Home ਰਾਸ਼ਟਰੀ ਖ਼ਬਰਾਂ ਟੀ-20 ਵਿਸ਼ਵ ਕੱਪ: ਜਦੋਂ ਕੋਈ ਨਹੀਂ ਚੱਲਿਆ, ਉਦੋਂ ਕਪਤਾਨ ਸੂਰਿਆਕੁਮਾਰ ਯਾਦਵ ਨੇ...

ਟੀ-20 ਵਿਸ਼ਵ ਕੱਪ: ਜਦੋਂ ਕੋਈ ਨਹੀਂ ਚੱਲਿਆ, ਉਦੋਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਵੇਂ ਟੀਮ ਇੰਡੀਆ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਿਆ

8
0

Source :- BBC PUNJABI

ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, Getty Images

ਇੱਕ ਘੰਟਾ ਪਹਿਲਾਂ

“ਮੈਨੂੰ ਪਤਾ ਸੀ ਕਿ ਅਜਿਹਾ ਇੱਕ ਦਿਨ ਹੋਣਾ ਵਾਲਾ ਹੈ। ਪਿਛਲੇ ਇੱਕ ਸਾਲ ਤੋਂ ਮੈਂ ਇਸ ਤਰ੍ਹਾਂ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਟੀਮ ਦੀ ਪਾਰੀ ਨੂੰ ਸੰਭਾਲਣ ਲਈ ਕੋਸ਼ਿਸ਼ ਕਰ ਰਿਹਾ ਸੀ। ਪਰ ਇਹ ਨਹੀਂ ਹੋ ਪਾ ਰਿਹਾ ਸੀ।”

ਲੰਘੇ ਸਾਲ ਖਰਾਬ ਫਾਰਮ ਕਾਰਨ ਨਿਸ਼ਾਨੇ ‘ਤੇ ਰਹੇ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨਾ ਸਿਰਫ਼ ਆਪਣੀ ਫਾਰਮ ‘ਚ ਵਾਪਸ ਆਏ ਹਨ, ਸਗੋਂ ਭਾਰਤ ਨੂੰ ਟੀ-20 ਵਿਸ਼ਵ ਕੱਪ 2026 ਦੇ ਪਹਿਲੇ ਹੀ ਮੈਚ ਵਿੱਚ ਉਲਟਫੇਰ ਤੋਂ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਅਮਰੀਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 12.4 ਓਵਰਾਂ ਵਿੱਚ 77 ਦੌੜਾਂ ‘ਤੇ ਹੀ ਛੇ ਵਿਕਟਾਂ ਗੁਆ ਦਿੱਤੀਆਂ ਸਨ। ਪਰ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਿਚ ਦੇ ਇੱਕ ਸਿਰੇ ਨੂੰ ਮਜ਼ਬੂਤੀ ਨਾਲ ਸੰਭਾਲਦੇ ਹੋਏ 36 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।

ਅਤੇ ਫਿਰ ਆਖ਼ਰੀ ਓਵਰਾਂ ਵਿੱਚ ਬੱਲੇਬਾਜ਼ੀ ਦੇ ਗਿਅਰ ਬਦਲਦੇ ਹੋਏ 49 ਗੇਂਦਾਂ ਵਿੱਚ 10 ਚੌਕਿਆਂ ਅਤੇ ਚਾਰ ਛੱਕਿਆਂ ਦੀ ਬਦੌਲਤ 84 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਭਾਰਤ ਦੇ ਸਕੋਰ ਨੂੰ 20 ਓਵਰਾਂ ਵਿੱਚ 161 ਦੌੜਾਂ ਤੱਕ ਪਹੁੰਚਾ ਦਿੱਤਾ।

ਅਮਰੀਕਾ ਦੀ ਟੀਮ ਇਸ ਟੀਚੇ ਦਾ ਪਿੱਛਾ ਕਰਦੇ ਹੋਏ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 132 ਦੌੜਾਂ ਹੀ ਬਣਾ ਸਕੀ।

ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡੀ ਗਈ ਪੰਜ ਟੀ-20 ਮੈਚਾਂ ਦੀ ਸੀਰੀਜ਼ ਵਿੱਚ ਹੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਫਾਰਮ ਵਿੱਚ ਵਾਪਸੀ ਦੇ ਸੰਕੇਤ ਦੇ ਦਿੱਤੇ ਸਨ।

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਤੇ ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, Getty Images

ਪਰ ਸਾਲ 2025 ਵਿੱਚ 21 ਮੈਚ ਖੇਡਣ ਦੇ ਬਾਵਜੂਦ ਉਨ੍ਹਾਂ ਦੇ ਬੱਲੇ ਤੋਂ ਇੱਕ ਵੀ ਅਰਧ-ਸੈਂਕੜਾ ਨਹੀਂ ਨਿਕਲਿਆ ਸੀ। ਹਾਲਤ ਇਨੀ ਖਰਾਬ ਸੀ ਕਿ ਉਹ 2025 ਵਿੱਚ 21 ਮੈਚ ਖੇਡਦੇ ਹੋਏ ਮਹਿਜ਼ 13.62 ਦੀ ਔਸਤ ਦੇ ਨਾਲ 218 ਦੌੜਾਂ ਹੀ ਬਣਾ ਸਕੇ ਸਨ।

ਇਸੇ ਕਾਰਨ ਦਸੰਬਰ 2025 ਵਿੱਚ ਜਦੋਂ ਵਿਸ਼ਵ ਕੱਪ ਲਈ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਈ ਰੱਖਣ ਦਾ ਫ਼ੈਸਲਾ ਹੋਇਆ, ਤਾਂ ਕੁਝ ਮਾਹਿਰਾਂ ਨੇ ਇਸ ‘ਤੇ ਸਵਾਲ ਵੀ ਚੁੱਕੇ ਸਨ।

ਸੂਰਿਆਕੁਮਾਰ ਯਾਦਵ ਨੂੰ ਸ਼ਨੀਵਾਰ ਦੀ ਰਾਤ ਨੂੰ ਸ਼ਾਇਦ ਹੀ ਇੱਥੇ ਆਪਣੇ ਘਰੇਲੂ ਮੈਦਾਨ ਵਰਗਾ ਮਹਿਸੂਸ ਹੋਇਆ ਹੋਵੇ, ਹਾਲਾਤ ਹੀ ਕੁਝ ਅਜਿਹੇ ਬਣ ਗਏ ਸਨ। ਦਰਅਸਲ, ਅਮਰੀਕਾ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਲ ਤਿੰਨ ਖਿਡਾਰੀ, ਜੋ ਕਦੇ ਮੁੰਬਈ ਵਿੱਚ ਖੇਡ ਚੁੱਕੇ ਸਨ, ਉਨ੍ਹਾਂ ਨਾਲੋਂ ਕਾਫ਼ੀ ਜ਼ਿਆਦਾ ਸਹਿਜ ਨਜ਼ਰ ਆ ਰਹੇ ਸਨ।

ਹਾਲਾਤ ਇੰਨੇ ਉਲਟ-ਪੁਲਟ ਸਨ ਕਿ ਵਾਨਖੇੜੇ ਸਟੇਡੀਅਮ, ਜੋ ਆਮ ਤੌਰ ‘ਤੇ ਟੀ-20 ਵਿੱਚ ਸਪਾਟ ਪਿਚ ਅਤੇ ਚੰਗੇ ਬਾਊਂਸ (ਉਛਾਲ) ਲਈ ਜਾਣਿਆ ਜਾਂਦਾ ਹੈ, ਉਹ ਬਿਲਕੁਲ ਵੱਖਰਾ ਜਿਹਾ ਵਿਵਹਾਰ ਕਰ ਰਿਹਾ ਸੀ।

ਬਿਲਕੁਲ ਉਸੇ ਤਰ੍ਹਾਂ ਦੀ ਪਿਚ ਜਿਹੋ-ਜਿਹੀ ਕਿਊਰੇਟਰ ਕਦੇ-ਕਦਾਈਂ ਟੈਸਟ ਕ੍ਰਿਕਟ ਲਈ ਉਸ ਵੇਲੇ ਤਿਆਰ ਕਰਦੇ ਹਨ, ਜਦੋਂ ਮੇਜ਼ਬਾਨ ਟੀਮ ਵਿਰੋਧੀਆਂ ‘ਤੇ ਆਪਣੀ ਸਪਿਨ ਦੀ ਤਾਕਤ ਅਜ਼ਮਾਉਣਾ ਚਾਹੁੰਦੀ ਹੈ।

ਹਾਲਾਂਕਿ ਇਹ ਪੂਰੀ ਤਰ੍ਹਾਂ ਤਾਂ ਉਸ ਤਰ੍ਹਾਂ ਦੀ ਪਿਚ ਨਹੀਂ ਸੀ, ਪਰ ਕੁਝ ਗੇਂਦਾਂ ਅਜਿਹੀਆਂ ਜ਼ਰੂਰ ਪਈਆਂ ਜਿਨ੍ਹਾਂ ਨੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ।

ਨਵੇਂ ਸਾਲ ਵਿੱਚ ਕੀ ਬਦਲ ਗਿਆ?

ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, Getty Images

ਪਰ ਅਮਰੀਕਾ ਖ਼ਿਲਾਫ਼ ਪਲੇਅਰ ਆਫ਼ ਦਿ ਮੈਚ ਚੁਣੇ ਜਾਣ ਮਗਰੋਂ ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਉਹ ਖਰਾਬ ਫਾਰਮ ਤੋਂ ਬਾਹਰ ਨਿਕਲਣ ‘ਚ ਕਿਵੇਂ ਕਾਮਯਾਬ ਹੋਏ।

ਉਨ੍ਹਾਂ ਕਿਹਾ, “ਪਿਛਲੇ ਸਾਲ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ-20 ਸੀਰੀਜ਼ ਖੇਡਣ ਤੋਂ ਬਾਅਦ ਮੈਨੂੰ ਕਾਫ਼ੀ ਇੱਕਲਾਪਾ ਮਹਿਸੂਸ ਹੋਇਆ। ਫਿਰ ਮੈਂ ਆਪਣਾ ਕਿਟ ਬੈਗ ਪੈਕ ਕੀਤਾ ਅਤੇ ਦੋ ਹਫ਼ਤਿਆਂ ਤੱਕ ਪਰਿਵਾਰ ਨਾਲ ਬਹੁਤ ਸਾਰਾ ਸਮਾਂ ਬਿਤਾਇਆ।”

“ਇਸ ਤੋਂ ਬਾਅਦ ਨਵੇਂ ਸਾਲ ਦੀ ਸ਼ੁਰੂਆਤ ਹੋਈ। ਅਸੀਂ ਨਾਗਪੁਰ ਗਏ ਅਤੇ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਆਈ।”

ਹਾਲਾਂਕਿ ਵਿਸ਼ਵ ਕੱਪ ਦਾ ਪਹਿਲਾ ਮੈਚ ਹੀ ਬਤੌਰ ਕਪਤਾਨ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਭਰਿਆ ਰਿਹਾ। ਅਮਰੀਕਾ ਵਰਗੀ ਕਮਜ਼ੋਰ ਮੰਨੀ ਜਾ ਰਹੀ ਟੀਮ ਦੇ ਖ਼ਿਲਾਫ਼ ਇੱਕ ਸਮੇਂ ਭਾਰਤ ਬਹੁਤ ਦਬਾਅ ਵਿੱਚ ਆ ਗਿਆ ਸੀ।

ਪਰ ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਵੇਲੇ ਟੀਮ ਲਈ ਪਲਾਨ ਬਣਾ ਲਿਆ ਸੀ ਜਦੋਂ 77 ਦੌੜਾਂ ‘ਤੇ ਭਾਰਤ ਦੀਆਂ ਛੇ ਵਿਕਟਾਂ ਡਿੱਗ ਚੁੱਕੀਆਂ ਸਨ।

ਉਨ੍ਹਾਂ ਕਿਹਾ, “77 ਦੌੜਾਂ ‘ਤੇ ਛੇ ਵਿਕਟਾਂ ਡਿੱਗਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਇੱਕ ਬੱਲੇਬਾਜ਼ ਨੂੰ ਅੰਤ ਤੱਕ ਬੱਲੇਬਾਜ਼ੀ ਕਰਨ ਦੀ ਲੋੜ ਹੈ। ਗੌਤਮ ਗੰਭੀਰ ਨੇ ਵੀ ਮੈਨੂੰ ਇਹੀ ਕਿਹਾ ਕਿ ਅੰਤ ਤੱਕ ਬੱਲੇਬਾਜ਼ੀ ਕਰੋ। ਮੈਂ ਮੁੰਬਈ ਵਿੱਚ ਬਹੁਤ ਕ੍ਰਿਕਟ ਖੇਡੀ ਹੈ। ਇਸ ਲਈ ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਵਿਕਟ ‘ਤੇ ਕਿਵੇਂ ਬੱਲੇਬਾਜ਼ੀ ਕਰਨੀ ਹੈ। ਮੈਨੂੰ ਸਮਝ ਆ ਗਿਆ ਸੀ ਕਿ ਮੈਂ ਅੰਤ ਤੱਕ ਟਿਕੇ ਰਹਿਣਾ ਹੈ।”

“ਫਿਰ ਮੈਂ ਗਿਣਤੀ ਕਰਦਾ ਰਿਹਾ ਕਿ ਕਿੰਨੀਆਂ ਗੇਂਦਾਂ ਬਾਕੀ ਹਨ ਅਤੇ ਮੈਂ ਚੰਗੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ।”

ਹਾਲਾਂਕਿ ਇਸ ਮੈਚ ਤੋਂ ਬਾਅਦ ਸੂਰਿਆਕੁਮਾਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਪਲੇਅਰ ਆਫ਼ ਦਿ ਮੈਚ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਸੂਰਿਆਕੁਮਾਰ ਯਾਦਵ ਨੇ 105 ਟੀ-20 ਮੈਚ ਖੇਡੇ ਹਨ ਅਤੇ ਉਨ੍ਹਾਂ ਨੂੰ 17 ਵਾਰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ ਹੈ। ਇਸੇ ਤਰ੍ਹਾਂ, ਵਿਰਾਟ ਕੋਹਲੀ 16 ਵਾਰ ਪਲੇਅਰ ਆਫ਼ ਦਿ ਮੈਚ ਖਿਤਾਬ ਦੇ ਨਾਲ ਇਸ ਸੂਚੀ ਵਿੱਚ ਹੁਣ ਦੂਜੇ ਸਥਾਨ ‘ਤੇ ਹਨ।

ਟੀ-20 ਵਿਸ਼ਵ ਕੱਪ ਵਿੱਚ ਵੀ ਸੂਰਿਆਕੁਮਾਰ 19 ਮੈਚ ਖੇਡਦੇ ਹੋਏ ਚਾਰ ਵਾਰ ਪਲੇਅਰ ਆਫ਼ ਦਿ ਮੈਚ ਬਣ ਚੁੱਕੇ ਹਨ।

ਸੂਰਿਆਕੁਮਾਰ ਨੇ ਅੱਗੇ ਬਾਰੇ ਕੀ ਦੱਸਿਆ?

ਸੂਰਿਆਕੁਮਾਰ ਯਾਦਵ

ਇਸ ਪ੍ਰਦਰਸ਼ਨ ਲਈ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਵੀ ਸੂਰਿਆਕੁਮਾਰ ਯਾਦਵ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਜਦੋਂ ਹਾਲਾਤ ਵਿਗੜਦੇ ਹਨ, ਤਾਂ ਤੁਸੀਂ ਆਪਣੇ ਲੀਡਰ ਵੱਲ ਦੇਖਦੇ ਹੋ ਅਤੇ ਸੂਰਿਆਕੁਮਾਰ ਯਾਦਵ ਨੇ ਇੱਕ ਸੱਚੇ ਕਪਤਾਨ ਵਾਂਗ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੀ ਗ਼ਜ਼ਬ ਦੀ ਪਾਰੀ ਸੀ!”

ਕ੍ਰਿਕਟ ਮਾਹਿਰ ਜਤਿਨ ਸਪਰੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸੂਰਿਆਕੁਮਾਰ ਯਾਦਵ ਲਈ ਲਿਖਿਆ, “ਸੂਰਿਆ ਨੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ, ਪਰ ਉਸ ਤੋਂ ਵੱਧ ਉਨ੍ਹਾਂ ਨੇ ਆਪਣੇ ਆਪ ‘ਤੇ ਭਰੋਸਾ ਰੱਖਿਆ ਅਤੇ ਕਪਤਾਨ ਦੇ ਤੌਰ ‘ਤੇ ਇੱਕ ਸ਼ਾਨਦਾਰ ਪਾਰੀ ਖੇਡੀ।”

“ਉਨ੍ਹਾਂ ਨੇ ਇਕੱਲੇ ਦਮ ‘ਤੇ ਭਾਰਤ ਨੂੰ ਇਸ ਮੁਕਾਬਲੇ ਵਿੱਚ ਬਣਾਈ ਰੱਖਿਆ। ਉਹ ਇੱਕੋ-ਇੱਕ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਨਾ ਸਿਰਫ਼ ਖੇਡ ਦੇ ਨਿਯਮਾਂ ਨੂੰ ਸਮਝਿਆ, ਸਗੋਂ ਹਾਲਾਤਾਂ ਅਤੇ ਸਕੋਰਬੋਰਡ ਨੂੰ ਵੀ ਸਮਝਿਆ। ਸਲਾਮ ਹੈ, ਕਪਤਾਨ!”

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਤੇ ਸੂਰਿਆਕੁਮਾਰ ਯਾਦਵ

ਤਸਵੀਰ ਸਰੋਤ, Getty Images

ਹਾਲਾਂਕਿ ਸੂਰਿਆਕੁਮਾਰ ਯਾਦਵ ਨੇ ਇਹ ਵੀ ਸਵੀਕਾਰ ਕੀਤਾ ਕਿ 77 ਦੌੜਾਂ ‘ਤੇ ਛੇ ਵਿਕਟਾਂ ਡਿੱਗਣ ਕਾਰਨ ਉਨ੍ਹਾਂ ‘ਤੇ ਕਾਫ਼ੀ ਦਬਾਅ ਆ ਗਿਆ ਸੀ।

ਉਨ੍ਹਾਂ ਕਿਹਾ, “ਸਿਰਫ਼ ਮੈਂ ਹੀ ਤੁਹਾਨੂੰ ਦੱਸ ਸਕਦਾ ਹਾਂ ਕਿ 77 ਦੌੜਾਂ ‘ਤੇ ਛੇ ਵਿਕਟਾਂ ਡਿੱਗਣ ਤੋਂ ਬਾਅਦ ਅਸੀਂ ਕਿਸ ਸਥਿਤੀ ਵਿੱਚ ਸੀ। ਮੈਂ ਕਿੰਨਾ ਦਬਾਅ ਮਹਿਸੂਸ ਕਰ ਰਿਹਾ ਸੀ। ਪਰ ਉਸੇ ਵੇਲੇ ਮੈਨੂੰ ਇਹ ਭਰੋਸਾ ਵੀ ਸੀ ਕਿ ਮੈਂ ਇਸ ਤਰ੍ਹਾਂ ਦੀ ਸਥਿਤੀ ਵਿੱਚ ਬੱਲੇਬਾਜ਼ੀ ਕਰ ਚੁੱਕਿਆ ਹਾਂ।”

ਸੂਰਿਆਕੁਮਾਰ ਯਾਦਵ ਨੇ ਮੈਚ ਤੋਂ ਪਹਿਲਾਂ ਟੀਮ ਸਾਹਮਣੇ ਆਈਆਂ ਦੂਜੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ, “ਅਸੀਂ ਹੋਰ ਚੰਗੀ ਬੱਲੇਬਾਜ਼ੀ ਕਰ ਸਕਦੇ ਸੀ। ਪਰ ਜਿੱਤ ਦਰਜ ਕਰਨ ਤੋਂ ਬਾਅਦ ਚੀਜ਼ਾਂ ਬਿਹਤਰ ਹੋ ਜਾਂਦੀਆਂ ਹਨ।”

ਉਨ੍ਹਾਂ ਅੱਗੇ ਕਿਹਾ, “ਠੀਕ ਹੈ। ਹੁਣ ਅਸੀਂ ਆਰਾਮ ਨਾਲ ਬੈਠਾਂਗੇ। ਅਗਲੇ ਮੈਚ ਤੋਂ ਪਹਿਲਾਂ ਸਾਡੇ ਕੋਲ ਪੰਜ ਦਿਨਾਂ ਦਾ ਸਮਾਂ ਹੈ। ਅਸੀਂ ਹੋਰ ਮਜ਼ਬੂਤੀ ਨਾਲ ਵਾਪਸੀ ਕਰਾਂਗੇ। ਵਾਸ਼ਿੰਗਟਨ ਸੁੰਦਰ ਦਿੱਲੀ ਵਿੱਚ ਟੀਮ ਨਾਲ ਜੁੜਨਗੇ। ਹੁਣ ਸਭ ਠੀਕ ਹੈ। ਬੁਮਰਾਹ ਬੁਖ਼ਾਰ ਹੋਣ ਕਾਰਨ ਖੇਡ ਨਹੀਂ ਸਕੇ। ਅਭਿਸ਼ੇਕ ਦੀ ਤਬੀਅਤ ਵੀ ਠੀਕ ਨਹੀਂ ਸੀ। ਪਰ ਹੁਣ ਸਭ ਚੰਗਾ ਹੋਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI