Source :- BBC PUNJABI
ਤਸਵੀਰ ਸਰੋਤ, Getty Images
ਅੱਤਵਾਦੀ ਸੰਗਠਨ ਅਲ ਕਾਇਦਾ 28 ਫ਼ਰਵਰੀ ਤੋਂ ਸ਼ੁਰੂ ਹੋਈ ਅਮਰੀਕਾ-ਇਜ਼ਰਾਇਲ ਅਤੇ ਈਰਾਨ ਦੀ ਜੰਗ ਅਤੇ ਉਸ ਦੇ ਵਿਆਪਕ ਅਸਰ ਬਾਰੇ ਖ਼ਾਸ ਤੌਰ ‘ਤੇ ਚੁੱਪ ਰਿਹਾ ਹੈ।
ਅਜਿਹਾ ਹੋਣਾ ਆਮ ਨਹੀਂ ਹੈ ਕਿਉਂਕਿ ਅਲ-ਕਾਇਦਾ ਅਤੇ ਉਸ ਨਾਲ ਜੁੜੇ ਸਮੂਹ ਆਮ ਤੌਰ ‘ਤੇ ਮੱਧ ਪੂਰਬ ਦੀਆਂ ਵੱਡੀਆਂ ਘਟਨਾਵਾਂ ‘ਤੇ ਪ੍ਰਤੀਕਿਰਿਆ ਦਿੰਦੇ ਰਹੇ ਹਨ।
ਖਾਸ ਕਰਕੇ ਉਦੋਂ, ਜਦੋਂ ਅਜਿਹੇ ਸੰਘਰਸ਼ ਅੱਤਵਾਦੀਆਂ ਵਿਚਕਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਜਿਵੇਂ ਕਿ ਇਸ ਵਾਰ ਹੋਇਆ ਹੈ।
ਇਸ ਸਾਲ ਅਲ-ਕਾਇਦਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਸਿਰਫ਼ ਇੱਕ ਬਿਆਨ 4 ਫ਼ਰਵਰੀ ਨੂੰ ਆਇਆ ਸੀ। ਉਹ ਵੀ ਉਸ ਵੇਲੇ ਜਦੋਂ ਅਮਰੀਕਾ ਈਰਾਨ ਦੇ ਨਾਲ ਤਣਾਅ ਵਿਚਕਾਰ ਮੱਧ ਪੂਰਬ ਵਿੱਚ ਆਪਣੀ ਫ਼ੌਜੀ ਮੌਜੂਦਗੀ ਵਧਾ ਰਿਹਾ ਸੀ।
ਉਸ ਬਿਆਨ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਫ਼ੌਜੀ ਟਿਕਾਣਿਆਂ ‘ਤੇ ਹਮਲਿਆਂ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਕਈ ਅੱਤਵਾਦੀ ਸੰਗਠਨਾਂ ਨੇ ਈਰਾਨ ਦੇ ਅਸਿੱਧੇ ਸਮਰਥਨ ਵਜੋਂ ਦੇਖਿਆ ਸੀ।
ਅਲ-ਕਾਇਦਾ ਦੀ ਇਸ ਚੁੱਪੀ ਪਿੱਛੇ ਸੋਚੇ ਸਮਝੇ ਕਾਰਨ ਹੋ ਸਕਦੇ ਹਨ।
ਇਹ ਸੰਗਠਨ ਅਸਹਿਜ ਸਥਿਤੀ ਵਿੱਚ ਹਨ। ਉਸ ਦੇ ਨੇਤਾ ਸੈਫ਼ ਅਲ-ਅਦਲ ਅਤੇ ਉਨ੍ਹਾਂ ਦੇ ਕਰੀਬੀ ਲੋਕ ਕਥਿਤ ਤੌਰ ‘ਤੇ ਈਰਾਨ ਵਿੱਚ ਰਹਿੰਦੇ ਹਨ।
9/11 ਦੇ ਹਮਲਿਆਂ ਤੋਂ ਬਾਅਦ ਅਲ-ਕਾਇਦਾ ਦੇ ਕਈ ਮੁੱਖ ਨੇਤਾ ਅਤੇ ਉਨ੍ਹਾਂ ਦੇ ਪਰਿਵਾਰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਤੋਂ ਭੱਜ ਕੇ ਈਰਾਨ ਚਲੇ ਗਏ ਸੀ।
ਅਮਰੀਕੀ ਏਜੰਸੀ ਐਫ਼ਬੀਆਈ ਦੀ ਮੌਜੂਦਾ “ਮੋਸਟ ਵਾਂਟੇਡ ਅੱਤਵਾਦੀਆਂ” ਦੀ ਸੂਚੀ ਵਿੱਚ ਵੀ ਅਲ-ਅਦਲ ਨੂੰ “ਈਰਾਨ ਵਿਚ ਮੌਜੂਦ” ਦੱਸਿਆ ਗਿਆ ਹੈ।
ਇੱਕ ਪਾਸੇ, ਅਲ-ਕਾਇਦਾ ਸ਼ਾਇਦ ਈਰਾਨ ਨੂੰ ਨਰਾਜ਼ ਕਰਨ ਤੋਂ ਬਚਣਾ ਚਾਹੁੰਦਾ ਹੈ, ਇਸ ਲਈ ਉਹ ਉਨ੍ਹਾਂ ਅੱਤਵਾਦੀ ਸਮੂਹਾਂ ਦੀ ਕਤਾਰ ਵਿੱਚ ਖੁੱਲ੍ਹ ਕੇ ਸ਼ਾਮਿਲ ਨਹੀਂ ਹੋ ਰਿਹਾ ਜੋ ਸ਼ੀਆ ਬਹੁਤਾਤ ਵਾਲੇ ਈਰਾਨ ਦੇ ਸਮਰਥਨ ਖ਼ਿਲਾਫ ਚੇਤਾਵਨੀ ਦੇ ਰਹੇ ਹਨ।
ਅੱਤਵਾਦੀ ਸੰਗਠਨਾਂ ਨੇ ਲਗਭਗ ਇੱਕ ਸੁਰ ਵਿੱਚ ਸੁੰਨੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਪੱਖ ਵਿੱਚ ਨਾ ਜਾਣ, ਖਾਸ ਕਰਕੇ ਈਰਾਨ ਪ੍ਰਤੀ ਹਮਦਰਦੀ ਜਤਾਉਣ ਤੋਂ ਬਚਣ।
ਦੂਜੇ ਪਾਸੇ, ਸੰਗਠਨ ਅਮਰੀਕਾ ਜਾਂ ਇਜ਼ਰਾਈਲ ਦੇ ਖ਼ਿਲਾਫ ਬਿਆਨ ਦੇਣ ਤੋਂ ਵੀ ਬਚਣ ਦੀ ਰਣਨੀਤੀ ਅਪਣਾ ਰਿਹਾ ਹੈ, ਜਿਵੇਂ ਕਿ ਉਸ ਨੇ 4 ਫ਼ਰਵਰੀ ਨੂੰ ਕੀਤਾ ਸੀ।
ਕਿਉਂਕਿ ਅਜਿਹਾ ਕਰਨ ‘ਤੇ ਉਸ ਨੂੰ ਈਰਾਨ ਦੇ ਅਸਿੱਧੇ ਸਮਰਥਨ ਵਜੋਂ ਦੇਖਿਆ ਜਾ ਸਕਦਾ ਹੈ।
ਇਸ ਨਾਲ ਉਸ ਦੇ ਆਪਣੇ ਸਮਰਥਕਾਂ ਵਿਚਕਾਰ ਉਸ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ।
ਕੱਟੜ ਜਿਹਾਦੀ ਵਿਚਾਰਧਾਰਾ ਵਿੱਚ ਸ਼ੀਆ ਈਰਾਨ ਨੂੰ ਸੁੰਨੀ ਇਸਲਾਮ ਦਾ ਵੱਡਾ ਦੁਸ਼ਮਣ ਅਤੇ ਗੰਭੀਰ ਖ਼ਤਰਾ ਮੰਨਿਆ ਜਾਂਦਾ ਹੈ।
ਜੂਨ 2025 ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਹੋਏ 12 ਦਿਨ ਦੇ ਯੁੱਧ ਦੌਰਾਨ ਵੀ ਅਲ-ਕਾਇਦਾ ਇਸੇ ਤਰ੍ਹਾਂ ਚੁੱਪ ਰਿਹਾ ਸੀ।
ਇਸ ਦੇ ਉਲਟ , ਉਸ ਦੇ ਕੱਟੜ ਵਿਰੋਧੀ ਮੰਨੇ ਜਾਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਕਾਫ਼ੀ ਸਰਗਰਮ ਰਿਹਾ ਹੈ ਅਤੇ ਦੋਨੋ ਪੱਖਾਂ ਦੀ ਤਿੱਖੀ ਅਲੋਚਨਾ ਕਰ ਰਿਹਾ ਹੈ।
ਕਥਿਤ ਇਸਲਾਮਿਕ ਸਟੇਟ ਨੇ ਚਾਰ ਫ਼ਰਵਰੀ ਨੂੰ ਅਲ-ਕਾਇਦਾ ਵਲੋਂ ਅਮਰੀਕਾ ਖ਼ਿਲਾਫ ‘ਜਿਹਾਦ’ ਦੀ ਅਪੀਲ ਨੂੰ ਇਸ ਗੱਲ ਦੇ ‘ਸਬੂਤ’ ਵਜੋਂ ਪੇਸ਼ ਕੀਤਾ ਕਿ ਉਹ ਈਰਾਨ ਦਾ ਮੋਹਰਾ ਬਣਦਾ ਜਾ ਰਿਹਾ ਹੈ।
ਲੀਡਰਸ਼ਿਪ ਦੀ ਸਥਿਤੀ ‘ਤੇ ਚੁੱਪੀ ਦੇ ਮਾਇਨੇ
ਤਸਵੀਰ ਸਰੋਤ, ISLAMIC STATE
ਈਰਾਨ ਸੰਘਰਸ਼ ‘ਤੇ ਅਲ-ਕਾਇਦਾ ਦੀ ਚੁੱਪੀ ਉਸ ਦੀ ਲੀਡਰਸ਼ਿਪ ਦੀ ਸਥਿਤੀ ‘ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁੱਪੀ ਨਾਲ ਵੀ ਜੁੜੀ ਹੋਈ ਹੈ।
ਅਲ-ਕਾਇਦਾ ਜੁਲਾਈ 2022 ਤੋਂ ਹੀ ਬਿਨ੍ਹਾਂ ਕਿਸੇ ਨੇਤਾ ਦੇ ਨਾਮ ਦੇ ਜਨਤਕ ਬਿਆਨ ਜਾਰੀ ਕਰਦਾ ਰਿਹਾ ਹੈ।
ਉਦੋਂ ਤੋਂ ਜਦੋਂ ਅਮਰੀਕਾ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੰਗਠਨ ਦੇ ਤਤਕਾਲੀ ਮੁਖੀ ਅਯਮਾਨ ਅੱਲ-ਜਵਾਹਿਰੀ ਨੂੰ ਮਾਰਨ ਦਾ ਐਲਾਨ ਕੀਤਾ ਸੀ।
ਇਹ ਸਭ ਉਦੋਂ ਹੋਇਆ, ਜਦਕਿ ਸ਼ੁਰੂਆਤੀ ਖ਼ਬਰਾਂ ਵਿੱਚ ਕਿਹਾ ਗਿਆ ਸੀ ਕਿ ਸੰਗਠਨ ਦੇ ਡਿਪਟੀ ਲੀਡਰ, ਮਿਸਰ ਦੇ ਸੈਫ਼ ਅਲ-ਅਦਲ ਨੇ ਲੀਡਰਸ਼ਿਪ ਸੰਭਾਲ ਲਈ ਹੈ।
ਅਲ ਕਾਇਦਾ ਨੇ ਇਨ੍ਹਾਂ ਖ਼ਬਰਾਂ ਦੀ ਕਦੇ ਅਧਿਕਾਰਕ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ, ਹਾਲਾਂਕਿ ਜਿਹਾਦੀ ਹਲਕਿਆਂ ਵਿੱਚ ਇੱਥੋਂ ਤੱਕ ਕਿ ਉਸ ਦੇ ਆਪਣੇ ਸਮਰਥਕਾਂ ਵਿਚਕਾਰ ਵੀ ਅਲ-ਜਵਾਹਿਰੀ ਦੀ ਮੌਤ ਅਤੇ ਅਲ-ਅਦਲ ਦੀ ਅਗਵਾਈ ਸੰਭਾਲਣ ਨੂੰ ਵਿਆਪਕ ਰੂਪ ਵਿੱਚ ਸੱਚ ਮੰਨਿਆ ਜਾਂਦਾ ਹੈ।
ਸੰਭਾਵਨਾ ਹੈ ਕਿ ਅਲ-ਕਾਇਦਾ ਦੀ ਇਹ ਚੁੱਪੀ ਇਸ ਲਈ ਵੀ ਰਹੀ ਹੋਵੇ ਤਾਂ ਕਿ ਉਹ ਉਸ ਦੇ ਸਹਿਯੋਗੀ ਮੰਨੇ ਜਾਣ ਵਾਲੇ ਤਾਲਿਬਾਨ ਨੂੰ ਅਸਹਿਜ ਸਥਿਤੀ ਵਿੱਚ ਨਾ ਪਾਵੇ।
ਤਸਵੀਰ ਸਰੋਤ, FBI
ਨਾਲ ਹੀ ਇਸ ਪੇਚੀਦਾ ਸਵਾਲ ਤੋਂ ਵੀ ਬਚ ਸਕੇ ਕਿ ਉਸ ਦਾ ਨਵਾਂ ਨੇਤਾ ਕਥਿਤ ਤੌਰ ‘ਤੇ ਈਰਾਨ ਵਿੱਚ ਰਹਿ ਰਿਹਾ ਹੈ, ਜਿਸ ਨੂੰ ਸੁੰਨੀ ਜਿਹਾਦੀ ਇੱਕ ਵੱਡਾ ਦੁਸ਼ਮਣ ਮੰਨਦੇ ਹਨ।
ਪਹਿਲਾਂ ਅਲ਼-ਕਾਇਦਾ ਦੇ ਅੰਦਰੂਨੀ ਲੋਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸੰਗਠਨ ਦੇ ਕੁਝ ਉੱਚ ਨੇਤਾ ਈਰਾਨ ਵਿੱਚ ਹੀ ਮੌਜੂਦ ਹਨ।
2022 ਦੇ ਬਾਅਦ ਤੋਂ ਜਿੱਥੇ ਕਥਿਤ ਇਸਲਾਮਿਕ ਸਟੇਟ ਖੁੱਲ੍ਹੇ ਤੌਰ ‘ਤੇ ਅਲ-ਕਾਇਦਾ ‘ਤੇ ਈਰਾਨ ਅਧੀਨ ਹੋਣ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ ਅਤੇ ਇਸ ਦੇ ਲਈ ਸੈਫ਼ ਅਲ-ਅਦਲ ਦੀ ਉੱਥੇ ਮੌਜੂਦਗੀ ਦਾ ਹਵਾਲਾ ਦਿੰਦਾ ਹੈ।
ਉੱਥੇ ਅਲ਼-ਕਾਇਦਾ ਦੇ ਸਮਰਥਕਾਂ ਨੇ ਇਸ ਨੂੰ ਵੱਖਰੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੰਗਠਨ ਦੀਆਂ ਸਥਿਤੀਆਂ ਸੀਮਤ ਹਨ ਅਤੇ ਅਲ-ਅਦਲ ਅਸਲ ਵਿੱਚ ਨਜ਼ਰਬੰਦ ਸੀ ਜਾਂ ਉਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਸੀ।
ਇਸ ਤਰ੍ਹਾਂ ਅਜਿਹਾ ਲਗਦਾ ਹੈ ਕਿ ਅਲ-ਕਾਇਦਾ ਇੱਕ ਨਾਜ਼ੁਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਪਾਸੇ, ਆਪਣੇ ਜ਼ਿਆਦਾਤਰ ਈਰਾਨ ਵਿਰੋਧੀ ਸਮਰਥਕਾਂ ਨੂੰ ਸੰਦੇਸ਼ ਦੇਣਾ ਅਤੇ ਦੂਜੇ ਪਾਸੇ ਈਰਾਨ ਨੂੰ ਨਰਾਜ਼ ਕਰਨ ਤੋਂ ਬਚਣਾ।
ਅਲ-ਕਾਇਦਾ ਦੇ ਕੁਝ ਲੋਕ ਵਿਹਾਰਕ ਕਾਰਨਾਂ ਤੋਂ ਵਿਤਾਰਕ ਮਤਭੇਦਾਂ ਦੇ ਬਾਵਜੂਦ ਸਮੇਂ-ਸਮੇਂ ‘ਤੇ ਈਰਾਨ ਦੇ ਨਾਲ ਸੀਮਤ ਸਿਆਸੀ ਤਾਲਮੇਲ ਨੂੰ ਵੀ ਸਹੀ ਠਹਿਰਾਉਂਦੇ ਰਹੇ ਹਨ।
ਠੀਕ ਓਵੇਂ ਹੀ ਜਿਵੇਂ ਹਮਾਸ (ਜਿਸ ਦੀਆਂ ਜੜ੍ਹਾਂ ਮੁਸਲਿਮ ਬ੍ਰਦਰਹੁਡ ਵਿੱਚ ਹਨ) ਨੇ ਕੀਤਾ ਹੈ।
ਸੰਘਰਸ਼ ‘ਤੇ ਚੁੱਪੀ ਸਾਫ਼ ਤੌਰ ‘ਤੇ ਵੱਖ
ਤਸਵੀਰ ਸਰੋਤ, IS SUPPORTERS
ਇਸ ਸਾਲ ਅਲ ਕਾਇਦਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਸਿਰਫ਼ ਇੱਕ ਹੀ ਬਿਆਨ ਆਇਆ ਹੈ, 4 ਫ਼ਰਵਰੀ ਨੂੰ।
ਇਸ ਵਿੱਚ ਮੱਧ ਪੂਰਬ ਵਿੱਚ ਅਮਰੀਕਾ ਦੀ ਵਧਦੀ ਫ਼ੌਜੀ ਮੌਜੂਦਗੀ ਖ਼ਿਲਾਫ ਮੁਸਲਮਾਨਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਗਈ ਸੀ।
ਇਸ ਦੇ ਖੇਤਰੀ ਸੰਗਠਨਾਂ ਨੇ ਵੀ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ‘ਤੇ ਕੋਈ ਸਿੱਧਾ ਬਿਆਨ ਜਾਰੀ ਨਹੀਂ ਕੀਤਾ।
ਇੱਥੋਂ ਤੱਕ ਕਿ ਯਮਨ ਵਿੱਚ ਉਸ ਦਾ ਸੰਗਠਨ ਏ.ਕਿਉ.ਏ.ਪੀ ਜੋ ਹਾਲ ਦੇ ਸਾਲਾਂ ਵਿੱਚ ਅਲ-ਕਾਇਦਾ ਦੀ ਕੇਂਦਰੀ ਲੀਡਰਸ਼ਿਪ ਦੀ ਗੈਰ-ਮੌਜੂਦਗੀ ਵਿੱਚ ਗਲੋਬਲ ਜਿਹਾਦੀ ਸੰਦੇਸ਼ ਦੇਣ ਵਿੱਚ ਅੱਗੇ ਰਿਹਾ ਹੈ, ਉਸ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ।
ਸਿਰਫ਼ ਦੱਖਣੀ ਏਸ਼ੀਆ ਦੀ ਸ਼ਾਖਾ, ਅਲ-ਕਾਇਦਾ ਇਨ ਇੰਡੀਅਨ ਸਬ-ਕੰਟੀਨੈਂਟ ਨੇ ਇਸ ‘ਤੇ ਕੁਝ ਕਿਹਾ।
ਇਹ 8 ਮਾਰਚ ਨੂੰ ਏ.ਕਿਓ.ਆਈ.ਐਸ ਦੇ ਮੈਗਜ਼ੀਨ “ਨਵਾਏ ਗਜ਼ਵਤ-ਏ-ਹਿੰਦ” ਦੇ ਇੱਕ ਲੇਖ ਵਿੱਚ ਛਪਿਆ ਹੋਇਆ ਸੀ, ਜਿਸ ਵਿੱਚ ਈਰਾਨ ਦੇ ਪ੍ਰਤੀ ਹਲਕੀ ਹਮਦਰਦੀ ਝਲਕ ਰਹੀ ਸੀ।
ਆਮ ਤੌਰ ‘ਤੇ ਅਲ-ਕਾਇਦਾ ਇਸਲਾਮੀ ਦੁਨੀਆਂ ਦੀਆਂ ਵੱਡੀਆਂ ਘਟਨਾਵਾਂ ਬਾਰੇ ਪ੍ਰਤੀਕਿਰਿਆ ਦਿੰਦਾ ਹੈ।
ਉਦਾਹਰਨ ਵਜੋਂ, ਹਾਲ ਦੇ ਗਾਜ਼ਾ ਸੰਘਰਸ਼ ‘ਤੇ ਉਸ ਨੇ ਕਾਫ਼ੀ ਬੇਬਾਕੀ ਨਾਲ ਬਿਆਨ ਦਿੱਤੇ ਸੀ, ਜਦਕਿ ਉਸ ਦਾ ਵਿਰੋਧੀ ਕਥਿਤ ਇਸਲਾਮਿਕ ਸਟੇਟ ਓਨਾ ਸਰਗਰਮ ਨਹੀਂ ਸੀ।
ਫਿਰ ਵੀ, ਗਾਜ਼ਾ ਸੰਘਰਸ਼ ‘ਤੇ ਅਲ-ਕਾਇਦਾ ਦੇ ਕੁਝ ਬਿਆਨਾਂ ਨੂੰ ਹਮਾਸ ਦੇ ਸਮਰਥਨ ਵਜੋਂ ਦੇਖਿਆ ਗਿਆ।
ਅਤੇ ਇਸ ਤਰ੍ਹਾਂ ਈਰਾਨ ਦੇ ਸ਼ੀਆ ਪ੍ਰਭਾਵ ਵਾਲੇ ‘ਐਕਸਿਸ ਆਫ ਰਜ਼ਿਸਟੈਂਸ’ ਦੇ ਨਾਲ ਜੋੜ ਕੇ ਸਮਝਿਆ ਗਿਆ।
ਹਮਾਸ ਨੇਤਾਵਾਂ ਦੀ ਮੌਤ ‘ਤੇ ਸੋਗ ਜਤਾਉਣ ਵਾਲੇ ਬਿਆਨਾਂ ਤੋਂ ਬਾਅਦ ਖ਼ਾਸ ਕਰਕੇ ਕਥਿਤ ਇਸਲਮਾਨਿਕ ਸਟੇਟ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਅਲ-ਕਾਇਦਾ ਦਾ ਸੰਦੇਸ਼ ਈਰਾਨ ਤੋਂ ਪ੍ਰਭਾਵਿਤ ਹੈ।
ਇਸ ਨਾਜ਼ੁਕ ਸਥਿਤੀ ਨੂੰ ਸਮਝਦਿਆਂ, ਅਲ-ਕਾਇਦਾ ਆਮ ਤੌਰ ‘ਤੇ ਹਮਾਸ ਦੀ ਖੁੱਲ੍ਹ ਕੇ ਤਾਰੀਫ਼ ਕਰਨ ਤੋਂ ਬਚਦਾ ਰਿਹਾ ਅਤੇ ਇਸ ਦੀ ਬਜਾਏ ਫ਼ਲਸਤੀਨੀ “ਮੁਜਾਹੀਦੀਨ” ਜਾਂ ਹਮਾਸ ਦੀ ਫ਼ੌਜੀ ਸ਼ਾਖਾ ਇਜ-ਅਦ-ਦੀਨ ਅਲ-ਕਾਸਮ ਬ੍ਰਿਗੇਡ ‘ਤੇ ਧਿਆਨ ਕੇਂਦਰਿਤ ਕਰਦਾ ਰਿਹਾ।
ਇਸ ਨਾਲ ਜਿਹਾਦੀ ਹਲਕਿਆਂ ਵਿੱਚ ਹਮਾਸ ਦੇ ਈਰਾਨ ਸਮਰਥਕ ਸਿਆਸੀ ਲੀਡਰਸ਼ਿਪ ਦੀ ਤੁਲਨਾ ਵਿੱਚ ਘੱਟ ਵਿਵਾਦਤ ਮੰਨਿਆ ਜਾਂਦਾ ਹੈ।
ਜੂਨ 2025 ਵਿੱਚ ਅਮਰੀਕੀ-ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਹੋਏ 12 ਦਿਨ ਦੇ ਯੁੱਧ ਦੌਰਾਨ ਵੀ ਅਲ਼-ਕਾਇਦਾ ਅਤੇ ਉਸ ਦੇ ਸੰਗਠਨ ਚੁੱਪ ਰਹੇ ਸੀ, ਪਰ ਇਸ ਵਾਰ ਦੀ ਚੁੱਪੀ ਹੋਰ ਜ਼ਿਆਦਾ ਧਿਆਨ ਖਿੱਚਦੀ ਹੈ।
ਕਿਉਂਕਿ ਇਹ ਸੰਘਰਸ਼ ਵੱਡਾ ਹੈ ਅਤੇ ਇਸਲਾਮੀ ਬਹਿਸਾਂ ਵਿੱਚ ਇਸ ਦਾ ਅਸਰ ਵੀ ਜ਼ਿਆਦਾ ਹੈ।
ਕੱਟੜਪੰਥੀ ਧੜੇ ਜ਼ਿਆਦਾਤਰ ਇਹ ਕਹਿੰਦੇ ਰਹੇ ਹਨ ਕਿ ਈਰਾਨ ਦਾ ਸਾਥ ਦੇਣਾ ਸਹੀ ਨਹੀਂ ਹੈ, ਕਿਉਂਕਿ ਉਨ੍ਹਾਂ ਮੁਤਾਬਕ ਉਹ ਸੁੰਨੀਆਂ ‘ਤੇ ਅੱਤਿਆਚਾਰ ਕਰਦਾ ਹੈ।
ਉਧਰ, ਕੁਝ ਇਸਲਾਮੀ ਸਮੂਹ ਅਜਿਹੇ ਵੀ ਰਹੇ ਹਨ ਜੋ ਈਰਾਨ ਦੇ ਸਮਰਥਨ ਦੀ ਗੱਲ ਕਰਦੇ ਕਨਸ ਪਰ ਉਨ੍ਹਾਂ ਦੀ ਗਿਣਤੀ ਘੱਟ ਹੈ।
ਯੁੱਧ ਤੋਂ ਪਹਿਲਾਂ ਅਲ-ਕਾਇਦਾ ਦੇ ਸੰਦੇਸ਼ ਦਾ ਉਲਟਾ ਅਸਰ
ਤਸਵੀਰ ਸਰੋਤ, Getty Images
ਅਮਰੀਕਾ ਦੀਆਂ ਫ਼ੌਜੀ ਤਿਆਰੀਆਂ ਦੇ ਵਿਚਕਾਰ, ਅਲ-ਕਾਇਦਾ ਦੇ 4 ਫ਼ਰਵਰੀ ਦੇ ਬਿਆਨ ਵਿੱਚ ਮੁਸਲਮਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਪੂਰੇ ਖੇਤਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਫ਼ੌਜੀ ਟਿਕਾਣਿਆਂ, ਇੱਥੋਂ ਤੱਕ ਕਿ ਸਮੁੰਦਰੀ ਜਹਾਜ਼ਾਂ ਨੂੰ ਵੀ ਵੀ ਨਿਸ਼ਾਨਾ ਬਣਾਉਣ।
ਇਸ ਲਾਮਬੰਦੀ ਦੀ ਅਪੀਲ ਵਿੱਚ ਅਰਬ ਦੇਸ਼ਾਂ ਦੀ ਜਨਤਾ ਅਤੇ ਸਰਕਾਰਾਂ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ ਸੀ।
ਅਤੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਨ੍ਹਾਂ ਨੇ ਅਮਰੀਕਾ ਦੀ ਮੌਜੂਦਗੀ ਅਤੇ ਪ੍ਰਭਾਵ ਖਿਲਾਫ ਸਖਤ ਕਦਮ ਨਹੀਂ ਚੁੱਕਿਆ ਤਾਂ ਉਨ੍ਹਾਂ ਦਾ ਹਾਲ ਵੀ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਜਿਹਾ ਹੋ ਸਕਦਾ ਹੈ। ਮਾਦੁਰੋ ਨੂੰ ਅਮਰੀਕਾ ਨੇ ਜਨਵਰੀ ਵਿੱਚ ਸੱਤਾ ਤੋਂ ਹਟਾ ਦਿੱਤਾ ਸੀ।
ਆਨਲਾਈਨ ਅਲ-ਕਾਇਦਾ ਦੇ ਸਮਰਥਕਾਂ ਵਿਚਕਾਰ ਇਸ ਬਿਆਨ ‘ਤੇ ਹਲਕੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਸੀ।
ਅਲ-ਕਾਇਦਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਆਇਆ ਇਹ ਅਨੋਖਾ ਅਤੇ ਅਹਿਮ ਬਿਆਨ, ਜੋ ਸਾਲ ਵਿਚ ਪਹਿਲੀ ਵਾਰ ਆਇਆ ਸੀ, ਅੱਤਵਾਦੀ ਇਸਲਾਮੀ ਹਲਕਿਆਂ ਵਿੱਚ ਜ਼ਿਆਦਾ ਨਾ ਤਾਂ ਸਾਂਝਾ ਕੀਤਾ ਗਿਆ ਅਤੇ ਨਾ ਹੀ ਉਸ ‘ਤੇ ਚਰਚਾ ਹੋਈ।
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਿਤੇ ਨਾ ਕਿਤੇ ਅਸਹਿਜਤਾ ਸੀ। ਕੁਝ ਲੋਕਾਂ ਨੂੰ ਇਸ ਦੀ ਟਾਈਮਿੰਗ ਠੀਕ ਨਹੀਂ ਲੱਗੀ ਕਿਉਂਕਿ ਉਸ ਵੇਲੇ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਚੱਲ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਜੇ ਸੁੰਨੀ ਕੋਈ ਕਾਰਵਾਈ ਕਰਦੇ ਹਨ ਤਾਂ ਉਸ ਦਾ ਫ਼ਾਇਦਾ ਸਭ ਤੋਂ ਪਹਿਲਾਂ ਈਰਾਨ ਨੂੰ ਹੋਵੇਗਾ।
ਤਸਵੀਰ ਸਰੋਤ, ISLAMIC STATE
ਅਲ-ਕਾਇਦਾ ਦੇ ਵਿਰੋਧੀ ਕਥਿਤ ਇਸਲਾਮਿਕ ਸਟੇਟ ਦੇ ਸਮਰਥਕਾਂ ਨੇ ਤੁਰੰਤ ਇਸ ਬਿਆਨ ਨੂੰ ਈਰਾਨ ਦੇ ਅਸਿੱਧੇ ਸਮਰਥਨ ਵਜੋਂ ਪੇਸ਼ ਕੀਤਾ, ਕਿਉਂਕਿ ਅਮਰੀਕੀ ਫ਼ੌਜੀ ਕਾਰਵਾਈਆਂ ਦਾ ਮੁੱਖ ਨਿਸ਼ਾਨਾ ਈਰਾਨ ਸੀ।
ਉਨ੍ਹਾਂ ਨੇ ਅਲ-ਕਾਇਦਾ ‘ਤੇ ਇਲਜ਼ਾਮ ਲਗਾਇਆ ਕਿ ਉਹ ਅਸਲ ਵਿਚ ਈਰਾਨ ਦੇ “ਐਕਸਿਸ ਆਫ ਰਜ਼ਿਸਟੈਂਸ” ਦਾ ਹਿੱਸਾ ਬਣਦਾ ਜਾ ਰਿਹਾ ਹੈ।
ਇਹ ਧਾਰਨਾ 26 ਫ਼ਰਵਰੀ ਨੂੰ ਹੋਰ ਮਜ਼ਬੂਤ ਹੋਈ। ਯਾਨੀ ਈਰਾਨ ਦੇ ਨਾਲ ਯੁੱਧ ਸ਼ੁਰੂ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ, ਜਦੋਂ ਆਈਐਸ ਨੇ ਇੱਕ ਲੇਖ ਜਾਰੀ ਕਰਕੇ ਅਲ-ਕਾਇਦਾ ਦੇ 4 ਫ਼ਰਵਰੀ ਦੇ ਬਿਆਨ ਦਾ ਮਜ਼ਾਕ ਉਡਾਇਆ ਅਤੇ ਇਸ ਨੂੰ ਇਸ ਗੱਲ ਦਾ ‘ਸਬੂਤ’ ਦੱਸਿਆ ਕਿ ਸੰਗਠਨ ਈਰਾਨ ਦਾ ਸਮਰਥਨ ਕਰ ਰਿਹਾ ਹੈ।
ਕਥਿਤ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਹ ਵੀ ਕਿਹਾ ਕਿ ਹੁਣ ਅਲ-ਕਾਇਦਾ ਦੀ ਸੋਚ ਅਤੇ ਉਸ ਦੇ ਸੱਦੇ ਈਰਾਨ ਦੀ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰ ਦੇ ਇਸ਼ਾਰਿਆਂ ‘ਤੇ ਤੈਅ ਹੋ ਰਹੇ ਹਨ।
ਅਤੇ ਸੈਫ਼ ਅਲ਼-ਅਦਲ ਦੀ ‘ਈਰਾਨ ਵਿਚ ਮੌਜੂਦਗੀ’ ਦੇ ਕਾਰਨ ਸੰਗਠਨ ਹੌਲੀ-ਹੌਲੀ ਈਰਾਨ ਦੇ ‘ਸ਼ੀਆ ਪ੍ਰਭਾਵ’ ਵਿੱਚ ਚਲਾ ਗਿਆ ਹੈ।
ਅਲ-ਕਾਇਦਾ ਸਮਰਥਕ ਸਮੂਹਾਂ ਦਾ ਉਭਾਰ
ਤਸਵੀਰ ਸਰੋਤ, AJNAD BEIT AL-MAQDIS
ਇਸ ਨਵੇਂ ਸਮੂਹ ਦਾ ਆਉਣਾ (ਹਾਲਾਂਕਿ ਇਸ ਦੀ ਅਸਲੀਅਤ ਅਤੇ ਇਸ ਦੇ ਰਿਸ਼ਤਿਆਂ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ) ਸਮੇਂ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਈਰਾਨ ਸੰਘਰਸ਼ ਦੌਰਾਨ ਸਾਹਮਣੇ ਆਇਆ ਹੈ।
ਨਾਲ ਹੀ, ਕਥਿਤ ਇਸਲਾਮਿਕ ਸਟੇਟ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਅਲ-ਕਾਇਦਾ ਦੇ ਈਰਾਨ ਦੇ ਨੇੜੇ ਜਾਣ ਦਾ ਇੱਕ ਸੰਕੇਤ ਹੋ ਸਕਦਾ ਹੈ।
1 ਮਾਰਚ ਨੂੰ, ਯਾਨੀ ਯੁੱਧ ਸ਼ੁਰੂ ਹੋਣ ਦੇ ਦੋ ਦਿਨ ਬਾਅਦ ਇੱਕ ਰਹੱਸਮਈ ਜਿਹਾਦੀ ਸਮੂਹ ਨੇ ਖ਼ੁਦ ਨੂੰ ਅਜਨਾਦ ਬੈਤ ਅਲ-ਮਕਦਿਸ (ਯੇਰੂਸਲਮ ਦੇ ਸੈਨਿਕ) ਦੱਸਿਆ।
ਇਹ ਸਮੂਹ ਸੰਭਾਵਿਤ ਰੂਪ ਵਿੱਚ ਸੀਰੀਆ ਵਿੱਚ ਸਰਗਰਮ ਹੈ ਅਤੇ ਇਸ ਨੇ ਅਲ-ਕਇਦਾ ਪ੍ਰਤੀ ਨਿਸ਼ਠਾ ਜਤਾਈ ਹੈ।
ਸਮੂਹ ਨੇ ਕਿਹਾ ਕਿ ਉਸ ਦੀ ਸਥਾਪਨਾ ਅਲ-ਕਾਇਦਾ ਦੀ ‘ਲਾਮਬੰਦੀ ਦੀ ਅਪੀਲ’ ਦੇ ਜਵਾਬ ਵਿੱਚ ਕੀਤੀ ਗਈ, ਜੋ ਸ਼ਾਇਦ ਚਾਰ ਫ਼ਰਵਰੀ ਵਾਲੇ ਸੰਦੇਸ਼ ਵੱਲ ਇਸ਼ਾਰਾ ਸੀ।
ਨਵੇਂ ਸਮੂਹ ਨੇ ਬਾਅਦ ਵਿੱਚ ਸੀਰੀਆ ਅਤੇ ਉਸ ਦੇ ਆਲੇ-ਦੁਆਲੇ ਅਮਰੀਕਾ ਅਤੇ ਇਜ਼ਰਾਈਲ ਦੀਆਂ ਸੈਨਾਵਾਂ ‘ਤੇ ਚਾਰ ਛੋਟੇ ਪੱਧਰ ਦੇ ਹਮਲਿਆਂ ਦਾ ਦਾਅਵਾ ਕੀਤਾ।
ਹੁਣ ਤੱਕ ਅਜਨਾਦ ਬੈਤ ਅਲ-ਮਕਦਿਸ ਦੇ ਬਿਆਨਾਂ ਅਤੇ ਉਸ ਦੀ ਨਿਸ਼ਠਾ ਦੇ ਐਲਾਨ ਨੂੰ ਅਲ-ਕਾਇਦਾ ਨੇ ਨਾ ਤਾਂ ਸਵੀਕਾਰ ਕੀਤਾ ਹੈ ਅਤੇ ਨਾ ਉਸ ਦਾ ਸਮਰਥਨ ਕੀਤਾ ਹੈ।
ਕਥਿਤ ਇਸਲਾਮਿਕ ਸਟੇਟ ਦੇ ਸਮਰਥਕਾਂ ਨੇ ਇਸ ਸਮੂਹ ਨੂੰ ਈਰਾਨ ਦਾ ਮੋਹਰਾ ਦੱਸ ਕੇ ਖਾਰਿਜ ਕਰ ਦਿੱਤਾ।
ਕੁਝ ਸਮਰਥਕਾਂ ਨੇ ਇਹ ਵੀ ਕਿਹਾ ਕਿ ਜੇ ਇਹ ਸਚਮੁਚ ਅਲ-ਕਾਇਦਾ ਸਮਰਥਕ ਹੈ ਜਾਂ ਉਸ ਨਾਲ ਜੁੜਿਆ ਹੋਇਆ ਹੈ ਤਾਂ ਇਸ ਨਾਲ ਉਨ੍ਹਾਂ ਦਾ ਇਹ ਦਾਅਵਾ ਹੋਰ ਮਜ਼ਬੂਤ ਹੁੰਦਾ ਹੈ ਕਿ ਅਲ-ਕਾਇਦਾ ਹੁਣ ਈਰਾਨ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ।
ਇਸ ਸ਼ੱਕ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਇਸ ਨਵੇਂ ਸਮੂਹ ਵੱਲੋਂ ਦੱਸੇ ਗਏ ਕੁਝ ਹਮਲਿਆਂ ਦੀ ਜ਼ਿੰਮੇਵਾਰੀ ਸੀਰੀਆ ਵਿੱਚ ਸਰਗਰਮ, ਈਰਾਨ ਸਮਰਥਕ ਸ਼ੀਆ ਸਮੂਹਾਂ(ਉਲੀ ਅਲ-ਬਸ ਅਤੇ ਅਜਨਾਦ ਅਲ ਕਰਾਰ) ਨੇ ਵੀ ਲਈ।
ਇਸ ਤੋਂ ਇਹ ਸੰਕੇਤ ਮਿਲਿਆ ਕਿ ਜਾਂ ਤਾਂ ਹਮਲਿਆਂ ਨੂੰ ਲੈ ਕੇ ਵੱਖ-ਵੱਖ ਦਾਅਵੇ ਹੋ ਰਹੇ ਹਨ ਜਾਂ ਪਿਰ ਇਨ੍ਹਾਂ ਵਿਚਕਾਰ ਕਿਸੇ ਤਰ੍ਹਾਂ ਦਾ ਤਾਲਮੇਲ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


