Home ਰਾਸ਼ਟਰੀ ਖ਼ਬਰਾਂ ਦੁਨੀਆਂ ਵਿੱਚ ਅਮੀਰ ਹੋਣ ਦੇ ਲਈ ਹੁਣ ਨੌਜਵਾਨਾਂ ਲਈ ਇਹ ਤਰੀਕਾ ਕੰਮ...

ਦੁਨੀਆਂ ਵਿੱਚ ਅਮੀਰ ਹੋਣ ਦੇ ਲਈ ਹੁਣ ਨੌਜਵਾਨਾਂ ਲਈ ਇਹ ਤਰੀਕਾ ਕੰਮ ਆ ਰਿਹਾ ਹੈ

11
0

Source :- BBC PUNJABI

ਭਾਰਤੀ ਮੂਲ ਦਾ ਪਰਿਵਾਰ

ਤਸਵੀਰ ਸਰੋਤ, Getty Images

ਬ੍ਰਿਟਿਸ਼ ਇਤਿਹਾਸਕਾਰ ਐਲੀਜ਼ਾ ਫ਼ਿਲਬੀ ਕਹਿੰਦੇ ਹਨ ਕਿ ਜਦੋਂ ਵੀ ਉਹ ਕਿਸੇ ਕੰਪਨੀ ਵੱਲੋਂ ਸੰਬੋਧਨ ਲਈ ਸੱਦੇ ’ਤੇ ਜਾਂਦੇ ਹਨ ਤਾਂ ਅਕਸਰ ਇੱਕ ਅਹਿਮ ਗੱਲ ਕੰਪਨੀ ਦੇ ਮਾਲਕਾਂ ਨੂੰ ਸਮਝਾਉਣ ‘ਤੇ ਜ਼ੋਰ ਦਿੰਦੇ ਹਨ ਕਿ ਅੱਜ-ਕੱਲ੍ਹ ਦਫ਼ਤਰੀ ਕੰਮਕਾਜ ਦਾ ਮਾਹੌਲ ਸਮਝਣ ਲਈ ਕਿਹੜੇ ਨੁਕਤੇ ਜ਼ਰੂਰੀ ਹਨ?

“ਕੀ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੇ 45 ਸਾਲ ਤੋਂ ਘੱਟ ਉਮਰ ਵਾਲੇ ਕਰਮਚਾਰੀ ਹੁਣ ਘਰ ਖਰੀਦਣ ਲਈ ਆਪਣੇ ਬੌਸ ਨਾਲ ਵਫ਼ਾਦਾਰੀ ਕਰਨ ਨਾਲੋਂ ਆਪਣੇ ਮਾਪਿਆਂ ਨਾਲ ਵਫ਼ਾਦਾਰੀ ਕਰਨ ‘ਤੇ ਜ਼ਿਆਦਾ ਨਿਰਭਰ ਹਨ?”

ਫ਼ਿਲਬੀ ‘ਇਨਹੈਰੀਟੋਕ੍ਰੇਸੀ: ਇਟਸ ਟਾਈਮ ਟੂ ਟਾਕ ਅਬਾਊਟ ਦਾ ਬੈਂਕ ਆਫ ਮਮ ਐਂਡ ਡੈਡ’ ਦੀ ਲੇਖਿਕਾ ਹਨ, ਜੋ ਕਿ ਯੂਕੇ ‘ਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ‘ਚ ਸ਼ੁਮਾਰ ਹੈ।

ਇਸ ਕਿਤਾਬ ‘ਚ ਉਨ੍ਹਾਂ ਵੱਲੋਂ ਆਪਣੇ ਵਿਸ਼ਲੇਸ਼ਣ ਦਾ ਜ਼ਿਕਰ ਕੀਤਾ ਗਿਆ ਕਿ ਕਿਵੇਂ ਇੱਕ ਖਾਸ ਪੀੜ੍ਹੀ- ‘ਬੇਬੀ ਬੂਮਰਜ਼’ (1946 ਤੋਂ 1964 ਦੇ ਵਿਚਕਾਰ ਪੈਦਾ ਹੋਏ) ਵੱਲੋਂ ਇਕੱਠੀ ਕੀਤੀ ਸੰਪਤੀ ਨੇ ਆਰਥਿਕ ਪ੍ਰਣਾਲੀ ਨੂੰ ਆਕਾਰ ਦਿੱਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਇਸ ਮੁਤਾਬਕ ਢੱਲ ਕੇ ਅੱਗੇ ਕੰਮਕਾਰ ਕਰਨਾ ਪਿਆ।

ਬੀਬੀਸੀ ਪੌਡਕਾਸਟ ਰੈਡੀਕਲ ਦੇ ਹੋਸਟ ਅਮੋਲ ਰਾਜਨ ਨਾਲ ਗੱਲਬਾਤ ਕਰਦਿਆਂ ਲੇਖਿਕਾ ਨੇ ਦੱਸਿਆ ਕਿ ਕਿਤਾਬ ਦਾ ਸਿਰਲੇਖ ‘ਇਨਹੈਰੀਟੋਕ੍ਰੇਸੀ’ ਬਹੁਤ ਸੋਚ-ਵਿਚਾਰ ਕੇ ਦਿੱਤਾ ਗਿਆ।

ਇਹ ‘ਮੈਰੀਟੋਕ੍ਰੇਸੀ’ ਦੇ ਬਿਲਕੁੱਲ ਉਲਟ ਹੈ, ਜਿਸਦਾ ਅਰਥ ਹੈ ਸਖ਼ਤ ਮਿਹਨਤ ਤੁਹਾਨੂੰ ਕਾਮਯਾਬੀ ਅਤੇ ਚੰਗੇ ਮੌਕਿਆਂ ਵੱਲ ਲੈ ਕੇ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਸਮਾਜ ਸਾਨੂੰ ਵਿਰਾਸਤ ’ਚ ਮਿਲਿਆ ਉਹ ਇਸ ਗੱਲ ‘ਤੇ ਆਧਾਰਿਤ ਨਹੀਂ ਕਿ ਤੁਸੀਂ ਕੀ ਕਮਾਉਂਦੇ ਹੋ ਜਾਂ ਕੀ ਸਿੱਖਦੇ ਹੋ ਸਗੋਂ ਮਾਤਾ-ਪਿਤਾ ਦੀ ਸੰਪਤੀ ’ਚ ਤੁਹਾਡਾ ਕਿੰਨਾ ਅਧਿਕਾਰ ਹੈ ਇਹ ਤੈਅ ਕਰਦਾ ਹੈ ਕਿ ਤੁਹਾਨੂੰ ਕੀ ਮੌਕੇ ਮਿਲਣਗੇ, ਭਵਿੱਖ ‘ਚ ਤੁਸੀਂ ਵਿੱਤੀ ਤੌਰ ‘ਤੇ ਕਿੰਨੇ ਸੁਰੱਖਿਅਤ ਹੋ ਅਤੇ ਕੰਮਕਾਜੀ ਜੀਵਨ ‘ਚ ਤੁਹਾਨੂੰ ਕੀ ਮੌਕੇ ਮਿਲਣਗੇ।

ਮੈਰੀਟੋਕ੍ਰੇਸੀ ਦਾ ਅਰਥ

ਤਸਵੀਰ ਸਰੋਤ, Getty Images

ਫ਼ਿਲਬੀ ਦਾ ਕਹਿਣਾ ਹੈ ਕਿ ਇਹ ਰੁਝਾਨ ਜਨਰੇਸ਼ਨ ਐਕਸ (1965–1980), ਮਿਲੇਨੀਅਲਜ਼ (1981–1996) ਅਤੇ ਭਵਿੱਖ ਵਿੱਚ ਜਨਰੇਸ਼ਨ ਜ਼ੀ (1997–2012) ਅਤੇ ਜਨਰੇਸ਼ਨ ਅਲਫ਼ਾ (2013–2024) ‘ਤੇ ਵੀ ਡੂੰਘਾ ਅਸਰ ਪਾ ਸਕਦਾ ਹੈ।

ਫ਼ਿਲਬੀ ਦੱਸਦੇ ਹਨ ਕਿ “ਮੈਰੀਟੋਕ੍ਰੇਸੀ” ਸ਼ਬਦ ਦਾ ਇਜਾਦ ਇੱਕ ਚਿਤਾਵਨੀ ਵਜੋਂ ਹੋਇਆ ਸੀ। ਇਹ ਸ਼ਬਦ 1958 ਵਿੱਚ ਬ੍ਰਿਟਿਸ਼ ਸਮਾਜਸ਼ਾਸਤਰੀ ਮਾਈਕਲ ਯੰਗ ਨੇ ਤਨਜ਼ ਵਜੋਂ ਘੜਿਆ ਸੀ।

ਆਪਣੀ ਕਿਤਾਬ ‘ਦਿ ਰਾਈਜ਼ ਆਫ ਮੈਰੀਟੋਕ੍ਰੇਸੀ ‘ਚ ਯੰਗ ਨੇ ਇੱਕ ਅਜਿਹੇ ਸਮਾਜ ਦੀ ਵਿਆਖਿਆ ਕੀਤੀ ਜਿਸ ‘ਚ ਮਿਹਨਤ ਤੇ ਯੋਗਤਾ ਨਾਲ ਹਾਸਲ ਕੀਤੀ ਕਾਮਯਾਬੀ ਨੂੰ ਨੈਤਿਕ ਤੌਰ ‘ਤੇ ਸਹੀ ਠਹਿਰਾਇਆ ਜਾਂਦਾ ਅਤੇ ਅਸਫਲਤਾ ਦਾ ਸਾਰਾ ਦੋਸ਼ ਵਿਅਕਤੀ ‘ਤੇ ਪਾ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਇਸ ਤਨਜ਼ ਦਾ ਅਰਥ ਖਤਮ ਹੋ ਗਿਆ ਅਤੇ ਇਹ ਸ਼ਬਦ ਤਾਰੀਫ਼ ਵਜੋਂ ਵਰਤਿਆ ਜਾਣ ਲੱਗਾ।

ਫ਼ਿਲਬੀ ਦੇ ਅਨੁਸਾਰ, ਇਹ ਗਲਤਫ਼ਹਮੀ ਅੱਜ ਦੀ ਪੀੜ੍ਹੀ ਦੀ ਨਿਰਾਸ਼ਾ ਨੂੰ ਸਮਝਣ ‘ਚ ਸਹਾਈ ਹੋਵੇਗੀ।

ਉਹ ਕਹਿੰਦੇ ਨੇ, ‘ਸਖਤ ਮਿਹਨਤ ਨਾਲ ਹੀ ਚੰਗੇ ਨਤੀਜੇ ਮਿਲਦੇ ਹਨ, ਇਹ ਕਿਸੇ ਵੀ ਲੋਕਤੰਤਰ ਦੀ ਬੁਨਿਆਦ ਹੈ’ ਪਰ ਸਮੱਸਿਆ ਇਹ ਹੈ ਕਿ ਅਸੀਂ ਯੋਗਤਾ ਨੂੰ ਸਿਰਫ਼ ਇਮਤਿਹਾਨ ਪਾਸ ਕਰਨ, ਡਿਗਰੀਆਂ ਇਕੱਠੀਆਂ ਕਰਨ ਅਤੇ ਇੱਕੋ ਵਿੱਦਿਅਕ ਮਾਰਗ ‘ਤੇ ਚੱਲਣ ਤੱਕ ਸੀਮਿਤ ਕਰ ਦਿੱਤਾ ਹੈ।”

ਗਰੁੱਪ

ਤਸਵੀਰ ਸਰੋਤ, Getty Images

ਵਧੇ ਹੋਏ ਮਾਲੀਏ ਦੇ ਨਾਲ, ਸਰਕਾਰਾਂ ਨੇ ਪੇਂਡੂ ਜਾਂ ਮਜ਼ਦੂਰ-ਸ਼੍ਰੇਣੀ ਦੇ ਪਿਛੋਕੜ ਵਾਲੇ ਨੌਜਵਾਨਾਂ ਨੂੰ ਲੋਕਤੰਤਰਿਕ ਮੌਕੇ ਦੇਣ ਦੇ ਰਾਹ ਲੱਭੇ ਅਤੇ ਉੱਚ ਸਿੱਖਿਆ ਨੂੰ ਇਸਦਾ ਆਧਾਰ ਬਣਾਇਆ।

ਫਿਲਬੀ ਮੰਨਦੇ ਨੇ ਕਿ ਇਸ ਪਿੱਛੇ ਇਰਾਦਾ ਚੰਗਾ ਸੀ। ਸੱਭਿਆਚਾਰਕ ਅਤੇ ਸਮਾਜਿਕ ਹਾਲਾਤਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਲੋਕਾਂ ਨੂੰ ਪੜ੍ਹਨ ਲਈ ਯੂਨੀਵਰਸਿਟੀ ਭੇਜਣ ਦੇ ਰਾਹ ਖੋਲ੍ਹਣਾ ਲਾਭਕਾਰੀ ਸਾਬਤ ਹੋਇਆ।

1990 ਦੇ ਦਹਾਕੇ ਤੋਂ ਬਾਅਦ ਸਫਲਤਾ ਦਾ ਇੱਕ ਹੀ ਨੈਰੇਟਿਵ ਬਣ ਗਿਆ, ਪੜ੍ਹਾਈ ਕਰੋ, ਯੂਨੀਵਰਸਿਟੀ ਜਾਓ, ਡਿਗਰੀ ਲਓ ਅਤੇ ਸਥਿਰ ਨੌਕਰੀ ਹਾਸਲ ਕਰੋ ਪਰ ਇਹ ਪ੍ਰਣਾਲੀ ਹਰ ਉਸ ਵਿਅਕਤੀ ਦੀ ਕਾਮਯਾਬੀ ਯਕੀਨੀ ਨਹੀਂ ਬਣਾ ਸਕੀ ਜਿਸ ਨੇ ਯੂਨੀਵਰਸਿਟੀ ‘ਚ ਦਾਖਲਾ ਲਿਆ ਸੀ। ਨਤੀਜਾ ਇਹ ਨਿਕਲਿਆ ਕਿ ਕਈ ਨੌਜਵਾਨ ਕਰਜ਼ੇ ਵਿੱਚ ਡੁੱਬ ਗਏ, ਪਰ ਸਥਿਰਤਾ ਦੀ ਗਾਰੰਟੀ ਨਹੀਂ ਮਿਲੀ।

ਬਹੁਤ ਸਾਰੇ ਨੌਜਵਾਨਾਂ ਲਈ, ਯੂਨੀਵਰਸਿਟੀ ਨਾ ਜਾਣਾ ਹੁਣ ਇੱਕ ਜਾਇਜ਼ ਬਦਲ ਨਹੀਂ ਰਿਹਾ ਅਤੇ ਜਿਹੜੇ ਗਏ ਸਨ, ਉਨ੍ਹਾਂ ਲਈ ਯੂਨੀਵਰਸਿਟੀ ਦੀ ਡਿਗਰੀ ਦਾ ਵਿੱਤੀ ਮੁੱਲ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਇਸਨੂੰ ਪ੍ਰਾਪਤ ਕਰਨ ਦੀ ਲਾਗਤ ਅਸਮਾਨ ਛੂਹ ਰਹੀ ਸੀ।

ਬਹੁਤੇ ਮਾਮਲਿਆਂ ਵਿੱਚ, ਸਭ ਤੋਂ ਵੱਧ ਪ੍ਰਭਾਵਿਤ ਨੌਜਵਾਨ ਅਜਿਹੇ ਸਨ ਜੋ ਬਹੁਤ ਸਧਾਰਨ ਪਿਛੋਕੜ ਵਾਲੇ ਸਨ ਅਤੇ ਆਪਣੇ ਪਰਿਵਾਰ ਦੀ ਮਦਦ ਲਈ ਵਧੇਰੇ ਪੈਸਾ ਕਮਾਉਣ ਦੀ ਇੱਛਾ ਰੱਖਦੇ ਸਨ।

“ਮਮ ਐਂਡ ਡੈਡ ਦਾ ਬੈਂਕ”

ਦੋ ਵਿਅਕਤੀ

ਤਸਵੀਰ ਸਰੋਤ, Getty Images

ਫਿਲਬੀ ਦੇ ਅਨੁਸਾਰ, ਇਹ ਸਿਸਟਮ ਨਾ ਸਿਰਫ਼ ਆਰਥਿਕ ਕਾਰਨਾਂ ਕਰਕੇ, ਸਗੋਂ ਲਚਕੀਲੇਪਨ ਦੀ ਘਾਟ ਹੋਣ ਕਾਰਨ ਵੀ ਅਸਫਲ ਰਿਹਾ। ਇਹ ਸਿਸਟਮ 19ਵੀਂ ਸਦੀ ਦੇ ਉਨ੍ਹਾਂ ਸੀਮਤ ਵਿਚਾਰਾਂ ‘ਤੇ ਆਧਾਰਿਤ ਸੀ ਜੋ ਉਸ ਸਮੇਂ ਪਨਪੇ ਜਦੋਂ ਅਰਥਚਾਰਾ ਅਤੇ ਤਕਨੀਕ ਵੱਡੇ ਪੱਧਰ ‘ਤੇ ਸੁਧਾਰ ਦੀ ਪ੍ਰਕਿਰਿਆ ’ਚੋਂ ਲੰਘ ਰਹੇ ਸਨ। ਲੇਖਿਕਾ ਕਹਿੰਦੇ ਨੇ ਲਚਕੀਲੇਪਨ ਦੀ ਇਹ ਘਾਟ ਉਦੋਂ ਸਮੱਸਿਆ ਹੋਰ ਵਧਾ ਦਿੰਦੀ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਦਫ਼ਤਰੀ ਨੌਕਰੀਆਂ ‘ਤੇ ਵੀ ਸੰਕਟ ਆ ਖੜ੍ਹਿਆ।

“ਦਹਾਕਿਆਂ ਤੋਂ, ਕੰਪਨੀਆਂ ਯੂਨੀਵਰਸਿਟੀਆਂ ਨੂੰ ਸਿਖਲਾਈ ਆਊਟਸੋਰਸ ਕਰਦੀਆਂ ਸਨ। ਪਹਿਲਾਂ, ਲੋਕ ਨੌਕਰੀ ‘ਤੇ ਸਿੱਖਦੇ ਸਨ; ਪਰ ਅੱਜ ਕੱਲ੍ਹ ਕੰਪਨੀਆਂ ‘ਤਿਆਰ’ ਕਰਮਚਾਰੀਆਂ ਦੀ ਉਮੀਦ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਵਿੱਚ ਬਹੁਤ ਘੱਟ ਨਿਵੇਸ਼ ਕਰਦੀਆਂ ਹਨ।”

ਫ਼ਿਲਬੀ ਕਹਿੰਦੇ ਨੇ ਕਿ ਮੌਜੂਦਾ ਹਾਲਾਤਾਂ ਵਿੱਚ ਨੌਕਰੀ ਨਾਲੋਂ ਵੱਧ “ਮਮ ਐਂਡ ਡੈਡ ਦਾ ਬੈਂਕ” ਸਥਿਰਤਾ ਦਾ ਵੱਧ ਸਰੋਤ ਬਣ ਗਿਆ ਹੈ ਅਤੇ ਇਸ ਨਾਲ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਬਦਲਾਅ ਆ ਰਿਹਾ ਅਤੇ ਜ਼ਿਆਦਾਤਰ ਮਾਮਲਿਆਂ ‘ਚ ਜੋ ਹੋ ਰਿਹਾ ਉਹ ਲਾਲਚ ਜਾਂ ਨੌਜਵਾਨ ਪੀੜ੍ਹੀ ਦੀ ਲਾਪਰਵਾਹੀ ਨਹੀਂ ਸਗੋਂ ਹਾਲਾਤ ਮੁਤਾਬਕ ਢੱਲਣਾ ਹੈ।

ਆਪਣੇ ਬੱਚਿਆਂ ਦੀ ਮਦਦ ਲਈ ਪਰਿਵਾਰ ਅੱਗੇ ਆ ਰਹੇ ਨੇ ਕਿਉਂਕਿ ਮੁਲਕਾਂ ਜਾਂ ਸੂਬਿਆਂ ਨੇ ਆਪਣੇ ਪੈਰ ਪਿਛਾਂਹ ਖਿੱਚ ਲਏ ਨੇ।

ਵਿਰਾਸਤੀ ਸਮਾਜ

ਲੜਕਾ ਤੇ ਲੜਕੀ

ਤਸਵੀਰ ਸਰੋਤ, Getty Images

2008 ਦੀ ਵਿੱਤੀ ਮੰਦਹਾਲੀ ਤੋਂ ਬਾਅਦ ਬਾਲਗ ਜੀਵਨ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਹਾਲਾਤ ਬਦਲ ਗਏ। ਕੁਝ ਚੀਜ਼ਾਂ ਜਿਵੇਂ ਤਕਨੀਕ, ਟਰੈਵਲ ਅਤੇ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਲਗਜ਼ਰੀ ਚੀਜ਼ਾਂ ਤਾਂ ਸਸਤੀਆਂ ਹੋਈਆਂ ਪਰ ਘਰ, ਸਿੱਖਿਆ, ਬੱਚਿਆਂ ਦੀ ਦੇਖਭਾਲ ਅਤੇ ਕੁਝ ਮੁਲਕਾਂ ‘ਚ ਸਿਹਤ ਸੰਭਾਲ ਮਹਿੰਗੀ ਹੋ ਗਈ। ਇਸ ਸਥਿਤੀ ਵਿੱਚ ਕਈ ਨੌਜਵਾਨ ਮਾਪਿਆਂ ਦੀ ਮਦਦ ‘ਤੇ ਨਿਰਭਰ ਹੋਏ—ਚਾਹੇ ਉਹ ਘਰ ਵਿੱਚ ਰਹਿਣ ਲਈ ਥਾਂ ਹੋਵੇ, ਖਾਣ-ਪੀਣ ਦੀ ਸਹਾਇਤਾ ਹੋਵੇ ਜਾਂ ਮੋਰਟਗੇਜ ਲਈ ਪੈਸਾ।

ਲੇਖਿਕਾ ਦੱਸਦੇ ਨੇ ਕਿ ਮਮ ਐਂਡ ਡੈਂਡ ਬੈਂਕ ਦਾ ਕੰਸੈਪਟ ਸਿਰਫ ਅਮੀਰ ਮੱਧ ਵਰਗ ਲਈ ਹੀ ਵੈਧ ਨਹੀਂ ਸਗੋਂ ਵਰਕਿੰਗ ਕਲਾਸ ਤੋਂ ਆਉਣ ਵਾਲੇ ਨੌਜਵਾਨ ਵੀ 30 ਸਾਲ ਦੀ ਉਮਰ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਹੀ ਰਹਿ ਰਹੇ ਹਨ। ਅਜਿਹੇ ਮਾਮਲਿਆਂ ‘ਚ ਪਰਿਵਾਰ ਮੋਰਟਗੇਜ਼ ਭਰਨ ‘ਚ ਨਹੀਂ ਸਗੋਂ ਛੱਤ, ਭੋਜਨ ਅਤੇ ਦੇਖਭਾਲ ਕਰਨ ‘ਚ ਮਦਦ ਕਰਦਾ ਹੈ।

ਫਿਲਬੀ ਦੱਸਦੇ ਨੇ ਕਿ ਪਰਿਵਾਰਕ ਏਕਤਾ ਹਰੇਕ ਆਮਦਨ ਪੱਧਰ ‘ਤੇ ਵਧੀ ਹੈ। ਦਾਦਾ-ਦਾਦੀ ਪੋਤੇ-ਪੋਤੀਆਂ ਦੀ ਦੇਖਭਾਲ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਕੰਮ ਕਰ ਸਕਣ।

ਮਾਪੇ ਬਾਲਗ ਬੱਚਿਆਂ ਦੀ ਮੇਜ਼ਬਾਨੀ ਕਰ ਰਹੇ ਹਨ ਤਾਂ ਜੋ ਉਹ ਪੈਸੇ ਬਚਾ ਸਕਣ। ਪਰਿਵਾਰ ਅੱਜ ਕੱਲ੍ਹ ਦੇ ਨਾਜ਼ੁਕ ਦੌਰ ‘ਚ ਇੱਕ ਸੁਰੱਖਿਆ ਜਾਲ ਵੱਲੋਂ ਕੰਮ ਕਰ ਰਹੇ ਨੇ ਪਰ ਸਮੱਸਿਆ ਇਹ ਹੈ ਕਿ ਹਰੇਕ ਪਰਿਵਾਰ ਅਜਿਹਾ ਨਹੀਂ ਕਰ ਸਕਦਾ।

ਔਰਤ ਤੇ ਵਿਅਕਤੀ

ਤਸਵੀਰ ਸਰੋਤ, Getty Images

ਲੇਖਿਕਾ ਕਹਿੰਦੇ ਨੇ ਇੱਕ ਸਮਾਜ, ਜਿੱਥੇ ਸਥਿਰਤਾ ਪਰਿਵਾਰ ‘ਤੇ ਨਿਰਭਰ ਕਰਦੀ ਹੈ, ਉੱਥੇ ਜਨਮ ਹੀ ਕਿਸਮਤ ਬਣ ਜਾਂਦਾ ਹੈ। ਤਲਾਕ, ਮਿਸ਼ਰਿਤ ਪਰਿਵਾਰ, ਪਰਿਵਾਰਕ ਟਕਰਾਅ ਜਾਂ ਸਿਰਫ਼ ਢਾਂਚਾਗਤ ਗਰੀਬੀ ਕਾਫੀ ਨੁਕਸਾਨਦਾਇਕ ਬਣ ਜਾਂਦੇ ਹਨ।

ਨਤੀਜਾ ਇਹ ਕਿ ਅਜਿਹੀ ਆਰਥਿਕਤਾ ਤਿਆਰ ਹੋ ਰਹੀ ਹੈ ਜਿੱਥੇ ਪਰਿਵਾਰ ਨਾਲ ਨਿਭਾਉਣਾ ਮਾਲਕ ਪ੍ਰਤੀ ਵਫ਼ਾਦਾਰੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਜਿੱਥੇ ਦੌਲਤ ਮਜ਼ਦੂਰੀ ਜਾਂ ਨੌਕਰੀ ਰਾਹੀਂ ਨਹੀਂ ਸਗੋਂ ਵਿਰਾਸਤੀ ਸੰਪਤੀ ‘ਤੇ ਨਿਰਭਰ ਕਰਦੀ ਹੈ ਅਤੇ ਜਿੱਥੇ ਕੰਮ, ਇੱਥੋਂ ਤੱਕ ਕਿ ਚੰਗੀ ਤਨਖਾਹ ਦੇਣ ਵਾਲਾ ਕੰਮ ਵੀ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਦੀ ਗਾਰੰਟੀ ਨਹੀਂ ਦੇ ਪਾ ਰਿਹਾ।

ਫ਼ਿਲਬੀ ਕਹਿੰਦੇ ਨੇ ਕਿ ਵਿਰਾਸਤੀ ਪ੍ਰਣਾਲੀ ਸਿਰਫ਼ ਪੈਸੇ ਤੱਕ ਸੀਮਿਤ ਨਹੀਂ। ਇਹ ਲੋਕਾਂ ਦੇ ਜੀਵਨ ਸਾਥੀ ਚੁਣਨ ਅਤੇ ਭਵਿੱਖ ਦੀ ਯੋਜਨਾ ਬਣਾਉਣ ਦੇ ਢੰਗ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।

ਅੱਜਕੱਲ੍ਹ ਵਿੱਤੀ ਅਨੁਕੂਲਤਾ ਰਿਸ਼ਤਿਆਂ ਵਿੱਚ ਇੱਕ ਵੱਡਾ ਕਾਰਕ ਬਣ ਚੁੱਕੀ ਹੈ। ਦੋ ਅਜਿਹੇ ਲੋਕ ਜਿਨ੍ਹਾਂ ਦਾ ਵਿਰਾਸਤੀ ਦੌਲਤ ‘ਚ ਹਿੱਸਾ ਹੈ ਅਕਸਰ ਇਕੱਠੇ ਹੋ ਜਾਂਦੇ ਹਨ। 20ਵੀਂ ਸਦੀ ਦੌਰਾਨ ਜ਼ਿਆਦਾਤਰ ਔਰਤਾਂ ਵਿਆਹ ਤੋਂ ਬਾਅਦ ਹੀ ਇੱਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਸਨ ਅਤੇ ਸਮਾਜਿਕ ਤੌਰ ‘ਤੇ ਵਿਚਰਦੀਆਂ ਸਨ ਪਰ ਅੱਜ ਇਸ ਪੈਟਰਨ ‘ਚ ਕਾਫੀ ਤਬਦੀਲੀ ਆਈ ਹੈ।

ਫਿਲਬੀ ਦੱਸਦੇ ਨੇ ਕਿ ਸ਼ੁਰੂਆਤ ‘ਚ ਯੂਨੀਵਰਸਿਟੀ ਗ੍ਰੈਜੂਏਟ ਇੱਕ-ਦੂਜੇ ਨੂੰ ਜੀਵਨ ਸਾਥੀ ਵਜੋਂ ਚੁਣਨਾ ਪਸੰਦ ਕਰਦੇ ਸਨ ਪਰ 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹ ਵੇਖਿਆ ਜਾਣ ਲੱਗਾ ਕਿ ਜਿਸ ਨੂੰ ਜੀਵਨ ਸਾਥੀ ਵਜੋਂ ਚੁਣਿਆ ਜਾਣਾ ਹੈ, ਉਸਦਾ ਵਿਰਾਸਤੀ ਦੌਲਤ ‘ਚ ਕਿੰਨਾ ਹਿੱਸਾ ਹੈ।

ਇੱਕ ਔਰਤ, ਬਜ਼ੁਰਗ ਔਰਤ ਤੇ ਬੱਚੀ

ਤਸਵੀਰ ਸਰੋਤ, Getty Images

ਲੇਖਿਕਾ ਵੱਲੋਂ ਕੁਝ ਸਰਵੇਖਣਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਜੈਨੇਰੇਸ਼ਨ ਜ਼ੀ ਦੇ ਅੱਧੇ ਤੋਂ ਵੱਧ ਨੌਜਵਾਨ ਇੱਕ ਰਿਸ਼ਤੇ ਵਿੱਚ ਵਿੱਤੀ ਅਨੁਕੂਲਤਾ ਨੂੰ ਇੱਕ ਕੇਂਦਰੀ ਕਾਰਕ ਮੰਨਦੇ ਹਨ ਜੋ ਕਿ ਪਿਛਲੀਆਂ ਪੀੜ੍ਹੀਆਂ ਨਾਲੋਂ ਬਹੁਤ ਜ਼ਿਆਦਾ ਅਨੁਪਾਤ ਹੈ। ਇਹ ਸਥਿਤੀ ਮੱਧ ਵਰਗ ‘ਤੇ ਦਬਾਅ ਕਾਰਨ ਹੋਰ ਵੀ ਵੱਧ ਜਾਂਦੀ ਹੈ।

ਫਿਲਬੀ ਕਹਿੰਦੇ ਨੇ ਕਿ ਬੇਸ਼ੱਕ ਦੌਲਤ ਬਹੁਤ ਜ਼ਿਆਦਾ ਵਧੀ ਹੈ ਪਰ ਜ਼ਿਆਦਾਤਰ ਦੌਲਤ ਪੁਰਾਣੀ ਜੈਨੇਰੇਸ਼ਨ ਦੇ ਕੋਲ ਹੈ। ਇਸਦੇ ਨਾਲ ਹੀ ਜੈਨੇਰੇਸ਼ਨ ਐਕਸ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਅਤੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨ ਵਿਚਾਲੇ ਹੀ ਫਸੀ ਹੋਈ ਹੈ।

ਫਿਲਬੀ ਮੁਤਾਬਕ ਇਸ ਵਰਤਾਰੇ ਕਾਰਨ ਮੌਜੂਦਾ ਪੀੜ੍ਹੀ ਦੀ ਇਹ ਉਮੀਦ ਧੁੰਦਲੀ ਪੈ ਰਹੀ ਹੈ ਕਿ ਮੌਜੂਦਾ ਸਰਕਾਰਾਂ ਉਨ੍ਹਾਂ ਨੂੰ ਇੱਕ ਅਜਿਹਾ ਸਿਸਟਮ ਮੁਹੱਈਆ ਕਰਵਾ ਸਕਣ ਜਿੱਥੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸੁਰੱਖਿਅਤ ਭਵਿੱਖ ਯਕੀਨੀ ਬਣਾਇਆ ਜਾ ਸਕੇ। ਇਹ ਸਥਿਤੀ ਬਿਲਕੁੱਲ 1970 ਦੇ ਦਹਾਕੇ ਵਰਗੀ ਹੈ ਜੋ ਸਮਾਜਿਕ ਇਕਰਾਰਨਾਮੇ ਦੀਆਂ ਨੀਹਾਂ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ।

“ਮੈਂ ਇਹ ਕਿਤਾਬ ਇਸ ਲਈ ਲਿਖੀ ਕਿਉਂਕਿ ਸਾਨੂੰ ਇਸ ਬਾਰੇ ਹੋਰ ਗੱਲ ਕਰਨ ਦੀ ਲੋੜ ਹੈ।”

ਉਨ੍ਹਾਂ ਕਿਹਾ ਕਿ ਇਹ ਮੁੱਦਾ ‘ਨੇਪੋ ਬੇਬੀਜ਼’ ਬਾਰੇ ਨਹੀਂ ਹੈ ਬਲਕਿ ਇਸ ਬਾਰੇ ਹੈ ਕਿ ਅਜੋਕੇ ਸਮੇਂ ‘ਚ ਮੌਕੇ ਕਿਵੇਂ ਵੰਡੇ ਜਾਂਦੇ ਹਨ।”

ਉਹ ਚੇਤਾਵਨੀ ਦਿੰਦੇ ਨੇ ਕਿ ਜੇਕਰ ਸਮਾਜ ਇਹ ਮੰਨਣਾ ਛੱਡ ਦੇਵੇ ਕਿ ਮਿਹਨਤ ਦਾ ਫਲ ਮਿਲਦਾ ਹੈ, ਤਾਂ ਸਿਰਫ਼ ਅਰਥਵਿਵਸਥਾ ਹੀ ਨਹੀਂ, ਸਗੋਂ ਸਮਾਜ ਦੀ ਬੁਨਿਆਦ ਵੀ ਹਿੱਲ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI