Home ਰਾਸ਼ਟਰੀ ਖ਼ਬਰਾਂ ‘ਨਰਕ ਵਰਗੀ ਜ਼ਿੰਦਗੀ ਵੇਖੀ, ਅੱਖਾਂ ਦੀ ਰੌਸ਼ਨੀ ਗਈ ਫਿਰ ਵੀ ਮੈਂ...

‘ਨਰਕ ਵਰਗੀ ਜ਼ਿੰਦਗੀ ਵੇਖੀ, ਅੱਖਾਂ ਦੀ ਰੌਸ਼ਨੀ ਗਈ ਫਿਰ ਵੀ ਮੈਂ ਬਹੁਤ ਖੁਸ਼ ਹਾਂ’, ਐਸਿਡ ਹਮਲੇ ਮਗਰੋਂ ਮੁੜ ਪੈਰਾਂ ‘ਤੇ ਖੜ੍ਹੀ ਹੋਣ ਵਾਲੀ ਰੂਬੀ ਦੀ ਕਹਾਣੀ

15
0

Source :- BBC PUNJABI

ਐਸਿਡ ਅਟੈਕ ਸਰਵਾਈਵਰ ਇੰਦਰਜੀਤ ਕੌਰ ਰੂਬੀ

ਚੇਤਾਵਨੀ: ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

“ਮੈਂ ਦਰਦ ਨਾਲ ਤੜਫ ਰਹੀ ਸੀ। ਲੋਕ ਇਕੱਠੇ ਹੋਏ ਅਤੇ ਮੈਨੂੰ ਹਸਪਤਾਲ ਲੈ ਗਏ। ਹਸਪਤਾਲ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰੇ ਉੱਤੇ ਤੇਜ਼ਾਬ ਸੁੱਟਿਆ ਗਿਆ ਹੈ।”

ਸਾਲ 2011 ਵਿੱਚ ਇੰਦਰਜੀਤ ਕੌਰ ਰੂਬੀ ਆਪਣੇ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੇ ਸਨ। ਅਚਾਨਕ ਘਰ ਦਾ ਦਰਵਾਜ਼ਾ ਖੜਕਿਆ। ਰੂਬੀ ਜਦੋਂ ਬਾਹਰ ਆਏ ਤਾਂ ਦਰਵਾਜ਼ੇ ‘ਤੇ ਖੜ੍ਹੇ ਸ਼ਖਸ ਨੇ ਅਚਾਨਕ ਉਨ੍ਹਾਂ ‘ਤੇ ਤੇਜ਼ਾਬ ਸੁੱਟ ਦਿੱਤਾ।

ਇੰਦਰਜੀਤ ਕੌਰ ਰੂਬੀ ਇੱਕ ਐਸਿਡ ਅਟੈਕ ਸਰਵਾਈਵਰ ਹਨ। ਤੇਜ਼ਾਬ ਸੁੱਟਣ ਵਾਲਾ ਕੋਈ ਹੋਰ ਨਹੀਂ ਬਲਕਿ ਰੂਬੀ ਦਾ ਜਮਾਤੀ ਮੁੰਡਾ ਸੀ।

ਲਗਭਗ 15 ਸਾਲ ਪਹਿਲਾਂ ਆਪਣੇ ਨਾਲ ਵਾਪਰੀ ਇਸ ਘਟਨਾ ਨੂੰ ਯਾਦ ਕਰਦਿਆਂ ਇੰਦਰਜੀਤ ਰੂਬੀ ਹੁਣ ਸਹਿਮਦੇ ਨਹੀਂ ਸਗੋਂ ਹੌਂਸਲੇ ਨਾਲ ਭਰ ਜਾਂਦੇ ਹਨ।

ਜਦੋਂ ਇਹ ਹਮਲਾ ਹੋਇਆ ਤਾਂ ਰੂਬੀ ਮਹਿਜ਼ 21 ਸਾਲ ਦੇ ਸਨ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ। ਤੇਜ਼ਾਬੀ ਹਮਲੇ ਵਿੱਚ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਚਿਹਰਾ ਇਨੀ ਬੁਰੀ ਤਰ੍ਹਾਂ ਵਿਗੜ ਗਿਆ ਕਿ ਉਹ ਖੁਦ ਨੂੰ ਹੀ ਪਛਾਣ ਨਹੀਂ ਪਾ ਰਹੇ ਸਨ।

ਪਰ ਇਨ੍ਹਾਂ ਤਮਾਮ ਔਕੜਾਂ ਦੇ ਬਾਵਜੂਦ ਇੰਦਰਜੀਤ ਕੌਰ ਰੂਬੀ ਨੇ ਹਾਰ ਨਹੀਂ ਮੰਨੀ। ਅੱਜ ਉਹ ਇੱਕ ਬੈਂਕ ਵਿੱਚ ਨੌਕਰੀ ਕਰ ਰਹੇ ਹਨ। ਆਪਣੇ ਪੈਰਾਂ ‘ਤੇ ਖੜ੍ਹੇ ਹਨ ਅਤੇ ਜ਼ਿੰਦਗੀ ਨਾਲ ਜੁੜੇ ਤਮਾਮ ਫੈਸਲੇ ਖੁਦ ਲੈਂਦੇ ਹਨ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਨੇ ਆਪਣਾ ਮੂੰਹ ਰੁਮਾਲ ਨਾਲ ਢਕਿਆ ਹੋਇਆ ਹੈ, ਅੱਖਾਂ ਉੱਤੇ ਕਾਲੀ ਮੋਟੀ ਐਨਕ ਲਗਾਈ ਹੋਈ ਹੈ ਤੇ ਰੁਮਾਲ ਦੇ ਅੰਦਰ ਇੱਕ ਨਕਲੀ ਨੱਕ ਹੈ, ਜੋ ਉਹਨਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਲਗਾਉਣਾ ਪੈਂਦਾ ਹੈ।

ਐਸਿਡ ਅਟੈਕ ਵਾਲੇ ਦਿਨ ਕੀ ਹੋਇਆ ਸੀ ?

ਇੰਦਰਜੀਤ ਕੌਰ ਰੂਬੀ ਉੱਤੇ ਤੇਜ਼ਾਬ ਸੁੱਟਣ ਵਾਲਾ ਉਨ੍ਹਾਂ ਦੇ ਨਾਲ ਹੀ ਪੜ੍ਹਦਾ ਸੀ

8 ਦਸੰਬਰ 2011 ਨੂੰ ਪੰਜਾਬ ਦੇ ਇੱਕ ਪਿੰਡ ਵਿੱਚ ਨਿੱਕੇ ਜਿਹੇ ਘਰ ਅੰਦਰ ਇੰਦਰਜੀਤ ਕੌਰ ਰੂਬੀ ਆਪਣੀ ਮਾਂ ਨਾਲ ਰਹਿੰਦੇ ਸਨ । ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਭਰਾ ਵਿਦੇਸ਼ ਵਿੱਚ ਸੀ।

ਰੂਬੀ ਮੁਤਾਬਕ ਉਹ ਆਪਣੇ ਘਰ ਵਿੱਚ ਸ਼ਾਮ ਵੇਲੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੇ ਸਨ। ਜਿਵੇਂ ਹੀ ਟਿਊਸ਼ਨ ਖਤਮ ਹੋਈ, ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਿਆ। ਰੂਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਮੁੰਡਾ ਖੜ੍ਹਾ ਸੀ ਜਿਸ ਨੂੰ ਰੂਬੀ ਜਾਣਦੇ ਸਨ। ਉਸਦਾ ਨਾਮ ਮਨਜੀਤ ਸੀ ਅਤੇ ਉਹ ਰੂਬੀ ਦਾ ਜਮਾਤੀ ਸੀ।

ਰੂਬੀ ਦੱਸਦੇ ਹਨ, “ਮੈਂ ਕੁਝ ਸਮਝ ਪਾਉਂਦੀ ਇਸ ਤੋਂ ਪਹਿਲਾਂ ਉਸਨੇ ਮੇਰੇ ਉੱਤੇ ਤੇਜ਼ਾਬ ਨਾਲ ਭਰਿਆ ਜੱਗ ਸੁੱਟ ਦਿੱਤਾ ਅਤੇ ਉਥੋਂ ਭੱਜ ਗਿਆ। ਮੇਰੇ ਸਰੀਰ ਉੱਤੇ ਸਾੜ ਪੈਣ ਲੱਗਿਆ। ਲੋਕਾਂ ਨੇ ਮੈਨੂੰ ਆ ਕੇ ਦੇਖਿਆ ਤਾਂ ਨੇੜਲੇ ਹਸਪਤਾਲ ਦਾਖਲ ਕਰਵਾਇਆ। ਉਦੋਂ ਤੱਕ ਮੈਂ ਬੇਹੋਸ਼ ਹੋ ਚੁੱਕੀ ਸੀ। ਚੰਡੀਗੜ੍ਹ ਪੀਜੀਆਈ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰੇ ਉੱਤੇ ਤੇਜ਼ਾਬ ਸੁੱਟਿਆ ਗਿਆ ਹੈ। ਇਹ ਆਖਰੀ ਪਲ ਸਨ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਇਸ ਦੁਨੀਆਂ ਨੂੰ ਦੇਖਿਆ ਸੀ।”

ਇੰਦਰਜੀਤ ਕੌਰ ਰੂਬੀ
ਤੇਜ਼ਾਬੀ ਹਮਲੇ ਤੋਂ ਪਹਿਲਾਂ ਇੰਦਰਜੀਤ ਕੌਰ ਰੂਬੀ ਦੀ ਤਸਵੀਰ

ਤਸਵੀਰ ਸਰੋਤ, INDERJEET KAUR RUBY

ਰੂਬੀ ਮੁਤਾਬਕ ਪੀਜੀਆਈ ਵਿੱਚ ਉਹਨਾਂ ਨੂੰ ਕਈ ਮਹੀਨੇ ਰੱਖਿਆ ਗਿਆ ਅਤੇ ਉਹਨਾਂ ਦੇ ਚਿਹਰੇ ਦੀਆਂ ਕਈ ਸਰਜਰੀਆਂ ਹੋਈਆਂ ਪਰ ਕੋਈ ਸਰਜਰੀ 100 ਫੀਸਦੀ ਸਫਲ ਨਹੀਂ ਹੋ ਰਹੀ ਸੀ ਕਿਉਂਕਿ ਚਿਹਰਾ ਪੂਰੀ ਤਰ੍ਹਾਂ ਸੜ ਚੁੱਕਿਆ ਸੀ। ਚਿਹਰੇ ‘ਤੇ ਸਿਰਫ ਬੁੱਲ੍ਹ ਨਜ਼ਰ ਆਉਂਦੇ ਸਨ।”

ਰੂਬੀ ਦੱਸਦੇ ਹਨ, “ਮੇਰੇ ਚਿਹਰੇ ਦੀ ਇੱਕ ਤੋਂ ਬਾਅਦ ਇੱਕ ਸਰਜਰੀ ਹੋ ਰਹੀ ਸੀ ਪਰ ਮੇਰੀਆਂ ਅੱਖਾਂ ਦਾ ਕੋਈ ਇਲਾਜ ਨਹੀਂ ਹੋ ਪਾ ਰਿਹਾ ਸੀ। ਮੈਨੂੰ ਇਹ ਉਮੀਦ ਸੀ ਕਿ ਮੇਰੀਆਂ ਅੱਖਾਂ ਮੁੜ ਖੁੱਲ੍ਹਣਗੀਆਂ।”

ਉਹ ਅੱਗੇ ਕਹਿੰਦੇ ਹਨ, “ਇਸ ਦੁਨੀਆ ਨੂੰ ਮੁੜ ਦੇਖ ਸਕਾਂ ਇਸੇ ਉਮੀਦ ਨਾਲ ਮੈਂ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਲਈ ਚੇਨੱਈ ਦੇ ਇੱਕ ਹਸਪਤਾਲ ਵਿੱਚ ਵੀ ਗਈ। ਉੱਥੇ ਵੀ ਡਾਕਟਰਾਂ ਨੇ ਹਰ ਤਰ੍ਹਾਂ ਦਾ ਇਲਾਜ ਕਰਕੇ ਦੇਖਿਆ ਪਰ ਅੰਤ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਹੁਣ ਕਦੇ ਨਹੀਂ ਦੇਖ ਸਕਦੀ।”

“ਇਸਤੋਂ ਬਾਅਦ ਮੈਂ ਉਮੀਦ ਛੱਡ ਦਿੱਤੀ, ਮੈਂ ਇਹ ਮੰਨ ਲਿਆ ਸੀ ਕਿ ਹੁਣ ਮੇਰੀਆਂ ਅੱਖਾਂ ਕਦੇ ਨਹੀਂ ਖੁੱਲ੍ਹਣਗੀਆਂ।”

ਅਣਗਿਣਤ ਸਰਜਰੀਆਂ ਕਰਵਾਉਣ ਤੋਂ ਬਾਅਦ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਮੇਰੀ ਠੋਡੀ ਨੂੰ ਸੀਨੇ ਤੋਂ ਵੱਖ ਕਰਨ ਦੀ ਸਰਜਰੀ ਹੋਈ ਜੋ ਸਫਲ ਰਹੀ ਜਿਸ ਤੋਂ ਬਾਅਦ ਮੈਂ ਕੁਝ ਖਾਣ-ਪੀਣ ਦੇ ਕਾਬਲ ਹੋ ਸਕੀ।”

ਤੇਜ਼ਾਬ ਸੁੱਟਣ ਵਾਲੇ ਨਾਲ ਕੀ ਹੋਇਆ ?

ਰੂਬੀ ਦੇ ਦੱਸਣ ਮੁਤਾਬਕ ਹਮਲੇ ਦੇ ਦਿਨ ਹੀ ਪਰਿਵਾਰ ਵੱਲੋਂ ਸਥਾਨਕ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਜਿਸਤੋਂ ਬਾਅਦ ਪੁਲਿਸ ਨੇ ਮਨਜੀਤ ਖਿਲਾਫ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕੀਤਾ। ਪੀਜੀਆਈ ਦੇ ਅੰਦਰ ਰੂਬੀ ਤੋਂ ਬਿਆਨ ਲਏ ਗਏ। ਕੇਸ ਰੋਪੜ ਕੋਰਟ ਵਿੱਚ ਚੱਲਿਆ।

ਰੂਬੀ ਕਹਿੰਦੇ ਹਨ, “ਇਸ ਦੌਰਾਨ ਮੈਨੂੰ ਮੁੰਡੇ ਨਾਲ ਸਮਝੌਤਾ ਕਰਨ ਲਈ ਕਈ ਵਾਰ ਪੇਸ਼ਕਸ਼ ਹੋਈ। ਮੁੰਡੇ ਦਾ ਪਰਿਵਾਰ ਮੈਨੂੰ ਉਸ ਨਾਲ ਵਿਆਹ ਕਰਵਾਉਣ ਅਤੇ ਕੇਸ ਰੱਦ ਕਰਨ ਦੀ ਪੇਸ਼ਕਸ਼ ਦਿੰਦਾ ਪਰ ਮੈਂ ਨਹੀਂ ਮੰਨੀ। ਜਦੋਂ ਵੀ ਸੰਭਵ ਹੁੰਦਾ ਖੁਦ ਕੋਰਟ ਜਾਂਦੀ ਅਤੇ ਆਪਣੀ ਗਵਾਹੀ ਆਪ ਦਿੰਦੀ।”

ਲਗਭਗ ਸਾਢੇ ਤਿੰਨ ਸਾਲ ਕੇਸ ਚੱਲਣ ਮਗਰੋਂ 2014 ਵਿੱਚ ਰੋਪੜ ਅਦਾਲਤ ਨੇ ਮਨਜੀਤ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਸਜ਼ਾ ਸੁਣਾਈ ਅਤੇ 25000 ਰੁਪਏ ਜੁਰਮਾਨਾ ਕੀਤਾ।

ਹਾਲਾਂਕਿ ਰੂਬੀ ਮੁਤਾਬਕ ਇਹ ਸਜ਼ਾ ਬਹੁਤ ਘੱਟ ਸੀ।

ਉਹ ਕਹਿੰਦੇ ਹਨ, “ਇੱਕ ਵਿਅਕਤੀ ਨੇ ਮੇਰੀ ਪੂਰੀ ਜ਼ਿੰਦਗੀ ਖਰਾਬ ਕਰ ਦਿੱਤੀ ਅਤੇ ਉਹ 10 ਸਾਲ ਦੀ ਸਜ਼ਾ ਕੱਟ ਕੇ ਹੁਣ ਖੁੱਲ੍ਹੇਆਮ ਬਾਹਰ ਘੁੰਮ ਰਿਹਾ। ਇਸਦੀ ਕੀ ਗਾਰੰਟੀ ਹੈ ਕਿ ਉਹ ਹੁਣ ਅਜਿਹਾ ਕਿਸੇ ਹੋਰ ਨਾਲ ਨਹੀਂ ਕਰੇਗਾ।”

ਨੌਕਰੀ ਲਈ ਰੂਬੀ ਦਾ ਸੰਘਰਸ਼

ਇੰਦਰਜੀਤ ਕੌਰ ਰੂਬੀ ਹੁਣ ਬੈਂਕ ਵਿੱਚ ਨੌਕਰੀ ਕਰਦੇ ਹਨ।

“ਮੇਰੀ ਜ਼ਿੰਦਗੀ ਰੁਕ ਗਈ ਸੀ, ਲੋਕ ਤਾਅਨੇ ਮਾਰਦੇ ਸਨ, ਮੈਂ ਬੈੱਡ ਤੱਕ ਸੀਮਤ ਹੋ ਗਈ ਸੀ ਇਸ ਕਰਕੇ ਮੈਂ ਆਪਣੇ ਆਪ ਨੂੰ ਖਤਮ ਕਰਨ ਦਾ ਵੀ ਯਤਨ ਕੀਤਾ ਪਰ ਮੈਂ ਬੱਚ ਗਈ।”

ਰੂਬੀ ਦੱਸਦੇ ਹਨ, “ਇਹ ਸਮਾਂ ਉਹ ਸੀ ਜਦੋਂ ਮੇਰੇ ਆਪਣੇ ਮੇਰਾ ਸਾਥ ਛੱਡ ਗਏ ਸਨ। ਮੇਰਾ ਪਰਿਵਾਰ ਮੈਨੂੰ ਕਹਿੰਦਾ ਸੀ ਕਿ ਹੁਣ ਅੱਗੇ ਜ਼ਿੰਦਗੀ ਵਿੱਚ ਕੀ ਹੀ ਕਰ ਲੈਣਾ।”

ਇੰਦਰਜੀਤ ਕੌਰ ਰੂਬੀ ਦੀ ਜ਼ਿੰਦਗੀ ‘ਚ ਨਵਾਂ ਮੋੜ ਉਦੋਂ ਆਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਇੱਕ ਪੱਤਰਕਾਰ ਨਾਲ ਹੋਈ।

ਉਹ ਦੱਸਦੇ ਹਨ, “ਸਾਲ 2015 ਵਿੱਚ ਇੱਕ ਪੱਤਰਕਾਰ ਮਨਜੀਤ ਸਿੰਘ ਰਾਜਪੁਰਾ ਮੇਰੇ ਘਰ ਆਏ। ਇੰਟਰਵਿਊ ਕਰਨ ਮਗਰੋਂ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਦੇਹਰਾਦੂਨ ਵਿੱਚ ਨੇਤਰਹੀਨਾਂ ਲਈ ਇੱਕ ਸਕੂਲ ਹੈ ਜਿੱਥੇ ਮੈਂ ਅੱਗੇ ਪੜ੍ਹ ਸਕਦੀ ਹਾਂ।”

“ਮੇਰੀ ਮਾਂ ਨੇ ਕਿਹਾ ਕਿ ਤੂੰ ਹੁਣ ਅੱਗੇ ਪੜ੍ਹ ਕੇ ਕੀ ਕਰਨਾ। ਪਰ ਮੈਂ ਪੜ੍ਹਨਾ ਚਾਹੁੰਦੀ ਸੀ। ਇਸ ਲਈ ਮਨਜੀਤ ਜੀ ਮੈਨੂੰ ਦੇਹਰਾਦੂਨ ਛੱਡ ਆਏ। ਉਸ ਥਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਮੁੜ ਜਿਉਣਾ ਸ਼ੁਰੂ ਕਰ ਦਿੱਤਾ।”

“ਉਸ ਸਕੂਲ ਵਿੱਚ ਮੈਂ ਆਪਣੇ ਵਰਗੇ ਹੋਰ ਲੋਕਾਂ ਨੂੰ ਮਿਲੀ ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ। ਉੱਥੇ ਮੈਂ ਬਿਨ੍ਹਾਂ ਅੱਖਾਂ ਦੀ ਰੌਸ਼ਨੀ ਤੋਂ ਮੋਬਾਈਲ ਚਲਾਉਣਾ ਸਿੱਖਿਆ, ਕੰਪਿਊਟਰ ਕੋਰਸ ਕੀਤਾ, ਬ੍ਰੇਲਲਿਪੀ ਸਿੱਖੀ ਅਤੇ ਪ੍ਰਾਈਵੇਟ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ। ਹੋਰ ਬੱਚਿਆਂ ਨਾਲ ਮਿਲ ਕੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਨ ਲੱਗੀ। ਲਗਾਤਾਰ ਮਿਹਨਤ ਕਰਨ ਤੋਂ ਬਾਅਦ 2018 ‘ਚ ਮੈਂ ਬੈਂਕ ਵਿੱਚ ਨੌਕਰੀ ਹਾਸਲ ਕਰਨ ‘ਚ ਕਾਮਯਾਬ ਹੋਈ।”

ਨੌਕਰੀ ਮਿਲਣ ਦੇ ਕੁਝ ਸਾਲ ਤੱਕ ਰੂਬੀ ਨੇ ਦਿੱਲੀ ਵਿੱਚ ਕੰਮ ਕੀਤਾ ਪਰ ਹੁਣ ਉਹਨਾਂ ਦਾ ਤਬਾਦਲਾ ਹਰਿਆਣਾ ਵਿੱਚ ਹੋ ਗਿਆ ਹੈ।

ਰੇਡੀਓ ਨੇ ਕਿਵੇਂ ਵਧਾਇਆ ਰੂਬੀ ਦਾ ਹੌਸਲਾ ?

ਰੂਬੀ ਦੱਸਦੇ ਹਨ ਕਿ ਸਾਲ 2015 ਵਿੱਚ ਪੱਤਰਕਾਰ ਮਨਜੀਤ ਸਿੰਘ ਅਤੇ ਉਹਨਾਂ ਦੇ ਦੋਸਤ ਹਰਪ੍ਰੀਤ ਸਿੰਘ ਦੀ ਮਦਦ ਸਦਕਾ ਉਨ੍ਹਾਂ ਦਾ ਰੇਡੀਓ ਦੀ ਦੁਨੀਆ ਨਾਲ ਰਾਬਤਾ ਕਾਇਮ ਹੋਇਆ। ਆਸਟ੍ਰੇਲੀਆ ਦੇ ਇੱਕ ਰੇਡੀਓ ਚੈਨਲ ਜ਼ਰੀਏ ਉਨ੍ਹਾਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਸ਼ੁਰੂ ਕੀਤੀ। ਇੱਥੇ ਬਤੌਰ ਪੇਸ਼ਕਰਤਾ ਉਹ ਇੱਕ ਹਫ਼ਤਾਵਾਰੀ ਪ੍ਰੋਗਰਾਮ ਕਰਦੇ ਸਨ।

ਪ੍ਰੋਗਰਾਮ ਦੀ ਰਿਕਾਰਡਿੰਗ ਰੂਬੀ ਦੇ ਘਰ ਵਿੱਚ ਹੀ ਹੁੰਦੀ ਸੀ। ਰਿਕਾਰਡਿੰਗ ਦਾ ਸਾਰਾ ਸੈੱਟਅਪ ਰੂਬੀ ਦੇ ਘਰ ਵਿੱਚ ਹੀ ਲਗਾਇਆ ਗਿਆ ਸੀ।

ਰੂਬੀ ਦੱਸਦੇ ਹਨ. “ਰੇਡੀਓ ‘ਤੇ ਕੰਮ ਕਰਨ ਨਾਲ ਮੈਂ ਹੋਰ ਜ਼ਿਆਦਾ ਵਿਸ਼ਵਾਸ ਨਾਲ ਭਰ ਗਈ। ਲੋਕਾਂ ਨੂੰ ਆਪਣੀ ਆਵਾਜ਼ ਸੁਣਾਉਣੀ ਉਹਨਾਂ ਨਾਲ ਗੱਲ ਕਰਨੀ, ਇਹ ਮੇਰੀ ਜ਼ਿੰਦਗੀ ਦਾ ਬਹੁਤ ਸੋਹਣਾ ਤਜਰਬਾ ਸੀ।”

ਰੂਬੀ ਨੂੰ ਕਿਵੇਂ ਮਿਲਿਆ ਹਮਸਫ਼ਰ?

ਇੰਦਰਜੀਤ ਕੌਰ ਰੂਬੀ ਆਪਣੇ ਪਤੀ ਲੋਕੇਸ਼ ਦੇ ਨਾਲ

ਸਾਲ 2023 ਵਿੱਚ ਇੰਦਰਜੀਤ ਰੂਬੀ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਲੋਕੇਸ਼ ਨਾਲ ਹੋਇਆ। ਆਪਣੀ ਪਿਆਰ ਭਰੀ ਕਹਾਣੀ ਸੁਣਾਉਣ ਵੇਲੇ ਰੂਬੀ ਖਿੜਖਿੜਾ ਕੇ ਹੱਸ ਪੈਂਦੇ ਹਨ।

ਉਹ ਕਹਿੰਦੇ ਹਨ, “ਇਹ ਕਿੱਸਾ ਬਹੁਤ ਪੁਰਾਣਾ ਹੈ। 2017 ਵਿੱਚ ਮੈਨੂੰ ਲੋਕੇਸ਼ ਨੇ ਫੋਨ ਉੱਤੇ ਕਾਲ ਕਰਕੇ ਕਿਹਾ, “ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ (ਇਹ ਸ਼ਬਦ ਹਿੰਦੀ ਭਾਸ਼ਾ ਵਿੱਚ ਕਹੇ ਗਏ ਸਨ)। ਪਰ ਮੈਂ ਉਹਨਾਂ ਨੂੰ ਬਲਾਕ ਕਰ ਦਿੱਤਾ।”

ਰੂਬੀ ਦੱਸਦੇ ਹਨ, “ਲੋਕੇਸ਼ ਮੈਨੂੰ ਵਾਰ-ਵਾਰ ਕਾਲ ਕਰਦੇ ਸਨ। ਮੈਂ ਉਹਨਾਂ ਨੂੰ ਦੱਸਦੀ ਸੀ ਕਿ ਮੇਰੇ ਨਾਲ ਕੀ ਹੋਇਆ ਹੈ ਅਤੇ ਅੱਗੋਂ ਉਹ ਕਹਿੰਦੇ ਕਿ ਉਹ ਮੈਨੂੰ ਟੀਵੀ ਉੱਤੇ ਬਹੁਤ ਵਾਰ ਦੇਖ ਚੁੱਕੇ ਹਨ। ਸਾਲ 2022 ਤੱਕ ਉਹ ਮੈਨੂੰ ਕਦੇ ਕਿਸੇ ਫੋਨ ਤੋਂ ਤਾਂ ਕਦੇ ਕਿਸੇ ਫੋਨ ਤੋਂ ਕਾਲ ਕਰਦੇ ਰਹੇ। ਪਰ ਬਾਅਦ ਵਿੱਚ ਲੋਕੇਸ਼ ਦੀ ਇਮਾਨਦਾਰੀ ਦੇਖ ਕੇ ਮੈਂ ਆਖਿਰ ਵਿਆਹ ਲਈ ਹਾਂ ਕਰ ਦਿੱਤੀ। ਅਤੇ 2023 ਵਿੱਚ ਅਸੀਂ ਵਿਆਹ ਕਰਵਾ ਲਿਆ।”

ਇੰਦਰਜੀਤ ਕੌਰ ਰੂਬੀ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾ ਰਹੇ ਹਨ

ਇੰਦਰਜੀਤ ਰੂਬੀ ਦੇ ਪਤੀ ਲੋਕੇਸ਼ ਵੀ ਥੋੜ੍ਹਾ ਮੁਸਕੁਰਾਉਂਦੇ ਹੋਏ ਕਹਿੰਦੇ ਹਨ, “ਮੈਂ ਹਮੇਸ਼ਾ ਇਹੀ ਸੋਚਦਾ ਕਿ ਕਿਸੇ ਕੁੜੀ ਨਾਲ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਮੈਂ ਰੂਬੀ ਦੇ ਸੰਘਰਸ਼ ਨੂੰ ਦੇਖਦਾ ਸੀ ਅਤੇ ਇਸ ਕਰਕੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।”

ਰੂਬੀ ਕਹਿੰਦੇ ਹਨ, “ਹੁਣ ਮੈਨੂੰ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ, ਇੰਨਾ ਸੰਘਰਸ਼ ਕਰਨ ਤੋਂ ਬਾਅਦ ਵੀ ਮੈਂ ਇਸ ਦੁਨੀਆ ‘ਤੇ ਹਾਂ ਅਤੇ ਖੁਦ ਆਪਣੇ ਪੈਰਾਂ ਉੱਤੇ ਖੜ੍ਹੀ ਹਾਂ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ। ਇਸ ਲਈ ਮੈਂ ਬਹੁਤ ਖੁਸ਼ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI