇ ਢਾਂਚਾਗਤ ਕਮੀਆਂ।
ਬ੍ਰਾਂਡਾਂ ਅਤੇ ਬੋਤਲਾਂ ਬਣਾਉਣ ਵਾਲੀਆਂ ਕੰਪਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਜੰਗ ਲੰਬੀ ਚੱਲੀ ਤਾਂ ਇੱਕ ਮਹੱਤਵਪੂਰਨ ਵਸਤੂ ਕਈ ਭਾਰਤੀਆਂ ਲਈ ਬਹੁਤ ਮਹਿੰਗੀ ਹੋ ਸਕਦੀ ਹੈ।
ਕੱਚੇ ਤੇਲ ਦੀਆਂ ਕੀਮਤਾਂ ਵੱਧਣ ਦਾ ਅਸਰ
ਤਸਵੀਰ ਸਰੋਤ, Getty Images
ਦੁਨੀਆ ਦਾ ਲਗਭਗ 20% ਤੇਲ ਅਤੇ ਲਿਕਵਿਫਾਈਡ ਨੈਚੁਰਲ ਗੈਸ (ਐਲਐਨਜੀ) ਆਮ ਤੌਰ ‘ਤੇ ਤੰਗ ਸਮੁੰਦਰੀ ਰਸਤੇ, ਹੋਰਮੁਜ਼ ਸਟ੍ਰੇਟ ਰਾਹੀਂ ਲੰਘਦਾ ਹੈ, ਜਿਸ ਨੂੰ ਹੁਣ ਈਰਾਨ ਨੇ ਲਗਭਗ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ।
ਗਲੋਬਲ ਸ਼ਿਪਿੰਗ ਵਿੱਚ ਆਈ ਇਸ ਰੁਕਾਵਟ ਕਾਰਨ ਦੁਨੀਆ ਭਰ ਵਿੱਚ ਬਾਲਣ ਦੀਆਂ ਕੀਮਤਾਂ ਵਧ ਗਈਆਂ ਹਨ।
ਭਾਰਤ, ਜੋ ਆਪਣੀ ਘਰੇਲੂ ਮੰਗ ਪੂਰੀ ਕਰਨ ਲਈ ਤੇਲ ਅਤੇ ਗੈਸ ਦੀ ਦਰਾਮਦ ‘ਤੇ ਕਾਫ਼ੀ ਨਿਰਭਰ ਕਰਦਾ ਹੈ, ਹੁਣ ਦਬਾਅ ਮਹਿਸੂਸ ਕਰ ਰਿਹਾ ਹੈ।
ਮਹਾਰਾਸ਼ਟਰ ਬੋਤਲਬੰਦ ਪਾਣੀ ਨਿਰਮਾਤਾ ਸੰਘ ਦੇ ਪ੍ਰਧਾਨ ਵਿਜੈਸਿੰਘ ਦੁੱਬਲ ਦੱਸਦੇ ਹਨ ਕਿ ਬੋਤਲਬੰਦ ਪਾਣੀ ਜੋ ਮੁੱਖ ਤੌਰ ‘ਤੇ ਪਲਾਸਟਿਕ ਬੋਤਲਾਂ ਵਿੱਚ ਵਿਕਦਾ ਹੈ, ਦੀ ਕੀਮਤ ਵਧਣ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਹਨ।
ਇਸ ਹਫ਼ਤੇ ਬ੍ਰੇਂਟ ਕੱਚੇ ਤੇਲ ਦੀ ਕੀਮਤ 119 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਜੋ ਕਿ ਅਮਰੀਕਾ-ਇਜ਼ਰਾਇਲ-ਈਰਾਨ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਉੱਚੇ ਪੱਧਰਾਂ ਵਿੱਚੋਂ ਇੱਕ ਹੈ।
ਤਸਵੀਰ ਸਰੋਤ, Getty Images
ਕੱਚੇ ਤੇਲ ਦਾ ਇਸਤੇਮਾਲ ਪਾਲਿਏਥੀਲੀਨ ਟੇਰੇਫ਼ਥੇਲੇਟ ਰੇਜ਼ਿਨ ਪੈਲਟ ਬਣਾਉਣ ਲਈ ਕੀਤਾ ਜਾਂਦਾ ਹੈ। ਇਹ ਛੋਟੇ ਦਾਣੇ ਹੁੰਦੇ ਹਨ ਜਿਨ੍ਹਾਂ ਨੂੰ ਗਰਮ ਕਰਕੇ ਮੋਲਡਾਂ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਜੋ ਪੀਈਟੀ ਪ੍ਰੀਫਾਰਮ ਬਣ ਸਕਣ।
ਇਹ ਪ੍ਰੀਫਾਰਮ ਪਲਾਸਟਿਕ ਦੀਆਂ ਟੈਸਟ ਟਿਊਬਾਂ ਵਰਗੇ ਦਿਖਾਈ ਦਿੰਦੇ ਹਨ ਅਤੇ ਬ੍ਰਾਂਡਾਂ ਤੇ ਨਿਰਮਾਤਾਵਾਂ ਨੂੰ ਵੇਚੇ ਜਾਂਦੇ ਹਨ ਤਾਂ ਜੋ ਉਹ ਇਨ੍ਹਾਂ ਤੋਂ ਆਪਣੀ ਜ਼ਰੂਰਤ ਮੁਤਾਬਕ ਆਕਾਰ ਅਤੇ ਸਾਈਜ਼ ਦੀਆਂ ਬੋਤਲਾਂ ਬਣਾ ਸਕਣ।
ਦੁੱਬਲ ਕਹਿੰਦੇ ਹਨ, “ਪ੍ਰੀਫਾਰਮ ਦੀ ਕੀਮਤ 115 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ ਲਗਭਗ 180 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸ ਦੀ ਸਪਲਾਈ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ।”
ਉਹ ਇਹ ਵੀ ਦੱਸਦੇ ਹਨ ਕਿ ਮਹਾਰਾਸ਼ਟਰ ਵਿੱਚ ਲਗਭਗ 20% ਬੋਤਲ ਨਿਰਮਾਣ ਯੂਨਿਟਾਂ ਨੇ ਅਸਥਾਈ ਤੌਰ ‘ਤੇ ਕੰਮ ਬੰਦ ਕਰ ਦਿੱਤਾ ਹੈ।
‘ਆਮ ਲੋਕਾਂ ਤੱਕ ਸੇਕ ਪਹੁੰਚਣਾ ਸੁਭਾਵਿਕ’
ਤਸਵੀਰ ਸਰੋਤ, Getty Images
ਹਾਲਾਂਕਿ ਕੁਝ ਕੰਪਨੀਆਂ ਵੱਲੋਂ ਕੀਮਤਾਂ ਵਧਾਈਆਂ ਗਈਆਂ ਹਨ, ਪਰ ਦੁੱਬਲ ਕਹਿੰਦੇ ਹਨ ਕਿ ਕਈ ਬ੍ਰਾਂਡ ਅਤੇ ਵਿਕਰੇਤਾ ਅਜੇ ਤੱਕ ਵਾਧੂ ਲਾਗਤ ਨੂੰ ਆਪਣੇ ਉੱਤੇ ਹੀ ਲੈ ਰਹੇ ਹਨ, ਜਿਸ ਨਾਲ ਖਪਤਕਾਰਾਂ ਨੂੰ ਤੁਰੰਤ ਅਸਰ ਤੋਂ ਬਚਾਇਆ ਗਿਆ ਹੈ।
ਇਸ ਕਰਕੇ ਇੱਕ ਲੀਟਰ ਪਾਣੀ ਦੀ ਬੋਤਲ, ਜੋ ਲਗਭਗ 20 ਰੁਪਏ ਵਿੱਚ ਮਿਲਦੀ ਹੈ ਜਾਂ ਪੰਜ ਲੀਟਰ ਦੀ ਬੋਤਲ ਜੋ 60-70 ਰੁਪਏ ਵਿੱਚ ਮਿਲਦੀ ਹੈ, ਦੀ ਕੀਮਤ ਅਜੇ ਤੱਕ ਵੱਡੇ ਪੱਧਰ ‘ਤੇ ਨਹੀਂ ਵਧੀ ਹੈ।
ਉਹ ਕਹਿੰਦੇ ਹਨ, “ਪਰ ਵਾਧੂ ਖਰਚੇ ਆਪਣੇ ਉੱਤੇ ਲੈਣਾ ਕੰਪਨੀਆਂ ਲਈ ਲੰਬੇ ਸਮੇਂ ਲਈ ਸੰਭਵ ਨਹੀਂ ਹੈ। ਜੇ ਹਾਲਾਤ ਖਰਾਬ ਹੋਏ ਤਾਂ ਗਾਹਕਾਂ ਤੱਕ ਇਸ ਦਾ ਸੇਕ ਪਹੁੰਚਣਾ ਲਾਜ਼ਮੀ ਹੈ।”
ਉਹ ਇਹ ਵੀ ਕਹਿੰਦੇ ਹਨ ਕਿ ਸਪਲਾਈ ‘ਤੇ ਪਿਆ ਦਬਾਅ ਸਭ ਤੋਂ ਗਲਤ ਸਮੇਂ ‘ਤੇ ਆਇਆ ਹੈ, ਕਿਉਂਕਿ ਅਪ੍ਰੈਲ ਅਤੇ ਮਈ ਵਿੱਚ ਭਾਰਤ ਵਿੱਚ ਅੰਤਾਂ ਦੀ ਗਰਮੀ ਪੈਂਦੀ ਹੈ ਅਤੇ ਅਜਿਹੇ ਵਿੱਚ ਬੋਤਲਬੰਦ ਪਾਣੀ ਅਤੇ ਨਾਨ-ਐਲਕੋਹਲਿਕ ਪੇਅ ਪਦਾਰਥਾਂ ਦੀ ਮੰਗ ਵਧ ਜਾਂਦੀ ਹੈ।
ਕੈਮਕੋ ਪਲਾਸਟਿਕ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟਿਡ ਜੋ ਕਿ ਭਾਰਤ ਦੀ ਸਭ ਤੋਂ ਵੱਧ ਪੀਈਟੀ ਪ੍ਰੀਫਾਰਮਸ ਸਪਲਾਇਰਾਂ ‘ਚੋਂ ਇੱਕ ਹੈ, ਦੇ ਡਾਇਰੈਕਟਰ ਵੈਭਵ ਸਾਰਾਓਗੀ ਕਹਿੰਦੇ ਹਨ ਕਿ ਪ੍ਰੀਫਾਰਮ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਬੋਤਲਬੰਦ ਪਾਣੀ ‘ਤੇ ਹੀ ਨਹੀਂ, ਸਗੋਂ ਪੂਰੇ ਪੈਕੇਜਿੰਗ ਉਦਯੋਗ ‘ਤੇ ਪਵੇਗਾ।
ਭਾਰਤ ਦਾ ਪੀਈਟੀ (ਪੇਟ) ਪੈਕੇਜਿੰਗ ਬਾਜ਼ਾਰ ਸਾਲ 2024 ਵਿੱਚ 1.5 ਬਿਲੀਅਨ ਡਾਲਰ ਦਾ ਸੀ ਅਤੇ ਸਾਲ 2033 ਤੱਕ ਇਹ 2.2 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ

ਬੋਤਲਬੰਦ ਪਾਣੀ ਅਤੇ ਪੇਅ ਪਦਾਰਥਾਂ ਤੋਂ ਇਲਾਵਾ, ਪੇਟ ਪੈਕੇਜਿੰਗ ਦਾ ਇਸਤੇਮਾਲ ਬਿਊਟੀ ਪ੍ਰੋਡਕਟਸ, ਦਵਾਈਆਂ ਅਤੇ ਰੈਸਟੋਰੈਂਟ ਤੇ ਫੂਡ ਡਿਲਿਵਰੀ ਵਰਗੇ ਖੇਤਰਾਂ ਵਿੱਚ ਵੀ ਵਿਆਪਕ ਤੌਰ ‘ਤੇ ਕੀਤਾ ਜਾਂਦਾ ਹੈ, ਕਿਉਂਕਿ ਗਾਹਕ ਸੁਵਿਧਾ ਅਤੇ ਕਿਫ਼ਾਇਤੀ ਤਰੀਕਿਆਂ ਨੂੰ ਪਸੰਦ ਕਰਦੇ ਹਨ।
ਕੱਚ ਦੀਆਂ ਬੋਤਲਾਂ ਬਣਾਉਣ ਵਾਲੇ ਵੀ ਇਸ ਜੰਗ ਦੇ ਪ੍ਰਭਾਵ ਨੂੰ ਝੱਲ ਰਹੇ ਹਨ।
ਪਿਛਲੇ ਮਹੀਨੇ, ਬ੍ਰਿਊਅਰਜ਼ ਐਸੋਸੀਏਸ਼ਨ ਆਫ਼ ਇੰਡੀਆ ਜੋ ਹੈਨੇਕੇਨ ਅਤੇ ਕਾਰਲਸਬਰਗ ਵਰਗੀਆਂ ਵੱਡੀਆਂ ਗਲੋਬਲ ਬੀਅਰ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ, ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਕੱਚ ਦੀਆਂ ਬੋਤਲਾਂ ਦੀਆਂ ਕੀਮਤਾਂ ਲਗਭਗ 20% ਵਧ ਗਈਆਂ ਹਨ ਅਤੇ ਕੰਪਨੀ ਨੇ ਆਪਣੇ ਮੈਂਬਰਾਂ ਨੂੰ ਸੂਬਾ ਸਰਕਾਰਾਂ ਕੋਲੋਂ ਬੀਅਰ ਦੀਆਂ ਕੀਮਤਾਂ ਵਿੱਚ 12 ਤੋਂ 15% ਵਾਧੇ ਦੀ ਮੰਗ ਕਰਨ ਲਈ ਕਿਹਾ ਹੈ (ਭਾਰਤ ਵਿੱਚ ਸ਼ਰਾਬ ਦੀਆਂ ਕੀਮਤਾਂ ਹਰ ਸੂਬੇ ਵੱਲੋਂ ਵੱਖ-ਵੱਖ ਤਰੀਕੇ ਨਾਲ ਤੈਅ ਹੁੰਦੀਆਂ ਹਨ)।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਕੋਨਫੈਡਰੇਸ਼ਨ ਆਫ਼ ਇੰਡੀਅਨ ਐਲਕੋਹੋਲਿਕ ਬੇਵਰੇਜ ਕੰਪਨੀਜ਼ ਨੇ ਵੀ ਸੂਬਿਆਂ ਨੂੰ ਕੀਮਤਾਂ ਵਧਾਉਣ ਲਈ ਲਿਖਿਆ ਹੈ।
ਹੋਰ ਉਦਯੋਗ ਵੀ ਜੰਗ ਕਾਰਨ ਪ੍ਰਭਾਵਿਤ
ਤਸਵੀਰ ਸਰੋਤ, Getty Images
ਵਿਟ੍ਰਮ ਗਲਾਸ ਦੇ ਸੀਈਓ ਵਿਥੋਬ ਸ਼ੇਟ, ਜੋ ਐਂਬਰ ਗਲਾਸ ਬੋਤਲਾਂ ਦੇ ਪ੍ਰਮੁੱਖ ਨਿਰਮਾਤਾ ਅਤੇ ਵਿਕਰੇਤਾ ਹਨ, ਕਹਿੰਦੇ ਹਨ ਕਿ ਕੀਮਤਾਂ ਵਿੱਚ ਵਾਧਾ ਕੁਦਰਤੀ ਗੈਸ ਦੀ ਅਸਥਿਰ ਸਪਲਾਈ ਕਾਰਨ ਹੋਇਆ ਹੈ।
ਕੱਚ ਨਿਰਮਾਤਾ ਆਪਣੇ ਭੱਠਿਆਂ ਨੂੰ ਚਲਾਉਣ ਲਈ ਕੁਦਰਤੀ ਗੈਸ ਦਾ ਇਸਤੇਮਾਲ ਕਰਦੇ ਹਨ, ਜਿਸ ਵਿੱਚ ਰੇਤ, ਸੋਡਾ ਐਸ਼, ਚੂਨਾ ਪੱਥਰ ਅਤੇ ਰੀਸਾਈਕਲ ਕੀਤੇ ਕੱਚ ਨੂੰ ਪਿਘਲਾ ਕੇ ਤਰਲ ਕੱਚ ਬਣਾਇਆ ਜਾਂਦਾ ਹੈ, ਜਿਸ ਤੋਂ ਬਾਅਦ ਇਸ ਨੂੰ ਬੋਤਲਾਂ ਦੇ ਆਕਾਰ ਵਿੱਚ ਢਾਲਿਆ ਜਾਂਦਾ ਹੈ।
ਪਰ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਕੁਦਰਤੀ ਗੈਸ ਦੇ ਨਿਯਮ ਸਖਤ ਕਰ ਦਿੱਤੇ ਹਨ, ਜਿਸ ਵਿੱਚ ਘਰੇਲੂ ਵਰਤੋਂ ਅਤੇ ਕੁਝ ਵਪਾਰਕ ਉਦਯੋਗਾਂ ਲਈ ਸਪਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਸ਼ੇਟ ਕਹਿੰਦੇ ਹਨ ਕਿ ਕੁਦਰਤੀ ਗੈਸ ਦੀ ਸਪਲਾਈ ਵਿੱਚ 20% ਦੀ ਕਮੀ ਆ ਗਈ ਹੈ, ਜਿਸ ਨਾਲ ਕੱਚ ਨਿਰਮਾਤਾਵਾਂ ਲਈ ਆਪਣੇ ਭੱਠੇ ਚਲਾਉਣਾ ਮੁਸ਼ਕਲ ਹੋ ਗਿਆ ਹੈ।
ਵਿਟ੍ਰਮ ਗਲਾਸ ਵਰਗੀਆਂ ਕੁਝ ਕੰਪਨੀਆਂ ਘਾਟ ਨੂੰ ਪੂਰਾ ਕਰਨ ਲਈ ਤੇਲ ਦਾ ਇਸਤੇਮਾਲ ਕਰ ਰਹੀਆਂ ਹਨ, ਪਰ ਕੱਚੇ ਤੇਲ ਦੀਆਂ ਵੱਧ ਕੀਮਤਾਂ ਕਾਰਨ ਉਤਪਾਦਨ ਦੀ ਲਾਗਤ ਵੀ ਤੇਜ਼ੀ ਨਾਲ ਵਧ ਰਹੀ ਹੈ।
ਭਾਰਤ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੇਸ਼ ਵਿੱਚ ਊਰਜਾ ਦੀ ਸਪਲਾਈ ਸਥਿਰ ਹੈ ਪਰ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਰਸੋਈ ਗੈਸ ਦੀ ਕਮੀ ਕਾਰਨ ਦੇਸ਼ ਭਰ ਵਿੱਚ ਖਾਣ-ਪੀਣ ਦੇ ਕਈ ਵਪਾਰਕ ਸਥਾਨ ਬੰਦ ਹੋ ਗਏ ਹਨ।
ਊਰਜਾ ਸਪਲਾਈ ਵਿੱਚ ਆਈ ਇਸ ਘਾਟ ਦਾ ਅਸਰ ਭਾਰਤ ਦੇ ਸਿਰੈਮਿਕ ਅਤੇ ਖਾਦ ਉਦਯੋਗਾਂ ‘ਤੇ ਵੀ ਪਿਆ ਹੈ, ਜਦਕਿ ਹਵਾਈ ਉਦਯੋਗ ਕਥਿਤ ਤੌਰ ‘ਤੇ ਜੈੱਟ ਬਾਲਣ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ।
ਸ਼ੇਟ ਕਹਿੰਦੇ ਹਨ, “ਹਾਲਾਤ ਗੰਭੀਰ ਹਨ। ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਸਪਲਾਈ ਵਿੱਚ ਜ਼ਰਾ ਜਿੰਨੀ ਘਾਟ ਦੇ ਵੀ ਗੰਭੀਰ ਨਤੀਜੇ ਹੋ ਸਕਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



