Source :- BBC PUNJABI

ਤਸਵੀਰ ਸਰੋਤ, BBC/Puneet Barnala
ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚਲੇ ਇੱਕੋ ਸਕੂਲ ਤੇ ਇੱਕੋ ਜਮਾਤ ਵਿੱਚ ਪੜ੍ਹੇ ਦੋ ਵਿਦਿਆਰਥੀਆਂ ਦੀ ਜ਼ਿੰਦਗੀ ਨੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਰਾਹ ਚੁਣੇ।
ਇੱਕ ਅੱਗੇ ਚੱਲ ਕੇ ਕੈਨੇਡਾ ਦਾ ਪਹਿਲਾ ਸਿੱਖ ਰੱਖਿਆ ਮੰਤਰੀ ਬਣਿਆ ਤੇ ਦੂਜੇ ਨੂੰ ਇੱਕ ਸਮੇਂ ਕੈਨੇਡਾ ਵਿੱਚ ਪੰਜਾਬੀ ‘ਗੈਂਗ’ ਕਲਚਰ ਦਾ ਤਥਾ-ਕਥਿਤ ਚਿਹਰਾ ਕਿਹਾ ਗਿਆ।
ਪਹਿਲੇ ਸ਼ਖ਼ਸ ਦਾ ਨਾਮ ਹੈ ਹਰਜੀਤ ਸਿੰਘ ਸੱਜਣ।
ਤੇ ਦੂਜਾ ਨਾਂ ਹੈ – ਭੁਪਿੰਦਰ ਸਿੰਘ ਜੌਹਲ ਉਰਫ਼ ਬਿੰਦੀ ਜੌਹਲ।
27 ਸਾਲਾ ਬਿੰਦੀ ਜੌਹਲ ਆਪਣੀ ਅਪਰਾਧਕ ਜ਼ਿੰਦਗੀ ਦੇ ਸਿਖ਼ਰਲੇ ਦੌਰ ‘ਤੇ ਸੀ ਜਦੋਂ ਸਾਲ 1998 ਵਿੱਚ ਵੈਨਕੂਵਰ ਦੇ ਇੱਕ ਨਾਈਟਕਲੱਬ ਵਿੱਚ ਉਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਇੰਨੇ ਸਾਲ ਬੀਤਣ ਮਗਰੋਂ ਵੀ ਜਦੋਂ ਵੀ ਵਿਦੇਸ਼ੀ ਮੁਲਕਾਂ ਵਿੱਚ ਪੰਜਾਬੀ ਗੈਂਗਸਟਰਵਾਦ ਦੇ ਕਿਸੇ ਵੀ ਪੱਖ ਬਾਰੇ ਗੱਲ ਤੁਰਦੀ ਹੈ ਤਾਂ ਬਿੰਦੀ ਜੌਹਲ ਦਾ ਜ਼ਿਕਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਬਿੰਦੀ ਜੌਹਲ ‘ਤੇ ਕਈ ਗੈਂਗ ਮੈਂਬਰਾਂ ਦੇ ਕਤਲਾਂ ਸਣੇ ਨਸ਼ਾ ਤਸਕਰੀ ਤੇ ਹੋਰ ਕਈ ਅਪਰਾਧਕ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਸਨ।
‘ਬਿੰਦੀ ਜੌਹਲ ਵਾਂਗੂ ਫ਼ਿਰਦਾਂ ਮੈਂ ਏਅਰਪੋਰਟਾਂ ‘ਤੇ’

ਤਸਵੀਰ ਸਰੋਤ, BBC/Puneet Barnala
‘ਗੈਂਗਸਟਰਾਂ’ ਦੇ ਸੋਹਲੇ ਗਾਉਂਦੇ ਪੰਜਾਬੀ ਗੀਤਾਂ ਤੇ ਫ਼ਿਲਮਾਂ ਵਿੱਚ ਵੀ ਇਸ ਚਰਚਿਤ ਪਾਤਰ ਦਾ ਜ਼ਿਕਰ ਕਈ ਵਾਰ ਹੋ ਚੁੱਕਿਆ ਹੈ।
2015 ਵਿੱਚ ਫਿਲਮ ਨਿਰਦੇਸ਼ਕ ਦੀਪਾ ਮਹਿਤਾ ਦੀ ਫਿਲਮ ਆਈ ਜਿਸ ਦਾ ਨਾਂ ਸੀ, ‘ਬੀਬਾ ਬੋਇਜ਼’। ਮੀਡੀਆ ਵਿੱਚ ਇਸ ਫ਼ਿਲਮ ਦੇ ਮੁੱਖ ਕਿਰਦਾਰ ਦੇ ਬਿੰਦੀ ਜੌਹਲ ਦੀ ਕਹਾਣੀ ਤੋਂ ਪ੍ਰੇਰਿਤ ਹੋਣ ਦੀ ਗੱਲ ਚਰਚਾ ਵਿੱਚ ਆਈ ਸੀ। ਭਾਵੇਂ ਬਾਅਦ ਵਿੱਚ ਦੀਪਾ ਮਹਿਤਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਪੰਜਾਬੀ ਗਾਇਕ ਵਾਈ ਚੀਮਾ ਨੇ ਵੀ ਆਪਣੇ ਮਸ਼ਹੂਰ ਗਾਣੇ ‘ਗੰਨ ਕਲਚਰ’ ਵਿੱਚ ਵੀ ਬਿੰਦੀ ਜੌਹਲ ਨੂੰ ਵਡਿਆਇਆ ਹੈ।
ਆਪਣੀ ਕਿਤਾਬ ‘ਕੋਲਡ ਵਾਰ, ਹਾਓ ਓਰਗਨਾਇਜ਼ਡ ਕ੍ਰਾਈਮ ਵਰਕਸ ਇੰਨ ਕੈਨੇਡਾ ਐਂਡ ਵਾਏ ਇੱਟ ਇਜ਼ ਅਬਾਊਟ ਟੂ ਗੈੱਟ ਮੋਰ ਵਾਇਲੈਂਟ’ ਵਿੱਚ ਜੈਰੀ ਲੈਂਗਟਨ ਲਿਖਦੇ ਹਨ, “ਆਪਣੇ ਇਲਾਕੇ ਦੇ ਕਈ ਨੌਜਵਾਨਾਂ ਲਈ ਉਹ ਇੱਕ ਆਊਟਲਾਅ ਹੀਰੋ ਸੀ।”
“ਇੱਕ ਦਹਾਕੇ ਮਗਰੋਂ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹੋਣ ਵਾਲੇ ਕਈ ਲੋਕਾਂ ਨੇ ਇਹ ਕਬੂਲਿਆ ਕਿ ਉਹ ਇਹ ਬਿੰਦੀ ਜੌਹਲ ਕੋਲੋਂ ਸਿੱਖੇ ਸਨ ਜਾਂ ਉਨ੍ਹਾਂ ਨੇ ਬਿੰਦੀ ਜੌਹਲ ਤੋਂ ਪ੍ਰੇਰਣਾ ਲਈ ਸੀ।”
ਹਰਜੀਤ ਸਿੰਘ ਸੱਜਣ ਦੇ ਜਮਾਤੀ ਦਾ ਅਪਰਾਧਕ ਦੁਨੀਆਂ ‘ਚ ਦਾਖ਼ਲਾ

ਤਸਵੀਰ ਸਰੋਤ, Getty Images
ਬਿੰਦੀ ਜੌਹਲ ਦਾ ਪਰਿਵਾਰ 70ਵਿਆਂ ਦੇ ਅਖ਼ੀਰ ਵਿੱਚ ਵੈਨਕੂਵਰ ਗਿਆ ਸੀ। ਉਸ ਵੇਲੇ ਬਿੰਦੀ ਜੌਹਲ ਦੀ ਉਮਰ 4 ਸਾਲ ਦੇ ਕਰੀਬ ਸੀ।
ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦਾ ਪਰਿਵਾਰ ਭਾਰਤ ਵਿੱਚ ਕਿੱਥੋਂ ਦਾ ਰਹਿਣ ਵਾਲਾ ਸੀ।
ਬਿੰਦੀ ਜੌਹਲ ਦੀ ਕਹਾਣੀ ਦਾ ਜ਼ਿਕਰ ‘ਦ ਨੋਟੋਰੀਅਸ ਬੇਕਨ ਬ੍ਰਦਰਜ਼, ਇਨਸਾਈਡ ਗੈਂਗ ਵਾਰਫੇਅਰ ਆਨ ਵੈਨਕੂਵਰ ਸਟ੍ਰੀਟਸ’ ਵਿੱਚ ਵੀ ਮਿਲਦਾ ਹੈ।
ਕਿਤਾਬ ਮੁਤਾਬਕ, ਬਿੰਦੀ ਜੌਹਲ ਦਾ ਸਕੂਲ ਵਿੱਚ ਵਤੀਰਾ ਆਮ ਨਹੀਂ ਸੀ।
ਸਾਲ 1989 ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਿਆਂ 18 ਸਾਲਾ ਬਿੰਦੀ ਨੇ ਸਕੂਲ ਦੇ ਵਾਈਸ ਪ੍ਰਿੰਸੀਪਲ ਦੀ ਕੁੱਟਮਾਰ ਕੀਤੀ ਸੀ ਤੇ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਪਹੁੰਚਾ ਦਿੱਤਾ ਸੀ।
ਫੜੇ ਜਾਣ ‘ਤੇ ਜੌਹਲ ਕੁੱਟਮਾਰ ਤੋਂ ਮੁੱਕਰਿਆ ਨਹੀਂ ਤੇ ਉਸ ਨੇ ਇਹ ਇਲਜ਼ਾਮ ਲਾਇਆ ਕਿ ਉਸ ਨੇ ਇਹ ਕੁੱਟਮਾਰ ਉਸ ਨਾਲ ਇੱਕ ਘੱਟ-ਗਿਣਤੀ ਵਜੋਂ ਹੁੰਦੇ ਭੇਦਭਾਵ ਦੇ ਕਾਰਨ ਗੁੱਸੇ ਵਿੱਚ ਆ ਕੇ ਕੀਤੀ ਸੀ।
ਇਹ ਇਲਜ਼ਾਮ ਸਾਬਿਤ ਨਾ ਹੋਇਆ, ਜੌਹਲ ਨੂੰ 60 ਦਿਨਾਂ ਦੀ ਸਜ਼ਾ ਹੋਈ ਤੇ ਸਕੂਲ ਵਿੱਚੋਂ ਵੀ ਕੱਢ ਦਿੱਤਾ ਗਿਆ।
ਇਸ ਮਗਰੋਂ ਜੌਹਲ ਨੇ ਰਿਚਮੰਡ ਦੇ ਸਕੂਲ ਵਿੱਚ ਦਾਖ਼ਲਾ ਲਿਆ। ਇੱਥੋਂ ਵੀ ਉਸ ਨੂੰ ਇੱਕ ਕਾਰ ਦਾ ਸ਼ੀਸ਼ਾ ਭੰਨਦਿਆਂ ਫੜੇ ਜਾਣ ਤੇ ਉਸ ਕੋਲੋਂ ਹਥਿਆਰ ਬਰਾਮਦ ਹੋਣ ਦੇ ਇਲਜ਼ਾਮਾਂ ਤਹਿਤ ਕੱਢ ਦਿੱਤਾ ਗਿਆ।
ਇਸ ਤੋਂ ਬਾਅਦ ਸੰਗਠਿਤ ਅਪਰਾਧ ਦੀ ਦੁਨੀਆਂ ਵਿੱਚ ਬਿੰਦੀ ਜੌਹਲ ਦਾ ਦਾਖ਼ਲਾ ਹੋ ਗਿਆ। ਉਸ ਸਮੇਂ ਦੇ ਵੈਨਕੂਵਰ ਇਲਾਕੇ ਵਿੱਚ ਗੈਂਗਸਟਰ ਕਲਚਰ ਦਾ ਨੌਜਵਾਨਾਂ ‘ਤੇ ਅਸਰ ਭਰ-ਜੋਬਨ ‘ਤੇ ਸੀ।
ਇਸ ਦਾ ਜ਼ਿਕਰ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸੀਬੀਸੀ ਨੂੰ 2016 ਵਿੱਚ ਦਿੱਤੀ ਆਪਣੀ ਇੰਟਰਵਿਊ ਵਿੱਚ ਵੀ ਕੀਤਾ ਸੀ। ਸੀਬੀਸੀ ਨਿਊਜ਼ ਮੁਤਾਬਕ ਹਰਜੀਤ ਸਿੰਘ ਸੱਜਣ ਬਿੰਦੀ ਜੌਹਲ ਦੇ ਕਲਾਸਮੇਟ ਰਹੇ ਸਨ।
ਉਨ੍ਹਾਂ ਕਿਹਾ ਸੀ, “ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਦੇ ਕਿੰਨਾ ਨਜ਼ਦੀਕ ਆ ਗਿਆ ਸੀ।”
ਉਨ੍ਹਾਂ ਦੱਸਿਆ ਸੀ ਕਿ ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦੇ ਕੁਝ ਮੈਂਟਰ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਗਲਤ ਸੰਗਤ ਤੋਂ ਬਚਾਇਆ।

ਤਸਵੀਰ ਸਰੋਤ, BBC/Puneet Barnala
ਜੈਰੀ ਲੈਂਗਟਨ ਮੁਤਾਬਕ ਵੈਨਕੂਵਰ ਵਿੱਚ ਉਸ ਵੇਲੇ ‘ਲੌਸ ਡਾਇਬਲੋਸ’ ਨਾਮ ਦਾ ਗੈਂਗ ਐਕਟਿਵ ਸੀ।
ਹਿਸਪੈਨਿਕ (ਸਪੈਨਿਸ਼) ਅਧਾਰ ਵਾਲੇ ਇਸ ਗੈਂਗ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸ਼ਾਮਲ ਹੋਏ ਸਨ ਤੇ ਇਸ ਨੂੰ ਇੰਡੋ-ਕੈਨੇਡੀਅਨ ਮਾਫੀਆ ਜਾਂ ਪੰਜਾਬੀ ਮਾਫੀਆ ਵਜੋਂ ਜਾਣਿਆ ਜਾਣ ਲੱਗਾ ਸੀ। ਇੱਕ ਸਮੇਂ ਜਿੰਮੀ ਸਿੰਘ ਦੋਸਾਂਝ ਇਸ ਗੈਂਗ ਦਾ ਲੀਡਰ ਸੀ।
ਉਸ ਦੀ ਇੱਕ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਬਿੰਦੀ ਜੌਹਲ ਨੇ ਗੈਂਗ ਵਿੱਚ ਆਪਣਾ ਰੁਤਬਾ ਵਧਾ ਲਿਆ।
ਉਨ੍ਹਾਂ ਨੇ ਨਸ਼ੇ ਦੀ ਤਸਕਰੀ ਦੇ ਨਾਲ-ਨਾਲ ਗੱਡੀਆਂ ਦੇ ਪੁਰਜੇ ਵੇਚਣ ਸਣੇ ਹੋਰ ਕਈ ਅਪਰਾਧਕ ਕਾਰਵਾਈਆਂ ਕੀਤੀਆਂ।
ਜਦੋਂ ਜਿੰਮੀ ਦੋਸਾਂਝ ਬਰੀ ਹੋ ਕੇ ਬਾਹਰ ਆਇਆ ਤਾਂ ਉਸ ਨੂੰ ਇਸ ਗੱਲ ਦਾ ਗੁੱਸਾ ਲੱਗਾ ਕਿ ਉਸ ਹੇਠ ਕੰਮ ਕਰਨ ਵਾਲੇ ਲੋਕ ਹੁਣ ਬਿੰਦੀ ਜੌਹਲ ਨੂੰ ਜਵਾਬ ਦਿੰਦੇ ਸਨ।
ਇਸ ਮਗਰੋਂ ਜਿੰਮੀ ਦਾ ਫਰਵਰੀ 25, 1994 ਨੂੰ ਕਤਲ ਹੋ ਗਿਆ। ਜੈਰੀ ਲੈਂਗਟਨ ਮੁਤਾਬਕ ਇਸ ਕਤਲ ਦਾ ਇਲਜ਼ਾਮ ਬਿੰਦੀ ਜੌਹਲ ਉੱਤੇ ਲੱਗਾ ਸੀ।

ਇਸ ਮਗਰੋਂ ਜਿੰਮੀ ਦੋਸਾਂਝ ਦੇ ਭਰਾ ਰੌਨ ਦੋਸਾਂਝ ਨੇ ਕੈਮਰੇ ਉੱਤੇ ਬਿੰਦੀ ਜੌਹਲ ਕੋਲੋਂ ਬਦਲਾ ਲੈਣ ਦੀ ਗੱਲ ਕਹੀ।
ਉਸ ਸਮੇਂ ਦੌਰਾਨ ਕੈਨੇਡਾ ਵਿੱਚ ਖਾਲਿਸਤਾਨ ਨਾਲ ਸਬੰਧਤ ਗਤੀਵਿਧੀਆਂ ਵੀ ਜ਼ੋਰਾਂ ਉੱਤੇ ਸਨ।
ਰੌਨ ‘ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ’ ਦੇ ਵੈਨਕੂਵਰ ਚੈਪਟਰ ਦਾ ਪ੍ਰਧਾਨ ਸੀ, ਜੋ ਕਿ ਖਾਲਿਸਤਾਨ ਪੱਖੀ ਜਥੇਬੰਦੀ ਸੀ।
ਬਿੰਦੀ ਜੌਹਲ ਨੇ ਇਸ ਦੇ ਜਵਾਬ ਵਿੱਚ ਕੈਮਰੇ ਅੱਗੇ ਆਪਣੀ ਅਗਲੀ ਕਾਰਵਾਈ ਬਾਰੇ ਧਮਕੀ ਦਿੰਦਿਆਂ ਕਿਹਾ, ‘ਆਈ ਐਮ ਸਟਿੱਲ ਹੇਅਰ’।
‘ਦ ਨੋਟੋਰੀਅਸ ਬੇਕਨ ਬ੍ਰਦਰਜ਼, ਇਨਸਾਈਡ ਗੈਂਗ ਵਾਰਫੇਅਰ ਆਨ ਵੈਨਕੂਵਰ ਸਟ੍ਰੀਟਸ’ ਮੁਤਾਬਕ, “19 ਅਪ੍ਰੈਲ 1994 ਨੂੰ ਰੌਨ ਦੋਸਾਂਝ ਆਪਣੀ ਕਸਟਮਾਈਜ਼ਡ ਲਾਲ ਪਿੱਕਅੱਪ ਵਿੱਚ ਬੈਠਾ ਹੋਇਆ ਸੀ ਜਦੋਂ ਪਿੱਛੋ ਇੱਕ ਕਾਰ ਆਈ ਜਿਸ ਵਿੱਚ ਸਵਾਰ ਇੱਕ ਜਣੇ ਨੇ ਏਕੇ-47 ਚਲਾ ਦਿੱਤੀ।”
ਇਸ ਕਤਲ ਦੇ ਮਾਮਲੇ ਵਿੱਚ ਜੌਹਲ ਨੂੰ ਪੁਲਿਸ ਨੇ ਫੜਿਆ ਅਤੇ ਫਿਰ ਛੱਡ ਦਿੱਤਾ।
ਪੁਲਿਸ ਜਿੰਮੀ ਦੋਸਾਂਝ ਦੇ ਕਤਲ ਦੇ ਮਾਮਲੇ ਵਿੱਚ ਬਿੰਦੀ ਤੇ ਬਿੰਦੀ ਦੇ ਇੱਕ ਸਾਥੀ ਪ੍ਰੀਤ ‘ਪੀਟਰ’ ਗਿੱਲ ਤੇ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਨ੍ਹਾਂ ਉੱਤੇ ਦੋਸਾਂਝ ਭਰਾਵਾਂ ਦੇ ਕਤਲ ਦਾ ਮੁਕੱਦਮਾ ਚੱਲਿਆ।
ਇਹ ਕਿਹਾ ਗਿਆ ਕਿ ਜੌਹਲ ਨੇ ਇੱਕ ਗੈਂਗ ਮੈਂਬਰ ਕਿੰਮ ਨੂੰ ਜਿੰਮੀ ਦੇ ਕਤਲ ਦੀ ਸੁਪਾਰੀ ਦਿੱਤੀ ਸੀ, ਪਰ ਕੇਸ ਵਿੱਚੋਂ ਸਾਰੇ ਬਰੀ ਹੋ ਗਏ। ਇਸ ਫ਼ੈਸਲੇ ਉੱਤੇ ਮੀਡੀਆ ਵਿੱਚ ਕਾਫੀ ਲੋਕ ਹੈਰਾਨ ਹੋਏ।
ਅੱਗੇ ਚੱਲ ਕੇ ਮਕੱਦਮੇ ਬਾਰੇ ਅਜਿਹਾ ਤੱਥ ਸਾਹਮਣੇ ਆਇਆ ਜਿਸ ਕਰਕੇ ਇਹ ਕੈਨੇਡਾ ਦਾ ਚਰਚਿਤ ਟ੍ਰਾਇਲ ਬਣਿਆ।
ਕੈਨੇਡਾ ਦਾ ਚਰਚਿਤ ਟ੍ਰਾਇਲ
ਸੀਬੀਸੀ ਦੀ ਰਿਪੋਰਟ ਮੁਤਾਬਕ, ਫ਼ੈਸਲੇ ਤੋਂ ਕੁਝ ਮਹੀਨਿਆਂ ਬਾਅਦ ਇਹ ਸਾਹਮਣੇ ਆਇਆ ਕਿ ਕਤਲ ਦੇ ਟ੍ਰਾਇਲ ਦੌਰਾਨ ਜਿਊਰੀ ਵਿੱਚ ਸ਼ਾਮਲ ਉਕਤ ਔਰਤ ਦੇ ਇਸ ਮਾਮਲੇ ਵਿੱਚ ਮੁਲਜ਼ਮ ਪੀਟਰ ਗਿੱਲ ਨਾਲ ਪ੍ਰੇਮ ਸਬੰਧ ਸਨ।
ਉਸ ਔਰਤ ‘ਤੇ ‘ਓਬਸਟ੍ਰਕਸ਼ਨ ਆਫ ਜਸਟਿਸ’ ਦਾ ਕੇਸ ਚੱਲਿਆ ਤੇ ਉਸ ਨੂੰ 18 ਮਹੀਨੀਆਂ ਦੀ ਸਜ਼ਾ ਹੋਈ। ਗਿੱਲ ਨੂੰ ਇਸ ਮਾਮਲੇ ਵਿੱਚ 6 ਸਾਲ ਦੀ ਸਜ਼ਾ ਹੋਈ।
ਬਿੰਦੀ ਜੌਹਲ ਦੀ ਆਪਣੇ ਕਾਤਲ ਨਾਲ ਮੁਲਾਕਾਤ

ਜੈਰੀ ਲਿਖਦੇ ਹਨ ਕਿ ਜੌਹਲ ਦੀ ਮੁਲਾਕਾਤ ਜੇਲ੍ਹ ਵਿੱਚ ਬਲ ਬੁੱਟਰ ਨਾਲ ਹੋਈ। ਬਲ ਬੁੱਟਰ ਚੰਗੇ ਡੀਲ ਡੌਲ ਵਾਲਾ ਸੀ, ਬਿੰਦੀ ਨੇ ਉਸ ਨੂੰ ਕਿਹਾ ਕਿ ਉਹ ਉਸਦੇ ਥੱਲੇ ਕੰਮ ਕਰੇਗਾ ਤੇ ਉਹ ਬਿੰਦੀ ਜੌਹਲ ਦੇ ਦੁਸ਼ਮਣਾਂ ਨੂੰ ਖ਼ਤਮ ਕਰਨਗੇ।
ਜੈਰੀ ਮੁਤਾਬਕ, ਜੇਲ੍ਹ ਵਿੱਚੋ ਬਾਹਰ ਨਿਕਲ ਕੇ ਬੁੱਟਰ ਨੇ ਬਿੰਦੀ ਲਈ ਕਥਿਤ ਤੌਰ ਉੱਤੇ ਕਈ ਕਤਲ ਕੀਤੇ, ਬਿੰਦੀ ਜੌਹਲ ਨੇ ਆਪਣੇ ਹੀ ਇੱਕ ਗੈਂਗ ਮੈਂਬਰ ਦਾ ਵੀ ਕਥਿਤ ਕਤਲ ਕੀਤਾ ਜਿਸ ਦਾ ਨਾਮ ਸੀ ਡੇਰੇਕ ਚੰਦ ਸ਼ੰਕਰ।
“ਬੁੱਟਰ ਨੂੰ ਪਤਾ ਲੱਗ ਗਿਆ ਸੀ ਕਿ ਬਿੰਦੀ ਹੁਣ ਵੱਸੋ ਬਾਹਰ ਹੋ ਗਿਆ ਹੈ।”
ਕਿਤਾਬ ਮੁਤਾਬਕ, ਇੱਕ ਦਿਨ ਦੋਵੇਂ ਇਕੱਠੇ ਸਨ ਜਦੋਂ ਬਿੰਦੀ ਦੀ ਲਿਆਂਦੀ ਹੋਈ ਬੰਦੂਕ ਪੁਲਿਸ ਨੇ ਦੇਖ ਲਈ, ਬਿੰਦੀ ਨੇ ਬੁੱਟਰ ਨੂੰ ਇਹ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਕਿਹਾ, ਬੁੱਟਰ ਨੇ ਅਜਿਹਾ ਹੀ ਕੀਤਾ ਤੇ ਜੇਲ੍ਹ ਚਲਾ ਗਿਆ।
20 ਦਸੰਬਰ 1998 ਨੂੰ ਤੜਕੇ 4:30 ਵਜੇ ਇੱਕ ਨਾਈਟਕਲੱਬ ਵਿੱਚ ਡਾਂਸ ਫਲੋਰ ਉੱਤੇ ਬਿੰਦੀ ਦਾ ਕਤਲ ਹੋ ਗਿਆ, ਕਲੱਬ ਵਿੱਚ ਮੌਜੂਦ ਦੱਸੇ ਜਾਂਦੇ 350 ਜਣਿਆਂ ਵਿੱਚੋਂ ਕੋਈ ਵੀ ਕਾਤਲ ਦੀ ਪਛਾਣ ਲਈ ਅੱਗੇ ਨਹੀਂ ਆਇਆ।
ਬਲ ਬੁੱਟਰ ਸਾਲ 2001 ਵਿੱਚ ਇੱਕ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਸ ਦੀ ਅੱਖਾਂ ਦੀ ਜੋਤ ਚਲੀ ਗਈ ਸੀ ਤੇ ਉਸ ਨੂੰ ਪੈਰਾਲਿਸਸ ਹੋ ਗਿਆ ਸੀ।
ਉਸ ਨੇ 2004 ਵਿੱਚ ਬਿੰਦੀ ਜੌਹਲ ਦਾ ਕਤਲ ਕਰਵਾਉਣ ਦੇ ਜੁਰਮ ‘ਚ ਆਪਣੀ ਸ਼ਮੂਲੀਅਤ ਬਾਰੇ ਖ਼ੁਲਾਸਾ ਕੀਤਾ।
ਸੰਗਠਿਤ ਅਪਰਾਧ ਅਤੇ ਦੱਖਣੀ ਏਸ਼ੀਆਈ ਭਾਈਚਾਰਾ
ਸਾਲ 2006 ਵਿੱਚ ਛਪੀ ਆਰਸੀਐੱਮਪੀ ਦੀ ‘ਯੂਥ ਗੈਂਗਜ਼ ਐਂਡ ਗੰਨਜ਼’ ਰਿਪੋਰਟ ਦੇ ਮੁਤਾਬਕ 1996 ਤੋਂ 2006 ਦੇ ਵਕਫ਼ੇ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ 100 ਤੋਂ ਵੱਧ ਨੌਜਵਾਨਾਂ ਦੇ ਕਤਲ ਹੋਏ ਸਨ।
ਬਲਤੇਜ ਸਿੰਘ ਢਿੱਲੋਂ ਕੈਨੇਡਾ ਦੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ’ ਵਿੱਚ ਕੰਮ ਕਰ ਚੁੱਕੇ ਹਨ। ਉਹ ਆਰਸੀਐੱਮਪੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਸਨ, ਉਨ੍ਹਾਂ ਨੂੰ ਜਸਟਿਨ ਟਰੂਡੋ ਵੱਲੋਂ ਕੈਨੇਡਾ ਦਾ ਸੈਨੇਟਰ ਨਾਮਜ਼ਦ ਕੀਤਾ ਗਿਆ ਸੀ।
ਉਹ ਦੱਸਦੇ ਹਨ ਕਿ ਹਿੰਸਾ ਨੂੰ ਗਲੋਰੀਫਾਈ ਕੀਤੇ ਜਾਣਾ ਅਤੇ ਸੌਖੀ ਸ਼ੋਹਰਤ ਪ੍ਰਤੀ ਖਿੱਚ ਨੌਜਵਾਨਾਂ ਦੇ ਸੰਗਠਿਤ ਅਪਰਾਧ ਵੱਲ ਵਧਣ ਪਿੱਛੇ ਇੱਕ ਕਾਰਨ ਬਣੀ ਸੀ।
ਉਹ ਮੰਨਦੇ ਹਨ ਕਿ ਹਾਲੇ ਵੀ ਨੌਜਵਾਨਾਂ ਵਿੱਚ ਇਹ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਜਿਸ ਪ੍ਰਤੀ ਢੁੱਕਵੇਂ ਕਦਮ ਚੁੱਕੇ ਜਾਣ ਦੀ ਲੋੜ ਹੈ।
ਬਲਜੀਤ ਸੰਗਰਾ ਨੇ ਦੱਖਣੀ ਏਸ਼ੀਆਈ ਨੌਜਵਾਨਾਂ ਦੇ ਗੈਂਗ ਕਲਚਰ ਵਿੱਚ ਸ਼ਾਮਲ ਹੋਣ ਬਾਰੇ ‘ਵਾਰੀਅਰ ਬੋਇਜ਼’ ਨਾਂ ਦੀ ਡਾਕੂਮੈਂਟਰੀ ਬਣਾਈ ਸੀ। ਉਨ੍ਹਾਂ ਨੇ ਦੱਸਿਆ, “ਇਹ ਫ਼ਿਲਮ ਸਰੀ ਹਾਈ ਸਕੂਲ ਵਿੱਚ ਕੇਂਦਰਿਤ ਸੀ ਤਾਂ ਜੋ ਇਸ ਮੁੱਦੇ ਨੂੰ ਅੰਕੜਿਆਂ ਤੱਕ ਸੀਮਤ ਨਾ ਰੱਖ ਕੇ ਮਨੁੱਖੀ ਪੱਧਰ ਉੱਤੇ ਸਮਝਿਆ ਜਾ ਸਕੇ।”
ਉਹ ਦੱਸਦੇ ਹਨ, “ਨੌਜਵਾਨਾਂ ਵਿੱਚ ਸਵੈ-ਮਾਣ ਦੀ ਘਾਟ ਹੋਣ ਅਤੇ ਨਸਲਵਾਦ ਜਿਹੇ ਕਾਰਕਾਂ ਕਰਕੇ ਵੀ ਨੌਜਵਾਨਾਂ ਅਜਿਹੇ ਮਾਹੌਲ ਵੱਲ ਪ੍ਰੇਰਿਤ ਹੋਏ ਜਿੱਥੇ ਉਹ ਆਪਣੀ ਪਛਾਣ ਬਣਾ ਸਕਣ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
source : BBC PUNJABI