Home ਰਾਸ਼ਟਰੀ ਖ਼ਬਰਾਂ ਕੀ ਮਰਦਮਸ਼ੁਮਾਰੀ ਕਰਨ ਵਾਲਿਆਂ ਨੂੰ ਕੋਈ ਨਾਗਰਿਕ ਘਰ ਆਉਣ ਤੋਂ ਰੋਕ...

ਕੀ ਮਰਦਮਸ਼ੁਮਾਰੀ ਕਰਨ ਵਾਲਿਆਂ ਨੂੰ ਕੋਈ ਨਾਗਰਿਕ ਘਰ ਆਉਣ ਤੋਂ ਰੋਕ ਸਕਦਾ ਹੈ ਜਾਂ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਸਕਦਾ ਹੈ – ਅਹਿਮ ਨਿਯਮ ਜਾਣੋ

10
0

Source :- BBC PUNJABI

ਮਰਦਮਸ਼ੁਮਾਰੀ

ਤਸਵੀਰ ਸਰੋਤ, Hindustan Times via Getty Images

ਭਾਰਤ ਵਿੱਚ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਦੇਸ਼ ਦੀ 16ਵੀਂ ਅਤੇ ਅਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਹੈ।

ਇਹ ਦੇਸ਼ ਵਿਆਪੀ ਪ੍ਰਕਿਰਿਆ ਸਿਰਫ਼ ਅਬਾਦੀ ਦੀ ਗਿਣਤੀ ਤੱਕ ਹੀ ਸੀਮਤ ਨਹੀਂ, ਬਲਕਿ ਸਰਕਾਰੀ ਨੀਤੀਆਂ, ਯੋਜਨਾਬੰਦੀ ਅਤੇ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਹਿਮ ਅੰਕੜੇ ਇਕੱਠੇ ਕਰਨ ਵਿੱਚ ਮਦਦ ਕਰਦੀ ਹੈ।

ਇਸ ਦੌਰਾਨ ਗਣਨਕਾਰ ਘਰ-ਘਰ ਜਾ ਕੇ ਉੱਥੋਂ ਦੇ ਵਸਨੀਕਾਂ ਬਾਰੇ ਕਈ ਤਰ੍ਹਾਂ ਦੇ ਅੰਕੜੇ ਇਕੱਠੇ ਕਰਦੇ ਹਨ, ਜੋ ਕਿ ਦੇਸ਼ ਦੇ ਵਿਕਾਸ ਸਬੰਧੀ ਕਈ ਪਹਿਲੂਆਂ ਲਈ ਅਹਿਮ ਹਨ।

ਪਰ ਕੀ ਕੋਈ ਨਾਗਰਿਕ ਇਸ ਪ੍ਰਕਿਰਿਆ ਲਈ ਮਰਦਮਸ਼ੁਮਾਰੀ ਅਮਲੇ ਦੇ ਮੈਂਬਰਾਂ ਨੂੰ ਆਪਣੇ ਘਰ ਆਉਣ ਤੋਂ ਰੋਕ ਸਕਦਾ ਹੈ? ਜਾਂ ਕੀ ਪੁੱਛੇ ਗਏ ਅਧਿਕਾਰਤ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਸਕਦਾ ਹੈ?

ਇਸ ਰਿਪੋਰਟ ਵਿੱਚ ਮਰਦਮਸ਼ੁਮਾਰੀ ਨਾਲ ਜੁੜੇ ਇਸੇ ਤਰ੍ਹਾਂ ਦੇ ਕੁਝ ਖ਼ਾਸ ਨਿਯਮਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ।

ਦੱਸ ਦੇਈਏ ਕਿ ਇਸ ਪ੍ਰਕਿਰਿਆ ਦੌਰਾਨ ਮਰਦਮਸ਼ੁਮਾਰੀ ਐਕਟ 1948 ਅਤੇ ਮਰਦਮਸ਼ੁਮਾਰੀ ਨਿਯਮ 1990 ਲਾਗੂ ਹੁੰਦੇ ਹਨ।

ਕੀ ਜਨਗਣਨਾ ਕਰਨ ਆਏ ਅਮਲੇ ਨੂੰ ਘਰ ਅੰਦਰ ਆਉਣ ਤੋਂ ਰੋਕ ਸਕਦੇ ਹੋ?

ਮਰਦਮਸ਼ੁਮਾਰੀ

ਤਸਵੀਰ ਸਰੋਤ, Getty Images

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਪ੍ਰੋਫੈਸਰ ਸ਼ਿਪਰਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਪਰਿਸਰ (ਭਾਵੇਂ ਉਹ ਘਰ ਹੋਵੇ, ਦਫ਼ਤਰ ਹੋਵੇ, ਵੱਡਾ ਬੇੜਾ (ਜਹਾਜ਼) ਹੋਵੇ ਜਾਂ ਕੋਈ ਹੋਰ ਥਾਂ ਜਿੱਥੇ ਮੌਜੂਦ ਲੋਕਾਂ ਤੋਂ ਮਰਦਮਸ਼ੁਮਾਰੀ ਪ੍ਰਕਿਰਿਆ ਲਈ ਸਵਾਲ ਪੁੱਛੇ ਜਾਣੇ ਹਨ) ਵਿੱਚ ਰਹਿਣ ਵਾਲਿਆਂ ਨੂੰ ਗਣਨਕਾਰ ਨੂੰ ਜਨਗਣਨਾ ਪ੍ਰਕਿਰਿਆ ਲਈ ਵਾਜਬ ਪਹੁੰਚ ਜਾਂ ਅੰਦਰ ਆਉਣ ਦੀ ਇਜਾਜ਼ਤ ਦੇਣੀ ਪਏਗੀ।

ਪ੍ਰੋਫੈਸਰ ਸ਼ਿਪਰਾ ਗੁਪਤਾ ਨੇ ਇਹ ਵੀ ਕਿਹਾ, “ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਤੁਸੀਂ ਮਰਦਮਸ਼ੁਮਾਰੀ ਅਮਲੇ ਨੂੰ ਘਰ ਦੇ ਬਿਲਕੁਲ ਅੰਦਰਲੇ ਕਮਰੇ ਵਿੱਚ ਲਿਜਾਉਣਾ ਹੈ। ਜਿੱਥੇ ਸਰਲ ਮਹਿਸੂਸ ਕਰਕੇ ਸਵਾਲਾਂ ਦੇ ਜਵਾਬ ਦੇ ਸਕਣ, ਪਰਿਵਾਰ ਘਰ ਅੰਦਰ ਉੱਥੋਂ ਤੱਕ ਗਣਨਕਾਰਾਂ ਨੂੰ ਦਾਖਲੇ ਦੀ ਇਜਾਜ਼ਤ ਦੇ ਸਕਦੇ ਹਨ।”

ਇਸ ਤੋਂ ਇਲਾਵਾ ਘਰ ਜਾਂ ਕਿਸੇ ਵੀ ਹੋਰ ਇਮਾਰਤ ਦੇ ਬਾਹਰ ਜਨਗਣਨਾ ਲਈ ਜ਼ਰੂਰੀ ਨੰਬਰ, ਨਿਸ਼ਾਨ ਜਾਂ ਅੱਖਰ ਲਿਖਣ ਦੀ ਇਜਾਜ਼ਤ ਵੀ ਦੇਣੀ ਪਏਗੀ, ਇਸ ਤੋਂ ਮਰਦਮਸ਼ੁਮਾਰੀ ਅਮਲੇ ਨੂੰ ਨਹੀਂ ਰੋਕਿਆ ਜਾ ਸਕਦਾ।

ਹਾਲਾਂਕਿ ਘਰਾਂ ਅੰਦਰ ਆਉਣ ਦੀ ਇਜਾਜ਼ਤ ਦੇਸ਼ ਦੇ ਰੀਤੀ-ਰਿਵਾਜਾਂ ਦਾ ਧਿਆਨ ਰੱਖਦਿਆਂ ਦਿੱਤੀ ਜਾਣੀ ਚਾਹੀਦੀ ਹੈ। ਯਾਨੀ ਕਿ ਅਧਿਕਾਰੀਆਂ ਨੂੰ ਸਥਾਨਕ ਨਿਯਮਾਂ ਦਾ ਆਦਰ ਕਰਨਾ ਪਏਗਾ, ਜਿਵੇਂ ਬਾਹਰ ਜੁੱਤੀਆਂ ਉਤਾਰਨਾ, ਜੇਕਰ ਉੱਥੇ ਲਾਗੂ ਹੁੰਦਾ ਹੈ ਤਾਂ।

ਕੀ ਤੁਸੀਂ ਮਰਦਮਸ਼ੁਮਾਰੀ ਅਮਲੇ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਸਕਦੇ ਹੋ?

ਮਰਦਮਸ਼ੁਮਾਰੀ

ਤਸਵੀਰ ਸਰੋਤ, Getty Images

ਨਹੀਂ, ਤੁਸੀਂ ਅਜਿਹਾ ਨਹੀਂ ਕਰ ਸਕਦੇ। ਨਾਗਰਿਕਾਂ ਲਈ ਤੈਅ ਕੀਤੇ ਅਧਿਕਾਰਤ ਸਵਾਲਾਂ ਦੇ ਜਵਾਬ ਦੇਣੇ ਲਾਜ਼ਮੀ ਹੁੰਦੇ ਹਨ।

ਪ੍ਰੋਫੈਸਰ ਸ਼ਿਪਰਾ ਗੁਪਤਾ ਨੇ ਮਰਦਮਸ਼ੁਮਾਰੀ ਐਕਟ ਦੇ ਹਵਾਲੇ ਨਾਲ ਦੱਸਿਆ ਕਿ ਜੇਕਰ ਕੋਈ ਨਾਗਰਿਕ ਮਰਦਮਸ਼ੁਮਾਰੀ ਅਮਲੇ ਦੁਆਰਾ ਇਸ ਪ੍ਰਕਿਰਿਆ ਲਈ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਹੋਰ ਕਿਹੜੇ ਕਾਰਨਾਂ ਕਰਕੇ ਜਨਤਾ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ ?

ਮਰਦਮਸ਼ੁਮਾਰੀ

ਤਸਵੀਰ ਸਰੋਤ, Hindustan Times via Getty Images

ਮਰਦਮਸ਼ੁਮਾਰੀ ਐਕਟ ਮੁਤਾਬਕ, ਜੇਕਰ ਕੋਈ ਨਾਗਰਿਕ ਇਸ ਪ੍ਰਕਿਰਿਆ ਦੌਰਾਨ…

  • ਪੁੱਛੇ ਗਏ ਸਵਾਲਾਂ ਦਾ ਜਾਣ ਬੁੱਝ ਕੇ ਗਲਤ ਜਵਾਬ ਜਾਂ ਗਲਤ ਜਾਣਕਾਰੀ ਦਿੰਦਾ ਹੈ
  • ਮਰਦਮਸ਼ੁਮਾਰੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦਾ ਹੈ
  • ਮਰਦਮਸ਼ੁਮਾਰੀ ਲਈ ਇਮਾਰਤਾਂ ‘ਤੇ ਸਟਾਫ਼ ਵੱਲੋਂ ਲਿਖੇ ਜਾਂ ਪੇਂਟ ਕੀਤੇ ਗਏ ਅੱਖਰ, ਨਿਸ਼ਾਨ ਜਾਂ ਨੰਬਰ ਜਾਣ ਬੁੱਝ ਕੇ ਮਿਟਾਉਂਦਾ ਹੈ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
  • ਜਾਂ ਮਰਦਮਸ਼ੁਮਾਰੀ ਦਫ਼ਤਰ ਵਿੱਚ ਘੁਸਪੈਠ ਕਰਦਾ ਹੈ

ਤਾਂ ਉਸ ਨੂੰ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਮਰਦਮਸ਼ੁਮਾਰੀ ਪ੍ਰਕਿਰਿਆ ਦੌਰਾਨ ਜਨਤਾ ਦੇ ਅਧਿਕਾਰ ਕੀ ਹੁੰਦੇ ਹਨ?

ਮਰਦਮਸ਼ੁਮਾਰੀ ਐਕਟ ਵਿੱਚ ਜਨਤਾ ਨੂੰ ਜਿੱਥੇ ਕਈ ਫਰਜ਼ਾਂ ਲਈ ਪਾਬੰਦ ਕੀਤਾ ਗਿਆ ਹੈ, ਉੱਥੇ ਹੀ ਕਈ ਹੱਕ ਵੀ ਦਿੱਤੇ ਗਏ ਹਨ:

  • ਮਰਦਮਸ਼ੁਮਾਰੀ ਦੌਰਾਨ ਇਕੱਠੀ ਕੀਤੀ ਜਾਣਕਾਰੀ ਗੁਪਤ ਰੱਖੀ ਜਾਏਗੀ। ਇਸ ਨੂੰ ਕਿਸੇ ਸਿਵਲ ਜਾਂ ਅਪਰਾਧਿਕ ਕੇਸ ਵਿੱਚ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ।
  • ਜੇ ਸਥਾਨਕ ਰੀਤੀ ਰਿਵਾਜ਼ਾਂ ਮੁਤਾਬਕ ਇਜਾਜ਼ਤ ਨਹੀਂ ਹੈ ਤਾਂ ਕੋਈ ਵੀ ਸ਼ਖਸ ਆਪਣੇ ਘਰ ਦੀਆਂ ਮਹਿਲਾਵਾਂ ਦੇ ਨਾਮ ਦੱਸਣ ਲਈ ਪਾਬੰਦ ਨਹੀਂ ਹੈ।
  • ਜੇ ਸਥਾਨਕ ਰੀਤੀ ਰਿਵਾਜ਼ਾਂ ਦੇ ਉਲਟ ਹੈ ਤਾਂ ਕਿਸੇ ਮਹਿਲਾ ਨੂੰ ਆਪਣੇ ਪਤੀ/ਸਵਰਗਵਾਸੀ ਪਤੀ ਦਾ ਨਾਮ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
  • ਜਨਤਾ ਦਾ ਅਧਿਕਾਰ ਹੈ ਕਿ ਉਨ੍ਹਾਂ ਦੇ ਜਵਾਬ ਉਸੇ ਤਰ੍ਹਾਂ ਦਰਜ ਹੋਣ ਜਿਸ ਤਰ੍ਹਾਂ ਉਨ੍ਹਾਂ ਨੇ ਦਿੱਤੇ ਹਨ, ਉਨ੍ਹਾਂ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ।

ਮਰਦਮਸ਼ੁਮਾਰੀ ਦਫ਼ਤਰ ਲਈ ਪਰਿਸਰ ਲੈਣ ਵਾਸਤੇ ਨਿਯਮ

ਮਰਦਮਸ਼ੁਮਾਰੀ

ਤਸਵੀਰ ਸਰੋਤ, Hindustan Times via Getty Images

ਨਿਯਮ ਹੈ ਕਿ ਜ਼ਰੂਰਤ ਪਵੇ ਤਾਂ ਕਿਸੇ ਵੀ ਪਰਿਸਰ, ਵਾਹਨ ਜਾਂ ਜਾਨਵਰ (ਜਿਵੇਂ ਕਿ ਬੈਲ ਗੱਡੀ) ਨੂੰ ਕੇਂਦਰ ਸਰਕਾਰ ਵੱਲੋਂ ਆਰਜ਼ੀ ਤੌਰ ‘ਤੇ ਮੰਗਿਆ ਜਾ ਸਕਦਾ ਹੈ। ਜਨਤਾ ਉਸ ਲਈ ਇਨਕਾਰ ਨਹੀਂ ਕਰ ਸਕਦੀ।

ਆਰਜ਼ੀ ਮਰਦਮਸ਼ੁਮਾਰੀ ਦਫ਼ਤਰ ਬਣਾਉਣ ਲਈ ਪਰਿਸਰ ਦੀ ਲੋੜ ਪੈਣ ‘ਤੇ ਅਧਿਕਾਰਤ ਸਟਾਫ ਕਿਸੇ ਪਰਿਸਰ ਅੰਦਰ ਜਾ ਕੇ ਜਾਂਚ ਕਰ ਸਕਦਾ ਹੈ।

ਕਿਸੇ ਮੰਗੀ ਗਈ ਇਮਾਰਤ ਤੋਂ ਬੇਦਖ਼ਲੀ ਦੌਰਾਨ, ਕਿਸੇ ਵੀ ਮਹਿਲਾ ਨੂੰ ਜੋ ਜਨਤਕ ਤੌਰ ‘ਤੇ ਬਾਹਰ ਨਹੀਂ ਦਿੱਸਦੀ, ਉਸ ਨੂੰ ਤਾਲੇ ਹਟਾਉਣ ਜਾਂ ਅੰਦਰ ਦਾਖਲ ਹੋਣ ਤੋਂ ਪਹਿਲਾਂ ਵਾਜ਼ਿਬ ਚੇਤਾਵਨੀ ਅਤੇ ਬਾਹਰ ਜਾਣ ਲਈ ਉਚਿਤ ਸਹੂਲਤ ਦੇਣੀ ਹੋਵੇਗੀ।

ਜੇ ਤੁਹਾਡਾ ਪਰਿਸਰ ਜਾਂ ਵਾਹਨ ਲਿਆ ਜਾਂਦਾ ਹੈ ਤਾਂ ਤੁਸੀਂ ਬਣਦੇ ਮੁਆਵਜ਼ੇ (ਜਿਸ ਨੂੰ ਤੈਅ ਕਰਨ ਦੀਆਂ ਮਦਾਂ ਬਾਰੇ ਵੀ ਐਕਟ ਵਿੱਚ ਦੱਸਿਆ ਗਿਆ ਹੈ) ਦੇ ਹੱਕਦਾਰ ਹੋ। ਜੇ ਤੈਅ ਕੀਤੇ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਹੋ ਤਾਂ 14 ਦਿਨਾਂ ਅੰਦਰ ਇਤਰਾਜ਼ ਦਰਜ ਕਰਵਾ ਸਕਦੇ ਹੋ।

ਮਰਦਮਸ਼ੁਮਾਰੀ ਲਈ ਮੰਗੇ ਗਏ ਕਿਸੇ ਪਰਿਸਰ, ਵਾਹਨ, ਜਾਨਵਰ ਨਾਲ ਸਬੰਧਤ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਸਨੀਕ ਨੂੰ ਇੱਕ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਅਤੇ ਜਾਂ ਦੋਵੇਂ ਹੋ ਸਕਦੇ ਹਨ।

ਮਰਦਮਸ਼ੁਮਾਰੀ ਅਮਲੇ ਲਈ ਕੀ ਨਿਯਮ ਹਨ?

ਮਰਦਮਸ਼ੁਮਾਰੀ

ਤਸਵੀਰ ਸਰੋਤ, AFP via Getty Images

ਪ੍ਰੋਫੈਸਰ ਸ਼ਿਪਰਾ ਗੁਪਤਾ ਨੇ ਦੱਸਿਆ…

  • ਜੇ ਕੋਈ ਮੁਲਾਜ਼ਮ ਨਿਰਧਾਰਤ ਡਿਊਟੀ ਕਰਨ ਤੋਂ ਮਨ੍ਹਾ ਕਰਦਾ ਹੈ ਜਾਂ ਅਣਗਹਿਲੀ ਕਰਦਾ ਹੈ
  • ਜਾਣ ਬੁੱਝ ਕੇ ਕਿਸੇ ਸ਼ਖਸ ਤੋਂ ਗਲਤ ਜਾਂ ਅਪਮਾਨਜਨਕ ਸਵਾਲ ਪੁੱਛਦਾ ਹੈ
  • ਜਾਣ ਬੁੱਝ ਕੇ ਗਲਤ ਰਿਪੋਰਟ ਦਿੰਦਾ ਹੈ
  • ਕਿਸੇ ਦੀ ਨਿੱਜੀ ਜਾਣਕਾਰੀ ਲੀਕ ਕਰਦਾ ਹੈ
  • ਮਰਦਮਸ਼ੁਮਾਰੀ ਸਬੰਧਤ ਕਿਸੇ ਦਸਤਾਵੇਜ਼ ਨੂੰ ਹਟਾਉਂਦਾ ਹੈ, ਨਸ਼ਟ ਕਰਦਾ ਹੈ ਜਾਂ ਛੇੜਛਾੜ ਕਰਦਾ ਹੈ, ਜਿਸ ਨਾਲ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ

ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਮਰਦਮਸ਼ੁਮਾਰੀ ਅਮਲੇ ਦੇ ਹੱਕ ਕੀ ਹਨ?

ਮਰਦਮਸ਼ੁਮਾਰੀ

ਤਸਵੀਰ ਸਰੋਤ, AFP via Getty Images

ਇਹ ਐਕਟ ਮਰਦਮਸ਼ੁਮਾਰੀ ਅਮਲੇ ਦੇ ਹੱਕਾਂ ਦੀ ਰਾਖੀ ਕਰਦਿਆਂ ਕਹਿੰਦਾ ਹੈ ਕਿ ਇਸ ਐਕਟ ਜਾਂ ਇਸ ਦੇ ਨਿਯਮਾਂ ਤਹਿਤ ‘ਚੰਗੀ ਭਾਵਨਾ’ ਨਾਲ ਕੀਤੇ ਜਾਣ ਵਾਲੀ ਕਿਸੇ ਵੀ ਚੀਜ਼ ਲਈ ਕਮਿਸ਼ਨਰ ਤੋਂ ਲੈ ਕੇ ਮਰਦਮਸ਼ੁਮਾਰੀ ਦੇ ਕਿਸੇ ਮੈਂਬਰ ਤੱਕ ਕਿਸੇ ‘ਤੇ ਕੋਈ ਮੁਕੱਦਮਾ ਜਾਂ ਹੋਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਜਨਗਣਨਾ ਡਿਊਟੀ ‘ਤੇ ਬਾਹਰ ਹੋਣ ਕਾਰਨ ਕਿਸੇ ਵੀ ਸਟਾਫ ਮੈਂਬਰ ਦੀ ਰੈਗੁਲਰ ਨੌਕਰੀ ਵਿੱਚ ਉਸ ਦੀ ਸੀਨੀਆਰਤਾ ਨਹੀਂ ਘਟਾਈ ਜਾ ਸਕਦੀ ਨਾ ਹੀ ਕੋਈ ਸਜ਼ਾ ਦਿੱਤੀ ਜਾ ਸਕਦੀ ਹੈ।

ਮਰਦਮਸ਼ੁਮਾਰੀ ਡਿਊਟੀ ‘ਤੇ ਦਿੱਤਾ ਗਿਆ ਸਮਾਂ ਨਿਯਮਤ ਡਿਊਟੀ ਹੀ ਮੰਨਿਆ ਜਾਏਗਾ। ਯਕੀਨੀ ਕੀਤਾ ਜਾਏਗਾ ਕਿ ਉਸ ਦੀ ਪ੍ਰਮੋਸ਼ਨ ਜਾਂ ਕਰੀਅਰ ਵਿੱਚ ਵਾਧਾ ਕਿਸੇ ਤਰ੍ਹਾਂ ਵੀ ਇਸ ਨਾਲ ਪ੍ਰਭਾਵਿਤ ਨਾ ਹੋਵੇ।

ਇਸ ਵਿਸਥਾਰਤ ਐਕਟ ਵਿੱਚੋਂ ਜਨਤਾ ਨਾਲ ਜੁੜੇ ਕੁਝ ਖਾਸ ਪਹਿਲੂਆਂ ਦਾ ਅਸੀਂ ਇੱਥੇ ਜ਼ਿਕਰ ਕੀਤਾ ਹੈ।

ਦੋ ਪੜਾਵਾਂ ‘ਚ ਹੋਵੇਗੀ ਮਰਦਸ਼ੁਮਾਰੀ

ਪੰਜਾਬ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ

ਪੰਜਾਬ ਲਈ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਇਸਨੂੰ ਕਰਵਾ ਰਿਹਾ ਹੈ, ਜਿਸ ਵਿੱਚ ਵਿਸ਼ੇਸ਼ ਸੰਗਠਨ – ਆਫਿਸ ਆਫ਼ ਰਜਿਸਟਰਾਰ ਜਨਰਲ ਆਫ਼ ਇੰਡੀਆ ਐਂਡ ਸੈਂਸਸ ਕਮਿਸ਼ਨਰ ਆਫ਼ ਇੰਡੀਆ – ਦੁਆਰਾ ਇਹ ਕੰਮ ਕੀਤਾ ਜਾਂਦਾ ਹੈ।

ਸੂਬੇ ਦਾ ਪ੍ਰਸ਼ਾਨਿਕ ਢਾਂਚਾ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਪ੍ਰਕਿਰਿਆ ਹਰ ਦਹਾਕੇ ਵਿੱਚ ਇੱਕ ਵਾਰ ਕੀਤੀ ਜਾਂਦੀ ਹੈ, ਇਸ ਲਈ ਇਸਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਇੱਕ ਖਾਸ ਵਿਭਾਗ ਨੂੰ ਸੌਂਪੀ ਜਾਂਦੀ ਹੈ; ਪੰਜਾਬ ਵਿੱਚ ਇਹ ਕੰਮ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਕੀਤਾ ਜਾਵੇਗਾ।

ਪੰਜਾਬ ਲਈ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ, ਪਹਿਲੇ ਪੜਾਅ ਵਿੱਚ ਸਾਰੇ ਰਿਹਾਇਸ਼ੀ ਢਾਂਚਿਆਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸੂਚੀਬੱਧ ਕੀਤੀ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ‘ਚ ਜਾਤ, ਜਨਸੰਖਿਆ ਵੇਰਵਿਆਂ ਅਤੇ ਹੋਰ ਮਾਪਦੰਡਾਂ ਵਰਗੇ ਵਿਸ਼ਿਆਂ ‘ਤੇ ਕੇਂਦ੍ਰਿਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਜਨਗਣਨਾ ਕਰਵਾਉਣਾ ਇਸ ਮਹੱਤਵਪੂਰਨ ਹੈ ਕਿਉਂਕਿ ਇਹ ਖਾਸ ਜ਼ਰੂਰਤਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਦੇ ਆਧਾਰ ‘ਤੇ ਹੀ ਸਾਰੀਆਂ ਪਾਲਸੀਆਂ ਬਣਦੀਆਂ ਹਨ।

ਨਵਜੋਤ ਕੌਰ ਖੋਸਾ ਦਾ ਬਿਆਨ

ਉਨ੍ਹਾਂ ਜਾਣਕਾਰੀ ਦਿੱਤੀ ਕਿ ਜਨਗਣਨਾ ਹਮੇਸ਼ਾ ਦੋ ਵੱਖ-ਵੱਖ ਪੜਾਵਾਂ ਵਿੱਚ ਕੀਤੀ ਜਾਂਦੀ ਹੈ। ਪਹਿਲੇ ਪੜਾਅ ਵਿੱਚ ਸਾਰੀਆਂ ਇਮਾਰਤਾਂ ਅਤੇ ਢਾਂਚਿਆਂ ਦੀ ਗਿਣਤੀ ਅਤੇ ਸੂਚੀਬੱਧਤਾ ਸ਼ਾਮਲ ਹੈ। ਇਸ ਵਿੱਚ ਘਰਾਂ ਦੀਆਂ ਢਾਂਚਾਗਤ ਵਿਸ਼ੇਸ਼ਤਾਵਾਂ ਸੰਬੰਧੀ ਮਹੱਤਵਪੂਰਨ ਡੇਟਾ ਇਕੱਠਾ ਕਰਨਾ ਸ਼ਾਮਲ ਹੈ।

ਪੰਜਾਬ ਵਿੱਚ ਪਹਿਲਾ ਪੜਾਅ 15 ਮਈ ਤੋਂ ਸ਼ੁਰੂ ਹੋ ਕੇ 30 ਦਿਨਾਂ ਤੱਕ ਭਾਵ 15 ਜੂਨ ਤੱਕ ਚੱਲੇਗਾ।

ਦੂਜਾ ਪੜਾਅ ਪੂਰੇ ਦੇਸ਼ ਵਿੱਚ ਇੱਕੋ ਸਮੇਂ ਕੀਤਾ ਜਾਵੇਗਾ, ਜੋ ਕਿ 9 ਫਰਵਰੀ ਤੋਂ 28 ਫਰਵਰੀ, 2027 ਤੱਕ ਹੋਵੇਗਾ।

ਇਸ ਵਿੱਚ ਹਰੇਕ ਵਿਅਕਤੀ ਦੀ ਪਛਾਣ ਕਰਕੇ ਉਸਦੀ ਗਿਣਤੀ ਦਰਜ ਕੀਤੀ ਜਾਵੇਗੀ ਤੇ ਨਾਗਰਿਕ ਦੀ ਉਮਰ, ਜਾਤੀ ਸਿੱਖਿਆ ਆਦਿ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮਰਦਮਸ਼ੁਮਾਰੀ ਡਿਜਿਟਲੀ ਕਰਵਾਈ ਜਾ ਰਹੀ ਹੈ। ਪਹਿਲਾਂ ਕਾਗਜ਼ ‘ਤੇ ਡੇਟਾ ਇਕੱਠਾ ਕਰਨ ਦੀ ਪ੍ਰਕਿਰਿਆ ਬਹੁਤ ਲੰਮੀ ਸੀ। ਪਰ ਹੁਣ ਗਿਣਤੀਕਾਰ ਆਪਣੇ ਸਮਾਰਟ ਫੋਨ ਵਿੱਚ ਸੈਂਸਸ ਦੁਆਰਾ ਤਿਆਰ ਐਚਐਲਓ ਐਪ ਡਾਊਨਲੋਡ ਕਰਨਗੇ, ਜਿਸ ‘ਚ 33 ਸਵਾਲ ਦਿਖਾਈ ਦੇਣਗੇ। ਜਿਨ੍ਹਾਂ ਦੇ ਜਵਾਬ ਉਹ ਸਬੰਧਿਤ ਨਾਗਰਿਕ ਜਾਂ ਪਰਿਵਾਰ ਤੋਂ ਪੁੱਛਣਗੇ।

ਆਨਲਾਈਨ ਸਵੈ-ਗਣਨਾ ਕਿਵੇਂ ਕੀਤੀ ਜਾ ਸਕੇਗੀ

ਸਵੈ-ਗਣਨਾ

ਤਸਵੀਰ ਸਰੋਤ, Hindustan Times via Getty Images

ਪੰਜਾਬ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਪਹਿਲੇ ਪੜਾਅ ਤੋਂ ਪਹਿਲਾਂ ਸਵੈ-ਗਣਨਾ ਦਾ ਵੀ ਆਪਸ਼ਨ ਦਿੱਤਾ ਗਿਆ ਹੈ। ਇਸ ਵਿੱਚ ਡੇਟਾ ਇਕੱਠਾ ਕਰਨ ਦੇ ਸੰਬੰਧ ਵਿੱਚ, ਪੂਰੀ ਪ੍ਰਕਿਰਿਆ ਨੂੰ ਇੱਕ ਡਿਜੀਟਲ ਐਪਲੀਕੇਸ਼ਨ ਰਾਹੀਂ ਸੁਵਿਧਾਜਨਕ ਬਣਾਇਆ ਜਾਵੇਗਾ।

ਇਹ ਪੋਰਟਲ 15 ਦਿਨਾਂ ਲਈ, 30 ਅਪ੍ਰੈਲ ਤੋਂ 14 ਮਈ ਤੱਕ ਖੁੱਲ੍ਹਾ ਰਹੇਗਾ ਤੇ ਇਹ 16 ਭਾਸ਼ਾਵਾਂ ‘ਚ ਮੌਜੂਦ ਹੈ।

se.census.gov.in ‘ਤੇ ਜਾ ਕੇ ਪਰਿਵਾਰ ਦਾ ਕੋਈ ਵੀ ਇੱਕ ਮੈਂਬਰ ਇਸ ਪੋਰਟਲ ‘ਤੇ ਲਾਗਇਨ ਕਰ ਸਕਦਾ ਹੈ। ਜਿਸ ਮੋਬਾਈਲ ਨੰਬਰ ਨਾਲ ਰਜਿਸਟਰ ਕੀਤਾ ਜਾਵੇਗਾ, ਉਸੇ ‘ਤੇ ਇੱਕ ਓਟੀਪੀ ਆਵੇਗਾ, ਉਸ ‘ਤੇ ਕੈਪਚਾ ਭਰ ਕੇ ਤੁਸੀਂ ਪੋਰਟਲ ‘ਤੇ ਐਂਟਰ ਹੋ ਜਾਵੋਗੇ। ਇਹ ਓਟੀਪੀ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ।

ਆਪਣੇ ਸਮਾਰਟਫੋਨ ਦੀ ਵਰਤੋਂ ਕਰਦੇ ਹੋਏ ਕੁਝ ਜ਼ਰੂਰੀ ਜਾਣਕਾਰੀ ਭਰਨ ਤੋਂ ਬਾਅਦ, 33 ਪ੍ਰਸ਼ਨਾਂ ਦੇ ਇੱਕ ਸੈੱਟ ਦੇ ਜਵਾਬ ਦਿੱਤੇ ਜਾ ਸਕਦੇ ਹਨ।

ਸਾਰੇ ਸਵਾਲਾਂ ਲਈ ਜਵਾਬ ਵਜੋਂ ਕਈ ਆਪਸ਼ਨ ਦਿੱਤੇ ਗਏ ਹਨ, ਆਪਣੇ ਪਰਿਵਾਰ ਲਈ ਢੁਕਵਾਂ ਜਵਾਬ ਚੁਣਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਹਰੇਕ ਸਵਾਲ ਦੇ ਨਾਲ ਆਈ ਦਾ ਇੱਕ ਆਈਕਨ ਵੀ ਬਣਿਆ ਹੈ, ਜਿਸ ‘ਤੇ ਕਲਿੱਕ ਕਰਕੇ ਪ੍ਰਸ਼ਨ ਬਾਰੇ ਵਿਸਥਾਰ ਨਾਲ ਜਾਣਿਆ ਜਾ ਸਕਦਾ ਹੈ।

ਸਾਰਾ ਡੇਟਾ ਸਬਮਿਟ ਕਰਨ ‘ਤੇ ਇੱਕ ਐੱਸਐੱਮਐੱਸ ਆਵੇਗਾ, ਜਿਸ ਵਿੱਚ 21 ਨੰਬਰਾਂ ਵਾਲਾ ਇੱਕ ਅੰਕੜਾ ਆਵੇਗਾ। ਜੋ ਤੁਹਾਡਾ ਡੇਟਾ ਜਮ੍ਹਾਂ ਹੋਣ ਦੀ ਤਸਦੀਕ ਕਰੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI