Home ਰਾਸ਼ਟਰੀ ਖ਼ਬਰਾਂ ਭਾਰਤ ਵਿੱਚ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇਣ ਵਾਲੇ ਇਸ ਸੈਕਟਰ ਉੱਤੇ ਖ਼ਤਰਾ...

ਭਾਰਤ ਵਿੱਚ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇਣ ਵਾਲੇ ਇਸ ਸੈਕਟਰ ਉੱਤੇ ਖ਼ਤਰਾ ਕਿਉਂ ਮੰਡਰਾ ਰਿਹਾ ਹੈ

19
0

Source :- BBC PUNJABI

ਆਈਟੀ ਕੰਪਨੀਆਂ

ਤਸਵੀਰ ਸਰੋਤ, Getty Images

ਭਾਰਤ ਦੀਆਂ ਟੈਕਨੋਲੋਜੀ (ਆਈਟੀ) ਕੰਪਨੀਆਂ ਦੇ ਸ਼ੇਅਰਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਹੈ।

ਇਸ ਦਾ ਕਾਰਨ ਇਹ ਖਦਸ਼ਾ ਹੈ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਭਾਵ ਏਆਈ, ਉਸ ਰਵਾਇਤੀ ਆਉਟਸੋਰਸਿੰਗ ਮਾਡਲ ਨੂੰ ਉਲਟਾ ਸਕਦੀ ਹੈ, ਜਿਸ ‘ਤੇ ਦੇਸ਼ ਦੀ 300 ਅਰਬ ਡਾਲਰ (ਕਰੀਬ ਸਾਢੇ 27 ਹਜ਼ਾਰ ਅਰਬ ਰੁਪਏ) ਦੀ ਬੈਕ-ਆਫਿਸ ਇੰਡਸਟ੍ਰੀ ਟਿਕੀ ਹੋਈ ਹੈ।

ਆਈਟੀ ਸ਼ੇਅਰਾਂ ਵਿੱਚ ਇਹ ਵਿਕਰੀ ਹਾਲੀਆ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਤੋਂ ਪੈਦਾ ਹੋਈ ਸ਼ੇਅਰ ਬਾਜ਼ਾਰ ਦੀ ਘਬਰਾਹਟ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਭਾਰਤ ਲਈ ਇਹ ਖ਼ਾਸ ਤੌਰ ‘ਤੇ ਮਹੱਤਵ ਰੱਖਦੀ ਹੈ।

ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਵਿੱਚ ਭਾਰਤ ਦੇ ਸਾਫਟਵੇਅਰ ਉਦਯੋਗ ਨੇ ਲੱਖਾਂ ਵ੍ਹਾਈਟ-ਕਾਲਰ ਨੌਕਰੀਆਂ ਪੈਦਾ ਕੀਤੀਆਂ ਹਨ।

ਇਸ ਨਾਲ ਇੱਕ ਨਵਾਂ ਮੱਧ ਵਰਗ ਉਭਰਿਆ, ਜਿਸ ਦੀਆਂ ਇੱਛਾਵਾਂ ਉੱਚੀਆਂ ਹਨ ਅਤੇ ਜਿਸ ਦੀ ਖਰੀਦਣ ਦੀ ਸਮਰੱਥਾ ਮਜ਼ਬੂਤ ਹੈ।

ਇਸੇ ਵਰਗ ਨੇ ਪਿਛਲੇ 30 ਸਾਲਾਂ ਵਿੱਚ ਬੈਂਗਲੁਰੂ, ਹੈਦਰਾਬਾਦ ਅਤੇ ਗੁਰੂਗ੍ਰਾਮ ਵਰਗੇ ਵੱਡੇ ਸ਼ਹਿਰਾਂ ਵਿੱਚ ਫਲੈਟ, ਕਾਰ ਅਤੇ ਰੈਸਟੋਰੈਂਟ ਦੀ ਮੰਗ ਨੂੰ ਵਧਾਇਆ।

ਨੌਕਰੀਆਂ ‘ਤੇ ਖ਼ਤਰਾ?

ਗਲੋਬਲ ਏਆਈ ਇੰਪੈਕਟ ਸਮਿਟ

ਤਸਵੀਰ ਸਰੋਤ, Amarjeet Kumar Singh/Anadolu via Getty Images)

ਦੇਸ਼ ਦੀਆਂ ਦਸ ਸਭ ਤੋਂ ਵੱਡੀਆਂ ਸਾਫਟਵੇਅਰ ਕੰਪਨੀਆਂ ਨੂੰ ਟਰੈਕ ਕਰਨ ਵਾਲਾ ਨਿਫਟੀ ਆਈਟੀ ਇੰਡੈਕਸ ਇਸ ਸਾਲ ਲਗਭਗ 20 ਫੀਸਦੀ ਡਿੱਗ ਚੁੱਕਾ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਗਿਰਾਵਟ ਫ਼ਰਵਰੀ ਦੀ ਸ਼ੁਰੂਆਤ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਐਂਥਰੋਪਿਕ ਦੇ ਕਲਾਉਡ ਏਜੰਟ ਨੇ ਇੱਕ ਨਵਾਂ ਟੂਲ ਜਾਰੀ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਕਾਨੂੰਨੀ, ਕੰਪਲਾਇੰਸ ਅਤੇ ਡਾਟਾ ਨਾਲ ਜੁੜੀਆਂ ਕਈ ਮਹੱਤਵਪੂਰਨ ਪ੍ਰਕਿਰਿਆਵਾਂ ਨੂੰ ਆਟੋਮੇਟ ਕਰ ਸਕਦਾ ਹੈ।

ਇਸ ਨਾਲ ਉਸ ਉਦਯੋਗ ਦੇ ਬਿਜ਼ਨਸ ਮਾਡਲ ‘ਤੇ ਅਸਰ ਪਿਆ ਜੋ ਵੱਡੇ ਪੱਧਰ ‘ਤੇ ਮਨੁੱਖੀ ਮਿਹਨਤ ‘ਤੇ ਨਿਰਭਰ ਹੈ।

ਇਸ ਤੋਂ ਬਾਅਦ ਘਬਰਾਹਟ ਹੋਰ ਵੱਧ ਗਈ, ਜਦੋਂ ਕਈ ਟੈੱਕ ਸੰਸਥਾਪਕਾਂ ਨੇ ਚੇਤਾਵਨੀ ਦਿੱਤੀ ਕਿ 2030 ਤੱਕ ਆਈਟੀ ਸਰਵਿਸਜ਼ ਦਾ ਸਰੂਪ ਹੀ ਖ਼ਤਮ ਹੋ ਸਕਦਾ ਹੈ। ਕੁਝ ਸੀਈਓਜ਼ ਨੇ ਤਾਂ ਇੱਥੋਂ ਤੱਕ ਕਿਹਾ ਕਿ ਏਆਈ ਐਂਟ੍ਰੀ-ਲੇਵਲ ਦੀਆਂ 50 ਫੀਸਦੀ ਵ੍ਹਾਈਟ-ਕਾਲਰ ਨੌਕਰੀਆਂ ਨੂੰ ਖ਼ਤਮ ਕਰ ਸਕਦੀ ਹੈ।

ਹਾਲਾਂਕਿ ਇਸ ਬੇਚੈਨੀ ਦੇ ਵਿਚਕਾਰ ਭਾਰਤ ਦੀਆਂ ਵੱਡੀਆਂ ਆਈਟੀ ਕੰਪਨੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਖਦਸ਼ੇ ਵੱਧਾ-ਚੜ੍ਹਾ ਕੇ ਦੱਸੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਆਈ ਨਵੀਆਂ ਸੰਭਾਵਨਾਵਾਂ ਵੀ ਪੈਦਾ ਕਰੇਗੀ, ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੰਮ ਕਰਨ ਦੇ ਤਰੀਕੇ ਨੂੰ ਸੰਰਚਨਾਤਮਕ ਤੌਰ ‘ਤੇ ਬਦਲ ਦੇਵੇਗੀ।

ਗਲੋਬਲ ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਇੱਕ ਨੋਟ ਵਿੱਚ ਕਿਹਾ, “ਕਲਾਇੰਟ ਨਾਲ ਜੁੜਨ ਦਾ ਤਰੀਕਾ ਸੰਰਚਨਾਤਮਕ ਤੌਰ ‘ਤੇ ਬਦਲ ਕੇ ਐਡਵਾਇਜ਼ਰੀ ਅਤੇ ਇੰਪਲੀਮੈਂਟੇਸ਼ਨ ਵੱਲ ਜਾ ਸਕਦਾ ਹੈ, ਜਦਕਿ ਐਪਲੀਕੇਸ਼ਨ ਮੈਨੇਜਡ ਸਰਵਿਸਜ਼ (ਜਿਨ੍ਹਾਂ ਦਾ ਕੁੱਲ ਆਮਦਨ ਵਿੱਚ 22-45% ਹਿੱਸਾ ਹੈ) ਵਿੱਚ ਤੇਜ਼ ਗਿਰਾਵਟ ਆ ਸਕਦੀ ਹੈ।”

ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਆਈਟੀ ਕੰਪਨੀਆਂ ਹੁਣ ਤੱਕ ਬੈਂਕਾਂ ਜਾਂ ਹੋਰ ਕੰਪਨੀਆਂ ਵਰਗੇ ਆਪਣੇ ਗਾਹਕਾਂ ਲਈ ਸਾਫਟਵੇਅਰ ਚਲਾਉਣ, ਉਨ੍ਹਾਂ ਨੂੰ ਮੈਨਟੇਨ ਕਰਨ, ਬੱਗ ਠੀਕ ਕਰਨ ਅਤੇ ਅਪਡੇਟ ਸੰਭਾਲਣ ਦੇ ਬਦਲੇ ਜੋ ਫੀਸ ਲੈਂਦੀਆਂ ਸਨ, ਉਸ ਵਿੱਚ ਹੁਣ ਕਮੀ ਆ ਸਕਦੀ ਹੈ।

ਇਸ ਦੀ ਥਾਂ ਹੁਣ ਕੰਸਲਟਿੰਗ ਵਰਗੇ ਵੱਧ ਮੁੱਲ ਵਾਲੇ ਪਰ ਘੱਟ ਨਿਯਮਿਤ ਕੰਮ ਵੱਧ ਸਕਦੇ ਹਨ।

ਕੀ ਏਆਈ ਬਣੇਗਾ ਮਜ਼ਬੂਤ ਬਦਲ?

ਆਈਟੀ

ਜੈਫਰੀਜ਼ ਦੇ ਮੁਤਾਬਕ ਇਸ ਨਾਲ ਰੇਵਿਨਿਊ ਵਾਧੇ ਅਤੇ ਕਰਮਚਾਰੀਆਂ ਦੀ ਮੰਗ ਦੋਵਾਂ ‘ਤੇ ਅਸਰ ਪਵੇਗਾ। ਬੈਂਕ ਦਾ ਅਨੁਮਾਨ ਹੈ ਕਿ ਸਭ ਤੋਂ ਖ਼ਰਾਬ ਸਥਿਤੀ ਵਿੱਚ ਆਈਟੀ ਕੰਪਨੀਆਂ ਦਾ ਰੇਵਿਨਿਊ ਵਾਧਾ ਅਗਲੇ ਪੰਜ ਸਾਲਾਂ ਵਿੱਚ 3 ਫੀਸਦੀ ਤੱਕ ਘੱਟ ਸਕਦੀ ਹੈ ਅਤੇ 2031 ਤੋਂ ਬਾਅਦ ਵਿਕਾਸ ਪੂਰੀ ਤਰ੍ਹਾਂ ਰੁਕ ਵੀ ਸਕਦਾ ਹੈ।

ਹਾਲਾਂਕਿ, ਸਾਰੇ ਮਾਹਰ ਇੰਨੇ ਨਿਰਾਸ਼ਾਵਾਦੀ ਨਹੀਂ ਹਨ। ਕੁਝ ਦਾ ਮੰਨਣਾ ਹੈ ਕਿ ਏਆਈ ਦੇ ਦੌਰ ਵਿੱਚ ਵੀ ਭਾਰਤੀ ਆਈਟੀ ਉਦਯੋਗ ਲਈ ਨਵੇਂ ਮੌਕੇ ਪੈਦਾ ਹੋ ਸਕਦੇ ਹਨ।

ਜੇਪੀ ਮੋਰਗਨ ਚੇਸ ਜੋ ਆਈਟੀ ਕੰਪਨੀਆਂ ਦਾ ਮੰਨਣਾ ਹੈ ਕਿ ਏਆਈ ਬੇਸ਼ੱਕ ਜਟਿਲ ਕੰਮਾਂ ਨੂੰ ਤੇਜ਼ ਕਰ ਦੇਵੇ ਅਤੇ ਵੱਧ ਸਾਫਟਵੇਅਰ ਕੋਡ ਲਿਖ ਦੇਵੇ, ਪਰ ਇਹ ਮੰਨ ਲੈਣਾ ਬਹੁਤ ਔਖਾ ਹੈ ਕਿ ਏਆਈ ਸਾਫਟਵੇਅਰ ਕੰਪਨੀਆਂ ਜਿੰਨਾ ਕਸਟਮਾਈਜ਼ੇਸ਼ਨ ਦੇ ਸਕਦੀ ਹੈ।

ਬੈਂਕ ਦੇ ਅਨੁਸਾਰ, ਇੱਕ ਦੂਜੇ ਨੂੰ ਪੂਰੀ ਤਰ੍ਹਾਂ ਬਦਲਣ ਦੀ ਬਜਾਏ ਭਵਿੱਖ ਵਿੱਚ “ਏਆਈ ਟੂਲ ਕੰਪਨੀਆਂ ਅਤੇ ਆਈਟੀ ਸਰਵਿਸ ਕੰਪਨੀਆਂ ਦੇ ਵਿਚਕਾਰ ਵੱਧ ਭਾਗੀਦਾਰੀਆਂ” ਵੇਖਣ ਨੂੰ ਮਿਲਣਗੀਆਂ, ਜਿਸ ਨਾਲ ਕੰਮ ਦੇ ਕਈ ਨਵੇਂ ਮੌਕੇ ਪੈਦਾ ਹੋਣਗੇ।

ਭਾਰਤ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਦੇ ਸੀਈਓ ਸਲਿਲ ਪਾਰੇਖ ਵੀ ਇਸੇ ਵਿਚਾਰ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਏਆਈ ਉਨ੍ਹਾਂ ਵਰਗੀਆਂ ਆਈਟੀ ਸਰਵਿਸ ਫਰਮਾਂ ਲਈ ਮੌਕਿਆਂ ਨੂੰ ਵਧਾਉਂਦਾ ਹੈ, ਕਿਉਂਕਿ ਉਹ ਗਾਹਕਾਂ ਨੂੰ ਇੰਟੈਲੀਜੈਂਟ ਟੂਲਾਂ ਰਾਹੀਂ ਪੁਰਾਣੇ ਸਿਸਟਮਾਂ ਨੂੰ ਆਧੁਨਿਕ ਬਣਾਉਣ ਵਿੱਚ ਸਭ ਤੋਂ ਵਧੀਆ ਸਥਿਤੀ ਵਿੱਚ ਹਨ।

ਇੰਫੋਸਿਸ ਮੁਤਾਬਕ ਜਨਰੇਟਿਵ ਏਆਈ, ਫਰੰਟ-ਐਂਡ ਡਿਵੈਲਪਰ ਅਤੇ ਟੈਸਟਰ ਵਰਗੀਆਂ ਕਰੀਬ 9.2 ਕਰੋੜ ਨੌਕਰੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਇਸ ਦੇ ਨਾਲ ਹੀ ਡਾਟਾ ਐਨੋਟੇਟਰ, ਏਆਈ ਇੰਜੀਨੀਅਰ ਅਤੇ ਏਆਈ ਲੀਡ ਵਰਗੇ ਖੇਤਰਾਂ ਵਿੱਚ ਲਗਭਗ 17 ਕਰੋੜ ਨਵੀਆਂ ਨੌਕਰੀਆਂ ਵੀ ਪੈਦਾ ਹੋ ਸਕਦੀਆਂ ਹਨ।

ਸਾਰੇ ਵਿਸ਼ਲੇਸ਼ਕ ਇੱਕ ਮਤ ਨਹੀਂ

ਏਆਈ

ਤਸਵੀਰ ਸਰੋਤ, Getty Images

ਵਿਸ਼ਲੇਸ਼ਕਾਂ ਦੇ ਵਿਚਕਾਰ ਇਹ ਨਜ਼ਰੀਆ ਹੌਲੀ-ਹੌਲੀ ਇੱਕ ਆਮ ਸਹਿਮਤੀ ਦਾ ਰੂਪ ਲੈ ਰਿਹਾ ਹੈ।

ਐੱਚਐੱਸਬੀਸੀ ਨੇ ਆਪਣੀ ਹਾਲੀਆ ਰਿਪੋਰਟ “ਸਾਫਟਵੇਅਰ ਵਿਲ ਈਟ ਏਆਈ” ਵਿੱਚ ਕਿਹਾ ਹੈ ਕਿ ਸਾਫਟਵੇਅਰ ਕੰਪਨੀਆਂ ਹੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵਿੱਚ ਏਆਈ ਨੂੰ ਫੈਲਾਉਣ ਦਾ ਮੁੱਖ ਸਾਧਨ ਬਣਨਗੀਆਂ। ਰਿਪੋਰਟ ਦਾ ਤਰਕ ਹੈ ਕਿ ਆਈਟੀ ਸਰਵਿਸਜ਼ ਕੰਪਨੀਆਂ ਹੀ ਸੰਗਠਨਾਂ ਵਿੱਚ ਏਆਈ ਨੂੰ ਅਪਣਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਗੀਆਂ।

ਰਿਪੋਰਟ ਦੇ ਅਨੁਸਾਰ, ਵੱਡੇ ਪੱਧਰ ਦੇ ਏਆਈ ਸਿਸਟਮ ਆਪਣੇ ਸੁਭਾਵ ਵਿੱਚ ਹੀ ਕੁਝ ਹੱਦ ਤੱਕ ਗ਼ਲਤੀਆਂ ਵਾਲੇ ਹੁੰਦੇ ਹਨ ਅਤੇ ਉਹ ਉਨ੍ਹਾਂ ਵੱਡੇ ਸਾਫਟਵੇਅਰ ਪਲੇਟਫਾਰਮਾਂ ਨੂੰ ਪੂਰੀ ਤਰ੍ਹਾਂ ਬਦਲਣ ਲਈ ਉਚਿਤ ਨਹੀਂ ਹਨ ਜਿਨ੍ਹਾਂ ਨੂੰ ਕੰਪਨੀਆਂ ਵਰਤਦੀਆਂ ਹਨ, ਭਾਵੇਂ ਕਿ ਉਹ ਇਮੇਜ ਬਣਾਉਣ ਵਰਗੇ ਕੰਮਾਂ ਲਈ ਚੰਗੇ ਕਿਉਂ ਨਾ ਹੋਣ।

ਐੱਚਐੱਸਬੀਸੀ ਦਾ ਕਹਿਣਾ ਹੈ, “ਐਂਟਰਪ੍ਰਾਈਜ਼-ਕਲਾਸ ਸਾਫਟਵੇਅਰ ਦਹਾਕਿਆਂ ਵਿੱਚ ਵਿਕਸਿਤ ਹੋ ਕੇ ਲਗਭਗ ਬਿਨਾਂ ਗਲਤੀ ਦੇ, ਤੇਜ਼ ਅਤੇ ਭਰੋਸੇਯੋਗ ਬਣ ਗਿਆ ਹੈ। ਇਸ ਵਿੱਚ ਮੌਜੂਦ ਮਹੱਤਵਪੂਰਨ ਅਤੇ ਨਿੱਜੀ ਬੌਧਿਕ ਜਾਇਦਾਦ ਨੂੰ ਪਬਲਿਕ ਇੰਟਰਨੈਟ ਦੇ ਡਾਟਾ ‘ਤੇ ਟ੍ਰੇਨ ਨਹੀਂ ਕੀਤਾ ਜਾ ਸਕਦਾ।”

ਰਿਪੋਰਟ ਦੇ ਮੁਤਾਬਕ, ਸਭ ਤੋਂ ਮੁਸ਼ਕਲ ਅਤੇ ਮਹੱਤਵਪੂਰਨ ਸਾਫਟਵੇਅਰ ਆਰਕੀਟੈਕਚਰ ਡਿਜ਼ਾਇਨ ਕਰਨ ਵਿੱਚ ਏਆਈ ਅਜੇ ਵੀ ਦਹਾਕਿਆਂ ਪਿੱਛੇ ਹੈ, ਜਦਕਿ ਇਹ ਉਹ ਖੇਤਰ ਹੈ ਜਿਸ ਵਿੱਚ ਆਈਟੀ ਕੰਪਨੀਆਂ ਨੂੰ ਮਹਾਰਤ ਹੈ। ਫਿਰ ਵੀ ਇਸ ਇੱਕ-ਪੀੜ੍ਹੀ ਵਿੱਚ ਆਉਣ ਵਾਲੇ ਵੱਡੇ ਤਕਨੀਕੀ ਬਦਲਾਅ ਤੋਂ ਆਈਟੀ ਕੰਪਨੀਆਂ ਪੂਰੀ ਤਰ੍ਹਾਂ ਬਚੀਆਂ ਨਹੀਂ ਰਹਿਣਗੀਆਂ।

ਨੌਕਰੀਆਂ

ਤਸਵੀਰ ਸਰੋਤ, Getty Images

ਜੇਪੀ ਮੋਰਗਨ ਦਾ ਕਹਿਣਾ ਹੈ ਕਿ ਇਸ ਦਾ ਸਟੀਕ ਅਸਰ ਮਾਪਣਾ ਮੁਸ਼ਕਲ ਹੈ, ਪਰ ਇਸ ਦਾ ਅਸਰ ਇੰਡਸਟ੍ਰੀ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ।

ਭਾਰਤ ਦੇ ਸਾਫਟਵੇਅਰ ਉਦਯੋਗ ਦੇ ਲੌਬੀ ਗਰੁੱਪ ਨੈਸਕੌਮ ਦੇ ਅਨੁਸਾਰ, ਇੰਡਸਟ੍ਰੀ ਇਨ੍ਹਾਂ ਬਦਲਾਵਾਂ ਨੂੰ ਅਪਣਾਉਣ ਲੱਗੀ ਹੈ।

2025 ਉਹ ਸਾਲ ਸੀ ਜਦੋਂ ਟੈਕ ਇੰਡਸਟ੍ਰੀ ਏਆਈ ਦੇ ਇਸਤੇਮਾਲ ਤੋਂ ਅੱਗੇ ਵੱਧ ਕੇ ਉਸ ਦੇ ਅਸਲੀ ਉਪਯੋਗ ਵੱਲ ਫ਼ੈਸਲਾਕੁੰਨ ਤਰੀਕੇ ਨਾਲ ਵਧੀ। ਪਰ 2025 ਵਿੱਚ ਏਆਈ ਪ੍ਰੋਜੈਕਟਾਂ ਤੋਂ ਆਉਣ ਵਾਲਾ ਰੇਵਿਨਿਊ ਸਿਰਫ਼ ਲਗਭਗ 10 ਅਰਬ ਡਾਲਰ ਹੈ, ਜਦਕਿ ਪੂਰੇ ਉਦਯੋਗ ਦਾ ਕੁੱਲ ਰੇਵਿਨਿਊ 315 ਅਰਬ ਡਾਲਰ ਹੈ।

ਇਸ ਤੋਂ ਇਲਾਵਾ ਇਸ ਸਾਲ ਪੂਰੇ ਸੈਕਟਰ ਦੀ ਆਮਦਨ ਕਰੀਬ 6 ਫੀਸਦੀ ਹੀ ਵੱਧਣ ਦੀ ਉਮੀਦ ਹੈ, ਜੋ ਪਹਿਲਾਂ ਦੇ ਤੇਜ਼ ਵਿਕਾਸ ਵਾਲੇ ਦੌਰ ਵਿੱਚ ਦੇਖੀ ਗਈ ਡਬਲ ਡਿਜਿਟ ਗ੍ਰੋਥ ਨਾਲੋਂ ਕਾਫੀ ਘੱਟ ਹੈ।

ਇਸ ਦੌਰਾਨ ਨੌਕਰੀਆਂ ਵਿੱਚ ਭਰਤੀ ਵੀ ਹੌਲੀ ਰਹਿਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ 2026 ਤੱਕ ਕਰਮਚਾਰੀਆਂ ਦੀ ਕੁੱਲ ਗਿਣਤੀ ਵਿੱਚ ਕੇਵਲ 2.3 ਫੀਸਦੀ ਦੀ ਵਾਧਾ ਹੋਵੇਗੀ।

ਨਵੀਂ ਦਿੱਲੀ ਵਿੱਚ ਇੰਡੀਆ ਏਆਈ ਸੰਮੇਲਨ

ਤਸਵੀਰ ਸਰੋਤ, Pallava Bagla/Getty Images

ਨੈਸਕੌਮ ਮੁਤਾਬਕ, ਏਆਈ ਦੀ ਵਜ੍ਹਾ ਨਾਲ ਆਈਟੀ ਕੰਪਨੀਆਂ ਦੇ ਕਲਾਇੰਟ ਤੋਂ ਫੀਸ ਲੈਣ ਦਾ ਤਰੀਕਾ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲਾਂ ਕੰਪਨੀਆਂ ਕੰਮ ਦੇ ਘੰਟਿਆਂ ਦੇ ਆਧਾਰ ‘ਤੇ ਬਿਲਿੰਗ ਕਰਦੀਆਂ ਸਨ, ਪਰ ਹੁਣ ਇਹ ਮਾਡਲ ਨਤੀਜਿਆਂ ਦੇ ਆਧਾਰ ‘ਤੇ ਭੁਗਤਾਨ ਵੱਲ ਵੱਧ ਰਿਹਾ ਹੈ।

ਥੋੜ੍ਹੇ ਸਮੇਂ ਵਿੱਚ, ਇਹ ਸਾਫ਼ ਹੈ ਕਿ ਇਸ ਬਦਲਾਅ ਦਾ ਦਰਦ ਝੱਲਣਾ ਪਵੇਗਾ।

ਨੁਵਾਮਾ ਇੰਸਟਿਟਿਊਸ਼ਨਲ ਇਕਵਿਟੀਜ਼ ਦੇ ਵਿਸ਼ਲੇਸ਼ਕਾਂ ਦੇ ਅਨੁਸਾਰ, ਸ਼ੁਰੂਆਤ ਵਿੱਚ ਆਈਟੀ ਕੰਪਨੀਆਂ ਦਾ ਰੇਵਿਨਿਊ ਘੱਟ ਸਕਦਾ ਹੈ ਅਤੇ ਏਆਈ ਦੇ ਫਾਇਦੇ ਮੱਧਮ ਸਮੇਂ ਵਿੱਚ ਹੀ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਤਕਨੀਕ ਨਾਲ ਜੁੜੇ ਸਵਾਲਾਂ ਦੇ ਨਾਲ ਨਾਲ ਕੁਝ ਹੋਰ ਚੁਣੌਤੀਆਂ ਵੀ ਹਨ। ਹਾਲਾਂਕਿ, ਭਾਰਤ ਲਈ ਟੈਰਿਫ ਨਾਲ ਜੁੜੀ ਅਨਿਸ਼ਚਿਤਤਾ ਘੱਟ ਹੋਈ ਹੈ, ਪਰ ਅਮਰੀਕਾ ਵਿੱਚ ਵੀਜ਼ਾ ਪਾਬੰਦੀਆਂ ਵੱਧ ਗਈਆਂ ਹਨ, ਜੋ ਭਾਰਤੀ ਆਈਟੀ ਕੰਪਨੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ।

ਮੂਡੀਜ਼ ਐਨਾਲਿਟਿਕਸ ਦੇ ਅਨੁਸਾਰ, ਨਵੀਂ ਵੀਜ਼ਾ ਫੀਸ ਕਾਰਨ ਭਾਰਤ ਦੀਆਂ ਚੋਟੀ ਦੀਆਂ ਆਈਟੀ ਕੰਪਨੀਆਂ ਦੇ ਓਪਰੇਟਿੰਗ ਖਰਚ ਵਿੱਚ ਲਗਭਗ 100 ਤੋਂ 250 ਮਿਲੀਅਨ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ, ਜੋ ਉਨ੍ਹਾਂ ਦੇ ਕੁੱਲ ਰੇਵਿਨਿਊ ਦਾ ਕਰੀਬ 1 ਫੀਸਦੀ ਹੈ।

ਇਹ ਸਾਰੇ ਕਾਰਨ ਮਿਲ ਕੇ ਉਸ ਖੇਤਰ ਲਈ ਸਖ਼ਤ ਚੁਣੌਤੀਆਂ ਪੈਦਾ ਕਰ ਰਹੀਆਂ ਹਨ, ਜੋ ਭਾਰਤ ਦੇ ਕੁੱਲ ਸੇਵਾ ਦਰਾਮਦ ਦਾ ਲਗਭਗ 80% ਹਿੱਸਾ ਹੈ ਅਤੇ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI