Source :- BBC PUNJABI
ਤਸਵੀਰ ਸਰੋਤ, Laljit Singh Bhullar/FB
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਵੇਲੇ ਇੱਕ ਅਹਿਮ ਝਟਕਾ ਲੱਗਿਆ, ਜਦੋਂ ਸਾਬਕਾ ਕੈਬਿਨਟ ਮੰਤਰੀ ਲਾਲਜੀਤ ਭੁੱਲਰ ਨੂੰ ਅੰਮ੍ਰਿਤਸਰ ਦੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਲਾਲਜੀਤ ਭੁੱਲਰ 2022 ਵਿੱਚ ਪੱਟੀ ਤੋਂ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਲਾਲਜੀਤ ਭੁੱਲਰ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ, ਜੋ ਬਾਅਦ ਵਿੱਚ ਮਨਜ਼ੂਰ ਕਰ ਲਿਆ ਗਿਆ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕਿਸੇ ਕਾਨੂੰਨੀ ਮਾਮਲੇ ਵਿੱਚ ਨਾਮਜ਼ਦ ਹੋਏ ਹੋਣ। ਪਿਛਲੇ ਚਾਰ ਸਾਲਾਂ ਵਿੱਚ ਕਈ ਮੰਤਰੀਆਂ ਜਾਂ ਵਿਧਾਇਕਾਂ ਦੇ ਨਾਮ ਵੱਖ-ਵੱਖ ਕਾਨੂੰਨੀ ਮਾਮਲਿਆਂ ਜਾਂ ਵਿਵਾਦਾਂ ਨਾਲ ਜੁੜਦੇ ਰਹੇ ਹਨ।
ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਇਹ ਸਵਾਲ ਜ਼ਰੂਰ ਖੜ੍ਹੇ ਹੋਏ ਹਨ ਕਿ ਕਥਿਤ ਖ਼ੁਦਕੁਸ਼ੀ ਕੇਸ ਵਿੱਚ ਘਿਰੇ ਆਪਣੇ ਟਰਾਂਸਪੋਰਟ ਮੰਤਰੀ ਉੱਤੇ ਕਾਰਵਾਈ ਕਰਕੇ ਕੀ ਆਮ ਆਦਮੀ ਪਾਰਟੀ ਆਪਣੇ ਅਕਸ ਨੂੰ ਬਚਾਉਣ ਵਿੱਚ ਕਾਮਯਾਬ ਹੋ ਜਾਵੇਗੀ ਜਾਂ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਿੱਚ ਰੁਕਾਵਟ ਬਣ ਸਕਦੀ ਹੈ।
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਆਮ ਆਦਮੀ ਪਾਰਟੀ ਦੇ ਭਵਿੱਖ ਵਿੱਚ ਕੀ ਮੋੜ ਲੈ ਕੇ ਆ ਸਕਦੀ ਹੈ, ਇਸ ਬਾਰੇ ਬੀਬੀਸੀ ਪੰਜਾਬੀ ਨੇ ਵੱਖ-ਵੱਖ ਰਾਜਨੀਤਕ ਮਾਹਰਾਂ ਨਾਲ ਗੱਲ ਕੀਤੀ ਹੈ।
ਪਰ ਪਹਿਲਾਂ ਇੱਕ ਵਾਰ ਨਜ਼ਰ ਮਾਰਦੇ ਹਾਂ ਉਨ੍ਹਾਂ ਮੰਤਰੀਆਂ ਜਾਂ ਵਿਧਾਇਕਾਂ ਦੀ ਸੂਚੀ ਉੱਤੇ, ਜੋ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲਾਂ ਵਿੱਚ ਵੱਖ-ਵੱਖ ਕਾਨੂੰਨੀ ਮੁਕੱਦਮਿਆਂ ਜਾਂ ਵਿਵਾਦਾਂ ਨਾਲ ਜੁੜੇ ਰਹੇ ਹਨ।
ਤਸਵੀਰ ਸਰੋਤ, Laljit Bhullar/Twitter
ਲਾਲਜੀਤ ਭੁੱਲਰ
ਅੰਮ੍ਰਿਤਸਰ ਵਿੱਚ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 23 ਮਾਰਚ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸੂਬੇ ਦੇ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵੀ ਮਨਜ਼ੂਰ ਕਰ ਲਿਆ ਗਿਆ।
ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਨੇ 21 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 108, 351(3) ਅਤੇ 3(5) ਤਹਿਤ ਐੱਫਆਈਆਰ ਦਰਜ ਕੀਤੀ ਸੀ।
ਮ੍ਰਿਤਕ ਗਗਨਦੀਪ ਰੰਧਾਵਾ ਦੇ ਪਰਿਵਾਰ ਦੇ ਇਲਜ਼ਾਮਾਂ ਮੁਤਾਬਕ, “ਰੰਧਾਵਾ ‘ਤੇ ਲਾਲਜੀਤ ਭੁੱਲਰ ਵੱਲੋਂ ਆਪਣੇ ਪਿਤਾ ਦੇ ਹੱਕ ਵਿੱਚ ਟੈਂਡਰ ਪਾਸ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਟੈਂਡਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨਾਲ ਕੁੱਟਮਾਰ ਅਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਗਿਆ, ਜਿਸ ਮਗਰੋਂ ਰੰਧਾਵਾ ਨੇ ਇਹ ਕਦਮ ਚੁੱਕਿਆ।”
ਗਗਨਦੀਪ ਸਿੰਘ ਰੰਧਾਵਾ ਨੇ 21 ਮਾਰਚ ਨੂੰ ਕਥਿਤ ਤੌਰ ਉੱਤੇ ਖੁਦਕੁਸ਼ੀ ਕਰ ਲਈ ਸੀ।
ਹਾਲਾਂਕਿ ਸਾਬਕਾ ਮੰਤਰੀ ਲਾਲਜੀਤ ਭੁੱਲਰ ਵੱਲੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਤਾਂ ਜੋ ਨਿਰਪੱਖ ਜਾਂਚ ਹੋ ਸਕੇ।
ਤਸਵੀਰ ਸਰੋਤ, Vijay Singla/FB
ਡਾ. ਵਿਜੇ ਸਿੰਗਲਾ
ਲਾਲਜੀਤ ਭੁੱਲਰ ਤੋਂ ਪਹਿਲਾਂ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਵੀ ਜੇਲ੍ਹ ਕੱਟ ਚੁੱਕੇ ਹਨ।
ਮਈ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਵਿੱਚ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਅਤੇ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਬਰਖ਼ਾਸਤ ਕਰਨ ਦੀ ਜਾਣਕਾਰੀ ਦਿੱਤੀ ਅਤੇ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।
ਭਗਵੰਤ ਮਾਨ ਨੇ ਕਿਹਾ, “ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਆਪਣੇ ਵਿਭਾਗ ਵਿੱਚ ਵੱਡੇ ਪੱਧਰ ਉੱਤੇ ਘੁਟਾਲਾ ਕਰ ਰਹੇ ਸਨ। ਇਹ ਮੰਤਰੀ ਆਪਣੇ ਵਿਭਾਗ ਦੇ ਹਰ ਟੈਂਡਰ ਵਿੱਚੋਂ 1% ਹਿੱਸਾ ਰਿਸ਼ਵਤ ਵਜੋਂ ਮੰਗਦਾ ਸੀ।”
“ਜਿਵੇਂ ਹੀ ਸਾਨੂੰ ਇਸ ਬਾਰੇ ਪਤਾ ਲੱਗਾ, ਅਸੀਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਅਤੇ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ।”
ਹਾਲਾਂਕਿ, ਉਸ ਵੇਲੇ ਵਿਜੇ ਸਿੰਗਲਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਸੀ, “ਇਹ ਪਾਰਟੀ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।”
ਵਿਜੇ ਸਿੰਗਲਾ ਨੂੰ ਐਂਟੀ-ਕਰਪਸ਼ਨ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਅਤੇ ਉਹ ਕੁਝ ਸਮਾਂ ਰਿਮਾਂਡ ‘ਤੇ ਰਹੇ। ਬਾਅਦ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਹਾਲਾਂਕਿ ਜੁਲਾਈ 2022 ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
2025 ਵਿੱਚ ਪੁਲਿਸ ਨੇ ਕੇਸ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਅਤੇ ਸਬੂਤਾਂ ਦੀ ਘਾਟ ਹੋਣ ਕਾਰਨ ਵਿਜੇ ਸਿੰਗਲਾ ਨੂੰ “ਕਲੀਨ ਚਿੱਟ” ਮਿਲ ਗਈ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਵਿਜੇ ਸਿੰਗਲਾ ਨੂੰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸਿਆਸੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਦੇਖਿਆ ਗਿਆ।
ਤਸਵੀਰ ਸਰੋਤ, Dr. Balbir Singh/FB
ਡਾ. ਬਲਬੀਰ ਸਿੰਘ
ਮਈ 2022 ਵਿੱਚ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਮੌਜੂਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ 11 ਸਾਲ ਪੁਰਾਣੇ ਜ਼ਮੀਨ ਨਾਲ ਜੁੜੇ ਇੱਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਉਨ੍ਹਾਂ ਨੂੰ ਮੌਕੇ ‘ਤੇ ਹੀ ਜ਼ਮਾਨਤ ਮਿਲ ਗਈ।
ਡਾ. ਬਲਬੀਰ ਸਿੰਘ ਖ਼ਿਲਾਫ਼ 13 ਜੂਨ 2011 ਨੂੰ ਉਨ੍ਹਾਂ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮੇਵਾ ਸਿੰਘ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ।
ਡਾ. ਬਲਬੀਰ ਸਿੰਘ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਦੂਜੇ ਮੁਲਜ਼ਮ ਰਾਹੁਲ ਅਤੇ ਪਰਮਿੰਦਰ ਸਿੰਘ ਨਾਲ ਮਿਲ ਕੇ ਰੁਪਿੰਦਰਜੀਤ ਅਤੇ ਮੇਵਾ ਸਿੰਘ ਉੱਪਰ ਹਮਲਾ ਕੀਤਾ ਸੀ।
ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਵੱਲੋਂ ਡਾ. ਬਲਬੀਰ ਸਿੰਘ ਸਮੇਤ ਤਿੰਨ ਹੋਰ ਲੋਕਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਮੌਕੇ ‘ਤੇ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਡਾ. ਬਲਬੀਰ ਸਿੰਘ ਨੇ ਆਖਿਆ ਸੀ, “ਇਹ ਪਰਿਵਾਰਕ ਮਾਮਲਾ ਹੈ। ਹਾਈ ਕੋਰਟ ਵੱਲੋਂ ਸਾਡੇ ਪਰਿਵਾਰ ਨੂੰ ਰਾਹਤ ਦਿੱਤੀ ਗਈ ਹੈ। ਅਸੀਂ ਹੁਣ ਸੈਸ਼ਨ ਕੋਰਟ ਜਾਵਾਂਗੇ ਅਤੇ ਸਾਨੂੰ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ।”
“ਸਾਡੇ ਉੱਪਰ ਹਮਲਾ ਹੋਇਆ ਸੀ ਅਤੇ ਸਾਡੇ ਉੱਪਰ ਕੇਸ ਕੀਤਾ ਗਿਆ।”
ਉਨ੍ਹਾਂ ਨੇ ਇਸ ਮਾਮਲੇ ਦੇ ਕਾਰਨਾਂ ਨੂੰ ਸਿਆਸੀ ਦੱਸਿਆ।

ਫੌਜਾ ਸਿੰਘ ਸਰਾਰੀ
ਉਸ ਵੇਲੇ ਉਨ੍ਹਾਂ ਕੋਲ ਫੂਡ ਪ੍ਰੋਸੈਸਿੰਗ ਅਤੇ ਸਾਬਕਾ ਫੌਜੀਆਂ ਦੇ ਭਲਾਈ ਦਾ ਮੰਤਰਾਲਾ ਸੀ।
ਫੌਜਾ ਸਿੰਘ ਸਰਾਰੀ ਗੁਰੂ ਹਰਸਹਾਏ ਤੋਂ ‘ਆਪ’ ਦੇ ਵਿਧਾਇਕ ਹਨ। ਉਨ੍ਹਾਂ ਦਾ ਇੱਕ ਕਥਿਤ ਆਡੀਓ ਟੇਪ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ।
ਹਾਲਾਂਕਿ ਉਨ੍ਹਾਂ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਆਡੀਓ ਵਿੱਚ ਛੇੜਛਾੜ ਕੀਤੀ ਗਈ ਹੈ ਅਤੇ ਇਲਜ਼ਾਮ ਬੇਬੁਨਿਆਦ ਹਨ।
ਤਸਵੀਰ ਸਰੋਤ, Er. AmitRattanKotfatta/FB
ਵਿਧਾਇਕ ਅਮਿਤ ਰਤਨ ਕੋਟਫੱਤਾ
ਫਰਵਰੀ 2023 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਉਨ੍ਹਾਂ ਉੱਤੇ ਇੱਕ ਸਰਪੰਚ ਤੋਂ ਗ੍ਰਾਂਟ ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ।
ਵਿਜੀਲੈਂਸ ਬਿਊਰੋ ਮੁਤਾਬਕ ਉਨ੍ਹਾਂ ਨੇ ਵਿਧਾਇਕ ਦੇ ਕਰੀਬੀ ਰਸ਼ਿਮ ਗਰਗ ਨੂੰ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਕਾਬੂ ਕੀਤਾ।
ਹਾਲਾਂਕਿ ਅਮਿਤ ਰਤਨ ਨੇ ਵੀਡੀਓ ਜਾਰੀ ਕਰਕੇ ਕਿਹਾ, “ਰਸ਼ਿਮ ਗਰਗ ਮੇਰਾ ਪੀਏ ਨਹੀਂ ਹੈ। ਮੇਰਾ ਪੀਏ ਰਣਬੀਰ ਸਿੰਘ ਹੈ ਅਤੇ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।”
ਪਰ ਰਸ਼ਿਮ ਗਰਗ ਦੀ ਗ੍ਰਿਫ਼ਤਾਰੀ ਤੋਂ ਇੱਕ ਹਫ਼ਤਾ ਬਾਅਦ ਹੀ ਉਸ ਦੇ ਬਿਆਨਾਂ ਦੇ ਆਧਾਰ ‘ਤੇ ਅਮਿਤ ਰਤਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਕੁਝ ਮਹੀਨੇ ਜੇਲ੍ਹ ਵਿੱਚ ਰਹਿਣ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।
ਤਸਵੀਰ ਸਰੋਤ, Raman Arora/FB
ਵਿਧਾਇਕ ਰਮਨ ਅਰੋੜਾ
ਪੰਜਾਬ ਵਿਜੀਲੈਂਸ ਬਿਊਰੋ ਨੇ 2025 ਵਿੱਚ ਜਲੰਧਰ ਸੈਂਟ੍ਰਲ ਤੋਂ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਉੱਤੇ ਇਲਜ਼ਾਮ ਸਨ ਕਿ ਉਹ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਆਮ ਲੋਕਾਂ ਨੂੰ ਝੂਠੇ ਨੋਟਿਸ ਭੇਜਦੇ ਸਨ ਅਤੇ ਫਿਰ ਪੈਸੇ ਲੈ ਕੇ ਮਾਮਲੇ ਨੂੰ ਦਬਾਉਂਦੇ ਸਨ।
ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਐੱਫਆਈਆਰ ਅਤੇ ਪੁਲਿਸ ਹਿਰਾਸਤ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਰਵਾਈ ਮੰਦਭਾਗੀ ਅਤੇ ਗ਼ੈਰ-ਕਾਨੂੰਨੀ ਹੈ।
ਸਤੰਬਰ 2025 ਵਿੱਚ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ। ਪਰ ਨਾਭਾ ਜੇਲ੍ਹ ਤੋਂ ਰਿਹਾਈ ਤੋਂ ਪਹਿਲਾਂ, ਜਲੰਧਰ ਕਮਿਸ਼ਨਰ ਨੇ ਰਮਨ ਅਰੋੜਾ ਨੂੰ ਇੱਕ ਹੋਰ ਜਬਰੀ ਵਸੂਲੀ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਲਿਆ। ਜਿਸ ਤੋਂ ਬਾਅਦ ਜਲੰਧਰ ਅਦਾਲਤ ਨੇ ਰਮਨ ਅਰੋੜਾ ਨੂੰ ਇਸ ਮਾਮਲੇ ਵਿੱਚ ਵੀ ਜ਼ਮਾਨਤ ਦੇ ਦਿੱਤੀ।
ਤਸਵੀਰ ਸਰੋਤ, Jaswant Singh Gajjan Majra/bbc
ਜਸਵੰਤ ਸਿੰਘ ਗੱਜਣਮਾਜਰਾ
ਸਾਲ 2023 ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ।
ਜਸਵੰਤ ਸਿੰਘ ਗੱਜਣਮਾਜਰਾ ਨੂੰ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਤਹਿਤ 41 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ 2024 ਵਿੱਚ ਜਸਵੰਤ ਸਿੰਘ ਗੱਜਣਮਾਜਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ।
ਉਸ ਸਮੇਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਮੌਜੂਦਾ ਸੰਸਦ ਮੈਂਬਰ ਮਾਲਵਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਸਵੰਤ ਸਿੰਘ ਗੱਜਣਮਾਜਰਾ ਦੀ ਗ੍ਰਿਫ਼ਤਾਰੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸਿਆਸੀ ਬਦਲਾਖੋਰੀ ਦੀ ਸਿਆਸਤ ਦੱਸਿਆ ਗਿਆ।
ਤਸਵੀਰ ਸਰੋਤ, IG/harmeetsinghpathanmajra
ਹਰਮੀਤ ਸਿੰਘ ਪਠਾਣਮਾਜਰਾ
ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਇੱਕ ਔਰਤ, ਜੋ ਸਾਲ 2013-14 ਵਿੱਚ ਪਠਾਣਮਾਜਰਾ ਦੇ ਸੰਪਰਕ ਵਿੱਚ ਆਈ ਸੀ, ਉਸ ਨੇ ਪਠਾਣਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਗਈ, “ਸਾਡੀ ਪਾਰਟੀ ਦੇ ਵਿਧਾਇਕ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੱਡੀ ਤੋਂ ਕੁਝ ਹਥਿਆਰ ਵੀ ਬਰਾਮਦ ਹੋਏ ਹਨ।”
ਪਰ ਕੁਝ ਸਮੇਂ ਬਾਅਦ ਹੀ ਹਰਮੀਤ ਸਿੰਘ ਪਠਾਣਮਾਜਰਾ ਦੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਫਰਾਰ ਹੋਣ ਦੀ ਖ਼ਬਰ ਆਈ। ਫਰਾਰ ਹੋਣ ਮਗਰੋਂ ਪਠਾਣਮਾਜਰਾ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ, ਪਰ ਹਰਮੀਤ ਸਿੰਘ ਪਠਾਣਮਾਜਰਾ ਅਜੇ ਵੀ ਫਰਾਰ ਚੱਲ ਰਹੇ ਹਨ।
ਹਾਲਾਂਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਵੀਡੀਓਜ਼ ਵਿੱਚ ਉਹ ਇਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦਾ ਕਾਰਨ ਪ੍ਰਸ਼ਾਸਨ ਦੀ ਅਣਗਹਿਲੀ ਦੱਸਿਆ ਸੀ।
ਤਸਵੀਰ ਸਰੋਤ, Lal Chand Kataruchack
ਲਾਲ ਚੰਦ ਕਟਾਰੂਚੱਕ
ਇਸ ਤੋਂ ਇਲਾਵਾ ਮੌਜੂਦਾ ਕੈਬਿਨਟ ਮੰਤਰੀ ਅਤੇ ਭੋਆ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਲਾਲ ਚੰਦ ਕਟਾਰੂਚੱਕ ਉੱਤੇ ਇੱਕ ਨੌਜਵਾਨ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ।
ਮਾਮਲਾ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਵੀ ਪਹੁੰਚਿਆ, ਪਰ ਬਾਅਦ ਵਿੱਚ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਵਾਪਸ ਲੈਣ ਨਾਲ ਇਹ ਮਾਮਲਾ ਖ਼ਤਮ ਹੋ ਗਿਆ।
ਤਸਵੀਰ ਸਰੋਤ, Ranjeet Singh Cheema
ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਲਈ ਇੱਕਜੁੱਟ ਹੋਏ ਵਿਰੋਧੀ
ਇਨ੍ਹਾਂ ਉਪਰੋਕਤ ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਵਿਧਾਇਕ ਸਰਕਾਰ ਦੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਕਾਨੂੰਨੀ ਮਾਮਲਿਆਂ ਵਿੱਚ ਫੱਸਦੇ ਰਹੇ ਹਨ।
ਪਰ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਪਹਿਲਾਂ ਦੇ ਮਾਮਲਿਆਂ ਤੋਂ ਇਸ ਕਰਕੇ ਵੱਖ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਇੱਕਜੁੱਟ ਨਜ਼ਰ ਆਈਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ ਵਿੱਚ ਡੀਐੱਮ ਗਗਨਦੀਪ ਰੰਧਾਵਾ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ ਦੀ ਗੱਲ ਆਖੀ।
ਵਿਰੋਧੀ ਪਾਰਟੀਆਂ ਦਾ ਦਬਾਅ ਇਸ ਹੱਦ ਤੱਕ ਦੇਖਿਆ ਗਿਆ ਕਿ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪੋਸਟ ਪਾ ਕੇ ਇਸ ਨੂੰ ਪੀੜਤ ਧਿਰ ਨੂੰ ਇਨਸਾਫ਼ ਦੇਣ ਵਾਲਾ ਕਦਮ ਦੱਸਿਆ।
ਅਰਵਿੰਦ ਕੇਜਰੀਵਾਲ ਨੇ ਲਿਖਿਆ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ ‘ਤੇ ਗੰਭੀਰ ਇਲਜ਼ਾਮ ਲੱਗੇ। ਬਿਨਾਂ ਕਿਸੇ ਦੇਰੀ ਜਾਂ ਭੇਦਭਾਵ ਦੇ, ਸਾਡੀ ਸਰਕਾਰ ਨੇ ਮੰਤਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ, ਨਾ ਸਿਰਫ ਉਸਨੂੰ ਅਹੁਦੇ ਤੋਂ ਹਟਾਇਆ, ਸਗੋਂ ਉਸਨੂੰ ਗ੍ਰਿਫ਼ਤਾਰ ਵੀ ਕੀਤਾ।”
ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਪੰਜਾਬ ‘ਚ ਕੋਈ ਵੀ ਜੇਕਰ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ, ਭਾਵੇਂ ਉਹ ਕਿਸੇ ਵੀ ਅਹੁਦੇ ਉੱਤੇ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ ਜਾਂ ਰਸੂਖਦਾਰ ਹੋਵੇ।”

ਹਾਲਾਂਕਿ ਰਾਜਨੀਤਕ ਮਾਹਰ ਮੰਨਦੇ ਹਨ ਕਿ ਭਾਵੇਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੇ ਇਹ ਬਿਆਨ ਵੀ ਲੋਕਾਂ ਦਾ ਵਿਸ਼ਵਾਸ਼ ਨਹੀਂ ਜਿੱਤ ਸਕਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਰਹਿ ਚੁੱਕੇ ਪ੍ਰੋ. ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਘਿਰੇ ਹੋਣ।”
“ਹਰ ਸਾਲ ਹੀ ਪਾਰਟੀ ਦੇ ਮੰਤਰੀਆਂ ਜਾਂ ਵੱਡੇ ਆਗੂਆਂ ਦੇ ਨਾਮ ਅਜਿਹੇ ਕੇਸਾਂ ਵਿੱਚ ਆਉਣ ਦਾ ਮਤਲਬ ਹੈ ਕਿ ਪਾਰਟੀ ਅੰਦਰੂਨੀ ਤੌਰ ਉੱਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ। ਕੱਟੜ ਇਮਾਨਦਾਰ ਹੋਣ ਦੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ, ਪਰ ਲੋਕ ਤੁਹਾਡੇ ਨਾਲ ਉਦੋਂ ਹੀ ਜੁੜਨਗੇ ਜਦੋਂ ਤੁਸੀਂ ਆਪਣੇ ਕੀਤੇ ਦਾਅਵੇ ਪੂਰੇ ਕਰਕੇ ਦਿਖਾਉਂਗੇ।”
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਪ੍ਰੋ. ਆਸ਼ੂਤੋਸ਼ ਵੀ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੁੰਦੇ ਆਮ ਆਦਮੀ ਪਾਰਟੀ ਦੇ ਮੰਤਰੀ ਇਹ ਸਪੱਸ਼ਟ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਕਦੇ ਵੀ ਇਮਾਨਦਾਰ ਪਾਰਟੀ ਨਹੀਂ ਸੀ।
“ਲਾਲਜੀਤ ਭੁੱਲਰ ਤੋਂ ਪਹਿਲਾਂ ਵੀ ਆਪ ਦੇ ਕਈ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹਨ। ਭ੍ਰਿਸ਼ਟਾਚਾਰ ਖਤਮ ਕਰਨਾ ਸਰਕਾਰ ਦੇ ਹੱਥ ਵਿੱਚ ਸੀ, ਪਰ ਉਨ੍ਹਾਂ ਨੇ ਨਹੀਂ ਕੀਤਾ। 2027 ਦੀਆਂ ਚੋਣਾਂ ਜਿੱਤਣਾ ਆਮ ਆਦਮੀ ਪਾਰਟੀ ਲਈ ਬਹੁਤ ਮੁਸ਼ਕਲ ਰਾਹ ਹੋਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



