Home ਰਾਸ਼ਟਰੀ ਖ਼ਬਰਾਂ ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ ਬਣਾਏ ਕਿਹੜੇ ਰਿਕਾਰਡ ਅਤੇ ਕੌਣ...

ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ ਬਣਾਏ ਕਿਹੜੇ ਰਿਕਾਰਡ ਅਤੇ ਕੌਣ ਹਨ ਇਸ ਟੂਰਨਾਮੈਂਟ ਦੇ 5 ਹੀਰੋ

7
0

Source :- BBC PUNJABI

ਭਾਰਤੀ ਕ੍ਰਿਕਟ ਟੀਮ ਖਿਤਾਬ ਜਿੱਤਣ ਮਗਰੋਂ ਟਰਾਫੀ ਨਾਲ ਜਸ਼ਨ ਮਨਾਉਂਦੀ ਹੋਈ

ਤਸਵੀਰ ਸਰੋਤ, Getty Images

ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਹਰਾ ਕੇ ਟੀ-20 ਵਿਸ਼ਵ ਕੱਪ ਦੇ ਖਿਤਾਬ ‘ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਟੀਮ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਰਹੀ ਹੈ।

ਭਾਰਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 255 ਦੌੜਾਂ ਬਣਾਈਆਂ ਸਨ।

ਇਸ ਟੀਚੇ ਦਾ ਪਿੱਛਾ ਕਰਦੀ ਹੋਈ ਨਿਊਜ਼ੀਲੈਂਡ ਦੀ ਟੀਮ 19 ਓਵਰਾਂ ਵਿੱਚ 159 ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਕ੍ਰਿਕਟ ਟੀਮ ਲਈ ਇਹ ਜਿੱਤ ਇਸ ਲਈ ਵੀ ਵੱਡੀ ਮੰਨੀ ਜਾਵੇਗੀ ਕਿਉਂਕਿ ਤਿੰਨ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਤੋਂ ਬਿਨ੍ਹਾਂ ਟੀ-20 ਵਿਸ਼ਵ ਕੱਪ ਖੇਡਣ ਉੱਤਰੀ ਸੀ।

ਇਸ ਰਿਪੋਰਟ ਵਿੱਚ ਗੱਲ ਕਰਾਂਗੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਬਣਾਏ ਗਏ ਰਿਕਾਰਡ ਦੀ ਅਤੇ ਉਹ ਖਿਡਾਰੀ ਜਿਹੜੇ ਭਾਰਤ ਦੀ ਜਿੱਤ ਦੇ ਹੀਰੋ ਰਹੇ।

‘ਹਿਸਟਰੀ ਰਿਪੀਟ, ਹਿਸਟਰੀ ਡੀਫੀਟ’

 ਇਸ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਡੀਫੈਂਡਿੰਗ ਚੈਂਪੀਅਨ ਦੇ ਤੌਰ 'ਤੇ ਉੱਤਰੀ ਸੀ। ਪਰ 8 ਮਾਰਚ ਨੂੰ ਭਾਰਤ ਨੇ ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ।

ਤਸਵੀਰ ਸਰੋਤ, Getty Images

ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਾਫ਼ੀ ਚਰਚਾ ਹੋ ਰਹੀ ਸੀ ਕਿ ਭਾਰਤੀ ਕ੍ਰਿਕਟ ਟੀਮ ਉਹ ਕਰ ਦਿਖਾਵੇਗੀ ਜੋ ਅਜੇ ਤੱਕ ਕੋਈ ਵੀ ਟੀਮ ਨਹੀਂ ਕਰ ਸਕੀ। ਭਾਵ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣਾ।

ਇਸ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਡੀਫੈਂਡਿੰਗ ਚੈਂਪੀਅਨ ਦੇ ਤੌਰ ‘ਤੇ ਉੱਤਰੀ ਸੀ। ਪਰ 8 ਮਾਰਚ ਨੂੰ ਭਾਰਤ ਨੇ ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ।

ਇਹ ਖਿਤਾਬ ਜਿੱਤ ਕੇ ਭਾਰਤ ਨੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਟੀਮ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤ ਸਕੀ।

ਭਾਰਤੀ ਟੀਮ ਤਿੰਨ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਕਿਸੇ ਵੀ ਟੀਮ ਨੇ ਆਪਣੇ ਘਰੇਲੂ ਮੈਦਾਨ ‘ਤੇ ਟੀ-20 ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤਿਆ ਸੀ।

ਪਰ ਭਾਰਤੀ ਟੀਮ ਨੇ ਆਪਣੀ ਧਰਤੀ ‘ਤੇ ਖਿਤਾਬ ਜਿੱਤ ਕੇ ਇਹ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ। ਫਾਈਨਲ ਵਿੱਚ 255 ਦਾ ਸਭ ਤੋਂ ਵੱਡਾ ਟੋਟਲ ਬਣਾਉਣ ਵਾਲੀ ਭਾਰਤ ਪਹਿਲੀ ਟੀਮ ਬਣੀ।

ਭਾਰਤ ਦੇ ਟੌਪ ਤਿੰਨ ਬੱਲੇਬਾਜ਼ਾਂ ਨੇ ਪਹਿਲੀ ਵਾਰ ਅਰਧ ਸੈਂਕੜੇ ਬਣਾਏ। ਪਾਵਰਪਲੇ ਵਿੱਚ ਸਭ ਤੋਂ ਜ਼ਿਆਦਾ ਬਿਨ੍ਹਾਂ ਵਿਕਟ ਗਵਾਏ 92 ਦਾ ਸਕੋਰ ਬਣਾਉਣ ਵਾਲੀ ਵੀ ਭਾਰਤੀ ਟੀਮ ਪਹਿਲੀ ਬਣੀ।

ਹਾਲਾਂਕਿ ਵੈਸਟਇੰਡੀਜ਼ ਨੇ ਵੀ 2024 ਵਿੱਚ 92 ਸਕੋਰ ਬਣਾਏ ਸਨ ਪਰ ਉਨ੍ਹਾਂ ਨੇ ਇੱਕ ਵਿਕਟ ਗਵਾਇਆ ਸੀ। ਭਾਰਤ ਟੀ-20 ਮੁਕਾਬਲੇ ਵਿੱਚ 100 ਤੋਂ ਵੱਧ ਛੱਕੇ ਲਗਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਟੀਮ ਨੇ ਨੌਂ ਮੈਚਾਂ ਵਿੱਚ ਕੁੱਲ 106 ਛੱਕੇ ਲਗਾਏ।

ਕੌਣ ਕੌਣ ਬਣੇ ਭਾਰਤ ਦੀ ਜਿੱਤ ਦੇ ਹੀਰੋ

ਟ੍ਰਾਫ਼ੀ ਜਿੱਤਣ ਤੋਂ ਬਾਅਦ ਕੋਚ ਗੌਤਮ ਗੰਭੀਰ ਨਾਲ ਖੁਸ਼ੀ ਮਨਾਉਂਦੇ ਸੰਜੂ ਸੈਮਸਨ

ਤਸਵੀਰ ਸਰੋਤ, AFP via Getty Images

ਸੰਜੂ ਸੈਮਸਨ: ਭਾਰਤ ਕ੍ਰਿਕਟ ਟੀਮ ਦੀ ਇਤਿਹਾਸਕ ਜਿੱਤ ਵਿੱਚ ਸਭ ਤੋਂ ਵੱਡੇ ਹੀਰੋ ਸੰਜੂ ਸੈਮਸਨ ਬਣੇ। ਜਿਨ੍ਹਾਂ ਨੇ 5 ਮੈਚਾਂ ਵਿੱਚ 321 ਦੌੜਾਂ ਬਣਾਈਆਂ ਅਤੇ ਪਲੇਅਰ ਆਫ ਦਿ ਟੂਰਨਾਮੈਂਟ ਬਣੇ। ਸੰਜੂ ਸੈਮਸਨ ਦੀ ਗੱਲ ਇਸ ਲਈ ਵੀ ਕਿਉਂਕਿ ਉਹ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ।

ਪਰ ਸੰਜੂ ਸੈਮਸਨ ਨੇ ਜਦੋਂ ਟੀਮ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਦੋਂ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ। ਸੰਜੂ ਨੇ ਆਖਰੀ ਤਿੰਨ ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਬਣਾਏ। ਵੈਸਟਇੰਡੀਜ਼ ਖ਼ਿਲਾਫ਼ ਨਾਬਾਦ 97, ਇੰਗਲੈਂਡ ਤੇ ਨਿਊਜ਼ੀਲੈਂਡ ਵਿਰੁੱਧ 89-89 ਦੌੜਾਂ ਦੀ ਪਾਰੀ ਖੇਡੀ।

ਸੰਜੂ ਸੈਮਸਨ ਵੱਲੋਂ ਫਾਈਨਲ ਵਿੱਚ 89 ਦੌੜਾਂ ਦੀ ਪਾਰੀ ਨਾਲ ਉਹ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸੰਜੂ ਨੇ ਵੈਸਟਇੰਡੀਜ਼ ਦੇ ਮਾਰਲੋਨ ਸੈਮੂਅਲ ਦੇ 85 ਦੌੜਾਂ ਦੇ ਰਿਕਾਰਡ ਨੂੰ ਤੋੜਿਆ।

ਬੁਮਰਾਹ

ਤਸਵੀਰ ਸਰੋਤ, Getty Images

ਜਸਪ੍ਰੀਤ ਬੁਮਰਾਹ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 15 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਪ੍ਰਦਰਸ਼ਨ ਕਾਰਨ ਬੁਮਰਾਹ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ।

ਜਸਪ੍ਰੀਤ ਬੁਮਰਾਹ ਨੇ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਨੇ ਇਸ ਟੂਰਨਾਮੈਂਟ ਵਿੱਚ 14 ਵਿਕਟਾਂ ਹਾਸਲ ਕੀਤੀਆਂ। ਉਹ ਵਰੂਨ ਚਕਰਵਤੀ ਨਾਲ 14 ਵਿਕਟਾਂ ਲੈ ਕੇ ਟੌਪ ‘ਤੇ ਰਹੇ।

ਜਸਪ੍ਰੀਤ ਬੁਮਰਾਹ ਨੇ ਟੀ-20 ਵਿਸ਼ਵ ਕੱਪ ਵਿੱਚ ਕੁੱਲ 40 ਵਿਕਟਾਂ ਹਾਸਲ ਕਰ ਲਈਆਂ ਹਨ। ਟੀ-20 ਵਿਸ਼ਵ ਕੱਪ ਵਿੱਚ ਕਿਸੇ ਤੇਜ਼ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਹਨ। ਉਨ੍ਹਾਂ ਨੇ ਲਸਿਥ ਮਲਿੰਗਾ ਦੇ 38 ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Getty Images

ਅਭਿਸ਼ੇਕ ਸ਼ਰਮਾ: ਭਾਰਤੀ ਟੀਮ ਦੇ ਓਪਨਰ ਅਭਿਸ਼ੇਕ ਸ਼ਰਮਾ ਦਾ ਵੀ ਟੀਮ ਨੂੰ ਖਿਤਾਬ ਦਵਾਉਣ ਵਿੱਚ ਅਹਿਮ ਯੋਗਦਾਨ ਰਿਹਾ। ਅਭਿਸ਼ੇਕ ਸ਼ਰਮਾ ਨੇ ਫਾਈਨਲ ਵਿੱਚ 21 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਅਭਿਸ਼ੇਕ ਦੀ ਇਹ ਪਾਰੀ ਫਾਈਨਲ ਵਿੱਚ ਟੀਮ ਨੂੰ ਤੇਜ਼ ਸ਼ੁਰੂਆਤ ਦਵਾਉਣ ਵਿੱਚ ਕਾਮਯਾਬ ਰਹੀ। ਅਭਿਸ਼ੇਕ ਸ਼ਰਮਾ ਨੇ ਆਪਣਾ ਅਰਧ ਸੈਂਕੜਾ 18 ਗੇਂਦਾਂ ਵਿੱਚ ਪੂਰਾ ਕੀਤਾ।

ਕ੍ਰਿਕਟ ਨੂੰ ਕਵਰ ਕਰਨ ਵਾਲੀ ਵੈੱਬਸਾਈਟ ਕ੍ਰਿਕਬਜ਼ ਮੁਤਾਬਕ ਇਸ ਦੇ ਨਾਲ ਅਭਿਸ਼ੇਕ ਨੇ ਟੀ-20 ਵਿਸ਼ਵ ਕੱਪ ਦੇ ਨਾਕਆਉਟ ਮੈਚਾਂ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ। ਉਨ੍ਹਾਂ ਨੇ ਇਸ ਸੰਸਕਰਣ ਦੇ ਸੈਮੀਫਾਈਨਲ ਵਿੱਚ ਫਿਨ ਐਲਨ ਅਤੇ ਜੈਕਬ ਬੈਥਲ ਦੀਆਂ 19 ਗੇਂਦਾਂ ਵਾਲੀਆਂ ਪਾਰੀਆਂ ਦਾ ਰਿਕਾਰਡ ਪਿੱਛੇ ਛੱਡ ਦਿੱਤਾ।

ਇਹ ਚੌਥੀ ਵਾਰ ਸੀ ਜਦੋਂ ਉਨ੍ਹਾਂ ਨੇ 20 ਗੇਂਦਾਂ ਤੋਂ ਘੱਟ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਹੋਵੇ। ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਕਿਸੇ ਵੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਵਾਰ ਹੈ। ਇਸ ਤੋਂ ਪਹਿਲਾਂ ਫਿਨ ਐਲਨ, ਡੇਵਿਡ ਵਾਰਨਰ, ਫਿਲ ਸਾਲਟ, ਕੋਲਿਨ ਮੁਨਰੋ ਅਤੇ ਯੁਵਰਾਜ ਸਿੰਘ ਨੇ ਤਿੰਨ-ਤਿੰਨ ਵਾਰ ਕਰਕੇ ਦਿਖਾਇਆ ਸੀ।

ਟੀ20 ਵਿਸ਼ਵ ਕੱਪ ਟ੍ਰਾਫ਼ੀ ਜਿੱਤਣ ਤੋਂ ਬਾਅਦ ਖੁਸ਼ੀ ਮਨਾਉਂਦੇ ਕਪਤਾਨ ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ ਅਤੇ ਇਸ਼ਾਨ ਕਿਸ਼ਨ

ਤਸਵੀਰ ਸਰੋਤ, MB Media/Getty Images

ਇਸ਼ਾਨ ਕਿਸ਼ਨ: ਭਾਰਤੀ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਇਸ਼ਾਨ ਕਿਸ਼ਨ ਦਾ ਵੀ ਰਿਹਾ। ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ 317 ਦੌੜਾਂ ਬਣਾਈਆਂ। ਇਸ਼ਾਨ ਕਿਸ਼ਨ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਖੇਡੇ ਜਾ ਰਹੇ ਮੈਚਾਂ ਦਾ ਹਿੱਸਾ ਨਹੀਂ ਸਨ। ਪਰ ਇਸ਼ਾਨ ਕਿਸ਼ਨ ਨੂੰ 2026 ਦੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ ਵਿੱਚ ਟੀਮ ਵਿੱਚ ਮੁੜ ਥਾਂ ਮਿਲੀ ਸੀ। ਇਸ ਸੀਰੀਜ਼ ਵਿੱਚ ਉਨ੍ਹਾਂ ਚੰਗਾ ਪ੍ਰਦਰਸ਼ਨ ਕੀਤਾ ਤੇ ਟੀ-20 ਵਿਸ਼ਵ ਕੱਪ ਦੀ ਟੀਮ ਵਿੱਚ ਵੀ ਚੁਣ ਲਿਆ ਗਿਆ ਤੇ ਟੂਰਨਾਮੈਂਟ ਦੇ ਹੀਰੋ ਵੀ ਬਣੇ।

ਹਾਰਦਿਕ ਪਾਂਡਿਆ: ਆਲ ਰਾਊਂਡਰ ਹਾਰਦਿਕ ਪਾਂਡਿਆ ਨੇ ਵੀ 2026 ਦੇ ਟੀ-20 ਵਿਸ਼ਵ ਕੱਪ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ। ਹਾਰਦਿਕ ਨੇ ਟੂਰਨਾਮੈਂਟ ਵਿੱਚ ਬੱਲੇ ਤੇ ਗੇਂਦ ਨਾਲ ਚੰਗਾ ਪ੍ਰਦਰਸ਼ਨ ਕਰਕੇ ਟੀਮ ਨੂੰ ਜਿਤਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਹਾਰਦਿਕ ਨੇ ਟੂਰਨਾਮੈਂਟ ਵਿੱਚ 217 ਦੌੜਾਂ ਬਣਾਈਆਂ ਜਦਕਿ 9 ਵਿਕਟਾਂ ਵੀ ਹਾਸਲ ਕੀਤੀਆਂ।

ਟੀਮ ਮੈਨੇਜਮੈਂਟ ਦਾ ਕਿਵੇਂ ਰਿਹਾ ਚੰਗਾ ਯੋਗਦਾਨ

ਭਾਰਤੀ ਕ੍ਰਿਕਟ ਟੀਮ

ਤਸਵੀਰ ਸਰੋਤ, Alex Davidson-ICC/ICC via Getty Images

ਟੀ-20 ਵਿਸ਼ਵ ਕੱਪ ਦੌਰਾਨ ਅਭਿਸ਼ੇਕ ਸ਼ਰਮਾ ਤੇ ਵਰੁਨ ਚਕਰਵਰਤੀ ਦੇ ਪ੍ਰਦਰਸ਼ਨ ਨੂੰ ਲੈ ਕੇ ਭਾਰਤੀ ਕ੍ਰਿਕਟ ਟੀਮ ਮੈਨੇਜਮੈਂਟ ਦੀ ਕਾਫ਼ੀ ਅਲੋਚਨਾ ਹੁੰਦੀ ਰਹੀ।

ਇਸ ਨੂੰ ਲੈ ਕੇ ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਕਹਿੰਦੇ ਹਨ ਕਿ ਟੀਮ ਮੈਨੇਜਮੈਂਟ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਸ ਨੇ ਦੋਵਾਂ ਖਿਡਾਰੀਆਂ ਦੀ ਸਪੋਰਟ ਕੀਤੀ ਅਤੇ ਕਿਸੇ ਦੇ ਦਬਾਅ ਵਿੱਚ ਨਹੀਂ ਆਈ।

ਲੁਥਰਾ ਕਹਿੰਦੇ ਹਨ ਕਿ ਦੋਨੋਂ ਖਿਡਾਰੀ ਮੈਚ ਵਿਨਰ ਹਨ ਤੇ ਦੋਨੋਂ ਵੱਡੇ ਮੈਚਾਂ ਵਿੱਚ ਪ੍ਰਦਰਸ਼ਨ ਕਰਨ ਦੀ ਕਾਬਲੀਅਤ ਰੱਖਦੇ ਹਨ। ਲੁਥਰਾ ਕਹਿੰਦੇ ਹਨ ਕਿ ਅਭਿਸ਼ੇਕ ਸ਼ਰਮਾ ਨੇ ਫਾਈਨਲ ਵਿੱਚ ਉਹ ਕਮਾਲ ਕਰਕੇ ਵੀ ਦਿਖਾਇਆ ਜਿਸ ਕਰਕੇ ਉਸ ਉੱਤੇ ਟੀਮ ਵੱਲੋਂ ਵਿਸ਼ਵਾਸ ਜਤਾਇਆ ਗਿਆ ਸੀ।

‘ਦੱਖਣੀ ਅਫਰੀਕਾ ਹੱਥੋਂ ਮਿਲੀ ਹਾਰ ਤੋਂ ਮਿਲਿਆ ਸਬਕ’

ਚੰਦਰਸ਼ੇਖਰ ਲੁਥਰਾ, ਖੇਡ ਪੱਤਰਕਾਰ

ਖੇਡ ਪੱਤਰਕਾਰ ਚੰਦਰਸ਼ੇਖਰ ਲੁਥਰਾ ਕਹਿੰਦੇ ਹਨ ਕਿ ਭਾਰਤੀ ਟੀਮ ਟੂਰਨਾਮੈਂਟ ਦੇ ਸ਼ੁਰੂਆਤ ਵਿੱਚ ਟੌਪ ਆਰਡਰ ਵਿੱਚ ਜ਼ਿਆਦਾਤਰ ਖੱਬੇ ਹੱਥ ਦੇ ਬੱਲੇਬਾਜ਼ਾਂ ਉੱਤੇ ਜ਼ਿਆਦਾ ਭਰੋਸਾ ਜਤਾ ਰਹੀ ਸੀ। ਪਹਿਲੇ ਚਾਰ ਮੁੱਖ ਬੱਲੇਬਾਜ਼ ਖੱਬੇ ਹੱਥ ਦੇ ਸਨ।

ਲੁਥਰਾ ਕਹਿੰਦੇ ਹਨ ਕਿ ਦੱਖਣੀ ਅਫਰੀਕਾ ਹੱਥੋਂ ਮਿਲੀ ਹਾਰ ਮਗਰੋਂ ਸੰਜੂ ਸੈਮਸਨ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਤਿਲਕ ਵਰਮਾ ਹੇਠਾਂ ਖਿਡਾਇਆ ਗਿਆ। ਜਿਸ ਨਾਲ ਖੱਬੇ ਤੇ ਸੱਜੇ ਹੱਥ ਦਾ ਕੌਮਬੀਨੇਸ਼ਨ ਕਾਫੀ ਚੰਗਾ ਬਣਿਆ। ਜਿਸ ਦਾ ਟੀਮ ਨੂੰ ਕਾਫੀ ਫਾਇਦਾ ਵੀ ਮਿਲਿਆ।

ਚੰਦਰਸ਼ੇਖਰ ਲੁਥਰਾ ਕਹਿੰਦੇ ਹਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੀਮ ਨੇ ਦੱਖਣੀ ਅਫਰੀਕਾ ਹੱਥੋਂ ਮਿਲੀ ਹਾਰ ਤੋਂ ਸਬਕ ਜ਼ਰੂਰ ਲਿਆ ਅਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

ਚੰਦਰਸ਼ੇਖਰ ਲੁਥਰਾ ਮੰਨਦੇ ਹਨ ”ਲਗਾਤਾਰ ਦੋ ਟੀ-20 ਵਿਸ਼ਵ ਕੱਪ ਜਿੱਤਣਾ ਭਾਰਤ ਲਈ ਵੱਡੀ ਗੱਲ ਹੈ। ਮੇਰਾ ਮੰਨਣਾ ਸੀ ਕਿ ਭਾਰਤ ਇਸ ਵਿਸ਼ਵ ਕੱਪ ਵਿੱਚ ਦੂਜੀ ਫੇਵਰੇਟ ਟੀਮ ਸੀ ਪਰ ਭਾਰਤ ਨੇ ਜਿਸ ਤਰ੍ਹਾਂ ਦੀ ਖੇਡ ਦਾ ਪ੍ਰਦਰਸ਼ਨ ਕਰਕੇ ਖਿਤਾਬ ਜਿੱਤਿਆ ਹੈ ਇਹ ਉਸਦੀ ਵੱਡੀ ਪ੍ਰਾਪਤੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI