Source :- BBC PUNJABI

ਤਸਵੀਰ ਸਰੋਤ, Getty Images
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਵਧੀ ਤਲਖ਼ੀ ਸਿਖ਼ਰਾਂ ਉੱਤੇ ਹੈ। ਦੋਵਾਂ ਮੁਲਕਾਂ ਨੇ ਸਖ਼ਤ ਕੂਟਨੀਤਿਕ ਫੈਸਲੇ ਲ਼ਏ ਹਨ।
ਇਨ੍ਹਾਂ ਫੈਸਲਿਆਂ ਵਿੱਚੋਂ ਸਭ ਤੋਂ ਅਹਿਮ ਫੈਸਲਾ ਵੀਜ਼ੇ ਰੱਦ ਕਰਨ ਵਾਲਾ ਹੈ, ਜਿਸ ਦਾ ਅਸਰ ਆਮ ਲੋਕਾਂ ਉੱਤੇ ਇੱਕੋ-ਦਮ ਦੇਖਣ ਨੂੰ ਮਿਲ ਰਿਹਾ ਹੈ।
ਭਾਰਤ -ਪਾਕਿਸਤਾਨ ਸਰਕਾਰਾਂ ਨੇ ਸਖ਼ਤੀ ਨਾਲ ਇੱਕ-ਦੂਜੇ ਦੇ ਨਾਗਰਿਕਾਂ ਨੂੰ ਮੁਲਕ ਛੱਡਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਅਜਿਹੀਆਂ ਕਈ ਭਾਵੁਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਮੁਲਕ ਪਰਤਣਾ ਪੈ ਰਿਹਾ ਹੈ।
ਇਸ ਸਭ ਦੌਰਾਨ ਸਾਰਕ ਵੀਜ਼ਾ, ਐੱਲਟੀਵੀ, ਨੌਰੀ ਸਰਟੀਫਿਕੇਟ ਆਦਿ ਬਾਰੇ ਤੁਸੀਂ ਖ਼ਬਰਾਂ ਵਿੱਚ ਖ਼ੂਬ ਸੁਣ ਰਹੇ ਹੋਵੋਗੇ।
ਆਓ ਜਾਣਦੇ ਹਾਂ ਕਿ ਇਹ ਵੀਜ਼ਾ ਹੈ ਕੀ ਅਤੇ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਕਿਹੜੇ ਵੀਜ਼ੇ ਰੱਦ ਕਰ ਦਿੱਤੇ ਹਨ।
ਸਾਰਕ ਵੀਜ਼ਾ ਛੂਟ ਸਕੀਮ ਕੀ ਹੈ

ਤਸਵੀਰ ਸਰੋਤ, Getty Images
ਇਹ ਸਕੀਮ ਸਾਲ 1992 ਵਿੱਚ ਸ਼ੁਰੂ ਕੀਤੀ ਗਈ ਸੀ ਤਾਂਕਿ ਸਾਰਕ ਮੈਂਬਰ ਦੇਸਾਂ ਦਰਮਿਆਨ ਖ਼ਾਸ ਵਰਗ ਦੇ ਲੋਕਾਂ ਦਾ ਆਉਣਾ-ਜਾਣਾ ਸੁਖਾਲਾ ਬਣਾਇਆ ਜਾਵੇ।
ਇਸ ਸਕੀਮ ਨੂੰ ਸਮਝਣ ਤੋਂ ਪਹਿਲਾਂ ਜਾਣਦੇ ਹਾਂ ਕਿ ਸਾਰਕ ਕੀ ਹੈ।
ਸਾਰਕ ਯਾਨੀ ਦਿ ਸਾਊਥ ਏਸ਼ੀਅਨ ਐਸੋਸੀਏਸ਼ਨ ਫੌਰ ਰੀਜ਼ਨਲ ਕਾਰਪੋਰੇਸ਼ਨ। ਇਸ ਸੰਸਥਾ ਦਾ ਗਠਨ 8 ਦਸੰਬਰ 1985 ਨੂੰ ਢਾਕਾ ਵਿੱਚ ਹੋਇਆ ਸੀ।
ਇਸ ਦੇ 8 ਮੈਂਬਰ ਦੇਸ਼ ਹਨ, ਜਿਸ ਵਿੱਚ ਭਾਰਤ, ਨੇਪਾਲ, ਭੂਟਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਮਾਲਦੀਵ, ਪਾਕਿਸਤਾਨ ਅਤੇ ਸ਼੍ਰੀ ਲੰਕਾ ਸ਼ਾਮਲ ਹਨ।
ਇਸ ਦਾ ਉਦੇਸ਼ ਦੱਖਣੀ ਏਸ਼ੀਆ ਦੇ ਲੋਕਾਂ ਦੇ ਜੀਵਨ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਇਸ ਵਿੱਚ ਉਨ੍ਹਾਂ ਦੀ ਆਰਥਿਕ ਹਾਲਤ, ਸਮਾਜਿਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਸ਼ਾਮਲ ਹੈ।
ਹੁਣ ਜਾਣਦੇ ਹਾਂ ਸਾਰਕ ਤਹਿਤ ਮਿਲਣ ਵਾਲੀ ਵੀਜ਼ਾ ਛੂਟ ਸਟਿੱਕਰ ਸਕੀਮ ਬਾਰੇ।
ਸਾਰਕ ਵੀਜ਼ਾ ਛੂਟ ਸਕੀਮ ਯਾਨਿ ਐੱਸਵੀਈਐੱਸ ਦੇ ਤਹਿਤ ਮੈਂਬਰ ਦੇਸ਼ਾਂ ਦੇ 24 ਸਪੈਸ਼ਲ ਕੈਟੇਗਰੀ ਦੇ ਵਿਅਕਤੀਆਂ ਨੂੰ ਵੀਜ਼ਾ ਛੂਟ ਦਾ ਸਟਿੱਕਰ ਦਿੱਤਾ ਜਾਂਦਾ ਹੈ।
ਇਸ ਵਿੱਚ ਜੱਜ, ਅਧਿਕਾਰੀ, ਖਿਡਾਰੀ, ਪੱਤਰਕਾਰ ਅਤੇ ਕਾਰੋਬਾਰੀ ਸ਼ਾਮਲ ਹੁੰਦੇ ਹਨ। ਯਾਨਿ ਇਹ ਵੀਜ਼ਾ ਆਮ ਨਾਗਰਿਕਾਂ ਲਈ ਨਹੀਂ ਹੈ।

ਇਸ ਪ੍ਰੋਗਰਾਮ ਤਹਿਤ ਯੋਗ ਵਿਅਕਤੀਆਂ ਨੂੰ ਉਨ੍ਹਾਂ ਦੇ ਸਬੰਧਤ ਮੁਲਕਾਂ ਵੱਲੋਂ ਇੱਕ ਸਪੈਸ਼ਲ ਵੀਜ਼ਾ ਸਟਿੱਕਰ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਇਨ੍ਹਾਂ ਦੇਸਾਂ ਦੇ ਵੱਖ-ਵੱਖ ਵੀਜ਼ੇ ਨਹੀਂ ਲੈਣੇ ਪੈਂਦੇ, ਬਲਕਿ ਇਨ੍ਹਾਂ ਦੇਸਾਂ ਵਿੱਚ ਇਸ ਸਟਿੱਕਰ ਜ਼ਰੀਏ ਕਈ ਵਾਰ ਦਾਖ਼ਲ ਹੋਣ ਦੀ ਇਜਾਜ਼ਤ ਮਿਲ ਜਾਂਦੀ ਹੈ। ਇਸ ਸਟਿੱਕਰ ਦੀ ਆਮ ਤੌਰ ਉੱਤੇ ਇੱਕ ਸਾਲ ਦੀ ਮਿਆਦ ਹੁੰਦੀ ਹੈ।
ਹਾਲਾਂਕਿ ਇਹ ਨੇਪਾਲ ਅਤੇ ਭੂਟਾਨ ਦੇ ਨਾਗਰਿਕਾਂ ਉੱਤੇ ਲਾਗੂ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੋਵਾਂ ਦੇਸਾਂ ਦੇ ਨਾਗਰਿਕਾਂ ਨੂੰ ਭਾਰਤ ਵਿੱਚ ਵੀਜ਼ਾ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਵੀ ਇਸ ਦੇ ਲਈ ਸੀਮਤ ਸੁਵਿਧਾਵਾਂ ਹੀ ਦਿੱਤੀਆਂ ਗਈਆਂ ਸਨ।
ਲੌਂਗ ਟਰਮ ਵੀਜ਼ਾ ਕੀ ਹੈ

ਤਸਵੀਰ ਸਰੋਤ, Getty Images
ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਵੱਸਣਾ ਚਾਹੁੰਦੇ ਹਨ ਅਤੇ ਭਾਰਤ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਐੱਲਟੀਵੀ ਯਾਨਿ ਕਿ ਲੌਂਗ ਟਰਮ ਵੀਜ਼ਾ ਦਿੱਤਾ ਜਾਂਦਾ ਹੈ। ਇਸ ਦੇ ਲਈ ਕੁਝ ਸ਼ਰਤਾਂ ਵੀ ਹੁੰਦੀਆਂ ਹਨ ਜਿਵੇਂ ਕਿ…
- ਤੁਸੀਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਹੋ (ਹਿੰਦੂ, ਸਿੱਖ, ਇਸਾਈ ਅਤੇ ਬੌਧੀ)
- ਪਾਕਿਸਤਾਨੀ ਔਰਤ ਜਿਸ ਦਾ ਵਿਆਹ ਭਾਰਤੀ ਨਾਗਰਿਕ ਨਾਲ ਹੋਇਆ ਹੈ ਅਤੇ ਹੁਣ ਉਹ ਭਾਰਤ ਵਿੱਚ ਰਹਿ ਰਹੀ ਹੋਵੇ
- ਭਾਰਤੀ ਔਰਤ ਜਿਸ ਦਾ ਵਿਆਹ ਪਾਕਿਸਤਾਨੀ ਨਾਗਰਿਕ ਨਾਲ ਹੋਇਆ ਹੋਵੇ ਅਤੇ ਉਹ ਵਿਧਵਾ ਹੋ ਗਈ ਹੋਵੇ ਜਾਂ ਤਲਾਕਸ਼ੁਦਾ ਹੋਵੇ ਅਤੇ ਪਾਕਿਸਤਾਨ ਵਿੱਚ ਕੋਈ ਪੁਰਸ਼ ਉਸ ਦਾ ਖ਼ਿਆਲ ਰੱਖਣ ਵਾਲਾ ਨਾ ਹੋਵੇ
- ਤਰਸ ਦੇ ਆਧਾਰ ਉੱਤੇ ਕੋਈ ਖ਼ਾਸ ਮਾਮਲਾ ਹੋਵੇ
ਹਾਲਾਂਕਿ ਐੱਲਟੀਵੀ ਉੱਤੇ ਆਏ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਇਸ ਲਈ ਸਰਕਾਰ ਵੱਲੋਂ ਹਾਲ ਹੀ ਵਿੱਚ ਇਹ ਛੂਟ ਦਿੱਤੀ ਗਈ ਸੀ ਕਿ ਜਿਹੜੇ ਲੋਕਾਂ ਨੇ ਐੱਲਟੀਵੀ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਨ੍ਹਾਂ ਕੋਲ ਐੱਸਟੀਵੀ ਯਾਨੀ ਸ਼ੌਰਟ ਟਰਮ ਵੀਜ਼ਾ ਮੌਜੂਦ ਹੈ ਤਾਂ ਸਬੰਧਤ ਅਧਿਕਾਰੀ ਉਨ੍ਹਾਂ ਦੇ ਸ਼ੌਰਟ ਟਰਮ ਵੀਜ਼ੇ ਦੀ ਮਿਆਦ 6 ਮਹੀਨਿਆਂ ਤੱਕ ਵਧਾ ਸਕਦਾ ਹੈ।
ਨੌਰੀ ਵੀਜ਼ਾ

ਤਸਵੀਰ ਸਰੋਤ, Getty Images
ਨੌਰੀ ਵੀਜ਼ਾ ਯਾਨਿ ਨੌ ਓਬਜੈਕਸ਼ਨ ਟੂ ਰਿਟਰਨ ਟੂ ਇੰਡੀਆ।
ਨੌਰੀ ਸਰਟੀਫਿਕੇਟ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਉਨ੍ਹਾਂ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਕਰੀਬੀਆਂ ਕੋਲ ਤਾਂ ਭਾਰਤ ਦੀ ਨਾਗਰਿਕਤਾ ਹੈ ਪਰ ਉਨ੍ਹਾਂ ਨੂੰ ਹਾਲੇ ਤੱਕ ਭਾਰਤ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਹੈ। ਇਨ੍ਹਾਂ ਵਿੱਚ ਉਹ ਔਰਤਾਂ ਅਤੇ ਪੁਰਸ਼ ਸ਼ਾਮਲ ਹਨ ਜਿਨ੍ਹਾਂ ਦਾ ਵਿਆਹ ਭਾਰਤੀ ਨਾਗਰਿਕਾਂ ਨਾਲ ਹੋਇਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਭਾਰਤ ਵਿੱਚ ਲੌਂਗ ਟਰਮ ਵੀਜ਼ਾ ਉੱਤੇ ਰਹਿ ਰਹੇ ਪਾਕਿਸਤਾਨੀ ਅਤੇ ਬੰਗਲਾਦੇਸ਼ ਨਾਗਰਿਕਾਂ ਲਈ ਭਾਰਤ ਸਰਕਾਰ ਨੌਰੀ ਸਰਟੀਫਿਕੇਟ ਜਾਰੀ ਕਰਦੀ ਹੈ। ਇਸ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦਾ ਵੀਜ਼ਾ ਮੰਨਿਆ ਜਾਂਦਾ ਹੈ।
ਇਹ ਇੱਕ ਤਰ੍ਹਾਂ ਦਾ ਸਰਟੀਫਿਕੇਟ ਹੁੰਦਾ ਹੈ, ਜਿਸ ਮੁਤਾਬਕ ਤੁਸੀਂ ਭਾਰਤ ਤੋਂ ਥੋੜ੍ਹੇ ਸਮੇਂ ਲਈ ਵਿਦੇਸ਼ ਜਾ ਕੇ ਵਾਪਸ ਭਾਰਤ ਮੁੜ ਸਕਦੇ ਹੋ।
ਨੌਰੀ ਸਰਟੀਫ਼ਿਕੇਟ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਬਾਬਤ ਸਰਕਾਰ ਦੇ ਆਪਣੇ ਨਿਯਮ ਹਨ ਜਿਵੇਂ ਕਿ ਤੁਸੀਂ ਭਾਰਤ ਆ ਕੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ, ਤੁਸੀਂ ਕਿੰਨੇ ਦਿਨ ਰਹਿ ਸਕਦੇ ਹੋ, ਤੁਹਾਡੇ ਕੋਲ ਕਿਹੜੇ ਦਸਤਾਵੇਜ਼ ਹੋਣੇ ਚਾਹੀਦੇ ਹਨ ਆਦਿ।
ਕੀ ਸਾਰੇ ਵੀਜ਼ਾ ਦੀ ਮਿਆਦ ਰੱਦ ਕਰ ਦਿੱਤੀ ਗਈ ਹੈ

ਤਸਵੀਰ ਸਰੋਤ, Getty Images
ਭਾਰਤ ਸਰਕਾਰ ਵੱਲੋਂ ਜਾਰੀ ਲਿਸਟ ਦੇ ਮੁਤਾਬਕ ਸਾਰੇ ਵੀਜ਼ਾ ਦੀ ਮਿਆਦ ਰੱਦ ਨਹੀਂ ਕੀਤੀ ਗਈ।
ਭਾਰਤ ਸਰਕਾਰ ਵੱਲੋਂ ਜਾਰੀ 16 ਤਰ੍ਹਾਂ ਦੇ ਵੀਜ਼ਾ ਵਿੱਚੋਂ 2 ਤਰ੍ਹਾਂ ਦੇ ਵੀਜ਼ਾ ਹਾਲੇ ਵੀ ਵੈਲਿਡ ਹਨ। ਇਨ੍ਹਾਂ ਵਿੱਚ ਡਿਪਲੋਮੈਟਿਕ ਐਂਡ ਔਫਿਸ਼ੀਅਲ ਵੀਜ਼ਾ ਅਤੇ ਐੱਲਟੀਵੀ ਯਾਨੀ ਲੌਂਗ ਟਰਮ ਵੀਜ਼ਾ ਸ਼ਾਮਲ ਹਨ।
ਇਸ ਤੋਂ ਇਲਾਵਾ 14 ਤਰ੍ਹਾਂ ਦੇ ਵੀਜ਼ਾ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ।
ਇਨ੍ਹਾਂ ਵਿੱਚ ਸਾਰਕ ਵੀਜ਼ਾ, ਵੀਜ਼ਾ ਔਨ ਅਰਾਈਵਲ, ਬਿਜ਼ਨਸ, ਫ਼ਿਲਮ, ਜਰਨਲਿਸਟ, ਟ੍ਰਾਂਜ਼ਿਟ, ਮੈਡੀਕਲ, ਕਾਨਫਰੰਸ, ਮਾਊਂਟਰਿੰਗ, ਸਟੂਡੈਂਟ, ਵਿਜ਼ੀਟਰ ਵੀਜ਼ਾ, ਗਰੁੱਪ ਟੂਰਿਸਟ ਵੀਜ਼ਾ, ਪਿਲਗਰਿਮ ਵੀਜ਼ਾ, ਗਰੁੱਪ ਪਿਲਗਰਿਮ ਵੀਜ਼ਾ ਸ਼ਾਮਲ ਹਨ।
ਤਣਾਅ ਦਾ ਕਾਰਨ ਬਣੇ ਪੂਰੇ ਘਟਨਾਕ੍ਰਮ ਨੂੰ ਸਮਝੋ

ਤਸਵੀਰ ਸਰੋਤ, Getty Images
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਜਿਸ ਦੌਰਾਨ 26 ਲੋਕਾਂ ਦੀ ਮੌਤ ਹੋ ਗਈ। ਬੀਤੇ ਤਿੰਨ ਦਹਾਕਿਆਂ ਵਿੱਚ ਇਹ ਪਹਿਲਾ ਅਜਿਹਾ ਵੱਡਾ ਹਮਲਾ ਸੀ, ਜਿਸ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
23 ਅਪ੍ਰੈਲ 2025 ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਪਾਕਿਸਤਾਨ ਦੇ ਨਾਗਰਿਕਾਂ ਨੂੰ ਸਾਰਕ ਤਹਿਤ ਮਿਲਣ ਵਾਲੀ ਵੀਜ਼ਾ ਦੀ ਸਹੂਲਤ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 26 ਅਪ੍ਰੈਲ ਤੱਕ ਭਾਰਤ ਛੱਡਣਾ ਪਵੇਗਾ।
24 ਅਪ੍ਰੈਲ 2025 ਨੂੰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੌਜੂਦ ਸਾਰੇ ਮਾਨਤਾ ਪ੍ਰਾਪਤ ਵੀਜ਼ਾ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 27 ਅਪ੍ਰੈਲ ਤੱਕ ਭਾਰਤ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾ ਨੂੰ ਦੇਸ਼ ਛੱਡਣਾ ਪਵੇਗਾ।
ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੇ ਗਏ ਮੈਡੀਕਲ ਵੀਜ਼ਾ 29 ਅਪ੍ਰੈਲ 2025 ਤੱਕ ਜਾਰੀ ਰਹਿਣਗੇ।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲਾਂ-ਪਹਿਲਾਂ ਦੇਸ਼ ਛੱਡਣਾ ਪਵੇਗਾ।
ਨਾਲ ਹੀ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੇ ਸਖ਼ਤ ਨਿਰਦੇਸ਼ ਦਿੱਤੇ ਅਤੇ ਜਿਹੜੇ ਭਾਰਤੀ ਨਾਗਰਿਕ ਇਸ ਵੇਲੇ ਪਾਕਿਸਤਾਨ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਦੇਸ਼ ਪਰਤਣ ਲਈ ਕਿਹਾ।
ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰਕ ਤਹਿਤ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਸਿੱਖ ਧਾਰਮਿਕ ਸ਼ਰਧਾਲੂਆਂ ਨੂੰ ਇਸ ਵਿੱਚ ਛੋਟ ਦਿੱਤੀ ਹੈ।
ਐੱਸਵੀਈਐੱਸ ਦੇ ਤਹਿਤ ਪਾਕਿਸਤਾਨ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ (ਸਿੱਖ ਸ਼ਰਧਾਲੂਆਂ ਨੂੰ ਛੱਡ ਕੇ) 30 ਅਪ੍ਰੈਲ 2025 ਤੋਂ ਪਹਿਲਾਂ ਛੇਤੀ ਤੋਂ ਛੇਤੀ ਪਾਕਿਸਤਾਨ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI