Home ਰਾਸ਼ਟਰੀ ਖ਼ਬਰਾਂ ਜਦੋਂ ਮਾਪੇ ਤਲਾਕ ਦਾ ਫੈਸਲਾ ਲੈਂਦੇ ਹਨ ਤਾਂ ਬੱਚੇ ਕਿਸ ਸਦਮੇ ‘ਚੋਂ...

ਜਦੋਂ ਮਾਪੇ ਤਲਾਕ ਦਾ ਫੈਸਲਾ ਲੈਂਦੇ ਹਨ ਤਾਂ ਬੱਚੇ ਕਿਸ ਸਦਮੇ ‘ਚੋਂ ਲੰਘਦੇ ਹਨ, ਅਜਿਹੇ ‘ਚ ਬੱਚਿਆਂ ਦੀ ਕਾਊਂਸਲਿੰਗ ਕਿੰਨੀ ਜ਼ਰੂਰੀ ਹੋ ਜਾਂਦੀ ਹੈ

8
0

Source :- BBC PUNJABI

ਲੜਾਈ ਕਰਦੇ ਪਤੀ-ਪਤਨੀ ਅਤੇ ਉਦਾਸ ਖੜ੍ਹੀ ਬੱਚੀ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

“ਮੈਂ ਸਿਰਫ਼ 12 ਸਾਲਾਂ ਦੀ ਸੀ ਜਦੋਂ ਮੇਰੇ ਮਾਪਿਆਂ ਨੇ ਤਲਾਕ ਲੈਣ ਦਾ ਫੈਸਲਾ ਲਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਘਰ ਵਿੱਚ ਹੋ ਕੀ ਰਿਹਾ ਹੈ। ਮੇਰੀ ਕਸਟਡੀ ਮੇਰੀ ਮਾਂ ਨੂੰ ਮਿਲੀ ਅਤੇ ਪਾਪਾ ਹਰ 15 ਦਿਨਾਂ ਬਾਅਦ ਮਿਲਣ ਆਉਂਦੇ ਸੀ। ਪਰ ਹੌਲੀ-ਹੌਲੀ ਇਹ 15 ਦਿਨ 1 ਮਹੀਨੇ, ਕੁਝ ਮਹੀਨਿਆਂ ਅਤੇ ਸਾਲ ਵਿੱਚ ਕਿਵੇਂ ਬਦਲ ਗਏ, ਪਤਾ ਹੀ ਨਹੀਂ ਚੱਲਿਆ।”

“ਮੈਂ ਆਪਣੇ ਪਾਪਾ ਨਾਲ ਜ਼ਿਆਦਾ ਨੇੜਤਾ ਮਹਿਸੂਸ ਕਰਦੀ ਸੀ। ਉਹ ਮੈਨੂੰ ਕਿਸੇ ਗੱਲ ਤੋਂ ਨਹੀਂ ਰੋਕਦੇ ਸੀ। ਮੈਂ ਰੋਜ਼ ਉਨ੍ਹਾਂ ਦੇ ਘਰ ਆਉਣ ਦਾ ਇੰਤਜ਼ਾਰ ਕਰਦੀ ਸੀ ਪਰ ਉਨ੍ਹਾਂ ਦਾ ਆਉਣਾ ਬੰਦ ਹੋ ਗਿਆ। ਮੇਰੇ ਮਾਪਿਆਂ ਦੇ ਇਸ ਫੈਸਲੇ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ।”

“ਮੈਂ ਆਪਣੀ ਮਾਂ ਨੂੰ ਬਹੁਤ ਰੌਂਦਿਆਂ ਦੇਖਿਆ। ਮੈਨੂੰ ਲੱਗਿਆ ਮੇਰਾ ਬਚਪਨ ਅਤੇ ਚਾਅ ਸਭ ਖ਼ਤਮ ਹੋ ਗਏ ਹਨ। ਹਮੇਸ਼ਾ ਘਰ ਵਿੱਚ ਉਦਾਸੀ ਘੇਰਾ ਪਾਏ ਰੱਖਦੀ ਸੀ।”

“ਅੱਜ ਮੇਰੀ ਉਮਰ 33 ਸਾਲ ਹੈ ਅਤੇ ਮੇਰੇ ਦੋ ਬੱਚੇ ਹਨ। ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਮੈਂ ਕਦੇ ਆਪਣੇ ਬੱਚਿਆ ਸਾਹਮਣੇ ਆਪਣੇ ਪਤੀ ਨਾਲ ਨਾ ਲੜਾਂ। ਕਿਉਂਕਿ ਮੈਨੂੰ ਪਤਾ ਹੈ ਕਿ ਬੱਚਿਆਂ ਲਈ ਇਹ ਲੜਾਈ ਕਿੰਨੀ ਦੁਖ਼ਦਾਈ ਹੁੰਦੀ ਹੈ।”

ਸਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਦੇ ਕੋਮਲ (ਬਦਲਿਆ ਹੋਇਆ ਨਾਮ) ਜਿਵੇਂ ਮੁੜ ਆਪਣੇ ਬਚਪਨ ਵੱਲ ਚਲੇ ਗਏ ਅਤੇ ਉਨ੍ਹਾਂ ਨੂੰ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਅੱਜ ਵੀ ਬਹੁਤ ਦਰਦ ਮਹਿਸੂਸ ਹੁੰਦਾ ਹੈ।

ਤਲਾਕ

ਤਸਵੀਰ ਸਰੋਤ, Getty Images

ਅਸੀਂ ਗੱਲ ਇੱਕ ਅਜਿਹੀ ਮਹਿਲਾ ਨਾਲ ਵੀ ਕੀਤੀ ਜਿਸ ਨੇ ਖ਼ੁਦ ਤਲਾਕ ਨੂੰ ਹੰਢਾਇਆ ਹੈ ਅਤੇ ਜਿਸ ਦੀ ਇੱਕ ਬੱਚੀ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ, “ਮੇਰੀ 7 ਸਾਲਾਂ ਦੀ ਬੱਚੀ ਇਸ ਛੋਟੀ ਜਿਹੀ ਉਮਰ ਵਿੱਚ ਕਦੋਂ ਮਾਨਸਿਕ ਤੌਰ ਉੱਤੇ ਇੰਨੀਂ ਮਜ਼ਬੂਤ ਹੋ ਗਈ, ਮੈਨੂੰ ਪਤਾ ਨਹੀਂ ਚੱਲਿਆ।”

“ਮੇਰੀ ਧੀ ਮੇਰੇ ਗਰਭ ਵਿੱਚ ਹੀ ਸੀ, ਜਦੋਂ ਅਸੀਂ ਵੱਖ ਹੋ ਗਏ। ਮੇਰੀ ਧੀ ਹੋਈ ਤਾਂ ਉਹ ਸਿਰਫ਼ ਇੱਕ ਵਾਰ ਮੇਰੀ ਧੀ ਨੂੰ ਵੇਖਣ ਆਇਆ। ਇਸ ਤੋਂ ਬਾਅਦ ਸਾਡੀ ਮੁਲਾਕਾਤ ਸਿਰਫ਼ ਅਦਾਲਤ ਵਿੱਚ ਹੋਈ ਜਾਂ ਜਦੋਂ ਸਾਰੇ ਰਿਸ਼ਤੇਦਾਰ ਸਾਡਾ ਫੈਸਲਾ ਕਰਵਾਉਣ ਆਉਂਦੇ ਸੀ, ਮੈਂ ਉਦੋਂ ਉਸ ਨੂੰ ਦੇਖਦੀ ਸੀ।”

ਉਨ੍ਹਾਂ ਦੱਸਿਆ, “ਮੈਂ ਆ ਕੇ ਬਹੁਤ ਰੌਂਦੀ ਸੀ ਅਤੇ ਮੇਰੀ ਛੋਟੀ ਜਿਹੀ ਧੀ ਨੇ ਸਿਰਫ ਮੇਰਾ ਰੌਣਾ ਦੇਖਿਆ। ਅੱਜ ਉਸ ਨੂੰ ਡੈਡੀ ਸ਼ਬਦ ਦਾ ਮਤਲਬ ਨਹੀਂ ਪਤਾ, ਕਿਉਂਕਿ ਉਸ ਨੇ ਆਪਣੇ ਡੈਡੀ ਨੂੰ ਦੇਖਿਆ ਹੀ ਨਹੀਂ। ਉਸ ਨੇ ਡੈਡੀ ਬਿਨਾਂ ਹੀ ਜਿਉਣਾ ਸਿੱਖ ਲਿਆ ਹੈ ਅਤੇ ਮੈਂ ਜਾਣਦੀ ਹਾਂ ਕਿ ਸਾਡੇ ਕਰਕੇ ਸਾਡੀ ਧੀ ਨੇ ਜ਼ਿੰਦਗੀ ਵਿੱਚ ਕੀ ਕੁਝ ਗੁਆਇਆ ਹੈ।”

“ਉਹ ਮੇਰੇ ‘ਤੇ ਹੱਥ ਚੁੱਕਦਾ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਹ ਫੈਸਲਾ ਲਿਆ। ਜੇਕਰ ਉਹ ਆਪਣੀ ਮਾਂ ਨੂੰ ਆਪਣੇ ਪਿਓ ਤੋਂ ਮਾਰ ਖਾਂਦਿਆਂ ਦੇਖਦੀ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਹੋਰ ਵੀ ਬਦਤਰ ਹੁੰਦੀ।”

ਤੁਸੀਂ ਵੀ ਅਜਿਹੇ ਕਈ ਮਾਮਲੇ ਆਪਣੇ ਆਸ-ਪਾਸ ਦੇਖੇ ਹੋਣਗੇ। ਤਲਾਕ ਸਿਰਫ਼ ਜੋੜੇ ਲਈ ਹੀ ਨਹੀਂ ਬਲਕਿ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰਾਂ ਲਈ ਵੀ ਓਨਾ ਹੀ ਦੁੱਖਦਾਈ ਹੁੰਦਾ ਹੈ।

ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਜੋੜੇ ਦੇ ਵੱਖ ਹੋਣ ਦੀ ਇੱਕ ਵੀਡੀਓ ਵਾਇਰਲ ਹੋਈ। ਮਾਪਿਆਂ ਦੇ ਵੱਖ ਹੋਣ ਵੇਲੇ ਬੱਚੇ ਦੀ ਕਸਟਡੀ ਮਾਂ ਨੂੰ ਮਿਲਦੀ ਹੈ। ਪਰ ਬੱਚਾ ਆਪਣੇ ਪਿਉ ਨੂੰ ਛੱਡ ਨਹੀਂ ਰਿਹਾ। ਉਸ ਦੀ ਬੁੱਕਲ ਵਿੱਚ ਉਹ ਬਹੁਤ ਰੌਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉੱਤੇ ਕਾਫੀ ਚਰਚਾ ਛਿੜ ਗਈ ਕਿ ਮਾਪਿਆਂ ਦੇ ਵੱਖ ਹੋਣ ਦਾ ਬੱਚਿਆਂ ਉੱਤੇ ਕੀ ਅਸਰ ਪੈਂਦਾ ਹੈ।

ਅੱਜ ਇਸ ਰਿਪੋਰਟ ਵਿੱਚ ਅਸੀਂ ਮਾਹਰਾਂ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਤਲਾਕ ਜਾਂ ਸੈਪੇਰੇਸ਼ਨ ਭਾਵ ਵੱਖ ਹੋਣਾ ਬੱਚਿਆਂ ਦੀ ਮਾਨਸਿਕ ਸਥਿਤੀ ਉੱਤੇ ਕੀ ਪ੍ਰਭਾਵ ਪਾਉਂਦਾ ਹੈ, ਬੱਚਿਆਂ ਦੀ ਕਾਉਂਸਲਿੰਗ ਕਿੰਨੀਂ ਜ਼ਰੂਰੀ ਹੁੰਦੀ ਹੈ ਅਤੇ ਕੀ ਇਸ ਦਾ ਅਸਰ ਬੱਚਿਆਂ ਦੇ ਦਿਮਾਗ ਉੱਤੇ ਤਾਉਮਰ ਰਹਿੰਦਾ ਹੈ।

ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਭਾਰਤੀ ਸਮਾਜ ਵਿੱਚ ਕੀ ਤਲਾਕ ਹਾਲੇ ਵੀ ਇੱਕ ਟੈਬੂ ਦੀ ਤਰ੍ਹਾਂ ਦੇਖਿਆ ਜਾਂਦਾ ਹੈ ਜਾਂ ਸਮਾਜ ਵਿੱਚ ਬਦਲਾਅ ਆਇਆ ਹੈ। ਬੱਚਿਆਂ ਦੀ ਕਸਟਡੀ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਅਸਰ

ਉਦਾਸ ਬੱਚੀ

ਤਸਵੀਰ ਸਰੋਤ, Getty Images

‘ਰੋਡਮੈਪ ਟੂ ਮੈਨੇਜਿੰਗ ਡਾਇਵੋਰਸ’ ਨਾਂ ਦੀ ਕਿਤਾਬ ਲਿਖ ਚੁੱਕੇ ਡਾ. ਸੁਚਿੱਤਰਾ ਦਾਲਵੀ ਨਾਲ ਅਸੀਂ ਗੱਲ ਕੀਤੀ। ਉਹ ਕਈ ਐਨਜੀਓਜ਼ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਪਰਿਵਾਰਾਂ ਦੀ ਕਾਊਂਸਲਿੰਗ ਕਰਦੇ ਹਨ, ਜੋ ਤਲਾਕ ਤੋਂ ਗੁਜ਼ਰ ਰਹੇ ਹਨ।

ਡਾ. ਸੁਚਿੱਤਰਾ ਦਾ ਮੰਨਣਾ ਹੈ ਕਿ ਤਲਾਕ ਤੋਂ ਪਹਿਲਾਂ ਦੇ ਪਰਿਵਾਰਕ ਹਾਲਾਤ ਅਤੇ ਤਲਾਕ ਲੈਣ ਦਾ ਤਰੀਕਾ ਇਸ ਗੱਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਕਿ ਬੱਚੇ ਤਲਾਕ ਨੂੰ ਕਿਸ ਤਰ੍ਹਾਂ ਲੈਣਗੇ।

ਉਹ ਕਹਿੰਦੇ ਹਨ, “ਜੇਕਰ ਹਾਲਾਤ ਪਹਿਲਾਂ ਹੀ ਬਹੁਤ ਮਾੜੇ ਹਨ, ਜੇਕਰ ਉਹ ਮਾਪਿਆਂ ਵਿਚਕਾਰ ਹਿੰਸਾ ਹੁੰਦੀ ਦੇਖਦੇ ਹਨ, ਅਬਊਸਿਵ ਰਿਲੇਸ਼ਨਸ਼ਿਪ ਹੈ ਤਾਂ ਬੱਚਾ ਉਦੋਂ ਤੋਂ ਹੀ ਬਹੁਤ ਦਰਦ ਤੋਂ ਗੁਜ਼ਰ ਰਿਹਾ ਹੁੰਦਾ ਹੈ। ਹੋ ਸਕਦਾ ਹੈ ਕਿ ਤਲਾਕ ਤੋਂ ਬਾਅਦ ਉਸ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਦਿਸ਼ਾ ਮਿਲੇ।”

ਉਹ ਕਹਿੰਦੇ ਹਨ, “ਪਰ ਜੇਕਰ ਬੱਚੇ ਦਾ ਲਗਾਅ ਦੋਹਾਂ ਮਾਪਿਆਂ ਨਾਲ ਹੈ ਅਤੇ ਉਹ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ ਤਾਂ ਉਨ੍ਹਾਂ ਲਈ ਦੋਹਾਂ ਨੂੰ ਛੱਡਣਾ ਔਖਾ ਹੈ ਜਾਂ ਜਿਸ ਮਾਪੇ ਨਾਲ ਜ਼ਿਆਦਾ ਲਗਾਅ ਹੈ, ਕਸਟਡੀ ਉਸ ਨੂੰ ਨਹੀਂ ਮਿਲੀ ਤਾਂ ਬੱਚੇ ਲਈ ਇਹ ਸਭ ਝੱਲਣਾ ਬਹੁਤ ਔਖਾ ਹੋ ਸਕਦਾ ਹੈ।”

“ਇਹ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਤਲਾਕ ਤੋਂ ਬਾਅਦ ਜਿਸ ਪੇਰੇਂਟ ਕੋਲ ਬੱਚੇ ਦੀ ਕਸਟਡੀ ਹੈ, ਉਹ ਉਸ ਨੂੰ ਕਿਸ ਤਰ੍ਹਾਂ ਸੰਭਾਲ ਰਿਹਾ ਹੈ। ਜੇਕਰ ਤਲਾਕ ਤੋਂ ਬਾਅਦ ਆਰਥਿਕ ਅਤੇ ਮਾਨਸਿਕ ਤੌਰ ਉੱਤੇ ਜ਼ਿੰਦਗੀ ਬਹੁਤ ਬਦਲ ਜਾਵੇ ਤਾਂ ਇਸ ਦਾ ਹੋਰ ਵੀ ਜ਼ਿਆਦਾ ਅਸਰ ਬੱਚਿਆਂ ਉੱਤੇ ਪੈਂਦਾ ਹੈ।”

ਡਾ. ਪੱਲਵੀ
ਉਦਾਸ ਮਾਂ ਅਤੇ ਬੱਚਾ

ਤਸਵੀਰ ਸਰੋਤ, Getty Images

ਤਲਾਕ ਦਾ ਬੱਚਿਆਂ ਉੱਤੇ ਕੀ-ਕੀ ਅਸਰ ਪੈ ਸਕਦਾ ਹੈ

  • ਅਜਿਹੇ ਵਿੱਚ ਕਈ ਵਾਰ ਬੱਚਾ ਸਮਾਜ ਤੋਂ ਕੱਟਣਾ ਸ਼ੁਰੂ ਹੋ ਜਾਂਦਾ ਹੈ। ਉਹ ਸਹਿਜ ਮਹਿਸੂਸ ਨਹੀਂ ਕਰ ਪਾਉਂਦਾ।
  • ਉਸ ਦੇ ਆਤਮਵਿਸ਼ਵਾਸ ਵਿੱਚ ਭਾਰੀ ਗਿਰਾਵਟ ਆਉਂਦੀ ਹੈ। ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਮਹਿਸੂਸ ਕਰਦਾ ਹੈ।
  • ਕਈ ਵਾਰ ਬੱਚਾ ਆਪਣੇ ਆਪ ਵਿੱਚ ਗਿਲਟੀ (ਅਪਰਾਧਬੋਧ) ਮਹਿਸੂਸ ਕਰਦਾ ਹੈ।
  • ਉਹ ਲੋਕਾਂ ਨਾਲ ਜ਼ਿਆਦਾ ਗੱਲਬਾਤ ਕਰਨ ਜਾਂ ਮੇਲ-ਜੋਲ ਰੱਖਣ ਤੋਂ ਗੁਰੇਜ਼ ਕਰਦਾ ਹੈ।
  • ਉਹ ਜਦੋਂ ਖ਼ੁਦ ਵੀ ਕਿਸੇ ਰਿਲੇਸ਼ਸ਼ਿਪ ਵਿੱਚ ਜਾਂਦਾ ਹੈ ਤਾਂ ਅਸਹਿਜ ਮਹਿਸੂਸ ਕਰਦਾ ਹੈ।
  • ਟ੍ਰਾਮਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਦਾ ਹੈ।
  • ਬੱਚਾ ਭਾਵਨਾਵਾਂ ਦਾ ਬੋਝ ਲੈ ਕੇ ਰੱਖਦਾ ਹੈ। ਉਹ ਮਾਨਸਿਕ ਥਕਾਨ ਮਹਿਸੂਸ ਕਰਦਾ ਹੈ।
  • ਇਸ ਦਾ ਅਸਰ ਅਕਾਦਮਿਕ ਪਹਿਲੂ ਉੱਤੇ ਵੀ ਹੁੰਦਾ ਹੈ। ਸਕੂਲ ਵਿੱਚ ਪੜ੍ਹਾਈ ‘ਚ ਦਿਲ ਲਗਾਉਣਾ ਔਖਾ ਹੋ ਸਕਦਾ ਹੈ।

ਬੱਚਿਆ ਦੀ ਕਾਊਂਸਲਿੰਗ ਕਿੰਨੀ ਜ਼ਰੂਰੀ ਹੈ

ਲੜਾਈ ਕਰਦੇ ਪਤੀ-ਪਤਨੀ ਅਤੇ ਉਦਾਸ ਬੱਚੀ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸੀਐੱਮਸੀ ਲੁਧਿਆਣਾ ਦੇ ਡਿਪਾਰਟਮੈਂਟ ਆਫ਼ ਸਾਇਕੈਟਰੀ ਦੇ ਐਸੋਸਿਏਟ ਪ੍ਰੋਫੈਸਰ ਡਾ. ਪੱਲਵੀ ਅਭਿਲਾਸ਼ਾ ਕਹਿੰਦੇ ਹਨ ਕਿ ਮਾਪਿਆਂ ਦੇ ਤਲਾਕ ਦਾ ਬੱਚਿਆਂ ਉੱਤੇ ਬਹੁਤ ਅਸਰ ਰਹਿੰਦਾ ਹੈ।

ਉਹ ਕਹਿੰਦੇ ਹਨ ਕਿ ਉਹ ਕਈ ਅਜਿਹੇ ਬੱਚਿਆਂ ਨੂੰ ਮਿਲੇ ਹਨ ਜਿਨ੍ਹਾਂ ਵਿੱਚ ਹੇਠਾਂ ਲਿਖੇ ਕਈ ਲੱਛਣ ਵੇਖਣ ਨੂੰ ਮਿਲਦੇ ਹਨ –

  • ਓਪੋਜ਼ੀਸ਼ਨਲ ਡਿਫਾਇੰਟ ਡਿਸਆਰਡਰ (ODD) (ਚਿੜਚਿੜਾਪਨ, ਬਹਿਸ ਕਰਨਾ, ਬਦਲਾਖ਼ੋਰੀ ਦੀ ਭਾਵਨਾ)
  • ਕੰਡਕਟ ਡਿਸਆਰਡਰ (CD) (ਹਮਲਾਵਰ ਹੋਣਾ, ਧੋਖਾਧੜੀ ਅਤੇ ਨਿਯਮ ਤੋੜਨਾ)
  • ਰਿਸਕੀ ਸੈਕਸੁਅਲ ਬੀਹੇਵੀਅਰ (RSB) (ਅਸੁਰੱਖਿਅਤ ਸੈਕਸ, ਇੱਕ ਤੋਂ ਵੱਧ ਲੋਕਾਂ ਨਾਲ ਸੈਕਸ, ਪ੍ਰਭਾਵ ਅਧੀਨ ਸੈਕਸ)
  • ਅਲਕੋਹਲ ਜਾਂ ਨਸ਼ੇ ਵੱਲ ਰੁਝਾਨ
  • ਐਂਗਜ਼ਾਇਟੀ, ਤਰੇਲੀਆ ਪੈਣਾ, ਸਾਹ ਦੀ ਦਿੱਕਤ
  • ਪੈਨਿਕ ਅਟੈਕ
  • ਨਿਊਰੋਟਿਕ ਡਿਸਆਰਡਰ
ਡਾ. ਸੁਚਿੱਤਰਾ ਦਾਲਵੀ

ਡਾ. ਪੱਲਵੀ ਅਭਿਲਾਸ਼ਾ ਦੱਸਦੇ ਹਨ ਕਿ ਅਜਿਹੇ ਬੱਚਿਆ ਵਿੱਚ ਗੁੱਸਾ ਜ਼ਿਆਦਾ ਵੇਖਿਆ ਜਾਂਦਾ ਹੈ ਜਾਂ ਉਹ ਬਿਲਕੁਲ ਚੁੱਪ-ਚਾਪ ਰਹਿੰਦੇ ਹਨ। ਖ਼ਾਸ ਦਿਨ ਉਨ੍ਹਾਂ ਨੂੰ ਕਾਫੀ ਟ੍ਰਿਗਰ (ਉਕਸਾਉਂਦੇ) ਕਰਦੇ ਹਨ। ਉਹ ਦੂਜੇ ਬੱਚਿਆਂ ਨੂੰ ਜਦੋਂ ਆਪਣੇ ਮਾਪਿਆਂ ਨਾਲ ਹੱਸਦੇ-ਖੇਡਦੇ ਦੇਖਦੇ ਹਨ ਤਾਂ ਬਹੁਤ ਅਸਹਿਜ ਮਹਿਸੂਸ ਕਰਦੇ ਹਨ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕੁੜੀਆਂ ਅਤੇ ਮੁੰਡੇ ਇਸ ਸਥਿਤੀ ਵਿੱਚ ਅਕਸਰ ਵੱਖ-ਵੱਖ ਤਰੀਕੇ ਨਾਲ ਪੇਸ਼ ਆਉਂਦੇ ਹਨ। ਕੁੜੀਆਂ ਜ਼ਿਆਦਾਤਰ ਹੋਰ ਵੀ ਜ਼ਿਆਦਾ ਸਮਝਦਾਰ, ਖੁਦ ਨੂੰ ਸਥਿਤੀ ਮੁਤਾਬਕ ਢਾਲਣ ਵਾਲੀਆਂ ਅਤੇ ਸਭ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਹੁੰਦੀਆਂ ਹਨ। ਜਦਕਿ ਮੁੰਡਿਆਂ ਦਾ ਜ਼ਿਆਦਾਤਰ ਬਿਹੇਵੀਅਰ ਇੰਪਲਸਿਵ (ਗੁਸੈਲ) ਨਜ਼ਰ ਆਉਂਦਾ ਹੈ।

ਉਹ ਕਹਿੰਦੇ ਹਨ ਕਿ ਬੱਚੇ ਸਮਾਜ ਦੀ ਜਜਮੈਂਟ ਤੋਂ ਘਬਰਾਉਂਦੇ ਹਨ ਅਤੇ ਇਸੇ ਲਈ ਕਈ ਵਾਰ ਸਮਾਜ ਤੋਂ ਦੂਰੀ ਬਣਾ ਲੈਂਦੇ ਹਨ। ਉਹ ਇਸਕੇਪਿਜ਼ਮ (ਸਥਿਤੀ ਤੋਂ ਚਣ) ਦੀ ਭਾਲ ਵਿੱਚ ਰਹਿੰਦੇ ਹਨ ਯਾਨੀ ਕਿ ਆਪਣੇ ਆਪ ਨੂੰ ਮੋਬਾਇਲ, ਗੇਮਜ਼ ਜਾਂ ਕਿਤਾਬਾਂ ਆਦਿ ਵਿੱਚ ਰੁੱਝੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਨਾਲ ਜ਼ਿਆਦਾ ਮੇਲ-ਜੋਲ ਰੱਖਣ ਦਾ ਸਮਾਂ ਹੀ ਨਾ ਮਿਲੇ।

ਡਾ. ਪੱਲਵੀ ਕਹਿੰਦੇ ਹਨ ਕਿ ਅਜਿਹੇ ਵਿੱਚ ਕਾਉਂਸਲਿੰਗ ਬਹੁਤ ਜ਼ਰੂਰੀ ਭੁਮਿਕਾ ਨਿਭਾਉਂਦੀ ਹੈ। ਮੈਡੀਕੇਸ਼ਨ ਦੇ ਨਾਲ ਡਿਪ੍ਰੈਸ਼ਨ ਅਤੇ ਟ੍ਰਾਮਾ ਦੇ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ। ਖੁੱਲ੍ਹ ਕੇ ਗੱਲਬਾਤ ਕਰਨ ਨਾਲ ਸਭ ਠੀਕ ਹੋ ਸਕਦਾ ਹੈ। ਅਜਿਹੇ ਵਿੱਚ ਮਾਪਿਆਂ, ਦੋਸਤਾਂ, ਸਕੂਲ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਵਹਾਰ ਬਹੁਤ ਅਹਿਮ ਰਹਿੰਦਾ ਹੈ।

ਡਾ. ਸੁਚਿੱਤਰਾ ਦਾਲਵੀ ਦਾ ਕਹਿਣਾ ਹੈ ਕਿ ਭਾਰਤੀ ਸਮਾਜ ਨੇ ਹਾਲੇ ਵੀ ਤਲਾਕ ਨੂੰ ਅਪਨਾਉਣਾ ਬਹੁਤਾ ਸ਼ੁਰੂ ਨਹੀਂ ਕੀਤਾ। ਹਾਲੇ ਵੀ ਜ਼ਿਆਦਾਤਰ ਲੋਕਾਂ ਦਰਮਿਆਨ ਇਹ ਇੱਕ ਟੈਬੂ ਦੀ ਤਰ੍ਹਾਂ ਹੈ।

ਉਹ ਮੰਨਦੇ ਹਨ ਕਿ ਸਮਾਜ ਵਿੱਚ ਬਦਲਾਅ ਆ ਰਿਹਾ ਹੈ ਪਰ ਹਾਲੇ ਵੀ ਬਹੁਤ ਬਦਲਾਅ ਦੀ ਜ਼ਰੂਰਤ ਹੈ। ਸ਼ਹਿਰੀ ਇਲਾਕਿਆਂ ਵਿੱਚ ਸਾਨੂੰ ਕੁਝ ਬਦਲਾਅ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਇਹ ਪੂਰੀ ਤਰ੍ਹਾਂ ਨਹੀਂ ਬਦਲਿਆ। ਪੇਂਡੂ ਇਲਾਕਿਆਂ ਵਿੱਚ ਤਾਂ ਹਾਲਾਤ ਇਸ ਤੋਂ ਵੀ ਜ਼ਿਆਦਾ ਮਾੜੇ ਹਨ।

ਵੰਦਨਾ ਸ਼ਾਹ

ਭਾਰਤ ਵਿੱਚ ਕੀ ਹਨ ਹਾਲਾਤ

‘ਦਿ ਐਕਸ ਫਾਈਲਜ਼: ਦਿ ਸਟੋਰੀ ਆਫ਼ ਮਾਈ ਡਿਵੋਰਸ’ ਲਿਖਣ ਵਾਲੇ ਵਕੀਲ ਵੰਦਨਾ ਸ਼ਾਹ ਨਾਲ ਅਸੀਂ ਗੱਲ ਕੀਤੀ। ਵੰਦਨਾ ਸ਼ਾਹ ਤਲਾਕ ਦੇ ਮਾਮਲੇ ਲੜਦੇ ਹਨ।

ਉਹ ਕਹਿੰਦੇ ਹਨ ਕਿ ਇਹ ਬਹੁਤ ਮਾਅਨੇ ਰੱਖਦਾ ਹੈ ਕਿ ਬੱਚੇ ਦੀ ਉਮਰ ਕੀ ਹੈ। 5 ਤੋਂ 10 ਸਾਲ ਦੀ ਉਮਰ ਸਭ ਤੋਂ ਜ਼ਿਆਦਾ ਅਹਿਮ ਅਤੇ ਸੰਜੀਦਾ ਮੰਨੀ ਜਾਂਦੀ ਹੈ। ਬੱਚੇ ਨੂੰ ਸਮਝ ਆਉਣ ਲੱਗਦਾ ਹੈ। ਖ਼ਾਸ ਕਰ ਜਦੋਂ ਉਹ ਸਕੂਲ ਵਿੱਚ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਦੇਖਦਾ ਹੈ ਤਾਂ ਆਪਣੇ ਇੱਕ ਮਾਪੇ ਦੀ ਕਮੀ ਨੂੰ ਮਹਿਸੂਸ ਕਰਦਾ ਹੈ।

ਉਹ ਮੰਨਦੇ ਹਨ ਕਿ ਕਾਊਂਸਲਿੰਗ ਨੂੰ ਲੈ ਕੇ ਭਾਰਤ ਵਿੱਚ ਹਾਲੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਉਹ ਇਸ ਦੇ ਚਾਰ ਕਾਰਨ ਮੰਨਦੇ ਹਨ –

  • ਜਾਗਰੁਕਤਾ ਦੀ ਕਮੀ
  • ਕਾਊਂਸਲਿੰਗ ਨਾਲ ਜੁੜਿਆ ਟੈਬੂ
  • ਖਰਚਾ ਚੁੱਕ ਪਾਉਣ ਦੀ ਸਮਰਥਾ
  • ਕੁਸ਼ਲ ਕਾਊਂਸਲਰਾਂ ਦੀ ਕਮੀ

ਉਹ ਮੰਨਦੇ ਹਨ ਕਿ ਕਾਉਂਸਲਿੰਗ ਬਹੁਤ ਜ਼ਿਆਦਾ ਅਹਿਮ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਅਜਿਹੇ ਮਾਮਲੇ ਵੀ ਦੇਖੇ ਹਨ ਜਦੋਂ ਬੱਚੇ ਕਿਸੇ ਵੀ ਹੱਦ ਤੱਕ ਜਾਣ ਨੂੰ ਮਜਬੂਰ ਹੋ ਸਕਦੇ ਹਨ।

ਉਹ ਮੰਨਦੇ ਹਨ ਕਿ ਕਾਊਂਸਲਿੰਗ ਦੇ ਨਾਲ-ਨਾਲ ਦੋਹਾਂ ਪੇਰੇਂਟਸ ਨੂੰ ਵੀ ਸੰਜੀਦਾ ਹੋਣਾ ਪਵੇਗਾ।

ਬੱਚੇ ਦੀ ਜ਼ਿੰਦਗੀ ਦੇ ਖ਼ਾਸ ਮੌਕਿਆਂ ਉੱਤੇ ਆਪਣੀਆਂ ਰੰਜਿਸ਼ਾਂ ਨੂੰ ਛੱਡ ਕੇ ਦੋਵਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ।

ਕਦੇ-ਕਦੇ ਦੋਹੇਂ ਪੇਰੇਂਟ ਬੱਚੇ ਨਾਲ ਇਕੱਠਿਆਂ ਕੁਝ ਵਕਤ ਗੁਜ਼ਾਰ ਸਕਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨਾਲ ਤਲਾਕ ਦੇ ਕਾਰਨਾਂ ਬਾਰੇ ਖੁੱਲ੍ਹ ਕੇ ਚਰਚਾ ਕਰਨੀ ਜ਼ਰੂਰੀ ਹੈ।

ਜ਼ਰੂਰੀ ਨਹੀਂ ਹੈ ਕਿ ਇੱਕ-ਦੂਜੇ ਉੱਤੇ ਸਿਰਫ ਇਲਜ਼ਾਮਤਰਾਸ਼ੀ ਕੀਤੀ ਜਾਵੇ, ਬੱਚੇ ਨੂੰ ਖੁੱਲ੍ਹ ਕੇ ਸਭ ਕੁਝ ਸਮਝਾਉਣਾ ਅਤੇ ਉਸ ਦੇ ਸਵਾਲਾਂ ਦੇ ਜਵਾਬ ਦੇ ਕੇ ਕਾਫੀ ਹੱਦ ਤੱਕ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI