Home ਰਾਸ਼ਟਰੀ ਖ਼ਬਰਾਂ ਈਰਾਨ ਜੰਗ: ਕੀ ਅਸੀਂ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ ਜਾਂ...

ਈਰਾਨ ਜੰਗ: ਕੀ ਅਸੀਂ ਤੀਜੇ ਵਿਸ਼ਵ ਯੁੱਧ ਵੱਲ ਵਧ ਰਹੇ ਹਾਂ ਜਾਂ ਇਸਦੇ ਖ਼ਤਰੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ

6
0

Source :- BBC PUNJABI

15 ਜੂਨ, 2025 ਨੂੰ ਤੇਹਰਾਨ ਵਿੱਚ ਸ਼ਾਹਰਾਨ ਤੇਲ ਡਿਪੂ 'ਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਲੱਗੀ ਅੱਗ ਅਤੇ ਧੂੰਆਂ

ਤਸਵੀਰ ਸਰੋਤ, Stringer/Getty Images

ਈਰਾਨ ਦੇ ਨਾਲ ਅਮਰੀਕਾ-ਇਜ਼ਰਾਇਲ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ ਅਤੇ ਹੁਣ ਇਸ ਗੱਲ ਨੂੰ ਲੈ ਕੇ ਚਿੰਤਾਵਾਂ ਵੱਧ ਰਹੀਆਂ ਹਨ ਕਿ ਕੀ ਮੱਧ ਪੂਰਬ ਵਿੱਚ ਚੱਲ ਰਿਹਾ ਇਹ ਸੰਘਰਸ਼ ਕਿਤੇ ਬਹੁਤ ਵੱਡਾ ਰੂਪ ਨਾ ਲੈ ਲਵੇ।

ਇਸ ਯੁੱਧ ਨੇ ਨਾ ਸਿਰਫ਼ ਈਰਾਨ ਨੂੰ ਪ੍ਰਭਾਵਿਤ ਕੀਤਾ ਹੈ, ਬਲਕਿ ਯੂਏਈ, ਈਰਾਕ, ਬਹਿਰੀਨ, ਕੂਵੈਤ, ਸਾਊਦੀ ਅਰਬ, ਓਮਾਨ, ਅਜ਼ਰਬੈਜਾਨ, ਕਬਜ਼ੇ ਵਾਲੇ ਵੈਸਟ ਬੈਂਕ, ਸਾਇਪ੍ਰਸ, ਸੀਰੀਆ, ਕਤਰ ਅਤੇ ਲੇਬਨਾਨ ਵਰਗੇ ਇੱਕ ਦਰਜਨ ਤੋਂ ਵੱਧ ਦੇਸ਼ਾਂ ‘ਤੇ ਵੀ ਇਸ ਦਾ ਅਸਰ ਪਿਆ ਹੈ।

ਹੁਣ ਕਈ ਲੋਕ ਇਹ ਸੋਚ ਰਹੇ ਹਨ ਕਿ ਕੀ ਇਹ ਮੌਜੂਦਾ ਸੰਘਰਸ਼ ਸਿਰਫ਼ ਇੱਕ ਖੇਤਰੀ ਸੰਘਰਸ਼ ਨਾ ਰਹਿ ਕੇ, ਇੱਕ ਪੂਰੇ ਵਿਸ਼ਵ ਯੁੱਧ ਦਾ ਰੂਪ ਲੈ ਸਕਦਾ ਹੈ।

ਕੋਈ ਯੁੱਧ ‘ਵਿਸ਼ਵ ਯੁੱਧ’ ਕਦੋਂ ਬਣ ਜਾਂਦਾ ਹੈ?

ਦੁਆ ਮੰਗਦੀ ਇੱਕ ਮਹਿਲਾ

ਤਸਵੀਰ ਸਰੋਤ, Getty Images

ਯੂਕੇ ਦੀ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੇ ਪ੍ਰੋਫੈਸਰ ਐਮੇਰਿਟਸ ਮਾਰਗਰੇਟ ਮੈਕਮਿਲਨ ਨੇ ਬੀਬੀਸੀ ਦੇ ‘ਦਿ ਗਲੋਬਲ ਸਟੋਰੀ’ ਪੌਡਕਾਸਟ ਨਾਲ ਗੱਲ ਕੀਤੀ।

ਉਹ ਕਹਿੰਦੇ ਹਨ, “ਲੋਕਾਂ ਨੂੰ ਅਕਸਰ ਅਜਿਹਾ ਲੱਗਦਾ ਹੈ ਕਿ ਯੁੱਧਾਂ ਦੀ ਯੋਜਨਾ ਬਹੁਤ ਸੋਚ-ਸਮਝ ਕੇ ਬਣਾਈ ਜਾਂਦੀ ਹੈ ਅਤੇ ਜੋ ਲੋਕ ਯੁੱਧ ਵਿੱਚ ਉਤਰਦੇ ਹਨ, ਉਨ੍ਹਾਂ ਨੂੰ ਠੀਕ-ਠੀਕ ਪਤਾ ਹੁੰਦਾ ਹੈ ਕਿ ਉਹ ਕੀ ਕਰ ਰਹੇ ਹਨ।”

ਪ੍ਰੋਫੈਸਰ ਮੈਕਮਿਲਨ ਦੱਸਦੇ ਹਨ, “ਅਸਲ ਵਿੱਚ, ਜੇ ਤੁਸੀਂ ਪਿਛਲੇ ਯੁੱਧਾਂ ਨੂੰ ਵੇਖੋ… ਜਿਵੇਂ ਪਹਿਲਾ ਵਿਸ਼ਵ ਯੁੱਧ… ਤਾਂ ਉਸ ਨੂੰ ਸ਼ੁਰੂ ਕਰਨ ਵਾਲੀਆਂ ਜ਼ਿਆਦਾਤਰ ਘਟਨਾਵਾਂ ਸਿਰਫ਼ ਇੱਕ ਸੰਜੋਗ ਸਨ ਅਤੇ ਲੋਕਾਂ ਨੇ ਆਪਣੇ ਵਿਰੋਧੀਆਂ ਨੂੰ ਸਮਝਣ ਵਿੱਚ ਗਲਤੀ ਕੀਤੀ ਸੀ।”

ਉਹ ਕਹਿੰਦੇ ਹਨ, “ਇਸ ਨੂੰ ਸਕੂਲ ਦੇ ਮੈਦਾਨ ਵਿੱਚ ਹੋਣ ਵਾਲੀ ਕਿਸੇ ਲੜਾਈ ਵਾਂਗ ਹੀ ਸਮਝੋ।”

ਮੈਕਮਿਲਨ ਦੱਸਦੇ ਹਨ ਕਿ ਆਸਟ੍ਰੀਆ-ਹੰਗਰੀ ਦੇ ਸਮਰਾਟ ਫਰਾਂਜ਼ ਜੋਸੇਫ਼ ਦੇ ਭਤੀਜੇ, ਆਰਚਡਿਊਕ ਫਰਾਂਜ਼ ਫਰਡੀਨੈਂਡ ਦੀ ਹੱਤਿਆ ਹੀ ਉਹ ਘਟਨਾ ਸੀ, ਜਿਸ ਨੇ ਉਨ੍ਹਾਂ ਘਟਨਾਵਾਂ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਕੀਤਾ, ਜਿਸ ਦੇ ਕਾਰਨ 1914 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ।

ਕੁਝ ਹੀ ਹਫ਼ਤਿਆਂ ਵਿੱਚ, ਵੱਖ-ਵੱਖ ਗੱਠਜੋੜਾਂ ਦੇ ਸਮੂਹਾਂ ਨੇ ਪੂਰੇ ਯੂਰਪ ਨੂੰ ਇਸ ਸੰਘਰਸ਼ ਵਿੱਚ ਖਿੱਚ ਲਿਆ। ਆਸਟ੍ਰੀਆ-ਹੰਗਰੀ ਨੇ ਸਰਬੀਆ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ, ਜਰਮਨੀ ਨੇ ਆਸਟ੍ਰੀਆ ਦਾ ਸਾਥ ਦਿੱਤਾ, ਰੂਸ ਨੇ ਸਰਬੀਆ ਦੇ ਸਮਰਥਨ ਵਿੱਚ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ, ਫ੍ਰਾਂਸ ਨੇ ਰੂਸ ਦਾ ਸਾਥ ਦਿੱਤਾ ਅਤੇ ਬ੍ਰਿਟੇਨ ਨੇ ਵੀ ਆਪਣੀ ਪ੍ਰਤਿਸ਼ਠਾ ਅਤੇ ਰਣਨੀਤੀ ਦੋਵਾਂ ਕਾਰਨਾਂ ਕਰਕੇ ਇਸ ਯੁੱਧ ਵਿੱਚ ਹਿੱਸਾ ਲਿਆ।

ਉਹ ਕਹਿੰਦੇ ਹਨ ਕਿ ਇਸ ਤੋਂ ਬਾਅਦ ਜੋ ਕੁਝ ਹੋਇਆ, ਉਹ ਪੂਰੀ ਦੁਨੀਆ ਲਈ ਇੱਕ ਬਹੁਤ ਵੱਡੀ ਤਬਾਹੀ ਸਾਬਤ ਹੋਇਆ।

ਜੋਅ ਮਾਇਓਲੋ - ਕਿੰਗਜ਼ ਕਾਲਜ ਲੰਡਨ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੇ ਪ੍ਰੋਫੈਸਰ

ਕਿੰਗਜ਼ ਕਾਲਜ ਲੰਡਨ ਵਿੱਚ ਅੰਤਰਰਾਸ਼ਟਰੀ ਇਤਿਹਾਸ ਦੇ ਪ੍ਰੋਫੈਸਰ ਜੋਅ ਮਾਇਓਲੋ, ‘ਵਿਸ਼ਵ ਯੁੱਧ’ ਨੂੰ ਇੱਕ ਅਜਿਹੇ ਪੂਰੇ ਯੁੱਧ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ, ਜਿਸ ਵਿੱਚ ਦੁਨੀਆ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਸ਼ਾਮਲ ਹੁੰਦੀਆਂ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, “ਪਹਿਲੇ ਵਿਸ਼ਵ ਯੁੱਧ ਵਿੱਚ ਇਹ ਤਾਕਤਾਂ ਯੂਰਪੀ ਸਾਮਰਾਜਵਾਦੀ ਦੇਸ਼ ਸਨ। ਜਦਕਿ ਦੂਜੇ ਵਿਸ਼ਵ ਯੁੱਧ ਵਿੱਚ, ਇਨ੍ਹਾਂ ਵਿੱਚ ਸੰਯੁਕਤ ਰਾਜ ਅਮਰੀਕਾ, ਜਪਾਨ ਅਤੇ ਚੀਨ ਵਰਗੇ ਦੇਸ਼ ਸ਼ਾਮਲ ਸਨ।”

ਬਹੁਤ ਸਾਰੇ ਲੋਕ ਅੱਜ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਨੂੰ ਮੁੱਖ ਤੌਰ ‘ਤੇ ਇੱਕ ਖੇਤਰੀ ਸੰਘਰਸ਼ ਹੀ ਮੰਨਦੇ ਹਨ। ਪਰ ਕੀ ਉੱਥੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਹਨ ਕਿ ਇਹ ਸੰਘਰਸ਼ ਹੋਰ ਵੀ ਵੱਡੇ ਪੱਧਰ ‘ਤੇ ਫੈਲ ਸਕਦਾ ਹੈ?

ਫ਼ਰਵਰੀ ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲਾਂ ਹੀ ਤੀਜਾ ਵਿਸ਼ਵ ਯੁੱਧ (ਵਰਲਡ ਵਾਰ 3) ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦਾ ਇੱਕੋ ਹੀ ਜਵਾਬ ਇਹ ਹੈ ਕਿ ਮਾਸਕੋ ‘ਤੇ ਭਾਰੀ ਫੌਜੀ ਅਤੇ ਆਰਥਿਕ ਦਬਾਅ ਪਾਇਆ ਜਾਵੇ ਤਾਂ ਜੋ ਉਸਨੂੰ ਪਿੱਛੇ ਹਟਣ ‘ਤੇ ਮਜਬੂਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਸੀ, “ਮੇਰਾ ਮੰਨਣਾ ਹੈ ਕਿ ਪੁਤਿਨ ਨੇ ਇਸਨੂੰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਸਵਾਲ ਇਹ ਹੈ ਕਿ ਉਹ ਕਿੰਨਾ ਇਲਾਕਾ ਕਬਜ਼ਾ ਸਕੇਗਾ ਅਤੇ ਉਸਨੂੰ ਕਿਵੇਂ ਰੋਕਿਆ ਜਾਵੇ… ਰੂਸ ਦੁਨੀਆ ‘ਤੇ ਇੱਕ ਵੱਖਰੇ ਤਰੀਕੇ ਦੀ ਜੀਵਨਸ਼ੈਲੀ ਥੋਪਣਾ ਚਾਹੁੰਦਾ ਹੈ ਅਤੇ ਲੋਕਾਂ ਨੇ ਆਪਣੇ ਲਈ ਜੋ ਜੀਵਨ ਚੁਣਿਆ ਹੈ, ਉਸਨੂੰ ਬਦਲਣਾ ਚਾਹੁੰਦਾ ਹੈ।”

ਤਾਂ ਫਿਰ ਤੀਜੇ ਵਿਸ਼ਵ ਯੁੱਧ ਦੇ ਹੋਣ ਦਾ ਮੌਜੂਦਾ ਖ਼ਤਰਾ ਕਿੰਨਾ ਹੈ?

22 ਮਾਰਚ, 2026 ਨੂੰ ਬੇਰੂਤ ਦੇ ਵਾਟਰਫਰੰਟ ਖੇਤਰ ਵਿੱਚ ਇੱਕ ਪਾਰਕਿੰਗ ਵਿੱਚ ਲੱਗੇ ਇੱਕ ਤੰਬੂ ਦੇ ਅੰਦਰ ਸੌਂ ਰਿਹਾ ਇੱਕ ਬੱਚਾ

ਤਸਵੀਰ ਸਰੋਤ, AFP via Getty Images

ਮੈਕਮਿਲਨ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਜਿਸ ਦੇਸ਼ ਵੱਲੋਂ ਇਸਨੂੰ ਹੋਰ ਵਧਾਇਆ ਜਾ ਸਕਦਾ ਹੈ, ਉਹ ਸ਼ਾਇਦ ਈਰਾਨ ਹੈ ਜਾਂ ਈਰਾਨ ਦੇ ਸਾਥੀ, ਜਿਵੇਂ ਯਮਨ ਵਿੱਚ ਹੁਤੀ।”

ਮੈਕਮਿਲਨ ਦੇ ਮੁਤਾਬਕ, ਈਰਾਨ ਦੀਆਂ ਸੰਭਾਵਿਤ ਕਾਰਵਾਈਆਂ ਜਿਵੇਂ ਜਹਾਜ਼ ਦੇ ਰਸਤੇ ਨੂੰ ਨਿਸ਼ਾਨਾ ਬਣਾਉਣਾ ਜਾਂ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨਾ, ਵਿਸ਼ਵ ਪੱਧਰੀ ਨਤੀਜੇ ਲਿਆ ਸਕਦੀਆਂ ਹਨ। ਇਸ ਨਾਲ ਊਰਜਾ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਵੱਡੀਆਂ ਤਾਕਤਾਂ ਇਸ ਵਿੱਚ ਸ਼ਾਮਲ ਹੋ ਸਕਦੀਆਂ ਹਨ।

ਉਹ ਅੱਗੇ ਕਹਿੰਦੇ ਹਨ ਕਿ ਅਮਰੀਕਾ ਦੀ ਭਾਗੀਦਾਰੀ ਨਾਲ ਵੀ ਖ਼ਤਰਾ ਵਧ ਜਾਂਦਾ ਹੈ। ਹੋਰ ਦੇਸ਼ ਭਾਵੇਂ ਸਿੱਧੇ ਤੌਰ ‘ਤੇ ਸ਼ਾਮਲ ਨਾ ਵੀ ਹੋਣ, ਆਰਥਿਕ ਜਾਂ ਰਣਨੀਤਿਕ ਤੌਰ ‘ਤੇ ਪ੍ਰਭਾਵਿਤ ਹੁੰਦੇ ਹਨ।

ਉਹ ਕਹਿੰਦੇ ਹਨ ਕਿ ਇੱਕ ਹੋਰ ਖ਼ਤਰਾ ਵੀ ਹੈ ਕਿ ਇੱਕ ਖੇਤਰ ਵਿੱਚ ਚੱਲ ਰਹੇ ਸੰਘਰਸ਼ ਦੂਜੇ ਖੇਤਰਾਂ ਵਿੱਚ ਮੌਕੇ ਪੈਦਾ ਕਰ ਸਕਦੇ ਹਨ।

ਉਦਾਹਰਨ ਲਈ, ਚੀਨ ਇਹ ਰਣਨੀਤੀ ਬਣਾ ਸਕਦਾ ਹੈ ਕਿ ਪੱਛਮ ਦਾ ਧਿਆਨ ਦੂਜੇ ਪਾਸੇ ਹੋਣ ਨਾਲ ਉਸਨੂੰ ਤਾਈਵਾਨ ‘ਤੇ ਕਦਮ ਚੁੱਕਣ ਦਾ ਮੌਕਾ ਮਿਲ ਗਿਆ ਹੈ, ਜਾਂ ਦੁਨੀਆਂ ਦਾ ਧਿਆਨ ਹੋਰ ਪਾਸੇ ਦੇਖ ਰੂਸ ਯੂਕਰੇਨ ਵਿੱਚ ਆਪਣੀਆਂ ਕਾਰਵਾਈਆਂ ਤੇਜ਼ ਕਰ ਸਕਦਾ ਹੈ।

ਮੈਕਮਿਲਨ ਕਹਿੰਦੇ ਹਨ, “ਕਿਸੇ ਖੇਤਰ ਤੋਂ ਬਾਹਰ ਸੰਘਰਸ਼ ਫੈਲਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ, ਅੰਸ਼ਿਕ ਤੌਰ ‘ਤੇ ਇਸ ਲਈ ਕਿਉਂਕਿ ਖੇਤਰ ਤੋਂ ਬਾਹਰ ਦੇ ਲੋਕ ਇਸ ਸੰਘਰਸ਼ ਵਿੱਚ ਆਪਣੇ ਲਈ ਮੌਕੇ ਵੇਖਣਗੇ, ਕਿਉਂਕਿ ਇਹ ਉਨ੍ਹਾਂ ਲੋਕਾਂ ਨੂੰ ਉਲਝਾ ਕੇ ਰੱਖਦਾ ਹੈ ਜੋ ਉਨ੍ਹਾਂ ਨੂੰ (ਖੇਤਰ ਤੋਂ ਬਾਹਰਲਿਆਂ ਨੂੰ) ਮਨਚਾਹੀ ਚੀਜ਼ ਕਰਨ ਤੋਂ ਰੋਕ ਸਕਦੇ ਹਨ।”

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ

ਤਸਵੀਰ ਸਰੋਤ, Getty Images

ਪ੍ਰੋਫੈਸਰ ਮਾਇਓਲੋ ਦਾ ਮੰਨਣਾ ਹੈ ਕਿ ਇਹ ਸੰਘਰਸ਼ ਖੇਤਰੀ ਹੀ ਰਹੇਗਾ ਅਤੇ ਇਸ ਵਿੱਚ ਗਲਫ਼ ਕੋਆਪਰੇਸ਼ਨ ਕੌਂਸਲ (Gulf Cooperation Council) ਦੇ ਦੇਸ਼ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਵਿੱਚ ਸਾਊਦੀ ਅਰਬ ਵੀ ਸ਼ਾਮਲ ਹੈ। ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਚੀਨ ਅਤੇ ਰੂਸ ਇਸ ਯੁੱਧ ਵਿੱਚ ਸ਼ਾਮਲ ਹੋਣਗੇ।

ਉਹ ਕਹਿੰਦੇ ਹਨ, “ਇਹ ਸੋਚਣਾ ਕਿ ਦੁਨੀਆ ਵਿੱਚ ਕੁਝ ਵੀ ਹੋਵੇ ਅਤੇ ਚੀਨ ਤੁਰੰਤ ਤਾਈਵਾਨ ‘ਤੇ ਹਮਲਾ ਕਰ ਦੇਵੇ… ਇਹ ਪੂਰੀ ਤਰ੍ਹਾਂ ਬਕਵਾਸ ਹੈ।”

“ਪਰ ਜੇ ਅਸੀਂ ਵਿਸ਼ਵ ਯੁੱਧ ਯਾਨੀ ਤੀਜੀ ਵਰਲਡ ਵਾਰ ਦੀ ਗੱਲ ਕਰੀਏ, ਤਾਂ ਮੈਨੂੰ ਨਹੀਂ ਲੱਗਦਾ ਕਿ ਚੀਨ ਜਾਂ ਰੂਸ ਦੀ ਇਸ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੀ ਕੋਈ ਵੀ ਇੱਛਾ ਹੈ ਅਤੇ ਯੂਰਪ ਦੀ ਤਾਂ ਬਿਲਕੁਲ ਵੀ ਨਹੀਂ।”

ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਨਾਲ ਕੂਟਨੀਤੀ ਨੂੰ ਲੈ ਕੇ ਚੀਨ ਦੀਆਂ ਕੁਝ ਹੋਰ ਹੀ ਯੋਜਨਾਵਾਂ ਹਨ, “ਜਦੋਂ ਤੁਹਾਡਾ ਵਿਰੋਧੀ ਕੋਈ ਬਹੁਤ ਵੱਡੀ ਰਣਨੀਤਿਕ ਗਲਤੀ ਕਰ ਰਿਹਾ ਹੋਵੇ, ਤਾਂ ਉਸਨੂੰ ਬਸ ਉਹ ਗਲਤੀ ਕਰਦੇ ਰਹਿਣ ਦਿਓ।”

ਕੀ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ, ਕੂਟਨੀਤਿਕ ਭੂਮਿਕਾ ਨਾ ਨਿਭਾਉਣਾ ਚੀਨ ਦੇ ਹਿੱਤ ਵਿੱਚ ਹੋਵੇਗਾ?

ਮਾਇਓਲੋ ਕਹਿੰਦੇ ਹਨ ਕਿ ਇਹ ਇੱਕ ਬਹੁਤ ਛੋਟੀ ਕੀਮਤ ਹੈ, “ਰਣਨੀਤਿਕ ਹਿੱਤਾਂ ਦੀ ਵੱਡੀ ਤਰਜੀਹ ਵਿੱਚ, ਅਮਰੀਕਾ ਦਾ ਮੱਧ-ਪੂਰਬ ਵਿੱਚ ਉਲਝਿਆ ਰਹਿਣਾ, ਚੀਨ ਦੇ ਤੇਲ ਦੇ ਸਰੋਤਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ।”

ਆਗੂਆਂ ਦੀ ਕੀ ਭੂਮਿਕਾ?

ਮਾਰਗਰੇਟ ਮੈਕਮਿਲਨ - ਅੰਤਰਰਾਸ਼ਟਰੀ ਇਤਿਹਾਸ ਦੇ ਐਮੇਰਿਟਸ ਪ੍ਰੋਫੈਸਰ, ਆਕਸਫ਼ੋਰਡ ਯੂਨੀਵਰਸਿਟੀ, ਯੂਕੇ

ਮੈਕਮਿਲਨ ਕਹਿੰਦੇ ਹਨ ਕਿ ਇਤਿਹਾਸ ਨੇ ਦਿਖਾਇਆ ਹੈ ਕਿ ਯੁੱਧ ਅਕਸਰ ਹੰਕਾਰ, ਸਨਮਾਨ ਦੀ ਭਾਵਨਾ ਜਾਂ ਵਿਰੋਧੀਆਂ ਦੇ ਡਰ ਕਾਰਨ ਸ਼ੁਰੂ ਹੁੰਦੇ ਦੇਖੇ ਗਏ ਹਨ।

ਉਹ ਦੱਸਦੇ ਹਨ ਕਿ ਇਤਿਹਾਸ ਇਹ ਵੀ ਦਿਖਾਉਂਦਾ ਹੈ ਕਿ ਇੱਕਲੇ ਆਗੂ ਵੀ ਘਟਨਾਵਾਂ ਦੀ ਦਸ਼ਾ ਅਤੇ ਦਿਸ਼ਾ ਤੈਅ ਕਰ ਸਕਦੇ ਹਨ।

ਉਨ੍ਹਾਂ ਕਿਹਾ, “ਪਹਿਲੇ ਵਿਸ਼ਵ ਯੁੱਧ ਦੌਰਾਨ ਫ੍ਰਾਂਸ ਦੇ ਪ੍ਰਧਾਨ ਮੰਤਰੀ [ਜੌਰਜਸ] ਕਲੇਮਾਂਸੋ ਨੇ ਕਿਹਾ ਸੀ ਕਿ ਸ਼ਾਂਤੀ ਕਾਇਮ ਕਰਨਾ ਯੁੱਧ ਕਰਨ ਨਾਲੋਂ ਜ਼ਿਆਦਾ ਮੁਸ਼ਕਲ ਹੈ।”

ਮੈਕਮਿਲਨ ਦੇ ਮੁਤਾਬਕ, ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ ਜਾਂ ਉਹ ਵੱਡੇ ਬਲਿਦਾਨ ਦਿੰਦੇ ਹਨ, ਤਾਂ ਆਗੂ ਇਹ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਨੂੰ “ਯੁੱਧ ਜਿੱਤਣ ਲਈ ਜਾਰੀ ਰੱਖਣਾ ਚਾਹੀਦਾ ਹੈ”।

ਉਹ ਕਹਿੰਦੇ ਹਨ ਕਿ ਆਗੂਆਂ ਲਈ ਹੰਕਾਰ ਇੱਕ ਅਹਿਮ ਕਾਰਕ ਹੋ ਸਕਦਾ ਹੈ। ਉਹ ਪੁਤਿਨ ਦੀ ਮਿਸਾਲ ਦਿੰਦਿਆਂ ਕਹਿੰਦੇ ਹਨ, “ਯੂਕਰੇਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਕੇ ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਇੱਕ ਵੱਡੀ ਗਲਤੀ ਕੀਤੀ ਹੈ।”

ਉਹ ਕਹਿੰਦੇ ਹਨ ਕਿ ਚਾਰ ਸਾਲ ਪਹਿਲਾਂ ਵੱਡੇ ਪੱਧਰ ‘ਤੇ ਹਮਲਾ ਸ਼ੁਰੂ ਹੋਣ ਤੋਂ ਤੁਰੰਤ ਬਾਅਦ, ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਯੂਕਰੇਨ ਵਿੱਚ ਹਥਿਆਰ ਘਟਾਉਣਾ ਜਾਂ ਬਿਲਕੁਲ ਖ਼ਤਮ ਕਰਨਾ ਤੇ ਨਾਜ਼ੀਆਂ ਨੂੰ ਹਟਾਉਣਾ ਹੈ, ਫਿਰ ਵੀ ਰੂਸ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਉਸਦੇ ਫੌਜੀ ਉਦੇਸ਼ ਅਜੇ ਤੱਕ ਪੂਰੇ ਨਹੀਂ ਹੋਏ ਹਨ।

ਯੂਕੇ ਦੇ ਰੱਖਿਆ ਮੰਤਰਾਲੇ ਦਾ ਅਨੁਮਾਨ ਹੈ ਕਿ ਰੂਸ ਨੂੰ ਕੁੱਲ ਮਿਲਾਕੇ 12.5 ਲੱਖ ਲੋਕਾਂ ਦਾ ਨੁਕਸਾਨ ਹੋਇਆ ਹੈ। ਯੂਕੇ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਦੇ ਮੁਤਾਬਕ, ਇਹ ਅੰਕੜਾ ਅਸਲ ਨੁਕਸਾਨ ਨਾਲੋਂ ਘੱਟ ਮੰਨਿਆ ਜਾ ਰਿਹਾ ਹੈ ਅਤੇ ਇਹ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਹੋਏ ਕੁੱਲ ਨੁਕਸਾਨ ਨਾਲੋਂ ਵੀ ਵੱਧ ਹੈ।

ਮੈਕਮਿਲਨ ਅੱਗੇ ਕਹਿੰਦੇ ਹਨ ਕਿ ਜੋ ਆਗੂ ਆਪਣੀ ਅਸਫਲਤਾ ਸਵੀਕਾਰ ਕਰਨ ਜਾਂ ਪਿੱਛੇ ਹਟਣ ਤੋਂ ਇਨਕਾਰ ਕਰਦੇ ਹਨ, ਉਹ ਸੰਘਰਸ਼ਾਂ ਨੂੰ ਲੰਮਾ ਖਿੱਚ ਸਕਦੇ ਹਨ ਅਤੇ ਉਨ੍ਹਾਂ ਨੂੰ ਹੋਰ ਗਹਿਰਾ ਕਰ ਸਕਦੇ ਹਨ।

ਉਹ ਅੱਗੇ ਕਹਿੰਦੇ ਹਨ ਕਿ ਅਤੀਤ ਵਿੱਚ ਐਡੋਲਫ ਹਿਟਲਰ ਵਰਗੀਆਂ ਹਸਤੀਆਂ ਨੇ ਉਦੋਂ ਵੀ ਲੜਾਈ ਜਾਰੀ ਰੱਖੀ, ਜਦੋਂ ਹਾਰ ਨਿਸ਼ਚਿਤ ਸੀ- ਉਹ ਕਿਸੇ ਵਿਚਾਰਧਾਰਾ, ਹੰਕਾਰ (ਮਾਣ ਵਾਲਾ) ਜਾਂ ਭ੍ਰਮ ਨਾਲ ਪ੍ਰੇਰਿਤ ਸਨ।

ਅਜਿਹੇ ਫ਼ੈਸਲੇ ਕਿਸੇ ਇੱਕ ਖੇਤਰ ਤੱਕ ਸੀਮਿਤ ਸੰਘਰਸ਼ਾਂ ਨੂੰ ਤਬਾਹੀਕੁੰਨ ਯੁੱਧਾਂ ਵਿੱਚ ਬਦਲ ਸਕਦੇ ਹਨ।

ਤਣਾਅ ਘਟਾਉਣ ਦੇ ਕੀ ਰਸਤੇ ਹਨ?

ਧਮਾਕੇ ਦੀ ਤਸਵੀਰ

ਤਸਵੀਰ ਸਰੋਤ, AFP via Getty Images

ਮੈਕਮਿਲਨ ਕਹਿੰਦੇ ਹਨ ਕਿ ਤਣਾਅ ਘਟਾਉਣ (de-escalation) ਲਈ ਕੂਟਨੀਤੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ, “ਤੁਹਾਨੂੰ ਦੂਜੇ ਪੱਖ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।”

ਉਹ ਦੱਸਦੇ ਹਨ ਕਿ ਸ਼ੀਤ-ਯੁੱਧ (ਕੋਲਡ ਵਾਰ) ਦੇ ਬਾਅਦ ਦੇ ਪੜਾਅ ਵਿੱਚ ਅਤੇ ਨਾਟੋ ਦੀ ਭਾਗੀਦਾਰੀ ਨਾਲ, ਸਾਰੇ ਪੱਖਾਂ ਵਿੱਚ ਸੰਚਾਰ ਵਿੱਚ ਸੁਧਾਰ ਆਇਆ।

ਉਨ੍ਹਾਂ ਦੱਸਿਆ, “ਅਜਿਹੇ ਕਈ ਉਦਾਹਰਨ ਹਨ ਜਿੱਥੇ ਲੋਕਾਂ ਨੇ ਕਿਹਾ, ‘ਇੱਕ ਮਿੰਟ, ਇਹ ਤਾਂ ਪਾਗਲਪਣ ਬਣਦਾ ਜਾ ਰਿਹਾ ਹੈ।’ ਉਹ ਸਮਝ ਗਏ ਸਨ ਕਿ ਸਥਿਤੀ ਬਹੁਤ ਜ਼ਿਆਦਾ ਅਸਥਿਰ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਮਾਹੌਲ ਨੂੰ ਸ਼ਾਂਤ ਕਰਨ ਦੀ ਲੋੜ ਹੈ।”

ਜਦੋਂ ਵੱਡੀਆਂ ਤਾਕਤਾਂ ਸ਼ਾਮਲ ਹੁੰਦੀਆਂ ਹਨ ਤਾਂ ਤਣਾਅ ਘਟਾਉਣ ਦੀਆਂ ਨੀਤੀਆਂ ਵਿੱਚ ਪਰਮਾਣੂ ਹਥਿਆਰਾਂ ਦੀ ਮੌਜੂਦਗੀ ‘ਤੇ ਹਮੇਸ਼ਾ ਵਿਚਾਰ ਕੀਤਾ ਜਾਂਦਾ ਹੈ।

ਪ੍ਰੋਫੈਸਰ ਮਾਇਓਲੋ ਇਸ ਗੱਲ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, “ਤੇਲ ਅਵੀਵ, ਵਾਸ਼ਿੰਗਟਨ ਅਤੇ ਤੇਹਰਾਨ… ਹਰ ਥਾਂ ਸਾਨੂੰ ਇਸ ਗੱਲ ਨੂੰ ਮੰਨਣਾ ਪਵੇਗਾ… ਕਿ ਉਹ ਆਪਣੀਆਂ ਸਮਰੱਥਾਵਾਂ ਦੀ ਹੱਦ ਤੱਕ ਪਹੁੰਚ ਚੁੱਕੇ ਹਨ।”

ਉਹ ਕਹਿੰਦੇ ਹਨ ਕਿ ਹੋਰ ਜ਼ਿਆਦਾ ਯੁੱਧ ਨਾਲ ਸਾਰੇ ਪੱਖਾਂ ਨੂੰ “ਮਨਚਾਹਿਆ ਨਤੀਜਾ” ਨਹੀਂ ਮਿਲੇਗਾ।

“ਪਾਬੰਦੀਆਂ ਹਟਾਉਣ, ਸੁਰੱਖਿਆ ਨਾਲ ਜੁੜੇ ਇੰਤਜ਼ਾਮ ਕਰਨ ਅਤੇ ਵਿਸ਼ਵ ਦੀ ਸਿਆਸਤ ਵਿੱਚ ਈਰਾਨ ਦੀ ਸਥਿਤੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਆਪਸੀ ਸਮਝ ਬਣਾਉਣ ਲਈ ਕੁਝ ਵਿਵਸਥਾਵਾਂ ਕਰਨੀ ਪੈਣਗੀਆਂ।”

ਮਾਇਓਲੋ ਕਹਿੰਦੇ ਹਨ ਕਿ ਸਿਰਫ਼ ਵਿਚੋਲਗੀ ਦੇ ਜ਼ਰੀਏ ਹੀ ਇਸ ਵਿੱਚ ਸ਼ਾਮਲ ਤਾਕਤਾਂ ਯੁੱਧ ਨੂੰ ਰੋਕ ਸਕਦੀਆਂ ਹਨ ਅਤੇ ਫਿਰ ਇਸਨੂੰ ਇੱਕ ਹੋਰ ਟਿਕਾਊ ਵਿਵਸਥਾ ਵਿੱਚ ਬਦਲ ਸਕਦੀਆਂ ਹਨ।

ਇਹ ਲੇਖ ਕੁਝ ਹੱਦ ਤੱਕ ਬੀਬੀਸੀ ਵਰਲਡ ਸਰਵਿਸ ਦੇ ਪੌਡਕਾਸਟ, ‘ਦਿ ਗਲੋਬਲ ਸਟੋਰੀ’ ਦੇ ਇੱਕ ਐਪੀਸੋਡ ‘ਤੇ ਆਧਾਰਿਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI