Home ਰਾਸ਼ਟਰੀ ਖ਼ਬਰਾਂ ਨੀਂਦ ਲਈ ਮੈਲਾਟੋਨਿਨ ਦਾ ਵਧਦਾ ਰੁਝਾਨ, ਕਿੰਨਾ ਸੁਰੱਖਿਅਤ ਹੈ ਅਤੇ ਕੁਦਰਤੀ ਚੰਗੀ...

ਨੀਂਦ ਲਈ ਮੈਲਾਟੋਨਿਨ ਦਾ ਵਧਦਾ ਰੁਝਾਨ, ਕਿੰਨਾ ਸੁਰੱਖਿਅਤ ਹੈ ਅਤੇ ਕੁਦਰਤੀ ਚੰਗੀ ਨੀਂਦ ਲਈ ਕੀ ਕਰਨਾ ਚਾਹੀਦਾ ਹੈ?

13
0

Source :- BBC PUNJABI

ਸਿਰ ਫੜ੍ਹ ਕੇ ਖੜੀ ਇੱਕ ਔਰਤ

ਤਸਵੀਰ ਸਰੋਤ, Getty Images

“ਮੈਂ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਸੀ ਅਤੇ ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੇਰੇ ਥੈਰੇਪਿਸਟ ਨੇ ਮੈਨੂੰ 3 ਐੱਮਜੀ ਮੈਲਾਟੋਨਿਨ ਲੈਣ ਦੀ ਸਲਾਹ ਦਿੱਤੀ, ਪਰ ਮੇਰੇ ‘ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਅਖੀਰ ਮੈਂ 30 ਐੱਮਜੀ ਤੋਂ ਵੱਧ ਮੈਲਾਟੋਨਿਨ ਲੈ ਲਈ… ਇਸ ਤੋਂ ਬਾਅਦ ਮੈਂ ਅਗਲੇ 16 ਘੰਟੇ ਲਗਾਤਾਰ ਸੁੱਤਾ ਰਿਹਾ।”

ਇਹ ਕਿੱਸਾ ਕਾਮੇਡੀਅਨ ਸਮੈ ਰੈਨਾ ਨੇ ਆਪਣੇ ਸ਼ੋਅ ‘ਸਟਿਲ ਅਲਾਈਵ’ ਵਿੱਚ ਸਾਂਝਾ ਕੀਤਾ ਸੀ, ਜਿਸ ਨੂੰ ਯੂਟਿਊਬ ‘ਤੇ ਹੁਣ ਤੱਕ 2.2 ਕਰੋੜ (22 ਮਿਲੀਅਨ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਸਮੈ ਰੈਨਾ ਦਾ ਇਹ ਨਿੱਜੀ ਤਜਰਬਾ ਇੱਕ ਕਾਮੇਡੀ ਸ਼ੋਅ ਦਾ ਹਿੱਸਾ ਹੈ, ਪਰ ਇਹ ਲੋਕਾਂ ਵਿੱਚ ਵਧ ਰਹੇ ਉਸ ਰੁਝਾਨ ਵੱਲ ਇਸ਼ਾਰਾ ਕਰਦਾ ਹੈ ਜਿੱਥੇ ਨੀਂਦ ਲਈ ਮੈਗਨੀਸ਼ੀਅਮ ਸਲੀਪ ਸਟ੍ਰੀਪਸ ਅਤੇ ਮੈਲਾਟੋਨਿਨ ਦੀਆਂ ਗੋਲੀਆਂ ਵਰਗੇ ਬਿਨਾਂ ਡਾਕਟਰ ਦੀ ਪਰਚੀ ਉੱਤੇ ਮਿਲਣ ਵਾਲੇ ਸਪਲੀਮੈਂਟਸ ਦੀ ਵਰਤੋਂ ਬਿਨਾਂ ਕਿਸੇ ਡਰ ਤੋਂ ਕੀਤੀ ਜਾ ਰਹੀ ਹੈ।

ਇਹ ਉਤਪਾਦ ਬਾਜ਼ਾਰ ਅਤੇ ਆਨਲਾਈਨ ਪਲੇਟਫਾਰਮਾਂ ‘ਤੇ ਬਹੁਤ ਹੀ ਸਸਤੀਆਂ ਕੀਮਤਾਂ ‘ਤੇ ਆਸਾਨੀ ਨਾਲ ਉਪਲਬਧ ਹਨ। ਇਨ੍ਹਾਂ ਨੂੰ ‘ਵੈਲ ਬੀਂਗ ਸਪਲੀਮੈਂਟਸ’ ਜਾਂ ਨਿਊਟਰਾਸੇਓਟੀਕਲਜ਼ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਇਨ੍ਹਾਂ ਦੀ ਵਿਕਰੀ ‘ਤੇ ਬਹੁਤ ਘੱਟ ਜਾਂ ਨਾਂ ਦੇ ਬਰਾਬਰ ਰੈਗੂਲੇਸ਼ਨ (ਨਿਯਮ) ਲਾਗੂ ਹੁੰਦੇ ਹਨ।

ਅਮਰੀਕਾ ਸਰਕਾਰ ਦੀ ਨੈਸ਼ਨਲ ਮੈਡੀਕਲ ਲਾਇਬ੍ਰੇਰੀ ਅਨੁਸਾਰ, ਨਿਊਟਰਾਸੇਓਟੀਕਲਜ਼ ਅਜਿਹੇ ਉਤਪਾਦ ਹਨ ਜੋ ਭੋਜਨ ਦੇ ਸਰੋਤਾਂ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਪੋਸ਼ਣ ਦੇ ਨਾਲ-ਨਾਲ ਸਿਹਤ ਸਬੰਧੀ ਫਾਇਦੇ (ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸਮੇਤ) ਪ੍ਰਦਾਨ ਕਰਦੇ ਹਨ।

ਨੀਂਦ

ਤਸਵੀਰ ਸਰੋਤ, Getty Images

ਇਹ ਭੋਜਨ ਅਤੇ ਫਾਰਮਾਸਿਊਟੀਕਲ ਦਵਾਈਆਂ ਦੇ ਵਿਚਕਾਰ ਦਾ ਹਿੱਸਾ ਹਨ, ਜੋ ਅਕਸਰ ਸਪਲੀਮੈਂਟਸ ਜਾਂ ਫੰਕਸ਼ਨਲ ਫੂਡਜ਼ ਦੇ ਰੂਪ ਵਿੱਚ ਮਿਲਦੇ ਹਨ।

ਕਿਉਂਕਿ ਇਹ ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲ ਜਾਂਦੇ ਹਨ, ਇਸ ਲਈ ਇਨ੍ਹਾਂ ਤੱਕ ਪਹੁੰਚ ਬਹੁਤ ਆਸਾਨ ਹੈ। ਪਰ ਕੀ ਆਸਾਨ ਪਹੁੰਚ ਸੁਰੱਖਿਆ ਦੀ ਗਾਰੰਟੀ ਵੀ ਦਿੰਦੀ ਹੈ? ਕੀ ਇਸਦਾ ਮਤਲਬ ਇਹ ਹੈ ਕਿ ਇਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਲਿਆ ਜਾ ਸਕਦਾ ਹੈ?

ਆਓ ਜਾਣਦੇ ਹਾਂ ਕਿ ਅਸਲ ਵਿੱਚ ਮੈਲਾਟੋਨਿਨ ਕੀ ਹੈ ਅਤੇ ਨੀਂਦ ਲਈ ਇਸ ਦੀ ਵਰਤੋਂ ਕਿੰਨੀ ਸੁਰੱਖਿਅਤ ਹੈ।

ਸਮੈ ਰੈਨਾ

ਮੈਲਾਟੋਨਿਨ ਕੀ ਹੈ?

ਨੈਸ਼ਨਲ ਮੈਡੀਕਲ ਲਾਇਬ੍ਰੇਰੀ ਦੇ ਅਨੁਸਾਰ, ਮੈਲਾਟੋਨਿਨ ਇੱਕ ਹਾਰਮੋਨ ਹੈ ਜੋ ਦਿਮਾਗ਼ ਵਿੱਚ ਮੌਜੂਦ ਪੀਨਅਲ ਗ੍ਰੰਥੀ ਵੱਲੋਂ ਹਨੇਰੇ ਦੇ ਜਵਾਬ ਵਿੱਚ ਪੈਦਾ ਕੀਤਾ ਜਾਂਦਾ ਹੈ। ਇਹ ਸਰੀਰ ਦੇ ਨੀਂਦ ਅਤੇ ਜਾਗਣ ਦੇ ਚੱਕਰ ਨੂੰ ਕੰਟ੍ਰੋਲ ਕਰਦਾ ਹੈ।

ਦਿਮਾਗ ਵਿੱਚ ਪੀਨੀਅਲ ਗ੍ਰੰਥੀ ਹਨੇਰਾ ਹੋਣ ‘ਤੇ ਮੈਲਾਟੋਨਿਨ ਦਾ ਉਤਪਾਦਨ ਵਧਾ ਦਿੰਦੀ ਹੈ ਅਤੇ ਰੌਸ਼ਨੀ ਹੋਣ ‘ਤੇ ਇਸ ਨੂੰ ਘਟਾ ਦਿੰਦੀ ਜਿਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੈਲਾਟੋਨਿਨ ਨੀਂਦ ਲਈ “ਮਜਬੂਰ” ਨਹੀਂ ਕਰਦਾ ਹੈ, ਸਗੋਂ ਸਰੀਰ ਨੂੰ ਸਿਰਫ਼ ਇਹ ਸੰਕੇਤ ਦਿੰਦਾ ਹੈ ਕਿ ਹੁਣ ਸੌਣ ਦਾ ਸਮਾਂ ਹੋ ਗਿਆ ਹੈ।

ਮੈਲਾਟੋਨਿਨ ਦੀ ਆਮ ਵਰਤੋਂ ਬਾਰੇ ਮਾਹਰ ਕੀ ਕਹਿੰਦੇ ਹਨ?

ਮੈਲਾਟੋਨਿਨ ਦੀ ਵਰਤੋਂ ਜੈਟ ਲੈਗ, ਦਿਮਾਗੀ ਸੱਟ, ਨਿਊਰੋਡੀਜਨਰੇਟਿਵ ਵਿਕਾਰ ਅਤੇ ਮਾਈਗ੍ਰੇਨ ਦੇ ਬਚਾਅ ਲਈ ਵਿਆਪਕ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਦੇ ਮਾੜੇ ਪ੍ਰਭਾਵਾਂ ਦੇ ਘੱਟ ਖ਼ਤਰੇ ਹੋਣ ਕਾਰਨ, ਇਹ ਆਸਾਨੀ ਨਾਲ ਡਾਕਟਰ ਦੀ ਪਰਚੀ ਤੋਂ ਬਿਨਾਂ ਵੀ ਮਿਲ ਜਾਂਦਾ ਹੈ। ਹਾਲਾਂਕਿ, ਮਾਹਿਰ ਇਸ ਨੂੰ ਨੀਂਦ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਮੰਨਣ ਤੋਂ ਵਰਜਦੇ ਹਨ।

ਸੀਨੀਅਰ ਕੰਸਲਟੈਂਟ ਸਾਈਕਿਆਟ੍ਰਿਸਟ ਡਾ. ਸੰਯਮ ਗੁਪਤਾ ਅਨੁਸਾਰ, “ਭਾਰਤ ਵਿੱਚ ਬਾਲਗਾਂ ਲਈ 10 ਐੱਮਜੀ ਤੱਕ ਦੀ ਖ਼ੁਰਾਕ ਦੀ ਇਜਾਜ਼ਤ ਹੈ। ਪਰ ਕਿਉਂਕਿ ਇਹ ਇੱਕ ਨਿਊਟਰਾਸੇਓਟੀਕਲ ਸਪਲੀਮੈਂਟ ਹੈ, ਇਸ ਲਈ ਲੋਕ ਡਾਕਟਰੀ ਸਲਾਹ ਜਾਂ ਸਹੀ ਖ਼ੁਰਾਕ ਦੀ ਜਾਣਕਾਰੀ ਤੋਂ ਬਿਨਾਂ ਹੀ ਇਸ ਨੂੰ ਖ਼ਰੀਦ ਰਹੇ ਹਨ।”

ਗੋਲੀਆਂ

ਤਸਵੀਰ ਸਰੋਤ, Getty Images

ਜ਼ਿਆਦਾ ਵਰਤੋਂ ਦੇ ਖ਼ਤਰੇ ਕੀ ਹਨ?

ਡਾ. ਗੁਪਤਾ ਚੇਤਾਵਨੀ ਦਿੰਦੇ ਹਨ ਕਿ ਨੀਂਦ ਵਾਲੀ ਕਿਸੇ ਵੀ ਦਵਾਈ ਨੂੰ ਤੈਅ ਖ਼ੁਰਾਕ ਤੋਂ ਵੱਧ ਲੈਣ ਨਾਲ ਦਿਨ ਵੇਲੇ ਬਹੁਤ ਜ਼ਿਆਦਾ ਸੁਸਤੀ ਪੈ ਸਕਦੀ ਹੈ। ਇਹ ਖ਼ਤਰਨਾਕ ਹੋ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਡਰਾਈਵਿੰਗ ਕਰਦੇ ਹਨ ਜਾਂ ਭਾਰੀ ਮਸ਼ੀਨਰੀ ਚਲਾਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਦਵਾਈ ਹੋਵੇ ਜਾਂ ਨਿਊਟਰਾਸੇਓਟੀਕਲ, ਇਸਦੀ ਵਿਕਰੀ ‘ਤੇ ਕੰਟ੍ਰੋਲ ਹੋਣਾ ਚਾਹੀਦਾ ਹੈ, ਨਹੀਂ ਤਾਂ ਮਰੀਜ਼ ਅਣਜਾਣੇ ਵਿੱਚ ਸਰੀਰ ਵਿੱਚ ਜ਼ਹਿਰੀਲੇ ਤੱਤ ਵਧਾ ਸਕਦੇ ਹਨ।

ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐੱਮਸੀਐੱਚ) ਦੇ ਐਂਡੋਕਰੀਨੋਲੋਜੀ ਵਿਭਾਗ ਦੇ ਮੁਖੀ ਡਾ. ਨਵੀਨ ਮਿੱਤਲ ਵੀ ਇਸੇ ਗੱਲ ਦੀ ਤਾਕੀਦ ਕਰਦੇ ਹਨ।

ਉਹ ਕਹਿੰਦੇ ਹਨ ਕਿ ਬਿਨਾਂ ਡਾਕਟਰੀ ਸਲਾਹ ਦੇ ਕੋਈ ਵੀ ਦਵਾਈ ਨਾ ਲੈਣਾ ਹੀ “ਸੁਨਹਿਰੀ ਨਿਯਮ” ਹੈ। ਹਾਲਾਂਕਿ ਮੈਲਾਟੋਨਿਨ ਆਮ ਤੌਰ ‘ਤੇ ਸੁਰੱਖਿਅਤ ਹੈ, ਪਰ ਇਸਦੀ ਓਵਰਡੋਜ਼ ਨਾਲ ਲੋੜ ਤੋਂ ਵੱਧ ਨੀਂਦ ਆ ਸਕਦੀ ਹੈ ਅਤੇ ਇਹ ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ‘ਤੇ ਮਾੜਾ ਅਸਰ ਪਾ ਸਕਦੀ ਹੈ।

ਨੀਂਦ

ਤਸਵੀਰ ਸਰੋਤ, Getty Images

ਓਵਰਡੋਜ਼ ਬਾਰੇ ਇੱਕ ਸਖ਼ਤ ਚੇਤਾਵਨੀ

ਡਾ. ਗੁਪਤਾ ਸੁਝਾਅ ਦਿੰਦੇ ਹਨ ਕਿ ਬਿਨਾਂ ਡਾਕਟਰੀ ਸਲਾਹ ਦੇ ਮਿਲਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਨਿਯਮ ਅਤੇ ਪੈਕੇਜਿੰਗ ਵਿੱਚ ਬਦਲਾਅ ਕਰਨੇ ਵੀ ਜ਼ਰੂਰੀ ਹਨ।

ਕੁਦਰਤੀ ਨੀਂਦ ਲਈ ਮਾਹਿਰਾਂ ਦੇ ਨੁਸਖ਼ੇ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮਾਹਰਾਂ ਨੇ ਕੁਦਰਤੀ ਨੀਂਦ ਲਈ ‘ਸੌਣ ਦੇ ਸਹੀ ਤਰੀਕੇ’ ਅਪਣਾਉਣ ਦੀ ਸਲਾਹ ਦਿੱਤੀ ਹੈ:

  • ਸਮਾਂ ਤੈਅ ਕਰੋ: ਰੋਜ਼ਾਨਾ ਸੌਣ ਅਤੇ ਜਾਗਣ ਦਾ ਇੱਕੋ ਸਮਾਂ ਤੈਅ ਕਰੋ।
  • ਬਿਸਤਰੇ ਦੀ ਵਰਤੋਂ ਸਿਰਫ਼ ਸੌਣ ਲਈ: ਬਿਸਤਰੇ ‘ਤੇ ਬੈਠ ਕੇ ਕੰਮ ਨਾ ਕਰੋ। ਇਸ ਨਾਲ ਤੁਹਾਡਾ ਦਿਮਾਗ਼ ਬਿਸਤਰੇ ਨੂੰ ਕੰਮ ਅਤੇ ਤਣਾਅ ਦੀ ਬਜਾਏ ਸਿਰਫ਼ ਆਰਾਮ ਨਾਲ ਜੋੜ ਕੇ ਦੇਖੇਗਾ।
  • 20 ਮਿੰਟ ਦਾ ਨਿਯਮ: ਜੇਕਰ ਨੀਂਦ ਨਹੀਂ ਆ ਰਹੀ, ਤਾਂ ਬਿਸਤਰੇ ਤੋਂ ਉੱਠ ਕੇ ਥੋੜ੍ਹੀ ਦੇਰ ਸੈਰ ਕਰੋ।
  • ਬੋਰ ਕਰਨ ਵਾਲੀ ਚੀਜ਼ ਪੜ੍ਹੋ: ਕੁਝ ਅਜਿਹਾ ਪੜ੍ਹੋ ਜੋ ਤੁਹਾਨੂੰ ਬਹੁਤ ਬੋਰਿੰਗ ਲੱਗੇ, ਤਾਂ ਜੋ ਦਿਮਾਗ ਸ਼ਾਂਤ ਹੋ ਸਕੇ।
  • ਕੈਫੀਨ ਤੋਂ ਪਰਹੇਜ਼: ਸ਼ਾਮ ਤੋਂ ਬਾਅਦ ਚਾਹ, ਕੌਫ਼ੀ ਜਾਂ ਕੋਲਡ ਡਰਿੰਕਸ ਪੀਣ ਤੋਂ ਬਚੋ।
  • ਡਿਜੀਟਲ ਡਿਟੌਕਸ: ਸੌਣ ਤੋਂ ਪਹਿਲਾਂ ਸਕ੍ਰੀਨ (ਮੋਬਾਈਲ/ਟੀਵੀ) ਦੀ ਵਰਤੋਂ ਨਾ ਕਰੋ, ਕਿਉਂਕਿ ਇਨ੍ਹਾਂ ਦੀ ਰੌਸ਼ਨੀ ਮੈਲਾਟੋਨਿਨ ਦੇ ਉਤਪਾਦਨ ਵਿੱਚ ਰੁਕਾਵਟ ਪਾਉਂਦੀ ਹੈ।
  • ਸਰੀਰਕ ਥਕਾਵਟ: ਦਿਨ ਭਰ ਸਰੀਰਕ ਕਸਰਤ ਜਿਵੇਂ ਕਿ ਸੈਰ, ਪੁਸ਼-ਅੱਪਸ ਜਾਂ ਬੈਠਕਾਂ ਲਗਾਓ ਤਾਂ ਜੋ ਸਰੀਰਕ ਥਕਾਵਟ ਕਾਰਨ ਨੀਂਦ ਜਲਦੀ ਆ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI