Source :- BBC PUNJABI

ਤਸਵੀਰ ਸਰੋਤ, Getty Images
ਮਈ 1992 ਵਿੱਚ, ਜਦੋਂ ਗਰਮੀ ਆਪਣੇ ਸਿਖਰ ‘ਤੇ ਸੀ, ਉਸ ਸਮੇਂ ਤੱਕ ਦੇ ਸਭ ਤੋਂ ਵੱਡੇ ਮਾਓਵਾਦੀ ਸੰਗਠਨ, ਭਾਕਪਾ (ਮਾਲੇ) ਪੀਪਲਜ਼ ਵਾਰ ਗਰੁੱਪ ਵਿੱਚ ਵੀ ਬਹਿਸ ਦੀ ਗਰਮੀ ਵਧ ਰਹੀ ਸੀ।
ਆਂਧਰਾ ਪ੍ਰਦੇਸ਼ ਵਿੱਚ ਸੰਗਠਨ ‘ਤੇ ਪਾਬੰਦੀ ਲਗਾਏ ਨੂੰ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ। ਪਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਕੱਤਰ ਕੋਂਡਾਪੱਲੀ ਸੀਤਾਰਾਮਿਆ ਆਪਣੇ ਸਾਥੀਆਂ ਨਾਲ ਇੱਕ ਵੱਖਰਾ ਸੰਗਠਨ ਬਣਾਉਣ ਦੀ ਸਥਿਤੀ ਵਿੱਚ ਆ ਗਏ ਸਨ।
ਸੀਤਾਰਾਮਿਆ ਨਾਲ ਜਾਣ ਦੀ ਬਜਾਏ, ਵਾਰੰਗਲ ਯੂਨੀਵਰਸਿਟੀ ਤੋਂ ਬੀਟੈਕ ਕਰਨ ਤੋਂ ਬਾਅਦ ਨੰਬਾਲਾ 1980 ਦੇ ਦਹਾਕੇ ਵਿੱਚ ਸੰਗਠਨ ਵਿੱਚ ਸ਼ਾਮਲ ਹੋਏ ਕੇਸ਼ਵ ਰਾਓ ਪੀਪਲਜ਼ ਵਾਰ ਗਰੁੱਪ ਵਿੱਚ ਰਹਿਣਾ ਸਵੀਕਾਰ ਕੀਤਾ।
ਜੂਨ 1992 ਵਿੱਚ, ਜਦੋਂ ਮੁੱਪੱਲਾ ਲਕਸ਼ਮਣ ਰਾਓ ਉਰਫ਼ ਗਣਪਤੀ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ, ਤਾਂ ਨੰਬਾਲਾ ਕੇਸ਼ਵ ਰਾਓ ਉਨ੍ਹਾਂ ਦੇ ਨਜ਼ਦੀਕੀ ਸਹਾਇਕ ਵਜੋਂ ਉੱਭਰ ਕੇ ਸਾਹਮਣੇ ਆਏ। ਨੰਬਾਲਾ ਕੇਸ਼ਵ ਰਾਓ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ।
70 ਸਾਲ ਦੇ ਉਸੇ ਨੰਬਾਲਾ ਕੇਸ਼ਵ ਰਾਓ ਨੂੰ ਨਕਸਲੀ ਲਹਿਰ ਵਿੱਚ ਬਸਵਰਾਜੂ ਵਜੋਂ ਜਾਣੇ ਜਾਂਦੇ ਸਨ।
ਬੁੱਧਵਾਰ ਨੂੰ, ਪੁਲਿਸ ਨੇ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਇੱਕ ਮੁਕਾਬਲੇ ਵਿੱਚ 27 ਮਾਓਵਾਦੀਆਂ ਸਮੇਤ ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਹੈ।

ਤਸਵੀਰ ਸਰੋਤ, Getty Images
ਬਹੁਤ ਸਾਰੇ ਲੋਕ ਬੁੱਧਵਾਰ ਦੇ ਘਟਨਾਕ੍ਰਮ ਨੂੰ ਹਥਿਆਰਬੰਦ ਮਾਓਵਾਦੀ ਸੰਘਰਸ਼ ਦੇ ਅੰਤ ਦੀ ਸ਼ੁਰੂਆਤ ਵਜੋਂ ਵੀ ਦੇਖ ਰਹੇ ਹਨ।
ਬਸਤਰ ਦੇ ਆਈਜੀ ਪੁਲਿਸ ਸੁੰਦਰਰਾਜ ਪੀ ਕਹਿੰਦੇ ਹਨ, “ਜਿਸ ਤਰ੍ਹਾਂ ਸੁਰੱਖਿਆ ਬਲਾਂ ਨੇ ਸਾਲ 2024 ਵਿੱਚ ਨਕਸਲੀਆਂ ਵਿਰੁੱਧ ਇੱਕ ਨਿਰਣਾਇਕ ਅਤੇ ਪ੍ਰਭਾਵਸ਼ਾਲੀ ਮੁਹਿੰਮ ਚਲਾਈ, ਅਸੀਂ 2025 ਵਿੱਚ ਵੀ ਇਸਨੂੰ ਲਗਾਤਾਰ ਅੱਗੇ ਵਧਾ ਰਹੇ ਹਾਂ।”
”ਇਸੇ ਦਾ ਨਤੀਜਾ ਹੈ ਕਿ ਮਾਓਵਾਦੀ ਸੰਗਠਨ ਦਾ ਜਨਰਲ ਸਕੱਤਰ, ਜੋ ਕਿ ਸੀਪੀਆਈ ਮਾਓਵਾਦੀ ਦਾ ਪੋਲਿਤ ਬਿਊਰੋ ਮੈਂਬਰ ਵੀ ਹੈ, ਮਾਰਿਆ ਗਿਆ। ਛੱਤੀਸਗੜ੍ਹ ਵਿੱਚ ਪਹਿਲੀ ਵਾਰ ਪੋਲਿਟ ਬਿਊਰੋ ਅਤੇ ਜਨਰਲ ਸਕੱਤਰ ਪੱਧਰ ਦਾ ਕੋਈ ਮਾਓਵਾਦੀ ਮਾਰਿਆ ਗਿਆ ਹੈ। ਇਹ ਸਾਡੇ ਲਈ ਇੱਕ ਪ੍ਰਾਪਤੀ ਹੈ।”
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, “ਨਕਸਲਵਾਦ ਨੂੰ ਖਤਮ ਕਰਨ ਦੀ ਲੜਾਈ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੈ। ਅੱਜ, ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਇੱਕ ਆਪ੍ਰੇਸ਼ਨ ਵਿੱਚ ਸਾਡੇ ਸੁਰੱਖਿਆ ਬਲਾਂ ਨੇ 27 ਖਤਰਨਾਕ ਮਾਓਵਾਦੀਆਂ ਨੂੰ ਮਾਰ ਦਿੱਤਾ ਹੈ, ਜਿਨ੍ਹਾਂ ਵਿੱਚ ਸੀਪੀਆਈ-ਮਾਓਵਾਦੀ ਜਨਰਲ ਸਕੱਤਰ, ਸਿਖਰਲਾ ਆਗੂ ਅਤੇ ਨਕਸਲ ਅੰਦੋਲਨ ਦੇ ਰੀੜ੍ਹ, ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਸ਼ਾਮਲ ਹੈ।”
ਇੰਜੀਨੀਅਰ ਤੋਂ ਮਾਓਵਾਦੀ ਬਣਨ ਤੱਕ

ਤਸਵੀਰ ਸਰੋਤ, ALOK PUTUL/BBC
ਹੈਦਰਾਬਾਦ ਤੋਂ ਲਗਭਗ 720 ਕਿਲੋਮੀਟਰ ਦੂਰ ਜਿਆਨਾਪੇਟ ਪਿੰਡ ਸਥਿਤ ਹੈ।
ਜ਼ਿਲ੍ਹਾ ਹੈੱਡਕੁਆਰਟਰ ਸ਼੍ਰੀਕਾਕੁਲਮ ਤੋਂ ਲਗਭਗ 50 ਕਿਲੋਮੀਟਰ ਦੂਰ। ਇਸ ਛੋਟੇ ਜਿਹੇ ਪਿੰਡ ਦੇ ਅਧਿਆਪਕ ਵਾਸੂਦੇਵ ਰਾਓ ਦੀ ਇਲਾਕੇ ਵਿੱਚ ਆਪਣੀ ਹੀ ਸਾਖ ਸੀ।
ਜੇ ਤੁਸੀਂ ਪਿੰਡ ਦੇ ਬਜ਼ੁਰਗਾਂ ਨਾਲ ਗੱਲ ਕਰੋ, ਤਾਂ ਉਹ ਵਾਸੂਦੇਵ ਰਾਓ ਅਤੇ ਵਾਸੂਦੇਵ ਰਾਓ ਦੇ ਪੁੱਤਰ ਨੰਬਾਲਾ ਕੇਸ਼ਵ ਰਾਓ ਦੇ ਬਹੁਤ ਸਾਰੇ ਕਿੱਸੇ ਸੁਣਾਉਂਦੇ ਹਨ।
ਵਾਸੂਦੇਵ ਰਾਓ ਨੇ ਆਪਣੀਆਂ ਤਿੰਨ ਧੀਆਂ ਅਤੇ ਦੋ ਪੁੱਤਰਾਂ ਨੂੰ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ।
ਵਾਸੂਦੇਵ ਰਾਓ ਦੇ ਦੋਵੇਂ ਪੁੱਤਰ, ਢਿੱਲੇਸ਼ਵਰ ਰਾਓ ਅਤੇ ਕੇਸ਼ਵ ਰਾਓ ਪੜ੍ਹਾਈ ਵਿੱਚ ਤੇਜ਼ ਸਨ।
ਤਾਲਾਗਾਮ ਤੋਂ ਹਾਈ ਸਕੂਲ ਅਤੇ ਟੇਕਕਾਲੀ ਜੂਨੀਅਰ ਕਾਲਜ ਤੋਂ ਇੰਟਰਮੀਡੀਏਟ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਾਸੂਦੇਵ ਰਾਓ ਨੇ ਆਪਣੇ ਪੁੱਤਰ ਕੇਸ਼ਵ ਰਾਓ ਨੂੰ ਵਾਰੰਗਲ ਦੇ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਦਾਖਲ ਕਰਵਾਇਆ।
ਪਰ ਬੀਟੈਕ ਦੀ ਪੜ੍ਹਾਈ ਦੌਰਾਨ ਹੀ ਕੇਸ਼ਵ ਰਾਓ ਦੇ ਰੈਡੀਕਲ ਸਟੂਡੈਂਟਸ ਯੂਨੀਅਨ ਵਿੱਚ ਸ਼ਾਮਲ ਹੋਣ ਅਤੇ ਸਮਾਜਿਕ ਅੰਦੋਲਨਾਂ ਵਿੱਚ ਸਰਗਰਮ ਹੋਣ ਦੀਆਂ ਖ਼ਬਰਾਂ ਪਿੰਡ ਤੱਕ ਪਹੁੰਚਣ ਲੱਗੀਆਂ ਸਨ।
ਕੇਸ਼ਵ ਰਾਓ ਵਿਰੁੱਧ ਪੁਲਿਸ ਵਿੱਚ ਕੁਝ ਮਾਮਲੇ ਵੀ ਦਰਜ ਹੋ ਚੁੱਕੇ ਸਨ।

ਤਸਵੀਰ ਸਰੋਤ, Getty Images
ਸ਼੍ਰੀਕਾਕੁਲਮ ਦੇ ਸਮਾਜਿਕ ਕਾਰਕੁਨ ਕੁਨਾ ਸ਼੍ਰੀਪ੍ਰਕਾਸ਼ ਕਹਿੰਦੇ ਹਨ, “ਕੇਸ਼ਵ ਨੇ ਐਮਟੈਕ ਵਿੱਚ ਦਾਖਲਾ ਜ਼ਰੂਰ ਲਿਆ ਸੀ ਪਰ ਉਸਦਾ ਜ਼ਿਆਦਾਤਰ ਸਮਾਂ ਸਿਆਸੀ ਗਤੀਵਿਧੀਆਂ ਵਿੱਚ ਹੀ ਲੰਘਣ ਲੱਗਿਆ। ਉਸਨੇ ਸੀਪੀਆਈ ਲਿਬਰੇਸ਼ਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਰੂਪੋਸ਼ ਹੋ ਗਿਆ। ਭਰਾ ਢਿੱਲੇਸ਼ਵਰ ਰਾਓ ਕੋਲ ਘਰ ਦੀ ਜ਼ਿੰਮੇਵਾਰੀ ਸੀ ਅਤੇ ਉਹ ਬੰਦਰਗਾਹ ਵਿੱਚ ਇੱਕ ਚੰਗੇ ਅਹੁਦੇ ‘ਤੇ ਸਨ। ਪਰ ਕੇਸ਼ਵ ਰਾਓ ਬਾਰੇ ਫਿਰ ਵੀ ਕੋਈ ਖ਼ਬਰ ਨਹੀਂ ਮਿਲੀ।”
ਐਮਟੈਕ ਦੀ ਪੜ੍ਹਾਈ ਦੌਰਾਨ ਹੀ ਨੰਬਾਲਾ ਕੇਸ਼ਵ ਰਾਓ ਨੇ ਨਕਸਲੀ ਸੰਗਠਨ ਸੀਪੀਆਈ ਪੀਪਲਜ਼ ਵਾਰ ਗਰੁੱਪ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੰਗਠਨ ਵਿੱਚ ਇੱਕ ਆਮ ਵਰਕਰ ਦੇ ਤੌਰ ‘ਤੇ ਸ਼ਾਮਲ ਹੋਏ ਨੰਬਾਲਾ ਕੇਸ਼ਵ ਰਾਓ ਨੇ ਇੱਕ ਤੋਂ ਬਾਅਦ ਇੱਕ ਜ਼ਿੰਮੇਵਾਰੀਆਂ ਸੰਭਾਲੀਆਂ ਅਤੇ ਸੰਗਠਨ ਵਿੱਚ ਲੀਡਰਸ਼ਿਪ ਦਾ ਵਿਸ਼ਵਾਸ ਜਿੱਤਿਆ।
ਹਰ ਜਿੰਮੇਵਾਰੀ ਅਤੇ ਖੇਤਰ ਦੇ ਨਾਲ ਕੇਸ਼ਵ ਰਾਓ ਦਾ ਨਾਮ ਬਦਲਦਾ ਰਿਹਾ – ਗਗੰਨਾ, ਪ੍ਰਕਾਸ਼, ਕ੍ਰਿਸ਼ਣਾ, ਵਿਜੇ, ਕੇਸ਼ਵ, ਬੀਆਰ, ਪ੍ਰਕਾਸ਼, ਦਰਪਾ ਨਰਸਿਮਹਾ ਰੈੱਡੀ, ਆਕਾਸ਼, ਨਰਸਿਮ੍ਹਾ, ਬਸਵਰਾਜ, ਬਸਵਰਾਜੂ।
ਪਰ 1992 ਵਿੱਚ, ਜਦੋਂ ਪੀਪਲਜ਼ ਵਾਰ ਗਰੁੱਪ ਢਹਿਣ ਦੀ ਕਗਾਰ ‘ਤੇ ਸੀ, ਤਾਂ ਗਣਪਤੀ ਦੇ ਨਾਲ ਖੜ੍ਹੇ ਕੇਸ਼ਵ ਰਾਓ ਨੂੰ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ, ਜੀ ਨੇ ਉਨ੍ਹਾਂ ਨੂੰ ਸੰਗਠਨ ਵਿੱਚ ਮਹੱਤਵਪੂਰਨ ਬਣਾ ਦਿੱਤਾ।
ਕੇਂਦਰੀ ਕਮੇਟੀ ਅਤੇ ਪੋਲਿਤ ਬਿਊਰੋ ਵਿੱਚ ਜਗ੍ਹਾ ਕਿਵੇਂ ਮਿਲੀ

1992 ਵਿੱਚ ਪੀਪਲਜ਼ ਵਾਰ ਗਰੁੱਪ ਦੀ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ, ਕੇਸ਼ਵ ਰਾਓ ਨੇ ਲੰਬੇ ਸਮੇਂ ਤੱਕ ਮਾਓਵਾਦੀ ਸੰਗਠਨ ਵਿੱਚ ਸਪੈਸ਼ਲ ਗੁਰੀਲਾ ਸਕੁਐਡ ਦੀ ਕਮਾਂਡ ਕੀਤੀ।
ਕੇਸ਼ਵ ਰਾਓ, ਜੋ ਹਥਿਆਰਾਂ ਤੋਂ ਲੈ ਕੇ ਸਿਖਲਾਈ ਤੱਕ ਹਰ ਚੀਜ਼ ਦੇ ਇੰਚਾਰਜ ਸਨ, ਨੂੰ ਅਣਵੰਡੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਅਣਵੰਡੇ ਮੱਧ ਪ੍ਰਦੇਸ਼ ਵਿੱਚ ਸੰਗਠਨ ਦਾ ਵਿਸਥਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਮਾਓਵਾਦੀ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਭਾਵੇਂ ਸੰਗਠਨ ਵਿੱਚ ਗੁਰੀਲਾ ਸਕੁਐਡ ਦੀ ਸ਼ੁਰੂਆਤ 1994-95 ਵਿੱਚ ਹੋ ਗਈ ਸੀ ਪਰ ਮਈ 1999 ਦੇ ਆਸ-ਪਾਸ, ਕੇਂਦਰੀ ਗੁਰੀਲਾ ਸਕੁਐਡ ਨੂੰ ਭੰਗ ਕਰਕੇ ਪਲਾਟੂਨ, ਲੋਕ ਗੁਰੀਲਾ ਸਕੁਐਡ ਅਤੇ ਵਿਸ਼ੇਸ਼ ਗੁਰੀਲਾ ਸਕੁਐਡ ਦੀ ਸ਼ੁਰੂਆਤ ਹੋਈ।
ਇਸ ਸਮੇਂ ਦੌਰਾਨ, ਪਹਿਲੀ ਵਾਰ, ਫੌਜੀ ਅਤੇ ਸੰਗਠਨਾਤਮਕ ਕੰਮਾਂ ਲਈ ਵੱਖੋ-ਵੱਖੋ ਦਲ ਬਣਾਏ ਗਏ। ਇਸ ਦੌਰਾਨ, ਕੇਸ਼ਵ ਰਾਓ ਨੇ ਕੇਂਦਰੀ ਫੌਜੀ ਕਮਿਸ਼ਨ ਦੇ ਇੰਚਾਰਜ ਵਜੋਂ ਕੰਮ ਕੀਤਾ।
ਸਾਲ 2000 ਵਿੱਚ, ਮਾਓਵਾਦੀ ਸੰਗਠਨ ਨੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਬਣਾਈ ਅਤੇ ਇਹ ਉਹ ਸਮਾਂ ਸੀ ਜਦੋਂ ਕੇਸ਼ਵ ਰਾਓ ਨੂੰ ਸੰਗਠਨ ਦੀ ਸਰਵਉੱਚ ਕਮੇਟੀ ਯਾਨੀ ਪੋਲਿਤ ਬਿਊਰੋ ਵਿੱਚ ਸਥਾਨ ਮਿਲਿਆ।
ਇਸ ਦੌਰਾਨ, ਕੇਸ਼ਵ ਰਾਓ ਦਾ ਨਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਕ ਮਾਓਵਾਦੀ ਗਤੀਵਿਧੀਆਂ ਨਾਲ ਜੁੜਨਾ ਸ਼ੁਰੂ ਹੋ ਗਿਆ ਅਤੇ ਵੱਖ-ਵੱਖ ਸੂਬਾ ਅਤੇ ਕੇਂਦਰੀ ਸੰਗਠਨਾਂ ਵੱਲੋਂ ਉਸ ‘ਤੇ ਐਲਾਨੇ ਗਏ ਇਨਾਮ ਦੀ ਰਕਮ ਵੀ ਵਧਦੀ ਚਲੀ ਗਈ।
ਪਿਛਲੇ ਮਹੀਨੇ ਹੀ ਛੱਤੀਸਗੜ੍ਹ ਸਰਕਾਰ ਨੇ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਅਤੇ ਪੋਲਿਤ ਬਿਊਰੋ ਦੇ ਮੈਂਬਰਾਂ ‘ਤੇ 1-1 ਕਰੋੜ ਰੁਪਏ ਦੇ ਇਨਾਮ ਦਾ ਐਲਾਨਿਆ ਸੀ।
ਐਨਆਈਏ ਤੋਂ ਲੈ ਕੇ ਸੀਬੀਆਈ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਕੇਸ਼ਵ ਰਾਓ ‘ਤੇ ਜੋ ਇਨਾਮ ਐਲਾਨੇ ਸਨ, ਉਨ੍ਹਾਂ ਨੂੰ ਮਿਲਾ ਕੇ ਉਨ੍ਹਾਂ ਦੇ ਸਿਰ ਇਨਾਮ ਦੀ ਕੁੱਲ ਰਕਮ ਡੇਢ ਕਰੋੜ ਰੁਪਏ ਤੋਂ ਵੱਧ ਹੋ ਜਾਂਦੀ ਹੈ।
ਵੱਡੇ ਹਮਲਿਆਂ ਵਿੱਚ ਹੱਥ
ਇੱਕ ਪੁਲਿਸ ਅਧਿਕਾਰੀ ਦੱਸਦੇ ਹਨ ਕਿ ਕੇਸ਼ਵ ਰਾਓ ਨੇ ਪਹਿਲੀ ਵਾਰ 1987 ਵਿੱਚ ਆਂਧਰਾ ਪ੍ਰਦੇਸ਼ ਵਿੱਚ ਪੂਰਬੀ ਗੋਦਾਵਰੀ ਵਿੱਚ ਹੋਏ ਇੱਕ ਹਮਲੇ ਦੀ ਅਗਵਾਈ ਕੀਤੀ ਸੀ। ਇਸ ਹਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਸਮੇਤ ਛੇ ਪੁਲਿਸ ਵਾਲੇ ਮਾਰੇ ਗਏ ਸਨ।
ਅਧਿਕਾਰੀ ਦੱਸਦੇ ਹਨ ਕਿ ਇਸ ਤੋਂ ਬਾਅਦ ‘ਕੇਸ਼ਵ ਰਾਓ ਦੀ ਬੇਰਹਿਮੀ ਅਤੇ ਹਿੰਸਾ ਦੀਆਂ ਘਟਨਾਵਾਂ ਹੁਣ ਪੁਲਿਸ ਦਸਤਾਵੇਜ਼ਾਂ ਦਾ ਹਿੱਸਾ ਹਨ’।
10 ਅਪ੍ਰੈਲ 2010 ਨੂੰ ਦਾਂਤੇਵਾੜਾ ਵਿੱਚ 76 ਜਵਾਨਾਂ ਦੀ ਹੱਤਿਆ ਦਾ ਮਾਮਲਾ ਹੋਵੇ ਜਾਂ 23 ਮਈ 2013 ਨੂੰ ਦਰਭਾ ਘਾਟੀ ਦਾ ਝੀਰਮ ਕਤਲੇਆਮ, ਹਰ ਵੱਡੀ ਘਟਨਾ ਵਿੱਚ ਕੇਸ਼ਵ ਰਾਓ ਦੀ ਮੁੱਖ ਭੂਮਿਕਾ ਮੰਨੀ ਜਾਂਦੀ ਹੈ।
ਝੀਰਮ ਘਾਟੀ ਵਿੱਚ ਕਾਂਗਰਸ ਦੇ ਸਿਖਰਲੇ ਆਗੂਆਂ ਸਮੇਤ 27 ਲੋਕ ਮਾਰੇ ਗਏ ਸਨ।
ਪੁਲਿਸ ਦਾ ਮੰਨਣਾ ਹੈ ਕਿ ਕੇਸ਼ਵ ਰਾਓ ਨੇ ਆਪ੍ਰੇਸ਼ਨ ਲਈ ਬਾਹਰ ਨਿਕਲੀਆਂ ਸੁਰੱਖਿਆ ਬਲਾਂ ਦੀਆਂ ਟੀਮਾਂ ਨੂੰ ਘੇਰਨ ਲਈ ਕਈ ਤਰ੍ਹਾਂ ਦੇ ਜਾਲ ਬਣਾਉਣ ਲਈ ਨਵੀਆਂ ਤਕਨੀਕਾਂ ਬਣਾਈਆਂ ਸਨ।
ਇੱਕ ਅਧਿਕਾਰੀ ਦੱਸਦੇ ਹਨ, “2018 ਵਿੱਚ ਅਰਾਕੂ ਵਿੱਚ ਹੋਏ ਹਮਲੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿਧਾਇਕ ਕਿਦਾਰੀ ਸਰਵੇਸ਼ਵਰ ਰਾਓ ਅਤੇ ਸਾਬਕਾ ਵਿਧਾਇਕ ਸਿਵੇਰੀ ਸੋਮਾ ਦੀ ਹੱਤਿਆ ਲਈ ਵੀ ਕੇਸ਼ਵ ਰਾਓ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।”
”2019 ਵਿੱਚ ਗੜ੍ਹਚਿਰੌਲੀ ਵਿੱਚ 15 ਕਮਾਂਡੋਆਂ ਸਮੇਤ 16 ਲੋਕਾਂ ਦੀ ਹੱਤਿਆ ਪਿੱਛੇ ਕੇਸ਼ਵ ਰਾਓ ਹੀ ਰਣਨੀਤੀਕਾਰ ਸੀ। ਆਂਧਰਾ ਦੇ ਤਤਕਾਲੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ‘ਤੇ ਹੋਏ ਕਾਤਲਾਨਾ ਹਮਲੇ ਪਿੱਛੇ ਵੀ ਕੇਸ਼ਵ ਹੀ ਸੀ। ਕੇਸ਼ਵ ਹੀ ਓਡੀਸ਼ਾ ਅਤੇ ਛੱਤੀਸਗੜ੍ਹ ਦੀ ਜੇਲ੍ਹ ‘ਤੇ ਹਮਲੇ ਨੂੰ ਜ਼ਮੀਨੀ ਪੱਧਰ ‘ਤੇ ਅੰਜਾਮ ਦੇਣ ਲਈ ਜ਼ਿੰਮੇਵਾਰ ਸੀ।”
ਸੰਗਠਨ ਵਿੱਚ ਸਿਖਰ ‘ਤੇ ਕਿਵੇਂ ਪਹੁੰਚੇ ਬਸਵਰਾਜੂ

ਤਸਵੀਰ ਸਰੋਤ, CPI MAOIST
2009 ਵਿੱਚ ਕੋਬਾਡ ਘਾਂਢੀ ਅਤੇ 2010 ਵਿੱਚ ਪੋਲਿਤ ਬਿਊਰੋ ਦੇ ਮੈਂਬਰਾਂ ਵਿੱਚੋਂ ਇੱਕ, ਬਿਜੋਏ ਦਾ ਉਰਫ਼ ਨਵੀਨ ਪ੍ਰਸਾਦ ਉਰਫ਼ ਨਾਰਾਇਣ ਸਾਨਿਆਲ ਦੀ ਗ੍ਰਿਫ਼ਤਾਰੀ ਨੇ ਸੰਗਠਨ ਲਈ ਕਈ ਸੰਕਟ ਪੈਦਾ ਕਰ ਦਿੱਤੇ।
ਇਸ ਦੌਰਾਨ, ਜੁਲਾਈ 2010 ਵਿੱਚ ਸੀਪੀਆਈ ਮਾਓਵਾਦੀ ਬੁਲਾਰੇ ਚੇਰੂਕੁਰੀ ਰਾਜਕੁਮਾਰ ਉਰਫ਼ ਆਜ਼ਾਦ ਅਤੇ ਨਵੰਬਰ 2011 ਵਿੱਚ ਕੋਟੇਸ਼ਵਰ ਰਾਓ ਉਰਫ਼ ਕਿਸ਼ਨ ਜੀ ਦੇ ਮਾਰੇ ਜਾਣ ਤੋਂ ਬਾਅਦ, ਮਾਓਵਾਦੀ ਸੰਗਠਨ ਵਿੱਚ ਕੇਸ਼ਵ ਰਾਓ ਦੀ ਪਕੜ ਮਜ਼ਬੂਤ ਹੁੰਦੀ ਚਲੀ ਗਈ।
ਬਿਮਾਰ ਅਤੇ ਬਜ਼ੁਰਗ ਸੀਪੀਆਈ (ਮਾਓਵਾਦੀ) ਦੇ ਜਨਰਲ ਸਕੱਤਰ ਮੁੱਪੱਲਾ ਲਕਸ਼ਮਣ ਰਾਓ ਉਰਫ਼ ਗਣਪਤੀ ਨੇ ਸੰਗਠਨ ਦੇ ਅਹੁਦੇ ਤੋਂ ਮੁਕਤ ਹੋਣ ਦੀ ਅਪੀਲ ਕੀਤੀ, ਤਾਂ ਕੇਸ਼ਵ ਰਾਓ ਕੁਦਰਤੀ ਤੌਰ ‘ਤੇ ਸੀਪੀਆਈ (ਮਾਓਵਾਦੀ) ਦੀ ਕਮਾਨ ਸੰਭਾਲਣ ਲਈ ਸਭ ਤੋਂ ਵੱਡੇ ਦਾਅਵੇਦਾਰ ਬਣ ਗਏ।
2018 ਵਿੱਚ, ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਰਾਜੂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ।
ਜ਼ਿਆਦਾਤਰ ਮਾਰਕਸਵਾਦੀ ਅਤੇ ਮਾਓਵਾਦੀ ਸੰਗਠਨਾਂ ਵਿੱਚ ਚੇਅਰਮੈਨ ਜਾਂ ਉਪ-ਚੇਅਰਮੈਨ ਦਾ ਅਹੁਦਾ ਨਹੀਂ ਹੁੰਦਾ। ਜਨਰਲ ਸਕੱਤਰ ਹੀ ਸੰਗਠਨ ਦਾ ਸਭ ਤੋਂ ਉੱਚਾ ਅਹੁਦਾ ਹੁੰਦਾ ਹੈ।
ਇਸ ਤਰ੍ਹਾਂ ਬੀਟੈਕ ਦੀ ਪੜ੍ਹਾਈ ਕਰਨ ਵਾਲੇ ਕੇਸ਼ਵ ਰਾਓ, ਮਾਓਵਾਦੀ ਸੰਗਠਨ ਵਿੱਚ ਇੱਕ ਆਮ ਵਰਕਰ ਤੋਂ ਮਾਓਵਾਦੀਆਂ ਦੇ ਜਨਰਲ ਸਕੱਤਰ ਬਣੇ।
27 ਸਾਲ ਕੇਂਦਰੀ ਕਮੇਟੀ ਦੇ ਮੈਂਬਰ ਅਤੇ 18 ਸਾਲ ਪੋਲਿਤ ਬਿਊਰੋ ਦੇ ਮੈਂਬਰ ਵਜੋਂ ਕੰਮ ਕਰਨ ਵਾਲੇ ਕੇਸ਼ਵ ਰਾਓ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਦਾ ਐਲਾਨ ਕਰਦੇ ਹੋਏ, ਸੀਪੀਆਈ ਮਾਓਵਾਦੀ ਕੇਂਦਰੀ ਕਮੇਟੀ ਦੇ ਬੁਲਾਰੇ ਅਭੈ ਨੇ ਉਦੋਂ ਕੇਸ਼ਵ ਰਾਓ ਬਾਰੇ ਕਿਹਾ ਸੀ, “ਠੋਸ ਤੌਰ ‘ਤੇ ਕਹੀਏ ਤਾਂ 1992 ਤੋਂ ਬਾਅਦ ਸਮੂਹਿਕ ਲੀਡਰਸ਼ਿਪ ਵਜੋਂ ਵਿਕਸਤ ਕੇਂਦਰੀ ਕਮੇਟੀ ਵਿੱਚ ਇੱਕ ਮਹੱਤਵਪੂਰਨ ਕਾਮਰੇਡ ਕੈਂਪ ਵਿੱਚ ਰਹਿੰਦੇ ਹੋਏ ਉਹ ਹਾਲ ਹੀ ਵਿੱਚ ਜਨਰਲ ਸਕੱਤਰ ਵਜੋਂ ਵਿਕਸਤ ਹੋਏ।”
ਮਾਓਵਾਦੀ ਸੰਗਠਨ ਦਾ ਸੰਕਟ

ਤਸਵੀਰ ਸਰੋਤ, SALMAN RAVI/BBC
ਨੰਬਾਲਾ ਕੇਸ਼ਵ ਰਾਓ ਨੇ ਸੰਗਠਨ ਦੀ ਕਮਾਨ ਉਸ ਸਮੇਂ ਸੰਭਾਲੀ ਜਦੋਂ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਲਾਲ ਗਲਿਆਰਾ ਸੁੰਗੜ ਚੁੱਕਿਆ ਸੀ ਅਤੇ ਬਸਤਰ ਹੀ ਇੱਕੋ ਇੱਕ ਬੇਸ ਇਲਾਕਾ ਬਚਿਆ ਸੀ।
ਅਣਵੰਡੇ ਮੱਧ ਪ੍ਰਦੇਸ਼ ਦੇ ਸਮੇਂ ਦੌਰਾਨ, ਸੀਪੀਆਈ (ਮਾਲੇ) ਪੀਪਲਜ਼ ਵਾਰ ਨਾਲ ਜੁੜੇ ਮਾਓਵਾਦੀਆਂ ਦੇ ਦੰਡਕਾਰਣਯ ਜ਼ੋਨ ਵਿੱਚ ਪੰਜ ਡਿਵੀਜ਼ਨ ਸਨ। ਇਨ੍ਹਾਂ ਪੰਜ ਡਿਵੀਜ਼ਨਾਂ – ਉੱਤਰੀ ਬਸਤਰ, ਦੱਖਣੀ ਬਸਤਰ, ਮਾੜ, ਗੜ੍ਹਚਿਰੌਲੀ ਅਤੇ ਬਾਲਾਘਾਟ-ਭੰਡਾਰਾ ਦਾ ਆਪਣੇ-ਆਪਣੇ ਖੇਤਰਾਂ ਵਿੱਚ ਕਾਫ਼ੀ ਪ੍ਰਭਾਵ ਸੀ।
ਇਨ੍ਹਾਂ ਇਲਾਕਿਆਂ ਵਿੱਚ ਸ਼ੱਕੀ ਮਾਓਵਾਦੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣੇ ਹੋਏ ਹਨ। ਪਰ ਕੇਸ਼ਵ ਰਾਓ ਦੀ ਅਗਵਾਈ ਵਾਲੇ ਸੰਗਠਨ ਕੋਲ ਇਹ ਵਿਰਾਸਤ ਨਹੀਂ ਸੀ।
ਇਸ ਸਥਿਤੀ ਵਿੱਚ ਵੀ ਕੇਸ਼ਵ ਰਾਓ ਨੇ ਸੰਗਠਨ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕੀਤੀ। ਸਾਲ 2016 ਵਿੱਚ ਬਣਾਏ ਗਏ ਐਮਐਮਸੀ ਜ਼ੋਨ ਯਾਨੀ ਮਹਾਰਾਸ਼ਟਰ-ਮੱਧ ਪ੍ਰਦੇਸ਼-ਛੱਤੀਸਗੜ੍ਹ ਜ਼ੋਨ ਨੂੰ ਮਜ਼ਬੂਤ ਕਰਦੇ ਹੋਏ, ਮੱਧ ਪ੍ਰਦੇਸ਼ ਦੇ ਮੰਡਲਾ ਅਤੇ ਬਾਲਾਘਾਟ ਵਿੱਚ ਫੈਲੇ ਕਾਨਹਾ ਨੈਸ਼ਨਲ ਪਾਰਕ ਅਤੇ ਛੱਤੀਸਗੜ੍ਹ ਦੇ ਕਬੀਰਧਾਮ ਦੀ ਭੋਰਮਦੇਵ ਸੈਂਚੂਰੀ ਨੂੰ ਜੋੜ ਕੇ ਕੇਬੀ ਡਿਵੀਜ਼ਨ ਬਣਾਇਆ ਗਿਆ।
ਇਸੇ ਤਰ੍ਹਾਂ ਮਹਾਰਾਸ਼ਟਰ ਦੇ ਗੋਂਦਿਆ, ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹਾ ਅਤੇ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਨੂੰ ਜੀਆਰਬੀ ਡਿਵੀਜ਼ਨ ਵਿੱਚ ਸ਼ਾਮਲ ਕੀਤਾ ਗਿਆ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਸੰਗਠਨ ਦਾ ਵਿਸਥਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।

ਤਸਵੀਰ ਸਰੋਤ, Getty Images
ਪਰ ਛੱਤੀਸਗੜ੍ਹ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਸੁਰੱਖਿਆ ਬਲਾਂ ਦੇ ਕੈਂਪ ਖੋਲ੍ਹੇ ਗਏ, ਉਸ ਨੇ ਮਾਓਵਾਦੀਆਂ ਨੂੰ ਕਿਤੇ ਨਾ ਕਿਤੇ ਮੁਸੀਬਤ ਵਿੱਚ ਪਾ ਦਿੱਤਾ।
ਇਸ ਤੋਂ ਬਾਅਦ, ਜਦੋਂ ਦਸੰਬਰ 2023 ਵਿੱਚ ਆਈ ਭਾਜਪਾ ਦੀ ਵਿਸ਼ਨੂੰਦੇਵ ਸਾਈਂ ਸਰਕਾਰ ਨੇ ਕੁਝ ਮਹੀਨਿਆਂ ਦੇ ਅੰਦਰ ਹੀ ਮਾਓਵਾਦੀਆਂ ਵਿਰੁੱਧ ਹਮਲਾਵਰ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ, ਤਾਂ ਕੇਸ਼ਵ ਰਾਓ ਨੂੰ ਮਾਓਵਾਦੀ ਸੰਗਠਨ ਨੂੰ ਬਚਾਉਣ ਅਤੇ ਬਣਾਈ ਰੱਖਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।
ਭਾਜਪਾ ਸਰਕਾਰ ਦੇ 15 ਮਹੀਨਿਆਂ ਦੌਰਾਨ, 450 ਤੋਂ ਵੱਧ ਮਾਓਵਾਦੀ ਮਾਰੇ ਗਏ ਸਨ, ਸੈਂਕੜੇ ਗ੍ਰਿਫਤਾਰ ਕੀਤੇ ਗਏ ਸਨ ਅਤੇ ਕੁਝ ਲਾਪਤਾ ਸਨ। ਵੱਡੀ ਗਿਣਤੀ ਵਿੱਚ ਕਥਿਤ ਮਾਓਵਾਦੀਆਂ ਨੇ ਆਤਮ ਸਮਰਪਣ ਵੀ ਕਰ ਦਿੱਤਾ ਸੀ।
ਹਾਲਾਤ ਅਜਿਹੇ ਬਣ ਗਏ ਕਿ ਮਾਓਵਾਦੀ ਸੰਗਠਨ ਨੇ ਆਪਣਾ ਸਾਰਾ ਜ਼ਿੱਦੀ ਰੁਖ਼ ਛੱਡ ਦਿੱਤਾ ਅਤੇ ਬਿਨਾਂ ਸ਼ਰਤ ਸ਼ਾਂਤੀ ਵਾਰਤਾ ਲਈ ਸਹਿਮਤ ਹੋ ਗਏ। ਪਰ ਹੁਣ ਸਰਕਾਰ ਇਸ ਲਈ ਤਿਆਰ ਨਹੀਂ ਸੀ।
ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੱਲਬਾਤ ਸਿਰਫ਼ ਉਦੋਂ ਹੀ ਹੋਵੇਗੀ ਜਦੋਂ ਮਾਓਵਾਦੀ ਆਪਣੇ ਹਥਿਆਰ ਸੁੱਟ ਦੇਣਗੇ।
ਕੀ ਇਹ ਮਾਓਵਾਦੀਆਂ ਦੇ ਅੰਤ ਦੀ ਸ਼ੁਰੂਆਤ ਹੈ?

ਤਸਵੀਰ ਸਰੋਤ, CG KHABAR/BBC
ਪਰ ਅਜਿਹੀਆਂ ਬਿਆਨਬਾਜ਼ੀਆਂ ਦੇ ਵਿਚਕਾਰ ਹੀ ਬੁੱਧਵਾਰ ਨੂੰ ਕੇਸ਼ਵ ਰਾਓ ਦੇ ਮਾਰੇ ਜਾਣ ਤੋਂ ਬਾਅਦ, ਮਾਓਵਾਦੀ ਸੰਗਠਨ ਬਾਰੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਛੱਤੀਸਗੜ੍ਹ ਦੇ ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ “ਇਸ ਮੌਤ ਦਾ ਬਾਕੀ ਰਹਿੰਦੇ ਮਾਓਵਾਦੀਆਂ ‘ਤੇ ਵੱਡਾ ਮਨੋਵਿਗਿਆਨਕ ਪ੍ਰਭਾਵ ਪਵੇਗਾ। ਕੇਸ਼ਵ ਰਾਓ ਦੇ ਮਾਰੇ ਜਾਣ ਤੋਂ ਬਾਅਦ ਮਾਓਵਾਦੀ ਸੰਗਠਨ ਲੀਡਰਹੀਣ ਹੋ ਗਿਆ ਹੈ।”
”ਅਜਿਹੀ ਸਥਿਤੀ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇਹ ਮਾਓਵਾਦੀਆਂ ਦੇ ਅੰਤ ਦੀ ਸ਼ੁਰੂਆਤ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਤੋਂ ਮਾਓਵਾਦ ਨੂੰ ਖਤਮ ਕਰਨ ਲਈ 31 ਮਾਰਚ, 2026 ਤੱਕ ਦੀ ਜੋ ਸਮਾਂ ਸੀਮਾ ਨਿਰਧਾਰਤ ਕੀਤੀ ਗਈ, ਹੁਣ ਪੂਰੀ ਹੁੰਦੀ ਜਾਪਦੀ ਹੈ।”
ਹਾਲਾਂਕਿ, ਛੱਤੀਸਗੜ੍ਹ ਵਿੱਚ ਕਈ ਸਾਲਾਂ ਤੱਕ ਪੁਲਿਸ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਵਾਲੇ ਵਿਸ਼ਵਰੰਜਨ ਇਸਨੂੰ ਵੱਖਰੇ ਢੰਗ ਨਾਲ ਦੇਖਦੇ ਹਨ।
ਉਹ ਕਹਿੰਦੇ ਹਨ, “ਕੇਸ਼ਵ ਰਾਓ ਦਾ ਮਾਰੇ ਜਾਣਾ ਪੁਲਿਸ ਲਈ ਇੱਕ ਵੱਡੀ ਸਫਲਤਾ ਹੈ। ਇਸਦਾ ਪ੍ਰਭਾਵ ਵੀ ਪਵੇਗਾ। ਇਹ ਸੰਭਵ ਹੈ ਕਿ ਮਾਓਵਾਦੀ ਸਮੱਸਿਆ ਕੁਝ ਸਾਲਾਂ ਲਈ ਸ਼ਾਂਤ ਵੀ ਹੋ ਜਾਵੇ। ਪਰ ਪੁਰਾਣਾ ਇਤਿਹਾਸ ਦਰਸਾਉਂਦਾ ਹੈ ਕਿ 1973 ਵਿੱਚ ਨਕਸਲੀ ਲਹਿਰ ਨੂੰ ਬੁਰੀ ਤਰ੍ਹਾਂ ਕੁਚਲਣ ਤੋਂ ਬਾਅਦ ਵੀ, ਕਈ ਦਹਾਕਿਆਂ ਬਾਅਦ ਨਕਸਲੀਆਂ ਨੇ ਅੰਤ ਵਿੱਚ ਆਪਣੇ ਆਪ ਨੂੰ ਮੁੜ ਸੁਰਜੀਤ ਕਰ ਲਿਆ।”

ਤਸਵੀਰ ਸਰੋਤ, CG KHABAR
ਵਿਸ਼ਵਰੰਜਨ ਦੇ ਅਨੁਸਾਰ, ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਓਵਾਦੀ ਲਹਿਰ ਇੱਕ ਅਹਿੰਸਕ ਰੂਪ ਵਿੱਚ ਸਾਹਮਣੇ ਆਵੇ ਜਾਂ ਇਹ ਕਿਸੇ ਹੋਰ ਹਿੰਸਕ ਰੂਪ ਵਿੱਚ ਦੁਬਾਰਾ ਉੱਭਰ ਸਕਦੀ ਹੈ। ਇਸ ਦੀਆਂ ਸੰਭਾਵਨਾਵਾਂ ਬਣੀਆਂ ਅਤੇ ਬਚੀਆਂ ਹੋਈਆਂ ਹਨ।
ਵਿਸ਼ਵਰੰਜਨ ਦੀ ਗੱਲ ਆਪਣੀ ਥਾਂ ਹੈ, ਪਰ ਅੱਜ ਦੀ ਹਕੀਕਤ ਇਹ ਹੈ ਕਿ ਜਿਸ ਮਈ ਦੇ ਮਹੀਨੇ ਵਿੱਚ ਨੰਬਾਲਾ ਕੇਸ਼ਵ ਰਾਓ ਨੂੰ ਮਾਓਵਾਦੀ ਲਹਿਰ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ, 33 ਸਾਲ ਬਾਅਦ ਉਸੇ ਮਈ ਦੇ ਮਹੀਨੇ ਵਿੱਚ, ਮਾਓਵਾਦੀ ਲਹਿਰ ਦਾ ਉਹ ਸਿਖਰਲਾ ਆਗੂ ਮਾਰਿਆ ਜਾ ਚੁੱਕਿਆ ਹੈ।
ਮਹੀਨਿਆਂ ਦੀ ਤੀਬਰ ਗਰਮੀ ਤੋਂ ਬਾਅਦ, ਬਸਤਰ ਸਮੇਤ ਛੱਤੀਸਗੜ੍ਹ ਦੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਦੇ ਵਿਚਕਾਰ, ਫਿਲਹਾਲ ਕੇਸ਼ਵ ਰਾਓ ਅਤੇ ਹੋਰ ਮਾਓਵਾਦੀ ਆਗੂਆਂ ਦੀਆਂ ਲਾਸ਼ਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI