Source :- BBC PUNJABI

ਤਸਵੀਰ ਸਰੋਤ, Abhijeet Tangade
- ਲੇਖਕ, ਸੰਜਨਾ ਖੰਡਾਰੇ
- ਰੋਲ, ਬੀਬੀਸੀ ਮਰਾਠੀ
-
5 ਜੂਨ 2025, 19:58 IST
ਅਪਡੇਟ ਇੱਕ ਘੰਟਾ ਪਹਿਲਾਂ
ਇੱਥੋਂ ਕੋਈ ਵੀ ਖਿੜਕੀ ਜਾਂ ਦਰਵਾਜ਼ੇ ਤੋਂ ਹੱਥ ਹਿਲਾ ਕੇ, ਇਸ਼ਾਰਾ ਕਰਕੇ ਜਾਂ ਆਵਾਜ਼ ਲਗਾ ਕੇ ਮਰਦਾਂ ਨੂੰ ਨਹੀਂ ਬੁਲਾਉਂਦਾ। ਨਾ ਹੀ ਕੋਈ ਫਟੇ-ਪੁਰਾਣੇ ਕੱਪੜੇ ਪਹਿਨਦਾ ਹੈ। ਇੰਨਾ ਹੀ ਨਹੀਂ, ਇੱਕ ਵਾਰ ਜਦੋਂ ਕੋਈ ਇਸ ਬਸਤੀ ਵਿੱਚ ਦਾਖਲ ਹੁੰਦਾ ਹੈ, ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਇੱਥੇ ਵੇਸਵਾਗਮਨੀ ਚੱਲ ਰਹੀ ਹੈ। ਇੱਥੋਂ ਤੱਕ ਕਿ ਫਿਲਮੀ ਸ਼ੈਲੀ ਦੇ ਵੇਸਵਾਘਰਾਂ ਦੇ ਸਾਹਮਣੇ ਵੀ ਕੋਈ ਤਾਂ ਰੌਸ਼ਨੀ ਜਾਂ ਦਲਾਲ ਨਹੀਂ ਹੁੰਦੇ।
ਪਰ ਮਹਾਰਾਸ਼ਟਰ ਦੇ ਜਲਗਾਓਂ ਦੇ ਅਮਲਨੇਰ ਦੀ ਬਸਤੀ ਵਿੱਚ ਇਹ ਸਭ ਵਿਵਸਥਾ ਹੈ।
ਹੋਰ ਬਸਤੀਆਂ ਵਾਂਗ, ਇਹ ਅਮਲਨੇਰ ਤਾਲੁਕਾ ਦੇ ਮੁਸਲਿਮ ਬਹੁਲ ਖੇਤਰ ਵਿੱਚ ਇਹ ਇੱਕ ਸ਼ਾਂਤ ਬਸਤੀ ਹੈ। ਇਸਦਾ ਇਤਿਹਾਸ ਵੀ 150 ਸਾਲ ਤੋਂ ਵੱਧ ਪੁਰਾਣਾ ਹੈ।
ਪਰ ਇਸ ਵੇਲੇ ਇੱਥੇ 100 ਤੋਂ ਵੱਧ ਵੇਸਵਾਵਾਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਨੂੰ ਆਪਣੇ ਸਿਰਾਂ ਤੋਂ ਛੱਤ ਖੁੱਸੇ ਜਾਣ ਦਾ ਡਰ ਹੈ।
ਲਗਭਗ 15 ਸਾਲਾਂ ਤੋਂ ਇੱਥੇ ਵੇਸਵਾਵਾਂ ਇਸੇ ਡਰ ਵਿੱਚ ਰਹਿ ਰਹੀਆਂ ਹਨ। ਪਰ ਉਹ ਲੋਕ ਕੌਣ ਹਨ ਜੋ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ?
ਉਹ ਸਾਡੇ ਗਾਹਕਾਂ ਨੂੰ ਕੁੱਟਦੇ ਹਨ ਤੇ ਲੁੱਟਦੇ ਹਨ

ਤਸਵੀਰ ਸਰੋਤ, Abhijeet Tangade
(ਇਸ ਰਿਪੋਰਟ ਵਿੱਚ ਮਹਿਲਾਵਾਂ ਦੇ ਨਾਮ ਬਦਲੇ ਗਏ ਹਨ)
34 ਸਾਲਾ ਕਵਿਤਾ ਵੀ ਇੱਥੇ ਵੇਸਵਾ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀਆਂ ਦੀਆਂ ਦੋ ਧੀਆਂ ਹਨ।
ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਲੋਕ ਕਹਿੰਦੇ ਹਨ ਕਿ ਇਸ ਬਸਤੀ ਕਾਰਨ ਉਨ੍ਹਾਂ ਦੀਆਂ ਧੀਆਂ ਦਾ ਵਿਆਹ ਨਹੀਂ ਹੋ ਰਿਹਾ। ਪਰ ਅਸਲ ਵਿੱਚ ਉਨ੍ਹਾਂ ਦੀਆਂ ਧੀਆਂ ਦੇ ਦੋ-ਦੋ ਬੱਚੇ ਹਨ।”
”ਫਿਰ ਉਹ ਝੂਠੇ ਇਲਜ਼ਾਮ ਕਿਉਂ ਲਗਾਉਂਦੇ ਹਨ? ਉਹ ਗਾਹਕਾਂ ਨੂੰ ਸਾਡੇ ਕੋਲ ਆਉਣ ਤੋਂ ਰੋਕਣ ਲਈ ਉਨ੍ਹਾਂ ਨੂੰ ਕੁੱਟਦੇ ਹਨ ਅਤੇ ਲੁੱਟ-ਮਾਰ ਕਰਦੇ ਹਨ।”
ਕਵਿਤਾ ਤਰਕ ਦਿੰਦੇ ਹਨ, “ਗਾਹਕ ਡਰ ਦੇ ਕਾਰਨ ਕੁਝ ਸਮੇਂ ਤੋਂ ਆ ਹੀ ਨਹੀਂ ਰਹੇ ਹਨ। ਸਾਡੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਅਸੀਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਸਾਨੂੰ ਤੁਹਾਡੇ ਵਾਂਗ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ। ਅਸੀਂ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਇਸ ਨੂੰ ਬੰਦ ਨਹੀਂ ਕਰਾਂਗੇ।”
‘ਸਾਡੇ ਬੱਚਿਆਂ ਦੇ ਵਿਆਹ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਕਿਉਂ ਨਹੀਂ’

ਤਸਵੀਰ ਸਰੋਤ, Abhijeet Tangade
ਅਮੀਨਾ ਵੀ ਇੱਥੇ ਵੇਸਵਾਵਾਂ ਵਿੱਚੋਂ ਇੱਕ ਹਨ।
ਉਨ੍ਹਾਂ ਕਿਹਾ, “ਅਸੀਂ ਇੱਥੇ ਕਈ ਸਾਲਾਂ ਤੋਂ ਵੇਸਵਾਗਮਨੀ ਕਰ ਰਹੇ ਹਾਂ। ਹੁਣ ਤੱਕ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਈ। ਹੁਣ ਕੀ ਸਮੱਸਿਆ ਹੈ? ਵਿਰੋਧ ਕਰਨ ਵਾਲੇ ਕਹਿੰਦੇ ਹਨ ਕਿ ਸਾਡੇ ਕਾਰਨ ਉਨ੍ਹਾਂ ਦੇ ਬੱਚੇ ਵਿਆਹੇ ਨਹੀਂ ਜਾ ਰਹੇ। ਫਿਰ ਸਾਡੇ ਬੱਚੇ ਕਿਵੇਂ ਵਿਆਹੇ ਜਾ ਰਹੇ ਹਨ?”
ਅਮੀਨਾ ਕਹਿੰਦੇ ਹਨ, “ਵੇਸਵਾਵਾਂ ਦੀਆਂ ਧੀਆਂ ਵੀ ਤਾਂ ਵਿਆਹੀਆਂ ਜਾਂਦੀਆਂ ਹਨ, ਪੜ੍ਹਦੀਆਂ ਵੀ ਹਨ, ਤਾਂ ਉਨ੍ਹਾਂ ਦੀਆਂ ਧੀਆਂ ਘਰ ਕਿਉਂ ਬੈਠੀਆਂ ਹਨ? ਮੇਰੇ ਭਰਾ ਦੀ ਧੀ ਇਸੇ ਬਸਤੀ ਵਿੱਚ ਪੜ੍ਹੀ ਹੈ। ਹੁਣ ਉਹ ਅਮਰਾਵਤੀ ਵਿੱਚ ਆਈਟੀਆਈ ਕਰ ਰਹੀ ਹੈ। ਇੱਕ ਹੋਰ ਭਰਾ ਦੀ ਧੀ ਨਾਸਿਕ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਇੱਕ ਭੈਣ ਦਾ ਪੁੱਤਰ ਗੋਆ ਵਿੱਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ।”
”ਅਸੀਂ ਚੀਕ-ਚੀਕ ਕੇ ਕਹਿ ਰਹੇ ਹਾਂ ਕਿ ਇਹ ਵੇਸਵਾਗਮਨੀ ਵਿੱਚ ਸਾਡੀ ਆਖਰੀ ਪੀੜ੍ਹੀ ਹੋਵੇਗੀ। ਅਸੀਂ ਇਸ ਕਾਰੋਬਾਰ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡੇ ਬੱਚੇ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਜਾਂਦੇ। ਕਿਉਂਕਿ ਸਾਡੇ ਕੋਲ ਇਸ ਕਾਰੋਬਾਰ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।”

ਤਸਵੀਰ ਸਰੋਤ, Abhijeet Tangade
ਪਿੰਡ ਦੇ ਬਾਹਰ ਬਣਿਆ ਵੇਸਵਾਘਰ ਹੁਣ ਸ਼ਹਿਰ ਦੇ ਦਿਲ ਵਿੱਚ ਆ ਚੁੱਕਾ ਹੈ।
ਅਮਲਨੇਰ ਤਾਲੁਕਾ ਕਈ ਕਾਰਨਾਂ ਕਰਕੇ ਜਾਣਿਆ ਜਾਂਦਾ ਹੈ। ਸੈਨੇ ਗੁਰੂਜੀ (ਇੱਕ ਪ੍ਰਸਿੱਧ ਲੇਖਕ ਤੇ ਆਜ਼ਾਦੀ ਘੁਟਾਲੀਏ) ਇੱਥੇ ਕਈ ਸਾਲਾਂ ਤੱਕ ਰਹੇ ਸਨ। ਅਮਲਨੇਰ ਦੇ ਬਹੁਤ ਸਾਰੇ ਲੋਕਾਂ ਨੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਸੀ, ਜਿਸ ਵਿੱਚ ਆਜ਼ਾਦੀ ਘੁਲਾਟੀਏ ਨਾਨਾ ਪਾਟਿਲ ਅਤੇ ਆਜ਼ਾਦੀ ਘੁਲਾਟੀਏ ਲੀਲਾਤਾਈ ਪਾਟਿਲ ਵੀ ਸ਼ਾਮਲ ਹਨ।
ਗਲੋਬਲ ਕੰਪਨੀ ‘ਵਿਪਰੋ’ ਦੀ ਸ਼ੁਰੂਆਤ ਅਮਲਨੇਰ ਤੋਂ ਹੀ ਹੋਈ ਸੀ। ਅਮਲਨੇਰ ਵਿੱਚ ਵਿੱਦਿਅਕ ਸੰਸਥਾਵਾਂ ਅਤੇ ਮਸ਼ਹੂਰ ਕਾਲਜਾਂ ਦੇ ਕਾਰਨ, 1970 ਤੋਂ 2010 ਦੇ ਵਿਚਕਾਰ ਆਲੇ-ਦੁਆਲੇ ਦੇ ਤਾਲੁਕਾਵਾਂ ਤੋਂ ਬਹੁਤ ਸਾਰੇ ਵਿਦਿਆਰਥੀ ਇੱਥੇ ਸਿੱਖਿਆ ਲਈ ਆਏ।
ਸੰਤ ਸਖਾਰਾਮ ਮਹਾਰਾਜ ਯਾਤਰਾ ਉਤਸਵ ਅਮਲਨੇਰ ਦਾ ਸਭ ਤੋਂ ਵੱਡਾ ਯਾਤਰਾ ਤਿਉਹਾਰ ਹੈ। ਪ੍ਰਸਿੱਧ ਮੰਗਲ ਗ੍ਰਹਿ ਮੰਦਰ ਇਸੇ ਸ਼ਹਿਰ ਵਿੱਚ ਸਥਿਤ ਹੈ। ਦੇਸ਼ ਭਰ ਤੋਂ ਸ਼ਰਧਾਲੂ ਇਸ ਮੰਦਰ ਵਿੱਚ ਆਉਂਦੇ ਹਨ।
ਅਮਲਨੇਰ ਅਜਿਹੇ ਕਈ ਪਹਿਲੂਆਂ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਇਨ੍ਹਾਂ ਸਾਰਿਆਂ ਵਿੱਚੋਂ ਇੱਕ ਵੱਖਰੀ ਪਛਾਣ ਹੈ – ਸ਼ਹਿਰ ਦੇ ਦਿਲ ਵਿੱਚ ਸਥਿਤ ਅਮਲਨੇਰ ਦੀ ਸਭ ਤੋਂ ਵੱਡੀ ‘ਵੇਸਵਾ’ ਕਲੋਨੀ।
ਅਮਲਨੇਰ ਤਾਲੁਕਾ ਦੇ ਗਾਂਧੀਲਪੁਰਾ ਖੇਤਰ ਵਿੱਚ ਵੇਸਵਾਵਾਂ ਦੀ ਇਹ ਕਲੋਨੀ ਇਸ ਸਮੇਂ ਇੱਕ ਭਖਦਾ ਮੁੱਦਾ ਬਣ ਗਈ ਹੈ।
150 ਸਾਲਾਂ ਦੇ ਇਤਿਹਾਸ ਵਾਲੀ ਇਹ ਕਲੋਨੀ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਸੀ। ਕਾਰਨ ਇਹ ਹੈ ਕਿ ਇਹ ਕਲੋਨੀ ਪਹਿਲਾਂ ਸ਼ਹਿਰ ਤੋਂ ਬਾਹਰ ਸੀ।
ਪਰ ਜਿਵੇਂ-ਜਿਵੇਂ ਸ਼ਹਿਰ ਦਾ ਵਿਸਥਾਰ ਹੋਇਆ, ਇਹ ਕਲੋਨੀ ਹੁਣ ਸ਼ਹਿਰ ਦੇ ਦਿਲ ਭਾਵ ਬਿਲਕੁਲ ਅੰਦਰ ਆ ਚੁੱਕੀ ਹੈ। ਬਸਤੀ ਤਾਂ ਆਪਣੀ ਜਗ੍ਹਾ ‘ਤੇ ਹੀ ਹੈ, ਸ਼ਹਿਰ ਨੇ ਹੀ ਇਸ ਨੂੰ ਆਲੇ-ਦੁਆਲੇ ਤੋਂ ਘੇਰ ਲਿਆ ਹੈ।
‘ਹਰਦਾਸੀ’ ਭਾਈਚਾਰੇ ਦਾ ਇਤਿਹਾਸ

ਤਸਵੀਰ ਸਰੋਤ, Abhijeet Tangade
ਵੇਸਵਾਵਾਂ ਵਜੋਂ ਜਾਣੀਆਂ ਜਾਂਦੀਆਂ ਇਨ੍ਹਾਂ ਔਰਤਾਂ ਨੂੰ ਰਵਾਇਤੀ ਤੌਰ ‘ਤੇ ‘ਹਰਦਾਸੀ’ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਮੁਸਲਿਮ ‘ਹਰਦਾਸੀ’ ਭਾਈਚਾਰੇ ਦੀਆਂ ਹਨ।
ਮਾਹੀਜੀ ਦੇਵੀ ਯਾਤਰਾ ਤਿਉਹਾਰ ਅਮਲਨੇਰ ਤਾਲੁਕਾ ਦੇ ਪਚੋਰਾ ਵਿੱਚ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਦੇਵੀ ਮਾਹੀਜੀ ਦਾ ਮੇਲਾ ਲਗਭਗ 1400 ਵਿੱਚ ਮਾਹੀਜੀ ਪਿੰਡ ਵਿੱਚ ਸ਼ੁਰੂ ਹੋਇਆ ਸੀ।
ਇੱਕ ਸਮਾਂ ਸੀ ਜਦੋਂ ਇਸ ਪਿੰਡ ਵਿੱਚ ਮਾਹੀਜੀ ਯਾਤਰਾ 6 ਮਹੀਨੇ ਤੱਕ ਚੱਲਦੀ ਸੀ। ਮੇਲੇ ਵਿੱਚ ਢੋਲ ਵਜਾਉਣ, ਗਾਉਣ ਅਤੇ ਨੱਚਣ ਵਰਗੀਆਂ ਕਈ ਕਲਾਵਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਸਨ।
ਦੱਸਿਆ ਜਾਂਦਾ ਹੈ ਕਿ 1700 ਤੋਂ 1800 ਈਸਵੀ ਦੇ ਵਿਚਕਾਰ, ‘ਹਰਦਾਸੀ’ ਭਾਈਚਾਰਾ ਜਲਗਾਓਂ ਜ਼ਿਲ੍ਹੇ ਦੇ ਪਚੋਰਾ ਤਾਲੁਕਾ ਵਿੱਚ ਆਇਆ ਸੀ। ਇਸ ਭਾਈਚਾਰੇ ਦੀਆਂ ਕੁੜੀਆਂ ਯਾਤਰਾ ਵਿੱਚ ਗੀਤ ਗਾਉਂਦੀਆਂ ਸਨ ਅਤੇ ਨਾਚ ਕਰਦੀਆਂ ਸਨ।
ਉਸ ਵੇਲੇ ਮਾਹੀਜੀ ਪਿੰਡ ਇਨ੍ਹਾਂ ਦੀ ਆਬਾਦੀ ਵੱਡੀ ਸੀ ਅਤੇ ਇਸੇ ਕਾਰਨ ਪਿੰਡ ਨੂੰ ‘ਹਰਦਾਸੀ ਪਿੰਡ’ ਵੀ ਕਿਹਾ ਜਾਂਦਾ ਸੀ।
ਸਮੇਂ ਦੇ ਬੀਤਣ ਦੇ ਨਾਲ-ਨਾਲ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਹੋਂਦ ਵਿੱਚ ਆਏ ਅਤੇ ਹਰਦਾਸੀ ਭਾਈਚਾਰੇ ਦੀਆਂ ਕੁੜੀਆਂ ਦੇ ‘ਮੁਜਰਾ’ ਨਾਚ ਦਾ ਸੱਭਿਆਚਾਰ ਪੁਰਾਣਾ ਹੁੰਦਾ ਚਲਾ ਗਿਆ। ਇਸ ਨਾਲ ਉਨ੍ਹਾਂ ਲਈ ਰੋਜ਼ੀ-ਰੋਟੀ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ।
ਉਨ੍ਹਾਂ ਨੂੰ ਆਪਣੇ ਪਹਿਲਾਂ ਦੇ ਕੰਮ ਤੋਂ ਵਧੀਆ ਆਮਦਨ ਹੁੰਦੀ ਸੀ ਅਤੇ ਇਸ ਕਾਰਨ ਉਹ ਇੱਕ ਚੰਗੀ ਜੀਵਨ ਸ਼ੈਲੀ ਦੀਆਂ ਆਦੀ ਹੋ ਗਈਆਂ ਸਨ। ਪਰ ਵਧਦੀਆਂ ਜ਼ਰੂਰਤਾਂ ਕਾਰਨ ਹਾਲਾਤ ਮੁਸ਼ਕਿਲ ਹੁੰਦੇ ਚਲੇ ਗਏ ਅੰਤ ਵਿੱਚ ਇਸ ਭਾਈਚਾਰੇ ਨੇ ਰੁਜ਼ਗਾਰ ਲਈ ਵੇਸਵਾਗਮਨੀ ਸ਼ੁਰੂ ਕਰ ਦਿੱਤੀ। ਵਿਰੋਧ ਕਾਰਨ ਉਨ੍ਹਾਂ ਨੂੰ ਮਾਹੀਜੀ ਪਿੰਡ ਵੀ ਛੱਡਣਾ ਪਿਆ।
ਇਸ ਕਾਰਨ ਉਨ੍ਹਾਂ ਵਿੱਚੋਂ ਕੁਝ ਲੋਕ ਰੇਲਵੇ ਪਿੰਡ ਅਮਲਨੇਰ ਵਿੱਚ ਵਸ ਗਏ। ਜਦੋਂ ਉਨ੍ਹਾਂ ਦਾ ਕਾਰੋਬਾਰ ਉੱਥੇ ਸ਼ੁਰੂ ਹੋਇਆ, ਤਾਂ ਉਨ੍ਹਾਂ ਦੀ ਗਿਣਤੀ ਵਧਦੀ ਰਹੀ। ਬਾਅਦ ਵਿੱਚ ਗਾਂਧੀਲਪੁਰਾ ਖੇਤਰ ਵਿੱਚ ਉਨ੍ਹਾਂ ਦੀ ਇੱਕ ਵੱਡੀ ਬਸਤੀ ਬਣ ਗਈ।
ਗਾਂਧੀਲਪੁਰਾ ਵਿੱਚ ਵੇਸਵਾਘਰ ਦਾ ਇਤਿਹਾਸ
ਲਗਭਗ 200 ਸਾਲ ਪਹਿਲਾਂ, ਦੋ ਭਰਾ ਗਮੀਰ ਸ਼ੇਖ ਅਤੇ ਸਮੀਰ ਸ਼ੇਖ ਆਪਣੇ ਪਰਿਵਾਰ ਨਾਲ ਪਚੋਰਾ ਤਾਲੁਕਾ ਤੋਂ ਅਮਲਨੇਰ ‘ਚ ਇੱਕ ਸ਼ਰਾਬ ਵੇਚਣ ਵਾਲੇ ਪਾਰਸੀ ਵਿਅਕਤੀ ਕੋਲ ਆਏ ਸਨ। ਉਨ੍ਹਾਂ ਦੀਆਂ 7 ਧੀਆਂ ਸਨ।
ਪਾਰਸੀ ਕਾਰੋਬਾਰੀ ਨੇ ਉਨ੍ਹਾਂ ਨੂੰ ਪਿੰਡ ਦੇ ਬਾਹਰ ਕਬਰਿਸਤਾਨ ਦੇ ਨੇੜੇ ਰਹਿਣ ਲਈ ਜਗ੍ਹਾ ਦਿੱਤੀ। ਉਸ ਪਰਿਵਾਰ ਦੀਆਂ ਸੱਤ ਧੀਆਂ ਵਿੱਚੋਂ ਦੋ ਧੀਆਂ ਮੁਜਰਾ ਕਰਕੇ ਪੈਸੇ ਕਮਾਉਂਦੀਆਂ ਸਨ। ਬਾਕੀ ਪੰਜਾਂ ਨੇ ਵੇਸਵਾਗਮਨੀ ਸ਼ੁਰੂ ਕਰ ਦਿੱਤੀ।
ਇਹ ਸ਼ੇਖ ਪਰਿਵਾਰ ਹਰਦਾਸੀ ਪਰੰਪਰਾ ਨਾਲ ਸਬੰਧਤ ਸੀ। ਸਮਾਜ ਦੀ ਮੁੱਖ ਧਾਰਾ ਤੋਂ ਸੈਂਕੜੇ ਮੀਲ ਦੂਰ, ਇਸ ਵਰਗ ਵਿੱਚ ਨਾ ਤਾਂ ਸਿੱਖਿਆ ਦੀ ਕੋਈ ਮਹੱਤਤਾ ਸੀ ਅਤੇ ਨਾ ਹੀ ਦੁਨੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਦੀ ਕੋਈ ਜਾਣਕਾਰੀ।
ਪਹਿਲਾਂ ਅਜਿਹਾ ਹੁੰਦਾ ਸੀ ਕਿ ਜੇਕਰ ਕੋਈ ਕੁੜੀ ਪੈਦਾ ਹੁੰਦੀ ਸੀ ਤਾਂ ਉਸ ਨੂੰ ਵੇਸਵਾਗਮਨੀ ਵਿੱਚ ਧੱਕ ਦਿੱਤਾ ਜਾਂਦਾ ਸੀ ਅਤੇ ਜੇਕਰ ਕੋਈ ਮੁੰਡਾ ਪੈਦਾ ਹੁੰਦਾ ਸੀ, ਤਾਂ ਉਸਦਾ ਵਿਆਹ ਕਰਵਾ ਦਿੱਤਾ ਜਾਂਦਾ ਸੀ ਅਤੇ ਫਿਰ ਉਸਦੀ ਪਤਨੀ ਪਰਦੇ ਪਿੱਛੇ ਰਹਿੰਦੀ ਸੀ ਅਤੇ ਘਰ ਦੇ ਸਾਰੇ ਕੰਮ ਕਰਦੀ ਸੀ।
ਦੋ ਪਰਿਵਾਰਾਂ ਨਾਲ ਸ਼ੁਰੂ ਹੋਈ ਇਸ ਬਸਤੀ ਵਿੱਚ ਹੁਣ ਲਗਭਗ 60 ਤੋਂ 70 ਪਰਿਵਾਰ ਹਨ। ਹਰਦਾਸੀ ਭਾਈਚਾਰੇ ਦੀ ਪੰਜਵੀਂ ਪੀੜ੍ਹੀ ਇੱਥੇ ਵੇਸਵਾਗਮਨੀ ਵਿੱਚ ਸ਼ਾਮਲ ਹੈ।
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵੇਸਵਾਘਰਾਂ ਦੀਆਂ 70 ਤੋਂ 80 ਕੁੜੀਆਂ ਵਿਆਹੀਆਂ ਹੋਈਆਂ ਹਨ। ਨਵੀਂ ਪੀੜ੍ਹੀ ਸਿੱਖਿਆ ਵੱਲ ਤੁਰ ਪਈ ਹੈ। ਇਨ੍ਹਾਂ ਵੇਸਵਾਘਰਾਂ ਦੀਆਂ ਕੁਝ ਕੁੜੀਆਂ ਤਾਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ, ਜਦਕਿ ਕੁਝ ਹੋਰ ਕੰਮ ਕਰ ਰਹੀਆਂ ਹਨ।
ਇੱਥੇ ‘ਸ਼ਕੀਲਾ ਮੰਜ਼ਿਲ’ ਨਾਮਕ ਘਰ ਵਿੱਚ ਇੱਕ ਬਜ਼ੁਰਗ ਔਰਤ ਬਿਸਤਰੇ ‘ਤੇ ਪਈ ਸੀ। ਉਨ੍ਹਾਂ ਦੀ ਉਮਰ 70 ਤੋਂ ਵੱਧ ਰਹੀ ਹੋਵੇਗੀ। ਉਨ੍ਹਾਂ ਧੀ ਖਾਣਾ ਬਣਾ ਰਹੀ ਸੀ।
ਜੇਕਰ ਤੁਸੀਂ ਇਸ ਘਰ ਦੀ ਬਣਤਰ ਨੂੰ ਦੇਖੋਗੇ, ਤਾਂ ਹੇਠਾਂ ਇੱਕ ਰਸੋਈ ਹੈ ਅਤੇ ਉੱਪਰ ਪਰਿਵਾਰ ਦੇ ਹੋਰ ਮੈਂਬਰਾਂ ਲਈ ਰਿਹਾਇਸ਼ ਹੈ।
ਜਿਸ ਕਮਰੇ ਵਿੱਚ ਵੇਸਵਾਗਮਨੀ ਦਾ ਕਾਰੋਬਾਰ ਚਲਾਇਆ ਜਾਂਦਾ ਹੈ ਉਹ 10×10 ਦਾ ਕਮਰਾ ਹੈ। ਇੱਥੇ ਇੱਕ ਬਿਸਤਰਾ, ਇੱਕ ਪੱਖਾ ਅਤੇ ਪਾਣੀ ਨਾਲ ਭਰੀ ਇੱਕ ਬਾਲਟੀ ਹੈ। ਇੱਥੇ ਕਲੋਨੀ ਦੇ ਹਰ ਘਰ ਵਿੱਚ ਇੱਕ ਜਾਂ ਦੋ ਅਜਿਹੇ ਕਮਰੇ ਹਨ।
ਵੇਸਵਾਘਰਾਂ ਬਾਰੇ ਵਿਵਾਦ ਕੀ ਹੈ?

ਤਸਵੀਰ ਸਰੋਤ, Abhijeet Tangade
ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਲੋਨੀ ਵਿੱਚੋਂ ਵੇਸਵਾਵਾਂ ਨੂੰ ਕੱਢਣ ਦੀ ਕੋਸ਼ਿਸ਼ ਦਾ ਅਸਲ ਮਾਮਲਾ ਕੀ ਹੈ। ਬਹੁਤ ਸਾਰੇ ਲੋਕ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਅੱਗੇ ਆਏ। ਸੱਤਰ ਸਾਲਾ ਫਾਤਿਮਾ ਆਜੀ ਸਭ ਤੋਂ ਪਹਿਲਾਂ ਬੋਲ ਰਹੇ ਸਨ।
ਉਨ੍ਹਾਂ ਕਿਹਾ, “ਸਾਨੂੰ ਕਲੋਨੀ ਵਿੱਚੋਂ ਕੱਢਣ ਲਈ ਇੱਕ ਯੋਜਨਾਬੱਧ ਸਿਆਸਤ ਚੱਲ ਰਹੀ ਹੈ। ਕਿਉਂਕਿ ਅਸੀਂ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਾਂ, ਅਸੀਂ ਆਪਣੇ ਘਰ ਬਣਾਏ ਹਨ।”
“ਇਸ ਮੁਹੱਲੇ ਵਿੱਚ ਇੱਕ ਪੁਰਾਣਾ ਸਿਨੇਮਾ ਹਾਲ ਸੀ। ਸਮੇਂ ਦੇ ਨਾਲ ਉਹ ਬੰਦ ਹੋ ਗਿਆ। ਇੱਕ ਆਦਮੀ ਨੇ ਇਹ ਜਗ੍ਹਾ ਖਰੀਦ ਲਈ ਅਤੇ ਸਕ੍ਰੈਪ ਮੈਟਲ ਦਾ ਕਾਰੋਬਾਰ ਸ਼ੁਰੂ ਕੀਤਾ। ਹੌਲੀ-ਹੌਲੀ ਕਾਰੋਬਾਰ ਵਧਦਾ ਗਿਆ ਅਤੇ ਜਗ੍ਹਾ ਦੀ ਕਮੀ ਹੋਣ ਲੱਗੀ, ਇਸ ਲਈ ਉਸਨੇ ਸਾਡੇ ਮੁਹੱਲੇ ‘ਤੇ ਨਜ਼ਰ ਰੱਖੀ ਹੋਈ ਹੈ।”
ਫਾਤਿਮਾ ਆਜੀ ਕਹਿੰਦੇ ਹਨ, “ਉਸ ਕਾਰੋਬਾਰੀ ਦਾ ਨਾਮ ਕੁਦਰਤ ਅਲੀ ਖਾਨ ਹੈ। ਉਸਨੇ ਸਾਨੂੰ ਪਰੇਸ਼ਾਨ ਕਰਨ ਦਾ ਇੱਕ ਵੀ ਮੌਕਾ ਨਹੀਂ ਗੁਆਇਆ। ਉਸਨੇ ਸਾਡੇ ਕਾਰੋਬਾਰ ਨੂੰ ਬੰਦ ਕਰਨ ਜਾਂ ਸਾਡੀ ਬਸਤੀ ਨੂੰ ਕਿਸੇ ਹੋਰ ਜਗ੍ਹਾ ‘ਤੇ ਭੇਜਣ ਲਈ ਇੱਕ ਯੋਜਨਾਬੱਧ ਮੁਹਿੰਮ ਚਲਾਈ। ਉਹ ਮੁਹੱਲੇ ਦੇ ਲੋਕਾਂ ਨੂੰ ਭੜਕਾ ਰਿਹਾ ਹੈ।”
“ਸਾਡੇ ਵਿਰੁੱਧ ਸੁਨੇਹੇ ਭੇਜੇ ਜਾ ਰਹੇ ਹਨ, ਵਟਸਐਪ ਸਮੂਹਾਂ ‘ਤੇ ਪੋਸਟਰ ਬਣਾਏ ਜਾ ਰਹੇ ਹਨ, ਸਾਡੇ ਵਿਰੁੱਧ ਮਾਰਚ ਕੱਢੇ ਜਾ ਰਹੇ ਹਨ, ਥਾਣੇ ਵਿੱਚ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਕੇਸ ਦਰਜ ਕੀਤੇ ਜਾ ਰਹੇ ਹਨ। ਅਸੀਂ ਪਿਛਲੇ ਕੁਝ ਸਾਲਾਂ ਤੋਂ ਇਹ ਸਭ ਝੱਲ ਰਹੇ ਹਾਂ।”
‘ਉਹ ਮੈਨੂੰ ਕਬਰਿਸਤਾਨ ਵਿੱਚ ਵੀ ਜਗ੍ਹਾ ਨਹੀਂ ਦੇਣਗੇ’

ਤਸਵੀਰ ਸਰੋਤ, Getty Images
30 ਸਾਲਾ ਮੁਨੀਬਾ ਇਸ ਵੇਸਵਾਘਰ ਵਿੱਚ ਪੈਦਾ ਹੋਏ ਸਨ। ਉਨ੍ਹਾਂ ਨੂੰ ਯਾਦ ਵੀ ਨਹੀਂ ਹੈ ਕਿ ਉਨ੍ਹਾਂ ਵੇਸਵਾਗਮਨੀ ਕਦੋਂ ਸ਼ੁਰੂ ਕੀਤੀ ਸੀ। ਪਰ ਉਨ੍ਹਾਂ ਨੇ ਇੱਕ ਭਿਆਨਕ ਯਾਦ ਸਾਂਝੀ ਕੀਤੀ।
ਮੁਨਿਬਾ ਯਾਦ ਕਰਦੇ ਹਨ, “ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਚਾਲੀਵੇਂ ਦਿਨ ਇੱਕ ਸਮਾਗਮ ਹੋਇਆ। ਸਾਡੀ ਪਰੰਪਰਾ ਵਿੱਚ ਬਾਰ੍ਹਵੀਂ ਜਾਂ ਤੇਰ੍ਹਵੀਂ ਤਰੀਕ ਚਾਲੀਵੇਂ ਦਿਨ ਮਨਾਈ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਭਾਈਚਾਰੇ ਤੋਂ ਭਾਂਡੇ ਲਿਆਉਣੇ ਪੈਂਦੇ ਹਨ ਅਤੇ ਉਨ੍ਹਾਂ ਵਿੱਚ ਖਾਣਾ ਪਕਾਉਣਾ ਪੈਂਦਾ ਹੈ।”
“ਜਦੋਂ ਅਸੀਂ ਭਾਂਡੇ ਮੰਗਣ ਗਏ, ਤਾਂ ਇੱਥੋਂ ਦੀ ਮਸਜਿਦ ਦੇ ਰਿਆਜ਼ ਮੌਲਾਨਾ ਅਤੇ ਕੁਦਰਤ ਅਲੀ ਖਾਨ ਨੇ ਸਾਨੂੰ ਮਸਜਿਦ ਤੋਂ ਭਾਂਡੇ ਲੈਣ ਦੇਣ ਤੋਂ ਇਨਕਾਰ ਕਰ ਦਿੱਤਾ।”
“ਕੁਦਰਤ ਅਲੀ ਨੇ ਸਾਨੂੰ ਕਿਸੇ ਨੂੰ ਇਹ ਦੱਸਣ ਤੋਂ ਵੀ ਮਨ੍ਹਾ ਕਰ ਦਿੱਤਾ ਕਿ ਅਸੀਂ ਅਮਲਨੇਰ ਵਿੱਚ ਭਾਂਡੇ ਮੰਗਣ ਲਈ ਕਿੱਥੇ ਗਏ ਸੀ। ਅੰਤ ਵਿੱਚ, ਅਸੀਂ ਇੱਕ ਕੈਟਰਰ ਤੋਂ ਭਾਂਡੇ ਲਏ ਅਤੇ ਉਨ੍ਹਾਂ ਵਿੱਚ ਖਾਣਾ ਪਕਾਇਆ। ਕੁਝ ਸਮੇਂ ਬਾਅਦ, ਉਸਦੇ (ਕੁਦਰਤ ਖਾਨ ਦੇ) ਲੋਕ ਆਏ ਅਤੇ ਸਾਡੇ ਦੁਆਰਾ ਪਕਾਇਆ ਗਿਆ ਖਾਣਾ ਸੜਕ ‘ਤੇ ਸੁੱਟ ਦਿੱਤਾ।”
ਉਨ੍ਹਾਂ ਦੱਸਿਆ, “ਕੁਦਰਤ ਅਲੀ ਖਾਨ ਨੇ ਸਾਨੂੰ ਕਿਹਾ ਕਿ ਅਜੇ ਤਾਂ ਅਸੀਂ ਸਿਰਫ਼ ਭਾਂਡੇ ਲੈ ਕੇ ਜਾ ਰਹੇ ਹਾਂ, ਜੇਕਰ ਅਸੀਂ ਇਸ ਤਰ੍ਹਾਂ ਜਾਰੀ ਰੱਖਿਆ, ਤਾਂ ਲੋਕ ਤੁਹਾਡੇ ਅੰਤਿਮ ਸੰਸਕਾਰ ਵਿੱਚ ਵੀ ਨਹੀਂ ਆਉਣਗੇ। ਅਸੀਂ ਤੁਹਾਨੂੰ ਕਬਰਿਸਤਾਨ ਵਿੱਚ ਵੀ ਜਗ੍ਹਾ ਨਹੀਂ ਦੇਵਾਂਗੇ।”
ਉਹ ਦੱਸਦੇ ਹਨ, “ਸਾਡਾ ਕਾਰੋਬਾਰ ਤਿੰਨ-ਚਾਰ ਮਹੀਨਿਆਂ ਤੋਂ ਬੰਦ ਸੀ। ਅਸੀਂ ਸਾਰਿਆਂ ਨੇ ਮਜਬੂਰੀ ਵਿੱਚ ਦੁਬਾਰਾ ਕਾਰੋਬਾਰ ਸ਼ੁਰੂ ਕੀਤਾ। ਕਿਉਂਕਿ ਕੋਈ ਇੱਕ ਰੁਪਏ ਨਾਲ ਵੀ ਸਾਡੀ ਮਦਦ ਕਰਨ ਲਈ ਤਿਆਰ ਨਹੀਂ ਹੈ।”
”ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਖੁਆਉਂਦੇ ਹਾਂ ਅਤੇ ਉਨ੍ਹਾਂ ਨੂੰ ਸੁਆ ਦਿੰਦੇ ਹਾਂ। ਜਿਨ੍ਹਾਂ ਤੋਂ ਅਸੀਂ ਕਰਜ਼ਾ ਲਿਆ ਸੀ ਉਹ ਦਰਵਾਜ਼ੇ ‘ਤੇ ਆਉਂਦੇ ਹਨ। ਜੇ ਅਸੀਂ ਕਾਰੋਬਾਰ ਨਹੀਂ ਕਰਾਂਗੇ ਤਾਂ ਅਸੀਂ ਕਰਜ਼ਾ ਕਿਵੇਂ ਮੋੜਾਂਗੇ? ਅਸੀਂ ਬੱਚਿਆਂ ਨੂੰ ਕੀ ਖੁਆਵਾਂਗੇ?” ਇਹ ਕਹਿੰਦੇ ਹੋਏ ਮੁਨੀਬਾ ਰੋਣ ਲੱਗ ਪਏ।

ਅਮੀਨਾ ਨੇ ਕਿਹਾ, “ਮੈਂ 19 ਸਾਲ ਦੀ ਉਮਰ ਵਿੱਚ ਵੇਸਵਾਗਮਨੀ ਵਿੱਚ ਸ਼ਾਮਲ ਹੋ ਗਈ ਸੀ। ਹੁਣ ਮੇਰਾ ਇੱਕ 25 ਸਾਲ ਦਾ ਪੁੱਤਰ ਅਤੇ ਇੱਕ 12 ਸਾਲ ਦੀ ਧੀ ਹੈ। ਮੇਰੀ ਧੀ ਸੱਤਵੀਂ ਜਮਾਤ ਵਿੱਚ ਹੈ, ਜਦਕਿ ਮੇਰਾ ਪੁੱਤਰ ਇੱਕ ਹੋਟਲ ਵਿੱਚ ਕੰਮ ਕਰਦਾ ਹੈ।”
“ਪਹਿਲਾਂ ਮੇਰਾ ਘਰ ਵਧੀਆ ਚੱਲਦਾ ਸੀ। ਪਰ ਹੁਣ ਮੈਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਯੋਜਨਾਬੱਧ ਸਿਆਸਤ ਨੇ ਸਾਨੂੰ ਬੇਦਖਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ 150 ਸਾਲਾਂ ਤੋਂ ਵੇਸਵਾਗਮਨੀ ਚੱਲ ਰਹੀ ਹੈ। ਕਿਸੇ ਨੇ ਸਾਨੂੰ ਕਦੇ ਪਰੇਸ਼ਾਨ ਨਹੀਂ ਕੀਤਾ। ਪਰ 2016 ਤੋਂ ਕੁਦਰਤ ਅਲੀ ਖਾਨ ਨੇ ਸਾਡੀ ਜ਼ਿੰਦਗੀ ਔਖੀ ਬਣਾ ਦਿੱਤੀ ਹੈ।”
ਉਨ੍ਹਾਂ ਕਿਹਾ, “ਅਸੀਂ ਆਪਣੀ ਸਹੀ ਜਗ੍ਹਾ ‘ਤੇ ਰਹਿੰਦੇ ਹਾਂ। ਤਾਂ ਅਸੀਂ ਆਪਣੇ ਘਰ ਕਿਉਂ ਛੱਡੀਏ ਅਤੇ ਛੱਡ ਕੇ ਜਾਵਾਂਗੇ ਵੀ ਕਿਥੇ? ਹਰ ਕੋਈ ਰੋਜ਼ੀ-ਰੋਟੀ ਕਮਾਉਣ ਲਈ ਕੋਈ ਨਾ ਕੋਈ ਕੰਮ ਕਰਦਾ ਹੈ। ਤਾਂ ਸਾਡਾ ਕੰਮ ਗਲਤ ਕਿਉਂ ਹੈ? ਅਸੀਂ ਕਾਨੂੰਨ ਵੀ ਜਾਣਦੇ ਹਾਂ। ਸਾਡੀ ਕਲੋਨੀ ਵਿੱਚ 18 ਸਾਲ ਤੋਂ ਘੱਟ ਉਮਰ ਦੀ ਕੋਈ ਕੁੜੀ ਅਜਿਹਾ ਕੰਮ ਨਹੀਂ ਕਰਦੀ।”
ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ

ਕੁਝ ਲੋਕ ਸਥਾਨਕ ਅਖ਼ਬਾਰਾਂ ਵਿੱਚ ਰਿਪੋਰਟਿੰਗ ਕਰ ਰਹੇ ਹਨ ਅਤੇ ਇਨ੍ਹਾਂ ਔਰਤਾਂ ਵਿਰੁੱਧ ਰੈਲੀਆਂ ਕੱਢ ਰਹੇ ਹਨ। ਇਹ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ। ਇਸ ਲਈ, ਇਨ੍ਹਾਂ ਔਰਤਾਂ ਨੇ ਆਪਣਾ ਪੱਖ ਪੇਸ਼ ਕਰਨ ਲਈ ਕਲੋਨੀ ਵਿੱਚ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ।
ਇਸ ਮੁੱਦੇ ਨੂੰ ਉਠਾਉਣ ਬਾਰੇ ਅਮੀਨਾ ਕਹਿੰਦੇ ਹਨ, “ਅਸੀਂ ਸੂਬਾਈ ਅਧਿਕਾਰੀਆਂ ਨੂੰ ਵੀ ਬੁਲਾਇਆ। ਅਸੀਂ ਦਲੀਲ ਦਿੱਤੀ ਕਿ ਅਸੀਂ ਇੱਥੇ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਰਹੇ ਹਾਂ। ਜੇਕਰ ਅਦਾਲਤਾਂ ਵੱਲੋਂ ਕੋਈ ਵਿਰੋਧ ਨਹੀਂ ਹੈ, ਤਾਂ ਫਿਰ ਭਾਈਚਾਰੇ ਦੇ ਕੁਝ ਲੋਕ ਸਾਡਾ ਵਿਰੋਧ ਕਿਉਂ ਕਰ ਰਹੇ ਹਨ?”
ਉਨ੍ਹਾਂ ਇਹ ਵੀ ਕਿਹਾ ਕਿ ਵਿੱਤੀ ਮੁਸ਼ਕਲਾਂ ਅਤੇ ਹੋਰ ਮੁੱਦੇ ਲੋਕਾਂ ਦੇ ਸਾਹਮਣੇ ਲਿਆਂਦੇ ਗਏ ਸਨ। ਇਸ ਨਾਲ ਲੋਕ ਵੀ ਇਸ ਬਾਰੇ ਸੋਚਣ ਲੱਗੇ। ਸਾਡਾ ਪੱਖ ਲੋਕਾਂ ਦੇ ਸਾਹਮਣੇ ਆਇਆ।
ਵਿਰੋਧੀ ਕੀ ਕਹਿੰਦੇ ਹਨ?

ਤਸਵੀਰ ਸਰੋਤ, Abhijeet Tangade
ਗਾਂਧੀਪੁਰਾ ਦੀ ਇਸ ਕਲੋਨੀ ਵਿੱਚ ਮਹਿਲਾਵਾਂ ਵਿਰੁੱਧ ਵਿਰੋਧ ਕਰ ਰਹੇ ਕੁਦਰਤ ਅਲੀ ਖਾਨ ਨੇ ਵੀ ਆਪਣਾ ਪੱਖ ਰੱਖਿਆ ਹੈ।
ਕੁਦਰਤ ਅਲੀ ਸਕ੍ਰੈਪ ਮੈਟਲ ਦਾ ਕਾਰੋਬਾਰ ਕਰਦੇ ਹਨ।
ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਨੂੰ ਬਸਤੀ ਤੋਂ ਕੱਢਣ ਲਈ ਕਈ ਵਾਰ ਮਾਰਚ ਕੀਤਾ ਹੈ, ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਇਹ ਸਭ ਸੱਚ ਹੈ। ਪਰ, ਮੈਂ ਇਸ ਇਲਜ਼ਾਮ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗਾ ਕਿ ਮੈਂ ਬਸਤੀ ‘ਤੇ ਕਬਜ਼ਾ ਕਰਨਾ ਚਾਹੁੰਦਾ ਹਾਂ।”
”ਉਨ੍ਹਾਂ ਮਹਿਲਾਵਾਂ ਨੇ ਮੇਰੇ ‘ਤੇ ਇਸ ਦਾ ਝੂਠਾ ਇਲਜ਼ਾਮ ਲਗਾਇਆ ਹੈ। ਇਸ ਬਸਤੀ ‘ਚ ਸਿਰਫ਼ ਉਹ ਮਹਿਲਾਵਾਂ ਨਹੀਂ ਰਹਿੰਦੀਆਂ ਹਨ, ਸਗੋਂ ਅਸੀਂ ਵੀ ਰਹਿੰਦੇ ਹਾਂ। ਲੋਕ ਸਾਡੀਆਂ ਧੀਆਂ ਅਤੇ ਜਵਾਈਆਂ ਨੂੰ ਉਸੇ ਤਰ੍ਹਾਂ ਨਾਲ ਦੇਖਦੇ ਹਨ। ਇਸ ਲਈ ਸਾਡੀ ਇੱਕੋ ਮੰਗ ਹੈ ਕਿ ਇਹ ਔਰਤਾਂ ਬਸਤੀ ਖਾਲੀ ਕਰ ਦੇਣ ਜਾਂ ਇੱਥੇ ਵੇਸਵਾਗਮਨੀ ਬੰਦ ਕਰ ਦੇਣ ਅਤੇ ਕਿਤੇ ਹੋਰ ਆਪਣਾ ਕੰਮ ਕਰ ਲੈਣ।”
ਕੁਦਰਤ ਅਲੀ ਨੇ ਅੱਗੇ ਕਿਹਾ ਕਿ ”ਇਨ੍ਹਾਂ ਔਰਤਾਂ ਨੂੰ ਆਪਣਾ ਕਾਰੋਬਾਰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ। ਉਹ ਸਿਰਫ਼ ਗਰੀਬ ਹੋਣ ਦਾ ਦਿਖਾਵਾ ਕਰ ਰਹੀਆਂ ਹਨ। ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਨਾਲ ਕੁਝ ਬੁਰਾ ਹੋਵੇ, ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਉਹ ਉਸ ਗੰਦੇ ਕੰਮ ਨੂੰ ਬੰਦ ਕਰਨ ਜੋ ਉਹ ਕਰ ਰਹੀਆਂ ਹਨ।”
ਬਸਤੀ ਦੀ ਇੱਕ ਮਸਜਿਦ ਦੇ ਮੁਖੀ ਮੌਲਾਨਾ ਰਿਆਜ਼ ਵੀ ਵੇਸਵਾਗਮਨੀ ਵਿੱਚ ਸ਼ਾਮਲ ਔਰਤਾਂ ਦਾ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ, “ਉਹ ਔਰਤਾਂ ਝੂਠ ਬੋਲ ਰਹੀਆਂ ਹਨ। ਸਾਨੂੰ ਉਨ੍ਹਾਂ ਦੇ ਘਰ ਜਾਂ ਕਾਰੋਬਾਰ ਨਾਲ ਕੋਈ ਸਮੱਸਿਆ ਨਹੀਂ ਹੈ। ਉਹ ਜਾਂ ਤਾਂ ਸਾਡਾ ਆਂਢ-ਗੁਆਂਢ ਛੱਡ ਦੇਣ ਜਾਂ ਆਪਣਾ ਕਾਰੋਬਾਰ ਬੰਦ ਕਰ ਦੇਣ ਬਸ।”
“ਇਸ ਦਾ ਅਸਰ ਸਾਡੇ ਬੱਚਿਆਂ ‘ਤੇ ਪੈ ਰਿਹਾ ਹੈ। ਅਸੀਂ ਗਰੀਬ ਲੋਕ ਹਾਂ, ਅਸੀਂ ਉਨ੍ਹਾਂ ਦਾ ਵਿਰੋਧ ਕਿਉਂ ਕਰੀਏ? ਅਸੀਂ ਇਹ ਸਭ ਸਮਾਜ ਦੇ ਭਲੇ ਲਈ ਕਰ ਰਹੇ ਹਾਂ।”
ਇੱਕ ਨਵੇਂ ਯੁੱਗ ਦੀ ਸ਼ੁਰੂਆਤ

ਤਸਵੀਰ ਸਰੋਤ, Abhijeet Tangade
1995 ਅਤੇ 2000 ਦੇ ਵਿਚਕਾਰ ਜਿਨਸੀ ਤੌਰ ‘ਤੇ ਸੰਚਾਰਿਤ ਐਚਆਈਵੀ ਦਾ ਪ੍ਰਕੋਪ ਫੈਲਿਆ ਸੀ। ਉਸ ਸਮੇਂ, ਜਲਗਾਓਂ ਜ਼ਿਲ੍ਹੇ ਵਿੱਚ ਐਚਆਈਵੀ ਸੰਕਰਮਿਤ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ।
ਸਰਕਾਰ ਦੇ ਐਚਆਈਵੀ ਏਡਜ਼ ਰੋਕਥਾਮ ਪ੍ਰੋਗਰਾਮ ਦੇ ਤਹਿਤ, ਉਸ ਸਮੇਂ ‘ਆਧਾਰ ਸੰਸਥਾ’ ਨੇ ਇਸ ਬਸਤੀ ਵਿੱਚ ਮਹਿਲਾਵਾਂ ਲਈ ਸਿਹਤ ਪ੍ਰਮੋਸ਼ਨ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।
ਸਿਹਤ ਪ੍ਰੋਗਰਾਮਾਂ ਦੇ ਨਾਲ-ਨਾਲ, ਆਧਾਰ ਨੇ ਇਨ੍ਹਾਂ ਮਹਿਲਾਵਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਕਾਨੂੰਨੀ ਮੁੱਦਿਆਂ ਬਾਰੇ ਵੀ ਜਾਣਕਾਰੀ ਦੇਣੀ ਸ਼ੁਰੂ ਕੀਤੀ। ਸਾਲ 2005 ਵਿੱਚ, ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਵੇਸਵਾਗਮਨੀ ਵਿੱਚ ਸ਼ਾਮਲ ਮਹਿਲਾਵਾਂ ਦੇ ਪਰਿਵਾਰਾਂ ਦੇ 63 ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਇਸ ਨਾਲ ਬਸਤੀ ਵਿੱਚ ਇੱਕ ਨਵੀਂ ਵਿੱਦਿਅਕ ਲਹਿਰ ਚੱਲੀ।
ਜਿਨ੍ਹਾਂ ਬੱਚਿਆਂ ਨੇ ਕਦੇ ਕਿਤਾਬਾਂ ਨਹੀਂ ਦੇਖੀਆਂ ਸਨ, ਉਹ ਹੁਣ ਸਕੂਲ ਜਾਣ ਲੱਗੇ ਸਨ। ਬੱਚਿਆਂ ਲਈ ਇੱਕ ਕਾਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਵਿੱਚ ਪੜ੍ਹਾਈ ਦੀ ਆਦਤ ਪਾਉਣ ਲਈ ਬਸਤੀ ਵਿੱਚ ਇੱਕ ‘ਡੇਅ ਕੇਅਰ ਸੈਂਟਰ’ ਸ਼ੁਰੂ ਕੀਤਾ ਗਿਆ ਸੀ। ਧਾਰਮਿਕ ਸਿੱਖਿਆ ਲਈ ਸਾਲ 2006 ਵਿੱਚ ਬਸਤੀ ਵਿੱਚ ਇੱਕ ਮਦਰਸਾ ਸ਼ੁਰੂ ਕੀਤਾ ਗਿਆ ਸੀ। ਉੱਥੇ ਕਈ ਪ੍ਰੋਗਰਾਮ ਹੋਣੇ ਸ਼ੁਰੂ ਹੋ ਗਏ।
ਉਸ ਸਮੇਂ ਕਈ ਅਧਿਕਾਰੀ ਅਤੇ ਸਿਆਸੀ ਆਗੂ ਬਸਤੀ ਵਿੱਚ ਆਉਣੇ ਸ਼ੁਰੂ ਹੋ ਗਏ ਅਤੇ ਬਸਤੀ ਦੀਆਂ ਮਹਿਲਾਵਾਂ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਸਮਾਜ ਦਾ ਹਿੱਸਾ ਹਨ।
ਅਜਿਹੇ ਸਾਰੇ ਸਕਾਰਾਤਮਕ ਮਾਹੌਲ ਕਾਰਨ ਕੁੜੀਆਂ ਦੀ ਨਵੀਂ ਪੀੜ੍ਹੀ ਨੇ ਵੇਸਵਾਗਮਨੀ ਵਿੱਚ ਆਉਣਾ ਬੰਦ ਕਰ ਦਿੱਤਾ। ਸਾਲ 2010 ਤੋਂ 2025 ਦੇ ਵਿਚਕਾਰ, ਬਸਤੀ ਦੀਆਂ 75 ਤੋਂ 80 ਕੁੜੀਆਂ ਦਾ ਵਿਆਹ ਹੋਇਆ ਹੈ।
ਡਾਕਟਰ ਭਾਰਤੀ ਪਾਟਿਲ ਆਧਾਰ ਸੰਸਥਾ ਦੇ ਪ੍ਰਧਾਨ ਹਨ। ਉਹ ਪਿਛਲੇ 25 ਸਾਲਾਂ ਤੋਂ ਆਧਾਰ ਸੰਸਥਾ ਵਿੱਚ ਕੰਮ ਕਰ ਰਹੇ ਹਨ।
ਉਹ ਕਹਿੰਦੇ ਹਨ, “ਸ਼ੁਰੂ ਤੋਂ ਹੀ ਆਧਾਰ ਸੰਗਠਨ ਮਾਵਾਂ ਅਤੇ ਬਾਲ ਮੌਤ ਦਰ ਅਤੇ ਕੁਪੋਸ਼ਣ ‘ਤੇ ਕੰਮ ਕਰ ਰਿਹਾ ਸੀ। ਸਾਲ 2003 ਵਿੱਚ, ਸਾਨੂੰ ਅਹਿਸਾਸ ਹੋਇਆ ਕਿ ਜਿਸ ਖੇਤਰ ਵਿੱਚ ਅਸੀਂ ਕੰਮ ਕਰ ਰਹੇ ਸੀ, ਉੱਥੇ ਐਚਆਈਵੀ ਦਾ ਫੈਲਾਅ ਬਹੁਤ ਜ਼ਿਆਦਾ ਸੀ। ਉਸ ਸਮੇਂ ਐਚਆਈਵੀ ਦਾ ਮੁੱਦਾ ਏਜੰਡੇ ‘ਤੇ ਸੀ।”
“ਜਲਗਾਓਂ ਮਹਾਰਾਸ਼ਟਰ ਦਾ ਦੂਜਾ ਸਭ ਤੋਂ ਵੱਧ ਐਚਆਈਵੀ ਪ੍ਰਭਾਵਿਤ ਜ਼ਿਲ੍ਹਾ ਸੀ। ਐਚਆਈਵੀ ਜ਼ਿਆਦਾਤਰ ਵੇਸਵਾਗਮਨੀ ਰਾਹੀਂ ਫੈਲਦਾ ਹੈ। ਇਸ ਲਈ ਅਸੀਂ ਵੇਸਵਾਗਮਨੀ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ। ਅਸੀਂ ਉਸ ਵੇਸਵਾਗਮਨੀ ਖੇਤਰ ਦੀਆਂ ਮਹਿਲਾਵਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਕੰਡੋਮ ਦੀ ਵਰਤੋਂ ਕਿਉਂ ਜ਼ਰੂਰੀ ਹੈ।”
“ਹੌਲੀ-ਹੌਲੀ, ਮੈਂ ਬਸਤੀ ਦੀਆਂ ਸਥਿਤੀਆਂ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ। ਸਿੱਖਿਆ ਦੀ ਘਾਟ ਸੀ, ਸਿਹਤ ਸਮੱਸਿਆਵਾਂ ਸਨ, ਮਹਿਲਾਵਾਂ ਕੋਲ ਆਪਣੀ ਪਛਾਣ ਸਾਬਤ ਕਰਨ ਲਈ ਕੋਈ ਪਛਾਣ ਪੱਤਰ ਤੱਕ ਨਹੀਂ ਸੀ।”
ਉਹ ਦੱਸਦੇ ਹਨ, “ਸਰਕਾਰ ਦੀਆਂ ਕੋਈ ਵੀ ਯੋਜਨਾਵਾਂ ਉਨ੍ਹਾਂ ਤੱਕ ਨਹੀਂ ਪਹੁੰਚੀਆਂ ਸਨ। ਇਸ ਲਈ ਅਸੀਂ ਉਸ ਬਸਤੀ ਵਿੱਚ ਵਿਅਕਤੀਗਤ ਮੁੱਦਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ, ਅਸੀਂ 25 ਸਾਲਾਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਹਾਂ।”
‘ਪ੍ਰਿਆ ਇੱਕ ਬਿਊਟੀਸ਼ੀਅਨ ਬਣਨਾ ਚਾਹੁੰਦੀ ਹੈ’
ਕਵਿਤਾ ਦੀ ਧੀ ਪ੍ਰਿਆ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਉਹ ਵੱਡੀ ਹੋ ਕੇ ਇੱਕ ਮੇਕਅਪ ਆਰਟਿਸਟ ਅਤੇ ਬਿਊਟੀਸ਼ੀਅਨ ਬਣਨਾ ਚਾਹੁੰਦੀ ਹੈ।
ਕਵਿਤਾ ਨੇ ਵੇਸਵਾਗਮਨੀ ਵੀ ਛੱਡ ਦਿੱਤੀ ਹੈ ਤਾਂ ਜੋ ਬਾਲਗ ਹੋਣ ‘ਤੇ ਕੋਈ ਪ੍ਰਿਆ ਵੱਲ ਮਾੜੀ ਨਜ਼ਰ ਨਾਲ ਨਾ ਦੇਖੇ। ਉਨ੍ਹਾਂ ਨੇ ਬਿਊਟੀ ਪਾਰਲਰ ਵਿੱਚ ਸਿਖਲਾਈ ਵੀ ਲਈ ਹੈ ਅਤੇ ਪਿੰਡ ਵਿੱਚ ਇੱਕ ਛੋਟਾ ਜਿਹਾ ਬਿਊਟੀ ਪਾਰਲਰ ਸ਼ੁਰੂ ਕਰ ਦਿੱਤਾ ਹੈ।
ਸਕੂਲ ਵਿੱਚ ਪ੍ਰਾਪਤ ਕੀਤੇ ਆਪਣੇ ਤਗਮੇ ਦਿਖਾਉਂਦੇ ਹੋਏ ਪ੍ਰਿਆ ਕਹਿੰਦੀ ਹੈ, “ਮੈਨੂੰ ਸੰਸਕ੍ਰਿਤ ਸਿੱਖਣਾ ਬਹੁਤ ਪਸੰਦ ਹੈ। ਮੈਂ ਫੁੱਟਬਾਲ ਅਤੇ ਕਬੱਡੀ ਵੀ ਚੰਗੀ ਖੇਡਦੀ ਹਾਂ। ਮੈਨੂੰ ਵਿਗਿਆਨ ਵਿੱਚ ਵੀ ਦਿਲਚਸਪੀ ਹੈ।”
“ਪਰ ਸਾਡੇ ਸਕੂਲ ਵਿੱਚ ਕੁੜੀਆਂ ਨੂੰ ਸਟੇਜ ‘ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਜੇ ਉਨ੍ਹਾਂ ਇਜਾਜ਼ਤ ਹੁੰਦੀ ਤਾਂ ਮੈਂ ਗਾਉਣ ਵਿੱਚ ਵੀ ਇਨਾਮ ਜਿੱਤਦੀ।”
ਪ੍ਰਿਆ ਦੀ ਛੋਟੀ ਭੈਣ ਚੌਥੀ ਜਮਾਤ ਵਿੱਚ ਹੈ। ਉਹ ਅਲਮਾਰੀ ਵਿੱਚ ਸਕੂਲ ‘ਚੋਂ ਪ੍ਰਾਪਤ ਸਰਟੀਫਿਕੇਟ ਵੀ ਲੱਭ ਰਹੀ ਸੀ।
ਉਸਨੇ ਕਿਹਾ, “ਮੈਂ ਇੱਕ ਅਧਿਆਪਕਾ ਬਣਨਾ ਚਾਹੁੰਦੀ ਹਾਂ।”
ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਅਧਿਆਪਕਾ ਕਿਉਂ ਬਣਨਾ ਚਾਹੁੰਦੀ ਹੈ, ਤਾਂ ਉਉਸਦਾ ਜਵਾਬ ਸੀ, “ਮੈਂ ਜੇਲ੍ਹ ਵਿੱਚ ਪੈਦਾ ਹੋਈ ਸੀ, ਮੇਰੀ ਮਾਂ ਕਹਿੰਦੀ ਹੈ ਕਿ ਉਹ ਲੋਕ ਬਹੁਤ ਬੁਰੇ ਹਨ। ਇਸ ਲਈ ਮੈਂ ਇੱਕ ਅਧਿਆਪਕਾ ਬਣਨਾ ਚਾਹੁੰਦੀ ਹਾਂ ਅਤੇ ਮੈਂ ਬੱਚਿਆਂ ਨੂੰ ਚੰਗਾ ਵਿਵਹਾਰ ਕਰਨਾ ਸਿਖਾਵਾਂਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI